Total views : 5513927
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਲੁਧਿਆਣਾ/ਬਾਰਡਰ ਨਿਊਜ ਸਰਵਿਸ
ਪੰਜਾਬ ਵਾਸੀਆਂ ਨੂੰ ਨਾਗਰਿਕ ਕੇਂਦਰਿਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਇਕ ਹੋਰ ਵੱਡੀ ਪੁਲਾਂਘ ਪੁੱਟਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਸੂਬੇ ਵਿੱਚ ਕ੍ਰਾਂਤੀਕਾਰੀ ਸਕੀਮ ‘ਭਗਵੰਤ ਮਾਨ ਸਰਕਾਰ, ਤੁਹਾਡੇ ਦੁਆਰ’ ਦਾ ਆਗਾਜ਼ ਕੀਤਾ ਜਿਸ ਨਾਲ 43 ਸੇਵਾਵਾਂ ਲੋਕਾਂ ਨੂੰ ਘਰ ਬੈਠਿਆਂ ਮਿਲਣਗੀਆਂ।
ਇਸ ਸਕੀਮ ਦੀ ਸ਼ੁਰੂਆਤ ਕਰਨ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਦਾ ਦਿਨ ਇਤਿਹਾਸਕ ਦਿਨ ਹੈ ਕਿਉਂਕਿ ਈਮਾਨਦਾਰ ਸਰਕਾਰ ਨੇ ਸੂਬੇ ਵਿੱਚ ਅਸੰਭਵ ਜਾਪਣ ਵਾਲੀ ਗੱਲ ਨੂੰ ਹਕੀਕਤ ਵਿੱਚ ਬਦਲ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੂਬੇ ਨੇ ਅਰਵਿੰਦ ਕੇਜਰੀਵਾਲ ਦੀ ਸੋਚ ਵਿੱਚੋਂ ਉਪਜੇ ‘ਦਿੱਲੀ ਮਾਡਲ’ ਨੂੰ ਅਪਣਾਇਆ ਹੈ ਜਿਸ ਨਾਲ ਸੂਬੇ ਵਿੱਚ ਜੁਆਬਦੇਹੀ ਅਤੇ ਪਾਰਦਰਸ਼ੀ ਸ਼ਾਸਨ ਦੇ ਨਵੇਂ ਯੁੱਗ ਦਾ ਆਰੰਭ ਹੋਇਆ ਹੈ। ਭਗਵੰਤ ਸਿੰਘ ਮਾਨ ਨੇ ਉਮੀਦ ਪ੍ਰਗਟਾਈ ਕਿ ਇਹ ਨਾਗਰਿਕ ਕੇਂਦਰਿਤ ਮਾਡਲ ਸਮੁੱਚੇ ਦੇਸ਼ ਵਿੱਚ ਲਾਗੂ ਹੋਵੇਗਾ ਜਿਸ ਨਾਲ ਦੇਸ਼ ਵਾਸੀਆਂ ਨੂੰ ਬਿਹਤਰ ਸੇਵਾਵਾਂ ਹਾਸਲ ਹੋਣਗੀਆਂ।
ਹੁਣ ਪੰਜਾਬ ਵਿੱਚ ਖੁਦ ਸਰਕਾਰ ਤੇ ਸਰਕਾਰੀ ਦਫ਼ਤਰ ਤੁਹਾਡੇ ਘਰ ਆਉਣਗੇ-ਅੱਜ ਦਾ ਦਿਨ ਪੰਜਾਬ ਸਣੇ ਪੂਰੇ ਦੇਸ਼ ਲਈ ਕ੍ਰਾਂਤੀਕਾਰੀ ਦਿਨ-ਅਰਵਿੰਦ ਕੇਜਰੀਵਾਲ
ਮੁੱਖ ਮੰਤਰੀ ਨੇ ਕਿਹਾ, “ਅੱਜ ਦਾ ਦਿਨ ਸਧਾਰਨ ਦਿਨ ਨਹੀਂ ਹੈ ਸਗੋਂ ਪੰਜਾਬ ਅਤੇ ਪੰਜਾਬੀਆਂ ਲਈ ਫੈਸਲਾਕੁੰਨ ਪਲ ਵਜੋਂ ਭਾਰਤੀ ਸਿਆਸਤ ਅਤੇ ਇਤਿਹਾਸ ਦੇ ਪੰਨਿਆਂ ਵਿੱਚ ਦਰਜ ਹੋਣ ਵਾਲਾ ਦਿਨ ਹੈ। ਜਦੋਂ ਭਵਿੱਖ ਵਿੱਚ ਇਹ ਪੁੱਛਿਆ ਕਿ ਆਮ ਆਦਮੀ ਦੀ ਸਹੂਲਤ ਲਈ ਪੰਜਾਬ ਦੇ ਸਰਕਾਰੀ ਦਫ਼ਤਰਾਂ ਵਿੱਚ ਲੋਕਾਂ ਦੀ ਖੱਜਲ-ਖੁਆਰੀ ਕਦੋਂ ਖਤਮ ਹੋਈ ਸੀ ਤਾਂ ਇਸ ਦਾ ਜਵਾਬ ਇਹ ਹੋਵੇਗਾ ਕਿ 10 ਦਸੰਬਰ, 2023 ਨੂੰ ਪੰਜਾਬ ਨੇ ਇਸ ਇਨਕਲਾਬ ਦੌਰ ਦਾ ਮੁੱਢ ਬੰਨ੍ਹਿਆ ਸੀ।”
ਮੁੱਖ ਮੰਤਰੀ ਨੇ ਕਿਹਾ ਕਿ ਅੱਜ ਤੋਂ ਆਮ ਆਦਮੀ ਦਾ ਮਾਣ-ਸਤਿਕਾਰ ਬਹਾਲ ਹੋਵੇਗਾ ਕਿਉਂਕਿ ਇਹ ਯਕੀਨੀ ਬਣਾਇਆ ਗਿਆ ਹੈ ਕਿ ਲੋਕ ਆਪਣੀ ਜ਼ਿੰਦਗੀ ਸਵੈ-ਮਾਣ ਨਾਲ ਬਤੀਤ ਕਰ ਸਕਣ। ਉਨ੍ਹਾਂ ਕਿਹਾ ਕਿ ਹੁਣ ਤੋਂ ਆਮ ਵਿਅਕਤੀ ਦੀ ਸਰਕਾਰੀ ਦਫ਼ਤਰਾਂ ਵਿੱਚ ਖੱਜਲ-ਖੁਆਰੀ ਅਤੇ ਜ਼ਲਾਲਤ ਸਦਾ ਲਈ ਖਤਮ ਹੋਵੇਗੀ। ਭਗਵੰਤ ਸਿੰਘ ਮਾਨ ਨੇ ਉਮੀਦ ਪ੍ਰਗਟਾਈ ਕਿ ਟੋਲ ਫਰੀ ਨੰਬਰ 1076 ਲੋਕਾਂ ਨੂੰ ਉਨ੍ਹਾਂ ਦੇ ਘਰ ਨਿਰਧਾਰਤ ਸਮੇਂ ਵਿੱਚ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣ ਵਿੱਚ ਸਹਾਈ ਸਾਬਤ ਹੋਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਪਿਛਲੇ ਮੁੱਖ ਮੰਤਰੀਆਂ ਦੇ ਉਲਟ ਉਹ ਆਮ ਲੋਕਾਂ ਦੀਆਂ ਦੁੱਖ-ਤਕਲੀਫਾਂ ਸੁਣਨ ਲਈ ਜ਼ਮੀਨੀ ਪੱਧਰ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਲਗਾਤਾਰ ਸੂਬੇ ਦਾ ਦੌਰਾ ਕਰ ਰਹੇ ਹਨ। ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਲੰਘੇ ਵੀਰਵਾਰ ਉਨ੍ਹਾਂ ਨੇ ਬੱਸੀ ਪਠਾਣਾਂ ਅਤੇ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਸਾਂਝ ਕੇਂਦਰਾਂ ਦਾ ਅਚਨਚੇਤ ਨਿਰੀਖਣ ਕੀਤਾ ਸੀ, ਜਿਸ ਉਪਰੰਤ ਲੋਕਾਂ ਦੇ ਮਾਮੂਲੀ ਮਸਲੇ ਜੋ ਲੰਮੇ ਸਮੇਂ ਤੋਂ ਲਟਕ ਰਹੇ ਸਨ, ਨੂੰ ਮਿੰਟਾਂ ਵਿੱਚ ਹੱਲ ਕਰ ਲਿਆ ਗਿਆ। ਉਨ੍ਹਾਂ ਨੇ ਅਧਿਕਾਰੀਆਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਅੱਜ 43 ਸੇਵਾਵਾਂ ਦੀ ਸ਼ੁਰੂਆਤ ਕੀਤੀ ਗਈ ਹੈ ਪਰ ਸੂਬਾ ਸਰਕਾਰ ਦੀਆਂ 80 ਤੋਂ ਵੱਧ ਸਕੀਮਾਂ ਸ਼ੁਰੂ ਕੀਤੀਆਂ ਜਾਣਗੀਆਂ।
ਮੁੱਖ ਮੰਤਰੀ ਨੇ ਕਿਹਾ, “ਲੋਕਾਂ ਦੇ ਰੋਜ਼ਮੱਰਾ ਦੇ ਕੰਮਕਾਜ ਕਰਵਾਉਣ ਲਈ ਮੈਂ ਅਤੇ ਮੇਰੀ ਪਾਰਟੀ ਦੇ ਬਾਕੀ 91 ਵਿਧਾਇਕ ਇਸ ਸਕੀਮ ਉਤੇ ਨਿਰੰਤਰ ਨਜ਼ਰ ਰੱਖਣਗੇ ਤਾਂ ਕਿ ਆਮ ਆਦਮੀ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਇਹ ਸਾਰੇ ਸਰਕਾਰੀ ਦਫ਼ਤਰਾਂ ਦੀ ਚੈਕਿੰਗ ਕਰਨਗੇ, ਜਿਸ ਨਾਲ ਆਮ ਲੋਕਾਂ ਨੂੰ ਸਹੂਲਤ ਹੋਵੇਗੀ।” ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਆਮ ਆਦਮੀ ਨੂੰ ਲਾਭ ਦੇਣ ਦੀ ਬਜਾਏ ਲੋਕਾਂ ਦੀ ਲੁੱਟ ਕੀਤੀ, ਜਿਸ ਕਾਰਨ ਉਨ੍ਹਾਂ ਨੂੰ ਸੱਤਾ ਤੋਂ ਲਾਂਭੇ ਹੋਣਾ ਪਿਆ।