ਕਣਕ ਦੀ ਫਸਲ ਵਿੱਚ ਨਦੀਨ ਨਾਸ਼ਕਾਂ ਦੀ ਰੋਕਥਾਮ ਲਈ ਸਿਫਾਰਿਸ਼ ਸ਼ੁਦਾ ਰਸਾਇਣ ਹੀ ਵਰਤੋ: ਮੁੱਖ ਖੇਤੀਬਾੜੀ ਅਫਸਰ

4677744
Total views : 5511011

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ

ਡਾ: ਜਤਿੰਦਰ ਸਿੰਘ ਗਿੱਲ ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ ਨੇ ਕਿਸਾਨਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਣਕ ਦੀ ਵਧੀਆ ਪੈਦਾਵਾਰ ਲੈਣ ਲਈ ਸਮੇਂ ਸਿਰ ਨਦੀਨਾਂ ਦੀ ਰੋਕਥਾਮ ਕਰਨਾਂ ਬੇਹੱਦ ਜਰੂਰੀ ਹੈ। ਨਦੀਨਾਂ ਦੀ ਰੋਕਥਾਮ ਲਈ ਰਸਾਇਣ ਦੀ ਚੋਣ ਕਰਦੇ ਸਮੇਂ ਫਸਲ ਅਤੇ ਨਦੀਨ ਦੀ ਅਵਸਥਾ ਨੂੰ ਧਿਆਨ ਵਿੱਚ ਰੱਖਿਆ ਜਾਵੇ। ਇਸ ਲਈ ਕਣਕ ਦੀ 20 ਦਿਨਾਂ ਦੀ ਫ਼ਸਲ ਵਿੱਚ ਜਦੋਂ ਨਦੀਨ 2-3 ਪੱਤਿਆਂ ਵਿੱਚ ਹੋਵੇ ਤਾਂ ਗੁੱਲੀ ਡੰਡੇ/ਸਿੱਟੀ ਦੀ ਰੋਕਥਾਮ 13 ਗ੍ਰਾਮ ਸਲਫੋਸਲਫੂਰਾਨ 75 ਡਬਲਯੂ ਜੀ ਪਹਿਲੀ ਸਿੰਚਾਈ ਤੋਂ 2 ਤੋਂ 3 ਦਿਨ ਪਹਿਲਾਂ 150 ਲਿਟਰ ਪਾਣੀ ਵਰਤ ਕੇ ਕੀਤੀ ਜਾ ਸਕਦੀ ਹੈ।

ਜਿਨਾਂ ਖੇਤਾਂ ਵਿੱਚ ਕਣਕ ਦੇ ਨਾਲ ਸਰੋਂ/ਰਾਇਆ/ਛੋਲੇ ਜਾਂ ਕੋਈ ਹੋਰ ਚੌੜੀ ਪੱਤੀ ਵਾਲੀ ਫ਼ਸਲ ਰਲਾ ਕੇ ਬੀਜੀ ਹੋਵੇ, ਉੱਥੇ ਸਲਫੋਸਲਫੂਰਾਨ ਰਸਾਇਣ ਦੀ ਵਰਤੋਂ ਨਾ ਕਰੋ ਅਤੇ ਜਿੰਨਾਂ ਖੇਤਾਂ ਵਿੱਚ ਇਸ ਰਸਾਇਣ ਦੀ ਵਰਤੋਂ ਕੀਤੀ ਹੋਵੇ ਉੱਥੇ ਅਗਲੇ ਸਾਉਣੀ ਸੀਜਨ ਦੌਰਾਨ ਚਰ੍ਹੀ (ਜਵਾਰ) ਅਤੇ ਮੱਕੀ ਦੀ ਬਿਜਾਈ ਨਾ ਕੀਤੀ ਜਾਵੇ। ਜੇਕਰ ਨਦੀਨ ਨਾਸ਼ਕਾਂ ਦੀ ਵਰਤੋਂ ਪਹਿਲੀ ਸਿੰਚਾਈ ਤੋਂ ਬਾਅਦ (ਨਦੀਨ ਉੱਗਣ ਤੋਂ ਬਾਅਦ) ਕਰਨੀ ਹੋਵੇ ਤਾਂ 160 ਗ੍ਰਾਮ ਕਲੋਡੀਨਾਫੌਪ 15 ਡਬਲਯੂ ਪੀ, 400 ਮਿਲੀਲਿਟਰ ਪਿਨੋਕਸਾਡਿਨ 5 ਈ ਸੀ, 400 ਮਿਲੀਲਿਟਰ ਫਿਨੌਕਸਾਪ੍ਰੋਪ-ਪੀ-ਈਥਾਈਲ 10 ਈ ਸੀ, 13 ਗ੍ਰਾਮ ਸਲਫੋਸਲਫੂਰਾਨ 75 ਡਬਲਯੂ ਜੀ ਨੂੰ ਬਿਜਾਈ ਤੋਂ 30-35 ਦਿਨਾਂ ਅੰਦਰ 150 ਲਿਟਰ ਪਾਣੀ ਵਰਤ ਕੇ ਛਿੜਕਾਅ ਕਰੋ। ਚੌੜੇ ਪੱਤੇ ਵਾਲੇ ਨਦੀਨਾਂ ਜਿਵੇਂਕਿ ਬਾਥੂ, ਬਿੱਲੀ ਬੂਟੀ, ਜੰਗਲੀ ਹਾਲੋਂ, ਪਿਤਪਾਪਰਾ, ਜੰਗਲੀ ਸੇਂਜੀ, ਮੈਣਾ, ਮੈਣੀ, ਜੰਗਲੀ ਪਾਲਕ ਆਦਿ ਦੀ ਰੋਕਥਾਮ ਲਈ 250 ਗ੍ਰਾਮ 2,4-ਡੀ ਸੋਡੀਅਮ ਸਾਲਟ 80 ਡਬਲਯੂ ਪੀ  ਜਾਂ 250 ਮਿਲੀਲੀਟਰ 2,4-ਡੀ ਈਥਾਈਲ ਐਸਟਰ 38 ਈ ਸੀ ਸਮੇਂ ਸਿਰ ਬੀਜੀ ਕਣਕ ਵਿੱਚ 35 ਤੋਂ 45 ਦਿਨਾਂ ਅਤੇ ਪਿਛੇਤੀ (ਦਸੰਬਰ ਵਿੱਚ) ਬੀਜੀ ਫ਼ਸਲ ਲਈ 45 ਤੋਂ 55 ਦਿਨਾਂ ਵਿੱਚ 150 ਲਿਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰੋ। ਕੰਡਿਆਲੀ ਪਾਲਕ ਦੀ ਰੋਕਥਾਮ ਲਈ 10 ਗ੍ਰਾਮ ਮੈਟਸਲਫੂਰਾਨ 20 ਡਬਲਯੂ ਪੀ ਕਣਕ ਦੀ ਬਿਜਾਈ ਤੋਂ 30 ਤੋਂ 35 ਦਿਨਾਂ ਵਿੱਚ 150 ਲਿਟਰ ਪਾਣੀ ਵਿੱਚ ਘੋਲ ਕੇ ਵਰਤੋ। ਜੇਕਰ ਚੌੜੇ ਪੱਤੇ ਵਾਲੇ ਨਦੀਨਾਂ ਵਿੱਚ ਖਾਸ ਤੌਰ ਤੇ ਬਟਨ ਬੂਟੀ ਹੋਵੇ ਤਾਂ 20 ਗ੍ਰਾਮ ਕਾਰਫੈਨਟਰਾਜ਼ੋਨ ਈਥਾਈਲ 40 ਡੀ ਐਫ ਅਤੇ ਜੇਕਰ ਮਕੋਹ, ਕੰਡਿਆਲੀ ਪਾਲਕ, ਰਾਰੀ/ਰਿਵਾਰੀ, ਹਿਰਨ ਖੁਰੀ ਹੋਵੇ ਤਾਂ 20 ਗ੍ਰਾਮ (ਮੈਟਸਲਫੂਰਾਨ + ਕਾਰਫੈਨਟਰਾਜ਼ੋਨ) 50 ਡੀ ਐਫ ਬਿਜਾਈ ਤੋਂ 25-30 ਦਿਨਾਂ ਵਿੱਚ 200 ਲਿਟਰ ਪਾਣੀ ਵਿੱਚ ਘੋਲ ਕੇ ਵਰਤੋ।ਕਣਕ ਵਿੱਚ ਗੁੱਲੀ ਡੰਡਾ ਅਤੇ ਚੌੜੇ ਪੱਤਿਆਂ ਵਾਲੇ ਨਦੀਨਾਂ ਦੀ ਇੱਕਠੀ ਰੋਕਥਾਮ ਕਰਨ ਲਈ 16 ਗ੍ਰਾਮ (ਸਲਫੋਸਲਫੂਰਾਨ + ਮੈਟਸਲਫੂਰਾਨ) 75 ਡਬਲਯੂ ਜੀ ਜਾਂ 160 ਗ੍ਰਾਮ (ਮਿਜੋਸਲਫੂਰਾਨ + ਆਇਡੋਸਲਫੂਰਾਨ) 3.6 ਡਬਲਯੂ ਡੀ.ਜੀ ਜਾਂ 500 ਮਿਲੀਲੀਟਰ (ਫਿਨੋਕਸਾਪ੍ਰੋਪ + ਮੈਟਰੀਬਿਊਜਿਨ) 22 ਈਸੀ ਜਾਂ 240 ਗ੍ਰਾਮ (ਕਲੋਡੀਨਾਫੌਪ 9% + ਮੈਟਰੀਬਿਊਜਿਨ 20% ਡਬਲਯੂ ਪੀ) ਅਤੇ 200 (ਕਲੋਡੀਨਾਫੌਪ 12% + ਮੈਟਰੀਬਿਊਜਿਨ 42% ਡਬਲਯੂ ਪੀ) ਗ੍ਰਾਮ ਬਿਜਾਈ ਤੋਂ 30-35 ਦਿਨਾਂ ਅੰਦਰ 150 ਲਿਟਰ ਪਾਣੀ ਵਰਤ ਕੇ ਛਿੜਕਾਅ ਕਰੋ। ਇਹ ਧਿਆਨ ਰੱਖਿਆ ਜਾਵੇ ਕਿ (ਕਲੋਡੀਨਾਫੌਪ + ਮੈਟਰੀਬਿਊਜਿਨ) ਰਸਾਇਣ ਦੀ ਵਰਤੋ ਹਲਕੀਆਂ ਜਮੀਨਾਂ ਅਤੇ ਕਣਕ ਦੀਆਂ ਕਿਸਮਾਂ ਪੀਬੀ ਡਬਲਯੂ ਆਰ ਐਸ 1 ਅਤੇ ਉੱਨਤ ਪੀਬੀ ਡਬਲਯੂ 550 ਤੇ ਨਾ ਕੀਤੀ ਜਾਵੇ।

 ਉਹਨਾਂ ਕਿਹਾ ਕਿ ਨਦੀਨਨਾਸ਼ਕਾਂ ਦਾ ਛਿੜਕਾਅ ਮਿੱਥੇ ਸਮੇਂ ਅਨੁਸਾਰ ਸਾਫ ਮੌਸਮ ਵਿੱਚ ਇਕਸਾਰ ਕਰੋ। ਨਦੀਨ ਉੱਗਣ ਤੋਂ ਪਹਿਲਾਂ ਵਰਤਣ ਵਾਲੇ ਨਦੀਨ ਨਾਸ਼ਕਾਂ ਦੇ ਛਿੜਕਾਅ ਲਈ ਫਲੈਟ ਫੈਨ ਜਾਂ ਫਲੱਡ ਜੈਟ ਨੋਜ਼ਲ, ਜਦਕਿ ਨਦੀਨ ਉੱਗਣ ਤੋਂ ਬਾਅਦ ਵਰਤਣ ਵਾਲੇ ਨਦੀਨ ਨਾਸ਼ਕਾਂ ਲਈ ਫਲੈਟ ਫੈਨ ਨੋਜ਼ਲ ਨੂੰ ਪਹਿਲ ਦਿਓ। ਛਿੜਕਾਅ ਕਰਦੇ ਸਮੇਂ ਨੋਜਲ ਦੀ ਉਚਾਈ ਫਸਲ ਦੀ ਉੱਪਰਲੀ ਸਤਿਹ ਤੋਂ ਤਕਰੀਬਨ 1.5 ਫੁੱਟ ਉੱਚੀ ਰੱਖੋ।

ਨਦੀਨਾਂ ਵਿੱਚ ਰੋਧਣ ਸ਼ਕਤੀ ਪੈਦਾ ਹੋਣ ਤੋਂ ਰੋਕਣ ਲਈ ਨਦੀਨ ਨਾਸ਼ਕਾਂ ਦੀ ਹਰ ਸਾਲ ਅਦਲ-ਬਦਲ ਕੇ ਵਰਤੋਂ ਕਰਨੀ ਚਾਹੀਦੀ ਹੈ। ਨਦੀਨ ਨਾਸ਼ਕਾਂ ਦੀ ਵਰਤੋਂ ਤੋਂ ਬਾਅਦ ਨਦੀਨਾਂ ਦੇ ਜਿਹੜੇ ਬੂਟੇ ਬਚ ਜਾਂਦੇ ਹਨ ਉਹਨਾਂ ਨੂੰ ਬੀਜ ਬਣਨ ਤੋਂ ਪਹਿਲਾਂ ਪੁੱਟ ਦਿਉ ਤਾਂ ਕਿ ਕਣਕ ਦੀ ਅਗਲੀ ਫ਼ਸਲ ਵਿੱਚ ਨਦੀਨਾਂ ਦੀ ਸਮੱਸਿਆ ਘਟ ਸਕੇ। ਹਰ ਸਾਲ ਇਸ ਤਰ੍ਹਾਂ ਕਰਨ ਨਾਲ ਨਦੀਨਾਂ ਦੀ ਸਮੱਸਿਆ ਕਾਫ਼ੀ ਹੱਦ ਤੱਕ ਘਟਾਈ ਜਾ ਸਕਦੀ ਹੈ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕੁਝ ਕਿਸਾਨਾਂ ਵੱਲੋਂ ਯੂਰੀਆ ਖਾਦ ਵਿੱਚ ਮੈਟਰੀਬਿਊਜਿਨ ਨਦੀਨਨਾਸ਼ਕ ਮਿਕਸ ਕਰਕੇ ਛੱਟਾ ਦਿੱਤਾ ਜਾ ਰਿਹਾ ਹੈ ਜੋ ਕਿ ਖੇਤੀ ਮਾਹਿਰਾਂ ਵੱਲੋਂ ਸ਼ਿਫਾਰਿਸ਼ ਨਹੀ ਕੀਤੀ ਜਾਂਦੀ ਹੈ ਕਿਉਂਕਿ ਫਸਲ ਉੱਤੇ ਇਸਦਾ ਮਾੜਾ ਪ੍ਰਭਾਵ ਪੈ ਸਕਦਾ ਹੈ। ਕਿਸਾਨ ਵੀਰਾਂ ਨੂੰ ਨਦੀਨਨਾਸ਼ਕਾਂ ਦੀ ਚੋਣ ਕਰਨ ਅਤੇ ਵਰਤੋਂ ਦੇ ਸਹੀ ਢੰਗ ਤਰੀਕੇ ਜਾਣਨ ਲਈ ਸਬੰਧਿਤ ਖੇਤੀਬਾੜੀ ਦਫਤਰਾਂ ਵਿੱਚ ਜਾ ਕੇ ਖੇਤੀ ਮਾਹਿਰਾਂ ਨਾਲ ਸਲਾਹ ਮਸ਼ਵਰਾ ਜਰੂਰ ਕਰਨਾ ਚਾਹੀਦਾ ਹੈ।

Share this News