Total views : 5504873
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਜਿਲ੍ਹਾ ਸਿੱਖਿਆ ਦਫ਼ਤਰ ਨੂੰ ਮੰਗਲਵਾਰ ਤੱਕ ਦਾ ਦਿੱਤਾ ਅਲਟੀਮੇਟਮ
ਅੰਮ੍ਰਿਤਸਰ,/ਉਪਿੰਦਰਜੀਤ ਸਿੰਘ
ਐਲੀਮੈਂਟਰੀ ਟੀਚਰਜ ਯੂਨੀਅਨ ਅੰਮ੍ਰਿਤਸਰ (ਰਜਿ.) ਦੇ ਇੱਕ ਵਫ਼ਦ ਵੱਲੋਂ ਅੱਜ ਉੱਪ ਜਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਸ੍ਰੀਮਤੀ ਇੰਦੂ ਬਾਲਾ ਮੰਗੋਤਰਾ ਨਾਲ ਇੱਕ ਵਿਸ਼ੇਸ਼ ਮੀਟਿੰਗ ਕਰਕੇ ਜ਼ਿਲ੍ਹੇ ਅੰਦਰ ਹੈੱਡ ਟੀਚਰਾਂ ਅਤੇ ਸੈਂਟਰ ਹੈੱਡ ਟੀਚਰਾਂ ਦੀਆਂ ਪ੍ਰਮੋਸ਼ਨਾਂ ਵਿੱਚ ਹੋ ਰਹੀ ਬੇਲੋੜੀ ਦੇਰੀ ਦਾ ਸਖ਼ਤ ਨੋਟਿਸ ਲੈਂਦਿਆਂ ਜ਼ਿਲ੍ਹਾ ਦਫ਼ਤਰ ਵਿਰੁੱਧ ਆਰ- ਪਾਰ ਦੇ ਸੰਘਰਸ਼ ਦਾ ਬਿਗਲ ਵਜਾ ਦਿੱਤਾ ਹੈ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਜੱਥੇਬੰਦੀ ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂ,ਸੂਬਾ ਪ੍ਰਮੁੱਖ ਪ੍ਰੈੱਸ ਸਕੱਤਰ ਗੁਰਿੰਦਰ ਸਿੰਘ ਘੁੱਕੇਵਾਲੀ ਅਤੇ ਜਿਲ੍ਹਾ ਪ੍ਰਧਾਨ ਸਤਬੀਰ ਸਿੰਘ ਬੋਪਾਰਾਏ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਮੁੱਖ ਅਧਿਆਪਕਾਂ ਦੀਆਂ ਪ੍ਰਮੋਸ਼ਨਾਂ ਦਾ ਕੰਮ ਨਾ ਹੋਣ ਦੇ ਰੋਸ ਵਿਚ ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਨਾਂ ਮੰਗ ਪੱਤਰ ਪੇਸ਼ ਕਰਦਿਆਂ ਹੈੱਡਟੀਚਰ /ਸੈਂਟਰ ਹੈੱਡਟੀਚਰ ਪ੍ਰੋਮੋਸ਼ਨ ਵਿੱਚ ਹੋ ਰਹੀ ਬੇਲੋੜੀ ਦੇਰੀ ਕਾਰਨ ਜਿਲ੍ਹੇ ਭਰ ਦੇ ਪ੍ਰਮੋਟ ਹੋਣ ਵਾਲੇ ਅਧਿਆਪਕਾਂ ਦੇ ਭਾਰੀ ਰੋਸ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਗਿਆ ਹੈ ਕਿ ਪ੍ਰਮੋਟ ਹੋਣ ਵਾਲੇ 2001-2002 ਬੈਚ ਦੇ ਅਧਿਆਪਕ ਪਿਛਲੇ 22 ਸਾਲਾਂ ਤੋਂ ਆਪਣੀਆਂ ਪ੍ਰਮੋਸ਼ਨਾਂ ਦੀ ਉਡੀਕ ਕਰ ਰਹੇ ਹਨ। ਇਸ ਲਈ ਕਿਸੇ ਦੇ ਨਿੱਜੀ ਮੁਫਾਦਾਂ ਕਰਕੇ ਲੱਗਭਗ 150 ਅਧਿਆਪਕਾਂ ਦੀਆਂ ਪ੍ਰਮੋਸ਼ਨਾਂ ਨਹੀ ਰੋਕੀਆਂ ਜਾਣੀਆਂ ਚਾਹੀਦੀਆਂ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਨੇ ਜਿਲ੍ਹਾ ਸਿੱਖਿਆ ਦਫ਼ਤਰ ਕੋਲੋਂ ਮੰਗਲਵਾਰ ਤੱਕ ਸੀ.ਐਚ.ਟੀ. ਦੇ ਆਡਰ ਦੇਣ ਅਤੇ ਹੈੱਡਟੀਚਰ ਪ੍ਰੋਮੋਸ਼ਨ ਦਾ ਪੱਤਰ ਜਾਰੀ ਕਰਨ ਦੀ ਮੰਗ ਕਰਦਿਆਂ ਕਿਹਾ ਹੈ ਕਿ ਹੁਣ ਅਧਿਆਪਕਾਂ ਦੇ ਸਬਰ ਦਾ ਪਿਆਲਾ ਭਰ ਗਿਆ ਹੈ, ਇਸ ਲਈ ਉਹਨਾਂ ਦਾ ਹੋਰ ਇਮਤਿਹਾਨ ਨਾ ਲਿਆ ਜਾਵੇ।
ਪ੍ਰੋਮੋਸ਼ਨਾਂ ਮੁਕੰਮਲ ਨਾ ਹੋਈਆਂ ਤਾਂ ਅਧਿਆਪਕ ਦਿਵਸ ਵਾਲੇ ਦਿਨ ਹੋਣਗੇ ਅਰਥੀ ਫ਼ੂਕ ਮੁਜ਼ਾਹਰੇ : ਪੰਨੂ,ਘੁੱਕੇਵਾਲੀ, ਬੋਪਾਰਾਏ
ਉਨ੍ਹਾਂ ਦੱਸਿਆ ਜਥੇਬੰਦੀ ਨੇ ਜ਼ਿਲ੍ਹਾ ਦਫਤਰ ਨੂੰ ਇਹ ਅਲਟੀਮੇਟਮ ਦਿੱਤਾ ਹੈ ਕਿ ਜੇਕਰ ਅਧਿਆਪਕ ਦਿਵਸ ਤੱਕ ਸੈਂਟਰ ਹੈੱਡਟੀਚਰ ਅਤੇ ਹੈੱਡਟੀਚਰ ਪ੍ਰੋਮੋਸ਼ਨਾਂ ਦਾ ਕੰਮ ਮੁਕੰਮਲ ਨਾ ਹੋਇਆ ਤਾਂ 5 ਸਤੰਬਰ ਅਧਿਆਪਕ ਦਿਵਸ ਵਾਲੇ ਦਿਨ ਜਿਲ੍ਹੇ ਦੀਆਂ ਸਾਰੀਆਂ ਤਹਿਸੀਲਾਂ ਵਿੱਚ ਜਿਲ੍ਹਾ ਸਿੱਖਿਆ ਦਫ਼ਤਰ ਦੇ ਅਰਥੀ ਫੂਕ ਮੁਜ਼ਾਹਰੇ ਹੋਣਗੇ। ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਇਹ ਵੀ ਫੈਸਲਾ ਲਿਆ ਗਿਆ ਹੈ ਕਿ 23 ਅਗਸਤ ਨੂੰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਇਸ ਸਬੰਧੀ ਰੋਸ ਪੱਤਰ ਦੇਣ ਤੋਂ ਬਾਅਦ 1 ਤੋਂ 5 ਸਤੰਬਰ ਭਾਅ ਅਧਿਆਪਕ ਦਿਵਸ ਵਾਲੇ ਦਿਨ ਤੱਕ ਈ.ਟੀ.ਯੂ. ਅੰਮ੍ਰਿਤਸਰ(ਰਜਿ.) ਦੇ ਸਾਰੇ ਆਗੂ,ਪ੍ਰਮੋਟ ਹੋਣ ਵਾਲੇ ਅਧਿਆਪਕ ਆਪਣੇ ਸਾਥੀ ਅਧਿਆਪਕਾਂ ਸਮੇਤ ਕਾਲੇ ਬਿੱਲੇ ਲਾ ਕੇ ਆਪਣਾ ਰੋਸ ਸਿੱਖਿਆ ਮੰਤਰੀ ਅਤੇ ਮੁੱਖ ਮੰਤਰੀ ਪੰਜਾਬ ਨੂੰ ਭੇਜਣਗੇ। ਇਸ ਦੌਰਾਨ ਆਗੂਆਂ ਨੇ ਜਿਲ੍ਹਾ ਸਿੱਖਿਆ ਦਫ਼ਤਰ ਵੱਲੋ ਸੀ.ਐਚ.ਟੀਜ.ਨੂੰ ਰੀਵਰਟ ਕਰਨ ਦੇ ਫੈਸਲੇ ਦੀ ਵੀ ਨਿਖੇਧੀ ਕਰਦਿਆਂ ਕਿਹਾ ਕਿ ਦਫ਼ਤਰ ਮਨਮਰਜ਼ੀਆਂ ਛੱਡ ਕੇ ਨਿਯਮਾਂ ਅਨੁਸਾਰ ਇਹਨਾਂ ਦੇ ਆਰਡਰ ਬਹਾਲ ਰੱਖਦੇ ਹੋਏ ਸੀਨੀਅਤਰਤਾ ਸੂਚੀ ਸੋਧੇ।
ਇਸ ਮੌਕੇ ਉਪਰੋਕਤ ਤੋਂ ਇਲਾਵਾ ਸੀਨੀਅਰ ਆਗੂ ਪਰਮਬੀਰ ਸਿੰਘ ਰੋਖੇ, ਸੁਖਦੇਵ ਸਿੰਘ ਵੇਰਕਾ, ਗੁਰਪ੍ਰੀਤ ਸਿੰਘ ਵੇਰਕਾ, ਮਨਿੰਦਰ ਸਿੰਘ, ਯਾਦਮਨਿੰਦਰ ਸਿੰਘ ਧਾਰੀਵਾਲ, ਦਿਲਬਾਗ ਸਿੰਘ ਬਾਜਵਾ, ਸੁਖਜਿੰਦਰ ਸਿੰਘ ਹੇਰ,ਰਾਜਬੀਰ ਸਿੰਘ ਵੇਰਕਾ,ਸੁਖਜੀਤ ਸਿੰਘ ਭਕਨਾ, ਮਨਪ੍ਰੀਤ ਸਿੰਘ, ਦਲਜੀਤ ਸਿੰਘ ਰਈਆ, ਭੁਪਿੰਦਰ ਸਿੰਘ ਠੱਠੀਆਂ, ਕੰਵਲਜੀਤ ਸਿੰਘ ਥਿੰਦ, ਗੁਰਦਰਸ਼ਨ ਸਿੰਘ ਕਾਦਰਾਬਾਦ, ਬਰਿੰਦਰ ਸਿੰਘ, ਜਗਜੀਤ ਸਿੰਘ ਗਿੱਲ, ਕਰਮਜੀਤ ਸਿੰਘ,ਭਗਵੰਤ ਸਿੰਘ ਮੱਲ੍ਹੀ,ਸਵਿੰਦਰ ਸਿੰਘ ਜੰਡਿਆਲਾ, ਜਤਿੰਦਰਪਾਲ ਸਿੰਘ ਜੰਡਿਆਲਾ ਵੀ ਮੌਜੂਦ ਸਨ।