Total views : 5513927
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ‘ਰਾਣਾਨੇਸ਼ਟਾ’
ਵਰਮੀਕੰਪੋਸਟਿੰਗ ਇਕ ਕੁਦਰਤੀ ਕਿਰਿਆ ਹੈ, ਜਿਸ ’ਚ ਗੰਡੋਏ ਗੋਬਰ, ਰਸੋਈ ’ਚ ਸਬਜ਼ੀਆਂ ਦੀ ਰਹਿੰਦ-ਖੁੰਹਦ ਆਦਿ ਨੂੰ ਖਾ ਕੇ ਕੰਪੋਸਟ, ਖਾਦ ’ਚ ਬਦਲ ਦਿੰਦੇ ਹਨ। ਗੰਡੋਏ ਕਿਸਾਨਾਂ ਦੇ ਮਿੱਤਰ ਹਨ ਤੇ ਇਸ ਤੋਂ ਮਿਲਣ ਵਾਲੀ ਖਾਦ ਨੂੰ ਕਾਲਾ ਸੋਨਾ ਵੀ ਕਹਿੰਦੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਖ਼ਾਲਸਾ ਕਾਲਜ ਵਿਖੇ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ’ਤੇ ‘ਵਰਮੀ ਕੰਪੋਸਟਿੰਗ ਵਿਧੀ ਅਤੇ ਲਾਭ’ ਵਿਸ਼ੇ ’ਤੇ ਕਰਵਾਈ ਗਈ ਵਰਕਸ਼ਾਪ ਮੌਕੇ ਸਬੰਧਿਤ ਮਾਹਿਰਾਂ ਦੁਆਰਾ ਕੀਤਾ ਗਿਆ।
ਉਕਤ 8 ਰੋਜ਼ਾ ਵਰਕਸ਼ਾਪ ਪੰਜਾਬ ਸਟੇਟ ਕੌਂਸਿਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ, ਚੰਡੀਗੜ੍ਹ ਅਤੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ, ਭਾਰਤ ਸਰਕਾਰ ਦੇ ਸਹਿਯੋਗ ਨਾਲ ਵਾਤਾਵਰਣ ਸਿੱਖਿਆ ਪ੍ਰੋਗਰਾਮ ਤਹਿਤ ਕਰਵਾਈ ਗਈ, ਜਿਸ ’ਚ ਜ਼ਿਲੇ੍ ਦੇ ਕਰੀਬ 350 ਸਰਕਾਰੀ ਸਕੂਲ ਅਧਿਆਪਕਾਂ ਨੂੰ ਗੰਡੋਇਆ ਖਾਦ ਬਣਾਉਣ ਦੀ ਸਿਖਲਾਈ ਦਿੱਤੀ ਗਈ। ਇਸ ਸਿਖਲਾਈ ਲਈ ਵੱਖ-ਵੱਖ ਅਦਾਰਿਆਂ ਤੋਂ ਮਾਹਿਰਾਂ ਵੱਲੋਂ ਤਕਨੀਕੀ ਅਤੇ ਕਾਰਜਕਾਰੀ ਵਿਧੀਆਂ ਬਾਰੇ ਚਾਨਣਾ ਪਾਇਆ ਗਿਆ।ਇਸ ਦੌਰਾਨ ਪ੍ਰਿੰ: ਡਾ. ਮਹਿਲ ਸਿੰਘ ਨੇ ਪੰਜਾਬ ਦੇ ਖੇਤੀਬਾੜੀ ਮਾਹੌਲ ਦੀਆਂ ਮੁੱਖ ਤਬਦੀਲੀਆਂ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਵਰਕਸ਼ਾਪਾਂ ਸਮੇਂ ਦੀ ਜ਼ਰੂਰਤ ਹਨ।
ਗੰਡੋਏ ਗੌਬਰ, ਸਬਜ਼ੀਆਂ ਤੇ ਖੇਤੀਬਾੜੀ ਰਹਿੰਦ-ਖੂੰਹਦ ਨੂੰ ਖਾ ਕੇ ਵਧੀਆ ਕੰਪੋਸਟ ’ਚ ਬਦਲਦੇ : ਮਾਹਿਰ
ਉਨ੍ਹਾਂ ਕਿਹਾ ਕਿ ਗੰਡੋਏ ਹਰ ਤਰ੍ਹਾਂ ਦੇ ਕਾਰਬਨਿਕ ਜੈਵਿਕ ਪਦਾਰਥ ਗੋਬਰ, ਗਲੇ-ਸੜੇ ਪੱਤੇ, ਬੂਟੇ ਦੀਆਂ ਜੜ੍ਹਾਂ, ਸਬਜ਼ੀਆਂ ਦੀ ਰਹਿੰਦ-ਖੁੰਹਦ, ਨੀਮਾਟੋਡ, ਬੈਕਟੀਰੀਆ, ਉਲੀ ਆਦਿ ਨੂੰ ਖਾਂਦੇ ਹਨ ਅਤੇ ਹਵਾ, ਪਾਣੀ ਤੇ ਛਾਂ ’ਚ ਗੰਡੋਏ ਜੈਵਿਕ ਕਚਰੇ ਨੂੰ ਗਲਨ-ਸੜਨ ’ਚ ਸਹਾਇਤਾ ਕਰਦੇ ਹਨ। ਇਹ ਸਾਰੀ ਪ੍ਰੀਕ੍ਰਿਆ ਵਰਮੀਕੰਪੋਸਟਿੰਗ ਕਹਾਉਂਦੀ ਹੈ।ਇਸ ਵਰਕਸ਼ਾਪ ’ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਮੁੱਖ ਮਾਹਿਰ ਪ੍ਰੋ: ਡਾ. ਸਰੋਜ ਅਰੋੜਾ ਅਤੇ ਕਿਸਾਨ ਵਿਕਾਸ ਕੇਂਦਰ, ਨਾਗ ਕਲਾਂ ਤੋਂ ਡਾ. ਰਾਜਨ ਭੱਟ ਨੇ ਸ਼ਿਰਕਤ ਕੀਤੀ। ਉਨ੍ਹਾਂ ਸਾਂਝੇ ਤੌਰ ’ਤੇ ਅਧਿਆਪਕਾਂ ਨੂੰ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਕਿਸ ਤਰ੍ਹਾਂ ਗੰਡੋਏ ਗੌਬਰ, ਸਬਜ਼ੀਆਂ ਤੇ ਖੇਤੀਬਾੜੀ ਰਹਿੰਦ-ਖੂੰਹਦ ਨੂੰ ਖਾ ਕੇ ਵਧੀਆ ਕੰਪੋਸਟ ’ਚ ਬਦਲ ਦਿੰਦੇ ਹਨ।
ਜਿਸ ਨੂੰ ਕਾਲਾ ਸੋਨਾ ਕਿਹਾ ਜਾਂਦਾ ਹੈ।ਉਨ੍ਹਾਂ ਕਿਹਾ ਕਿ ਗੋਬਰ, ਛਾਂ ਅਤੇ ਹਵਾਦਾਰ ਜਗ੍ਹਾ, ਪਾਣੀ ਅਤੇ ਗੰਡੋਏ ਮੁੱਢਲੇ ਤੌਰ ’ਤੇ ਵਰਮੀਕੰਪੋਸਟਿੰਗ ਦੀਆਂ 4 ਲੋੜਾਂ ਹੁੰਦੀਆਂ ਹਨ। ਵਰਮੀਕੰਪੋਸਟਿੰਗ ’ਚ ਇਸੀਨੀਆ ਫਿਟੀਡਾ ਜਾਂ ਯੂਡਰੀਲਸ ਯੂਜੀਨਿਆਂ ਖਾਸ ਤਰ੍ਹਾਂ ਦੇ ਗੰਡੋਏ ਵਰਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਹ ਛੋਟੇ ਆਕਾਰ ਦੇ ਭੂਮੀ ਦੀ ਉਪਰਲੀ ਤਹਿ ’ਤੇ ਰਹਿਣ ਵਾਲੇ ਹੁੰਦੇ ਹਨ। ਇਨ੍ਹਾਂ ਦੀ ਕਾਰਜਸ਼ੀਲਤਾ ਅਤੇ ਜੀਵਨਕਾਲ ਘੱਟ ਹੁੰਦਾ ਹੈ ਪਰ ਪ੍ਰਜਣਨ ਦਰ ਜਿਆਦਾ ਹੁੰਦੀ ਹੈ। ਇਹ ਕਰੀਬ 28 ਮਹੀਨਿ੍ਹਆਂ ਤੱਕ ਜਿਉਂਦੇ ਰਹਿ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਕਾਰਬਨਿਕ ਪਦਾਰਥਾਂ ਨੂੰ 90 ਪ੍ਰਤੀਸ਼ਤ ਅਤੇ ਮਿੱਟੀ ਨੂੰ 10 ਫ਼ੀਸਦੀ ਖਾਂਦੇ ਹਨ। ਇਨ੍ਹਾਂ ਦੀ ਕਾਰਜਸ਼ੀਲਤਾ 25-30 ਡਿਗਰੀ ਸੈਂਟਂਗ੍ਰੇਡ ਤਾਪਮਾਨ ਅਤੇ 30-40 ਪ੍ਰਤੀਸ਼ਤ ਨਮੀ ’ਚ ਠੀਕ ਰਹਿੰਦੀ ਹੈ।
ਵਰਕਸ਼ਾਪ ਦੌਰਾਨ ਜੂਆਲੋਜ਼ੀ ਵਿਭਾਗ ਦੇ ਮੁੱਖੀ ਡਾ. ਜਸਜੀਤ ਕੌਰ ਰੰਧਾਵਾ, ਪ੍ਰੋਗਰਾਮ ਕੋਆਰਡੀਨੇਟਰ ਅਤੇ ਪ੍ਰਿੰਸੀਪਲ ਇਨਵੈਸਟੀਗੇਟਰ ਡਾ. ਜਸਵਿੰਦਰ ਸਿੰਘ ਨੇ ਸਾਂਝੇ ਤੌਰ ’ਤੇ ਸੂਬੇ ਦੇ ਕਿਸਾਨਾਂ ਨੂੰ ਉਕਤ ਵਿਧੀ ਸਬੰਧੀ ਉਚਿੱਤ ਗਿਆਨ ਹਾਸਲ ਕਰਕੇ ਇਸ ਨੂੰ ਅਪਨਾਉਣ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਤੋਂ ਬਣੀ ਖਾਦ ਨਾਲ ਪੌਦੇ ਦੇ ਵਾਧੇ ਅਤੇ ਫ਼ਸਲਾਂ ਦੀ ਪੈਦਾਵਾਰ ’ਚ ਵਾਧਾ ਹੋਣ ਦੇ ਨਾਲ-ਨਾਲ ਮਿੱਟੀ ਦੀ ਭੌਤਿਕ ਬਣਤਰ ’ਚ ਸੁਧਾਰ, ਪੌਦੇ ਦੀਆਂ ਜੜ੍ਹਾਂ ਦਾ ਵਿਕਾਸ, ਮਿੱਟੀ ਦੀ ਪਾਣੀ ਰੱਖਣ ਦੀ ਸਮਰੱਥਾ ’ਚ ਵਾਧਾ, ਜੈਵਿਕ ਕਚਰੇ ਦਾ ਖਾਤਮਾ, ਮਿੱਟੀ ਦੀ ਉਪਜਾਊ ਸ਼ਕਤੀ ’ਚ ਵਾਧਾ, ਮਿੱਟੀ ’ਚ ਸੂਖਮ-ਜੀਵਾਣੂਆਂ ਦੀ ਭਰਮਾਰ, ਜ਼ਹਿਰਲੇ ਰਸਾਇਣਾਂ ਤੋਂ ਮੁਕਤੀ, ਪੌਸ਼ਟਿਕ ਤੱਤਾਂ ਦੀ ਭਰਮਾਰ ਅਤੇ ਪੌਦਿਆਂ ਨੂੰ ਲੱਗਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਆਦਿ ਫ਼ਾਇਦੇ ਮਿਲਦੇ ਹਨ।
ਇਸ ਮੌਕੇ ਡਾ. ਜ਼ੋਰਾਵਰ ਸਿੰਘ, ਡਾ. ਅਮਨਦੀਪ ਸਿੰਘ, ਡਾ. ਰਣਦੀਪ ਸਿੰਘ, ਡਾ. ਰਾਜਬੀਰ ਕੌਰ, ਡਾ. ਸਤਿੰਦਰ ਕੌਰ ਪਨੂੰ, ਗੁਰਪ੍ਰੀਤ ਕੌਰ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਵਿਦਿਆਰਥੀ ਹਾਜ਼ਰ ਸਨ। ਇਸ ਮੌਕੇ ਡੀਨ ਅਕਾਦਮਿਕ ਮਾਮਲੇ ਡਾ. ਤਮਿੰਦਰ ਸਿੰਘ ਭਾਟੀਆ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਭਾਗ ਲੈਣ ਵਾਲੇ ਅਧਿਆਪਕਾਂ ਨੂੰ ਸਰਟੀਫ਼ਿਕੇਟ ਤਕਸੀਮ ਕੀਤੇ।