Total views : 5509532
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
“ਜਦੋਂ ਤਕ ਲਫਜ਼ ਜਿਊਂਦੇ ਨੇ ਸੁਖਨਵਰ ਜਿਓਣ ਮਰ ਕੇ ਵੀਉਹ ਕੇਵਲ ਜਿਸਮ ਹੁੰਦੇ ਨੇ ਜੋ ਸਿਵਿਆਂ ਵਿਚ ਸੁਆਹ ਬਣਦੇ”ਇਹਨਾਂ ਖ਼ੂਬਸੂਰਤ ਸਤਰਾਂ ਦੇ ਰਚੇਤਾ ਡਾ.ਸੁਰਜੀਤ ਪਾਤਰ ਨਹੀਂ ਰਹੇ। ਉਹ ਅੱਜ 79 ਸਾਲ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਅਕਾਲ ਚਲਾਣਾ ਕਰ ਗਏ। ਇਸ ਦੁੱਖ ਦੀ ਘੜੀ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਨੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਪਾਤਰ ਸਾਹਿਬ ਦੇ ਤੁਰ ਜਾਣ ਨਾਲ ਪੰਜਾਬੀ ਸਾਹਿਤਕ ਅਤੇ ਅਕਾਦਮਿਕ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਹਨਾਂ ਦੱਸਿਆ ਕਿ ਸੁਰਜੀਤ ਪਾਤਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਾਣਯੋਗ ਅਲੂਮਨੀ ਸਨ।ਉਹਨਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਪੰਜਾਬੀ ਅਧਿਐਨ ਸਕੂਲ ਤੋਂ 1997 ਵਿੱਚ ਡਾ. ਜੋਗਿੰਦਰ ਸਿੰਘ ਕੈਰੋਂ ਦੀ ਨਿਗਰਾਨੀ ਹੇਠ “ਨਾਨਕ-ਬਾਣੀ ਵਿਚ ਲੋਕਧਾਰਾਈ ਸਾਮੱਗਰੀ ਦਾ ਰੂਪਾਂਤਰਣ” ਵਿਸ਼ੇ ਉੱਤੇ ਪੀ.ਐੱਚ.ਡੀ ਦੀ ਡਿਗਰੀ ਹਾਸਲ ਕੀਤੀ। ਉਹਨਾਂ ਨੂੰ 2012 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਡਾਕਟਰ ਆਫ਼ ਫ਼ਿਲਾਸਫ਼ੀ (ਆਨਰਜ਼ ਕਾਜ਼ਾ) ਦੀ ਉਪਾਧੀ ਨਾਲ ਵੀ ਨਿਵਾਜਿਆ ਗਿਆ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੁਲ-ਗੀਤ ਦੀ ਰਚਨਾ ਵੀ ਪਾਤਰ ਸਾਹਿਬ ਨੇ ਹੀ ਕੀਤੀ। ਇਹ ਉਹਨਾਂ ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਨਾਲ ਗਹਿਰੇ ਲਗਾਉ ਦਾ ਹੀ ਸਿੱਟਾ ਸੀ ਕਿ ਉਹ ਹਮੇਸ਼ਾ ਇਸ ਯੂਨੀਵਰਸਿਟੀ ਦੀਆਂ ਸਾਹਿਤਕ ਅਤੇ ਅਕਾਦਮਿਕ ਗਤੀਵਿਧੀਆਂ ਵਿੱਚ ਵਿਸ਼ੇਸ਼ ਤੌਰ ਉੱਤੇ ਸ਼ਮੂਲੀਅਤ ਕਰਦੇ ਸਨ। ਉਪ-ਕੁਲਪਤੀ ਜੀ ਨੇ ਕਿਹਾ ਕਿ ਪਾਤਰ ਸਾਹਿਬ ਆਪਣੀ ਉੱਚ-ਕੋਟੀ ਦੀ ਸ਼ਾਇਰੀ ਕਾਰਨ ਹਮੇਸ਼ਾ ਆਪਣੇ ਪਾਠਕਾਂ ਦੀਆਂ ਸਿਮਰਤੀਆਂ ਵਿੱਚ ਜ਼ਿੰਦਾ ਰਹਿਣਗੇ।
ਇਸ ਮੌਕੇ ਉੱਤੇ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਕਰਨਜੀਤ ਸਿੰਘ ਕਾਹਲੋਂ ਨੇ ਕਿਹਾ ਕਿ ਪਾਤਰ ਸਾਹਿਬ ਦੇ ਇਸ ਫ਼ਾਨੀ ਜਹਾਨ ਤੋਂ ਚਲੇ ਜਾਣ ਤੋਂ ਬਾਅਦ ਸਮੁੱਚਾ ਪੰਜਾਬੀ ਸਾਹਿਤ ਜਗਤ ਗਹਿਰੇ ਸਦਮੇ ਵਿੱਚ ਹੈ। ਉਹ ਆਪਣੇ ਮਿੱਠ ਬੋਲੜੇ ਸੁਭਾਅ ਅਤੇ ਮਨਮੋਹਕ ਸਖਸ਼ੀਅਤ ਕਾਰਨ ਪੰਜਾਬੀ ਦੇ ਸਭ ਤੋਂ ਲੋਕਪ੍ਰਿਯ ਅਦੀਬ ਦਾ ਦਰਜਾ ਪ੍ਰਾਪਤ ਕਰ ਚੁੱਕੇ ਸਨ। ਯੂਨੀਵਰਸਿਟੀ ਦੇ ਅਕਾਦਮਿਕ ਮਾਮਲਿਆਂ ਦੇ ਡੀਨ ਡਾ. ਪਲਵਿੰਦਰ ਸਿੰਘ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਪਾਤਰ ਸਾਹਿਬ ਦੇ ਜਾਣ ਨਾਲ ਅੱਜ ਸਮੁੱਚੀ ਸਾਹਿਤਕ ਫ਼ਿਜ਼ਾ ਉਦਾਸ ਹੋ ਗਈ ਹੈ। ਪੰਜਾਬੀ ਅਧਿਐਨ ਸਕੂਲ ਦੇ ਮੁਖੀ ਡਾ. ਮਨਜਿੰਦਰ ਸਿੰਘ ਨੇ ਗ਼ਮ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੰਜਾਬੀ ਜਗਤ ਕੋਲ ਦੂਸਰਾ ਪਾਤਰ ਨਹੀਂ ਹੈ। ਉਹ ਆਧੁਨਿਕ ਯੁੱਗ-ਸੰਵੇਦਨਾ ਦੇ ਪ੍ਰਾਣਵੰਤ ਅਹਿਸਾਸਾਂ ਨੂੰ ਸੁਹਜਾਤਮਕ ਜ਼ੁਬਾਨ ਦੇਣ ਵਾਲੇ ਯੁੱਗ ਪੁਰਸ਼ ਸਨ। ਉਹਨਾਂ ਦੀ ਕਲਮ ਤੋਂ ਨਿਕਲਿਆ ਸਦੀਵੀ ਸੱਚ ਹਮੇਸ਼ਾ ਆਉਣ ਵਾਲੀਆਂ ਪੀੜ੍ਹੀਆਂ ਦੀ ਰਹਿਨੁਮਾਈ ਕਰਦਾ ਰਹੇਗਾ।
ਏਥੇ ਜ਼ਿਕਰਯੋਗ ਹੈ ਕਿ ਆਧੁਨਿਕ ਦੌਰ ਦੇ ਸਭ ਤੋਂ ਹਰਮਨ ਪਿਆਰੇ ਕਵੀ ਸੁਰਜੀਤ ਪਾਤਰ ਦਾ ਜਨਮ 14 ਜਨਵਰੀ 1945 ਨੂੰ ਪਿੰਡ ਪੱਤੜਾਂ ਜ਼ਿਲ੍ਹਾ ਕਪੂਰਥਲਾ ਵਿੱਚ ਹੋਇਆ। ਉਹਨਾਂ ਦਾ ਕਾਵਿ-ਤਖ਼ੱਲਸ ਪੱਤੜ ਤੋਂ ਹੀ ਮਿੱਤਰਾਂ ਦੇ ਮਸ਼ਵਰੇ ਨਾਲ ‘ਪਾਤਰ’ ਬਣਿਆ। ਉਹਨਾਂ ਨੇ ਪੰਜਾਬੀ ਯੂਨੀਵਰਸਿਟੀ ਤੋਂ ਐਮ.ਏ. ਪੰਜਾਬੀ ਪ੍ਰਥਮ ਸਥਾਨ ਉੱਤੇ ਰਹਿ ਕੇ ਕੀਤੀ ਅਤੇ ਕੁਝ ਸਾਲ ਬੀੜ ਬਾਬਾ ਬੁੱਢਾ ਕਾਲਜ ਵਿਖੇ ਲੈਕਚਰਾਰ ਵੀ ਰਹੇ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਪੀ.ਐੱਚ.ਡੀ ਦੀ ਡਿਗਰੀ ਕਰਨ ਉਪਰੰਤ ਉਹਨਾਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿੱਚ ਲੰਮਾ ਸਮਾਂ ਅਧਿਆਪਨ ਕਾਰਜ ਕੀਤਾ। ਮੌਜੂਦਾ ਸਮੇਂ ਵਿੱਚ ਉਹ ਚੰਡੀਗੜ੍ਹ ਵਿਖੇ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਵਜੋਂ ਸੇਵਾਵਾਂ ਨਿਭਾਅ ਰਹੇ ਸਨ। ਉਹਨਾਂ ਦੁਆਰਾ ਕੀਤੀ ਗਈ ਸਾਹਿਤ-ਸਿਰਜਨਾ ਦੀ ਇਕ ਲੰਬੀ ਫਹਰਿਸਤ ਹੈ ਜਿਸ ਵਿੱਚ “ਹਵਾ ਵਿੱਚ ਲਿਖੇ ਹਰਫ਼”,”ਬਿਰਖ ਅਰਜ਼ ਕਰੇ”,”ਹਨੇਰੇ ਵਿੱਚ ਸੁਲਗਦੀ ਵਰਨਮਾਲਾ”, “ਲਫ਼ਜ਼ਾਂ ਦੀ ਦਰਗਾਹ”,”ਪਤਝੜ ਦੀ ਪਾਜ਼ੇਬ” ਅਤੇ “ਚੰਨ ਸੂਰਜ ਦੀ ਵਹਿੰਗੀ” ਵਰਗੇ ਕਾਵਿ-ਸੰਗ੍ਰਹਿ ਸ਼ਾਮਿਲ ਹਨ। ਉਹਨਾਂ ਦੁਆਰਾ ਕੀਤੇ ਅਨੁਵਾਦ-ਕਾਰਜ ਵਿੱਚ ਸਪੇਨੀ ਲੇਖਕ ਲੋਰਕਾ ਦਾ ਦੁਖਾਂਤ “ਅੱਗ ਦੇ ਕਲੀਰੇ” (ਬਲੱਡ ਵੈਡਿੰਗ) ਅਤੇ ਬ੍ਰੈਖਤ ਅਤੇ ਨੇਰੂਦਾ ਦੀਆਂ ਕਵਿਤਾਵਾਂ ਦਾ ਅਨੁਵਾਦ ਵਿਸ਼ੇਸ਼ ਮਹਤੱਵ ਦਾ ਧਾਰਨੀ ਹੈ। ਆਪਣੀਆਂ ਉਤਕ੍ਰਿਸ਼ਟ ਅਦਬੀ ਸੇਵਾਵਾਂ ਕਾਰਨ ਉਹਨਾਂ ਨੇ ਕਈ ਮਾਨ-ਸਨਮਾਨ ਪ੍ਰਾਪਤ ਕੀਤੇ ਜਿਨ੍ਹਾਂ ਵਿੱਚ 1993 ਵਿੱਚ “ਹਨੇਰੇ ਵਿੱਚ ਸੁਲਗਦੀ ਵਰਨਮਾਲਾ” ਲਈ ਸਾਹਿਤ ਅਕਾਦਮੀ ਪੁਰਸਕਾਰ,1997 ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ “ਸ਼੍ਰੋਮਣੀ ਪੰਜਾਬੀ ਕਵੀ” ਸਨਮਾਨ,1999 ਵਿੱਚ “ਭਾਰਤੀ ਭਾਸ਼ਾ ਪ੍ਰੀਸ਼ਦ ਕਲਕੱਤਾ” ਵਲੋਂ ਪੰਚਨਾਦ ਪੁਰਸਕਾਰ, “ਲਫ਼ਜ਼ਾਂ ਦੀ ਦਰਗਾਹ” ਲਈ ਸਰਸਵਤੀ ਸਨਮਾਨ ਅਤੇ 2012 ਵਿੱਚ ਭਾਰਤ ਦੇ ਸਰਵ-ਉਚ ਰਾਸ਼ਟਰੀ ਸਨਮਾਨਾਂ ਵਿਚੋਂ ਇਕ ਪਦਮਸ਼੍ਰੀ ਸਨਮਾਨ ਨੂੰ ਪ੍ਰਾਪਤ ਕਰਨਾ ਪ੍ਰਮੁੱਖ ਹੈ। ਯੂਨੀਵਰਸਿਟੀ ਦੇ ਸਮੂਹ ਅਧਿਆਪਕ ਸਾਹਿਬਾਨ, ਵਿਦਿਆਰਥੀ ਅਤੇ ਹੋਰ ਸਟਾਫ਼ ਪਾਤਰ ਸਾਹਿਬ ਦੇ ਸਦੀਵੀ ਵਿਛੋੜੇ ਉੱਤੇ ਦਿਲ ਦੀਆਂ ਗਹਿਰਾਈਆਂ ਤੋਂ ਦੁੱਖ ਦਾ ਇਜ਼ਹਾਰ ਕਰਦੇ ਹਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-