Total views : 5504902
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਜੂਨ 1984 ਦੇ ਸਾਕਾ ਨੀਲਾ ਤਾਰਾ ਦੀ ਹਰ ਸਾਲ ਬਰਸੀ ਮਨਾਈ ਜਾਂਦੀ ਹੈ ਤੇ ਪਹਿਲੀ ਜੂਨ ਤੋ 6 ਜੂਨ ਤੱਕ ਘੱਲੂਘਾਰਾ ਦਿਵਸ ਮਨਾਇਆ ਜਾਂਦਾ ਹੈ ਤੇ ਕਿਸੇ ਵੀ ਅਣਸੁਖਾਵੀ ਘਟਨਾ ਨੂੰ ਰੋਕਣ ਲਈ ਪੂਰੇ ਪੰਜਾਬ ਵਿੱਚ ਸੁਰੱਖਿਆ ਫੋਰਸਾਂ ਦਾ ਜਮਵਾੜਾ ਵੇਖਿਆ ਜਾ ਸਕਦਾ ਹੈ। ਪਿਛਲੇ ਦਿਨੀ ਅੰਮ੍ਰਿਤਸਰ ਵਿੱਚ ਹੇਠ ਉੱਤੇ ਹੀ ਕਈ ਬੰਬ ਧਮਾਕੇ ਹੋਣ ਨਾਲ ਸਥਿਤੀ ਹੋਰ ਵੀ ਪੇਚੀਦਾ ਵਾਲੀ ਬਣ ਗਈ ਹੈ। ਸਰਕਾਰ ਕਿਸੇ ਵੀ ਪ੍ਰਕਾਰ ਦਾ ਖਤਰਾ ਮੁੱਲ ਨਹੀਂ ਲੈਣਾ ਚਾਹੁੰਦੀ ਤੇ ਕੜੇ ਪ੍ਰਬੰਧ ਕੀਤੇ ਗਏ ਹਨ।ਥਾਂ ਥਾਂ ਤੇ ਵਰਦੀਧਾਰੀ ਪੁਲੀਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ ਤੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਅੰਦਰ ਚਿੱਟ ਕੱਪੜੀਏ ਤੇ ਬਾਹਰ ਵਰਦੀਧਾਰੀ ਕਰਮਚਾਰੀਆਂ ਨੇ ਘੇਰਾ ਪਾਇਆ ਹੋਇਆ ਹੈ।
ਛੇ ਜੂਨ ਵਾਲੇ ਦਿਨ ਅੰਮ੍ਰਿਤਸਰ ਵਿੱਚ ਦੋ ਸਮਾਗਮ ਸਮਾਂਨਤਰ ਹੁੰਦੇ ਹਨ ਇੱਕ ਸਮਾਗਮ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੁੰਦਾ ਹੈ ਤੇ ਜਿਥੇ ਅਖੰਡ ਪਾਠ ਦੇ ਭੋਗ ਉਪਰੰਤ ਜਥੇਦਾਰ ਸ੍ਰੀ ਅਕਾਲ ਤਖਤ ਕੌਮ ਦੇ ਨਾਮ ਸੰਦੇਸ਼ ਜਾਰੀ ਕਰਕੇ ਕੌਮ ਨੂੰ ਆਉਣ ਵਾਲੇ ਸੰਕਟਾਂ ਤੋਂ ਸੁਚੇਤ ਰਹਿਣ ਦਾ ਸੰਦੇਸ਼ ਦਿੰਦੇ ਹਨ। ਸ਼ਹੀਦ ਪਰਿਵਾਰਾਂ ਦੇ ਮੈਬਰਾਂ ਨੂੰ ਸਿਰੋਪੇ ਪਾ ਕੇ ਸਨਮਾਨਿਤ ਕੀਤਾ ਜਾਂਦਾ ਹੈ।ਕਈ ਵਾਰੀ ਤਾਂ ਖੜਕਾ ਦੜਕਾ ਵੀ ਹੋ ਜਾਂਦਾ ਹੈ ਤੇ ਰੋਸ ਨਾਲ ਨੌਜਵਾਨ ਪ੍ਰਕਰਮਾ ਵਿੱਚ ਖਾਲਿਸਾਨ- ਜਿੰਦਾਬਾਦ ਦੇ ਨਾਅਰੇ ਲਗਾ ਕੇ ਆਪਣਾ ਰੋਸ ਪ੍ਰਗਟ ਕਰਦੇ ਹਨ ਤੇ ਇਹਨਾਂ ਨਾਅਰਿਆਂ ਦੀ ਗੂੰਜ ਨਾਲ ਸੂਬਾ ਤੇ ਕੇਂਦਰ ਸਰਕਾਰ ਦੇ ਦਿਲ ਧੱਕ ਧੱਕ ਕਰਨ ਲੱਗ ਜਾਂਦੇ ਹਨ।
ਦੂਸਰਾ ਸਮਾਗਮ ਕੁਝ ਕੱਟੜਪੰਥੀ ਹਿੰਦੂ ਜਥੇਬੰਦੀਆਂ ਵੱਲੋ ਕੀਤਾ ਜਾਂਦਾ ਹੈ ਤੇ ਉਹ ਵੀ ਸਾਕਾ ਨੀਲਾ ਤਾਰਾ ਦੌਰਾਨ ਮਾਰੇ ਗਏ ਫੌਜੀਆਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਕੇ ਸਿੱਖਾਂ ਦੇ ਖਿਲ਼ਾਫ ਬੋਲ ਕੇ ਆਪਣੀ ਭੜਾਸ ਕੱਢਦੇ ਹਨ।ਇਹਨਾਂ ਦੀ ਅਗਵਾਈ ਹੋਰ ਨਹੀਂ ਸਗੋਂ ਭਾਜਪਾ ਦੀ ਫਾਇਰ ਬਰਾਂਡ ਆਗੂ ਲਕਸ਼ਮੀ ਚਾਵਲਾ ਕਰਦੀ ਹੈ।ਇਸ ਸਮਾਗਮ ਵਿੱਚ ਗਿਣਤੀ ਬਹੁਤੀ ਨਹੀਂ ਹੰੁਦੀ ਪਰ ਫਿਰ ਵੀ ਮੁੱਖ ਸਮਾਗਮ ਦੇ ਬਰਾਬਰ ਸਮਾਗਮ ਕਰਕੇ ਇਹ ਦੱਸਣ ਦੀ ਕੋਸ਼ਿਸ਼ ਜ਼ਰੂਰ ਕਰਦੇ ਕਿ ਸਾਕਾ ਨੀਲਾ ਤਾਰਾ ਫੌਜ ਦੀ ਦਰੁਸੱਤ ਕਾਰਵਾਈ ਸੀ ਤੇ ਇਹ ਪਹਿਲਾਂ ਹੀ ਕੀਤੀ ਜਾਣੀ ਚਾਹੀਦੀ ਸੀ।
ਸਾਕਾ ਨੀਲਾ ਤਾਰਾ ਦੀ ਅਸਲੀਅਤ ਜਾਨਣ ਲਈ ਅੱਜ ਤੱਕ ਕੋਈ ਉਪਰਾਲਾ ਨਹੀਂ ਕੀਤਾ ਗਿਆ ਹੈ ਤੇ ਵੱਖ ਵੱਖ ਸੋਚ ਨਾਲ ਸਬੰਧਿਤ ਵਿਅਕਤੀਆਂ ਨੇ ਕੁਝ ਕਿਤਾਬਾਂ ਲਿਖ ਕੇ ਸਗੋਂ ਕਈ ਪ੍ਰਕਾਰ ਦੇ ਸ਼ੰਕੇ ਖੜੇ ਕੀਤੇ ਹੋਏ ਹਨ।ਸਰਕਾਰ ਵਾਈਟ ਪੇਪਰ ਜਾਰੀ ਕਰਕੇ ਇਸ ਸਾਕੇ ਨੂੰ ਦਰੁਸਤ ਠਹਿਰਾ ਰਹੀ ਹੈ ਜਦ ਕਿ ਸ਼੍ਰੋਮਣੀ ਕਮੇਟੀ ਵਾਈਟ ਪੇਪਰ ਜਾਰੀ ਕਰਕੇ ਸਰਕਾਰ ਤੇ ਫੌਜ ਨੂੰ ਦੋਸ਼ੀ ਠਹਿਰਾ ਕੇ ਇਹ ਦੱਸਣ ਦੌ ਕੋਸ਼ਿਸ਼ ਕਰ ਰਹੀ ਹੈ ਕਿ ਮੁਗਲਾਂ ਤੋਂ ਬਾਅਦ ਦੇਸ਼ ਦੀ ਆਪਣੀ ਹਕੂਮਤ ਨੇ ਹਮਲਾ ਕਰਕੇ ਸਿੱਖਾਂ ਦੇ ਮੁਕੱਦਸ ਅਸਥਾਨ ਤੇ ਹਮਲਾ ਕਰਕੇ ਸ੍ਰੀ ਅਕਾਲ਼ ਤਖਤ ਸਾਹਿਬ ਨੂੰ ਛੱਲਣੀ ਛੱਲਣੀ ਕਰਕੇ ਸਿੱਖਾਂ ਦੇ ਹਿਰਦੇ ਵਲੂੰਧਰੇ ਹਨ। ।ਸਾਂਝੇ ਰੂਪ ਵਿੱਚ ਕੋਈ ਉਪਰਾਲਾ ਕਿਸੇ ਵੀ ਧਿਰ ਵੱਲੋਂ ਨਹੀਂ ਕੀਤਾ ਗਿਆ ਜਿਹੜਾ ਦੋਹਾਂ ਧਿਰਾਂ ਬਾਰੇ ਸੱਚਾਈ ਸਾਹਮਣੇ ਲਿਆ ਸਕੇ।
‘ਜੇ’ ਤੋਂ ਪਹਿਲਾਂ ਕਹਿੰਦੇ ਹਨ ਕਿ ਬਹੁਤ ਕੁਝ ਹੁੰਦਾ ਹੈ ਪਰ ਫਿਰ ਵੀ ਕਿਹਾ ਜਾਂਦਾ ਹੈ ਕਿ ਅਕਾਲ ਤਖਤ ਨੂੰ ਢਾਹੁਣ ਦੀ ਬੁਨਿਆਦ ਤਾਂ ਸਾਡੇ ਸਿਆਸੀ ਲੀਡਰਾਂ ਨੇ 1975 ਦੀ ਐਮਰਜੈਂਸੀ ਵੇਲੇ ਹੀ ਰੱਖ ਦਿੱਤੀ ਸੀ ਜਦੋਂ ਇੰਦਰਾ ਗਾਂਧੀ ਨੇ ਸਿੱਖ ਆਗੂਆਂ ਨੂੰ ਜਥੇਦਾਰ ਸੰਤੋਖ ਸਿੰਘ ਰਾਹੀ ਸੁਨੇਹਾ ਭੇਜਿਆ ਸੀ ਕਿ ਉਹਨਾਂ ਦੀਆਂ ਸਾਰੀਆਂ ਮੰਗਾਂ ਪ੍ਰਵਾਨ ਹਨ ਤੇ ਉਹ ਲਿਖ ਕੇ ਦੇਣ ਨੂੰ ਹੀ ਤਿਆਰ ਨਹੀ ਸਗੋਂ ਐਲਾਨ ਕਰਕੇ ਸਭ ਕੁਝ ਦੇਣ ਲਈ ਤਿਆਰ ਹੈ ਪਰ ਉਹ ਨਿੱਕਰਧਾਰੀਆਂ ਦੇ ਹੱਕ ਵਿੱਚ ਕਿਸੇ ਪ੍ਰਕਾਰ ਦਾ ਮੋਰਚਾ ਨਾ ਲਗਾਉਣ।ਜਥੇਦਾਰ ਸੰਤੋਖ ਸਿੰਘ ਉਸ ਸਮੇਂ ਇੰਦਰਾ ਗਾਂਧੀ ਦੇ ਇੰਨੇ ਨੇੜੇ ਸੀ ਕਿ ਉਹ ਬਿਨਾਂ ਸਮਾਂ ਲਿਆ ਜਦੋਂ ਚਾਹੇ ਦੇਸ਼ ਦੀ ਪ੍ਰਧਾਨ ਮੰਤਰੀ ਨੂੰ ਮਿਲ ਸਕਦੇ ਸਨ।ਸਾਰੇ ਅਕਾਲ਼ੀ ਇੰਦਰਾ ਦੇ ਸਮਝੌਤੇ ਨਾਲ ਤਿਆਰ ਸਨ ਕਿ ਪਰ ਸ੍ਰ. ਪ੍ਰਕਾਸ਼ ਸਿੰਘ ਬਾਦਲ ਨਹੀਂ ਚਾਹੁੰਦਾ ਸੀ ਕਿ ਮੰਗਾਂ ਪ੍ਰਵਾਨ ਹੋਣ ਦਾ ਸਿਹਰਾ ਉਸ ਤੋਂ ਸਿਵਾਏ ਕੋਈ ਹੋਰ ਲੈ ਜਾਵੇ ਫਿਰ ਇੱਕ ਦਿੱਲੀ ਦਾ ਇੱਕ ਦਰਜੀ। ਜਿਹੜਾ ਜਥੇਦਾਰ ਗੁਰਚਰਨ ਸਿੰਘ ਟੌਹੜਾ ਜਥੇਦਾਰ ਸੰਤੋਖ ਸਿੰਘ ਦੀ ਪਿੱਠ ਥਾਪੜ ਰਿਹਾ ਸੀ ਫਿਰ ਉਸ ਨੇ ਵੀ ਜਥੇਦਾਰ ਨੂੰ ‘ਗਦਾਰ’ ਦੇ ਲਕਬ ਨਾਲ ਨਿਵਾਜਿਆ ਸੀ। ਦੂਸਰੇ ਪਾਸੇ ਪੰਜਾਬੀ ਸੂਬੇ ਦੀ ਵਿਰੋਧਤਾ ਕਰਨ ਵਾਲਾ ਜਨਸੰਘੀ (ਭਾਜਪਾ ਤੋ ਪਹਿਲਾਂ ਦਾ ਨਾਮ) ਯੱਗ ਦੱਤ ਸ਼ਰਮਾ ਜਿਹੜਾ ਦਰਬਾਰ ਸਾਹਿਬ ਦੇ ਨਜ਼ਦੀਕ ਸੰਤ ਫਤਹਿ ਸਿੰਘ ਦੇ ਬਰਾਬਰ ਮਲਕਾ ਦੇ ਬੁੱਤ ਕੋਲ ਭੁੱਖ ਹੜਤਾਲ ‘ਤੇ ਬੈਠਦਾ ਸੀ ਜੇਲ੍ਹ ਵਿੱਚੋਂ ਬਾਰ ਬਾਰ ਸਿੱਖਾਂ ਨੂੰ ਨੌਵੇ ਪਾਤਸ਼ਾਹ ਦਾ ਵਾਸਤਾ ਪਾ ਕੇ ਹਮਾਇਤ ਲਈ ਲਿਲਕੜੀਆਂ ਕੱਢ ਰਿਹਾ ਸੀ। ਅਖੀਰ ਮੋਰਚਾ ਲੱਗ ਗਿਆ ਹਜ਼ਾਰਾਂ ਸਿੱਖ ਜੇਲ੍ਹਾਂ ਵਿੱਚ ਗਏ।ਦਮਦਮੀ ਟਕਸਾਲ ਦੇ ਮੁੱਖੀ ਸੰਤ ਕਰਤਾਰ ਸਿੰਘ ਭਿੰਡਰਾਂਵਾਲਿਆ ਕੋਲ ਅਕਾਲੀ ਗਏ ਕਿ ਸਾਡਾ ਮੋਰਚਾ ਦਮ ਤੋੜ ਰਿਹਾ ਹੈ ਤੇ ਸਾਡੀ ਮਦਦ ਕੀਤੀ ਜਾਵੇ ਤਾਂ ਸੰਤ ਕਰਤਾਰ ਸਿੰਘ ਭਿੰਡਰਾਂਵਾਲਿਆ ਨੇ ਪੰਜਾਬ ਵਿੱਚ 37 ਨਗਰ ਕੀਰਤਨ ਕੱਢੇ ਤੇ ਧਰਮ ਪ੍ਰਚਾਰ ਦੇ ਨਾਲ ਨਾਲ ਸੰਗਤਾਂ ਨੂੰ ਮੋਰਚੇ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਤੇ ਭਾਰੀ ਗਿਣਤੀ ਵਿੱਚ ਸੰਗਤਾਂ ਗ੍ਰਿਫਤਰੀ ਲਈ ਪੁੱਜਣ ਲੱਗ ਪਈਆ। ਇੰਦਰਾ ਗਾਂਧੀ ਦੀ ਹਿੱਕ ਤੇ ਸੱਪ ਲੇਟਣ ਲੱਗ ਪਿਆ ਤੇ ਉਸ ਨੇ ਉਸ ਸਮੇਂ ਤੋਂ ਹੀ ਸਿੱਖਾਂ ਨੂੰ ਸਬਕ ਸਿਖਾਉਣ ਦਾ ਫੈਸਲਾ ਕਰ ਲਿਆ। ਐਮਰਜੈਸੀ ਹਟਾਉਣੀ ਪਈ ਤੇ ਚੋਣਾਂ ਵਿੱਚ ਇੰਦਰਾ ਗਾਂਧੀ ਬੜੀ ਬੁਰੀ ਤਰ੍ਹਾ ਹਾਰ ਗਈ ਪਰ ਜਨਤਾ ਪਾਰਟ ਿਦੀ ਮੁਰਾਰਜੀ ਡਿਸਾਈ ਦੀ ਕੁਲੀਸ਼ਨ ਸਰਕਾਰ ਜਿਆਦਾ ਦੇਰ ਨਾ ਚੱਲ ਸਕੀ ਤੇ 1980 ਵਿੱਚ ਇੰਦਰਾ ਗਾਂਧੀ ਦੀ ਵਾਪਸੀ ਹੋ ਗਈ।ਇੰਦਰਾ ਗਾਂਧੀ ਦੀ ਹਿੱਟ ਲਿਸਟ ਤੇ ਜਿਥੇ ਅਕਾਲੀ ਸਨ ਉਥੇ ਦਮਦਮੀ ਟਕਸਾਲ ਤਾਂ ਉਸ ਨੂੰ ਵਿਹੁ ਵਾਂਗੂ ਦਿਖਾਈ ਦਿੰਦੀ ਸੀ ਇਸੇ ਕਰਕੇ ਹੀ ਸੰਤ ਕਰਤਾਰ ਸਿੰਘ ਭਿੰਡਰਾਵਾਲਿਆਂ ਦੀ ਇੱਕ ਹਾਦਸੇ ਵਿੱਚ ਹੋਈ ਸ਼ਹਾਦਤ ਵੀ ਅੱਜ ਤੱਕ ਭੇਦ ਬਣੀ ਹੋਈ ਹੈ।ਔਰਤ ਹੱਠ ਲੈ ਕੇ ਇੰਦਰਾ ਗਾਂਧੀ ਨੇ ਇਹ ਠਾਣ ਲਈ ਕਿ ਉਹ ਸਿੱਖਾਂ ਨੂੰ ਅਬਦਾਲੀ ਤੇ ਨਾਦਰਸ਼ਾਹ ਨਾਲੋਂ ਵੀ ਵੱਧ ਜਲਾਦ ਬਣ ਕੇ ਟੱਕਰੇਗੀ। ਪਹਿਲਾਂ ਉਸ ਨੇ ਪੰਜਾਬ ਦੇ ਪਾਣੀਆਂ ਦਾ ਬਿਖੇੜਾ ਖੜਾ ਕਰਨ ਲਈ ਐਸ ਵਾਈ ਐਲ ਦਾ ਮੁੱਦਾ ਖੜਾ ਕਰ ਦਿੱਤਾ ਤੇ ਕਪੂਰੀ ਵਿਖੇ ਟੱਕ ਲਗਾ ਕੇ ਸਿੱਖਾਂ ਨੂੰ ਉਕਸਾਉਣ ਦਾ ਮਨਸੂਬਾ ਬਣਾ ਦਿੱਤਾ। ਅਕਾਲੀ ਦਲ ਦੇ ਪ੍ਰਧਾਨ ਸ੍ਰ ਜਥੇਦਾਰ ਜਗਦੇਵ ਸਿੰਘ ਤਲਵੰਡੀ ਨੇ ਮੋਰਚਾ ਸ਼ੁਰੂ ਕਰ ਦਿਤਾ ਪਰ ਜਲਦੀ ਹੀ ਐਮਰਜੈਂਸੀ ਵਾਂਗ ਇਹ ਮੋਰਚਾ ਵੀ ਦਮ ਤੋੜਣ ਲੱਗ ਪਿਆ। ਅਖੀਰ ਮੋਰਚਾ ਸ੍ਰੀ ਦਰਬਾਰ ਸਾਹਿਬ ਵਿਖੇ ਪੁੱਜ ਗਿਆ ਤੇ ਮੋਰਚੇ ਦੇ ਡਿਕਟੇਟਰ ਸੰਤ ਹਰਚੰਦ ਸਿੰਘ ਲੌਗੋਵਾਲ ਨੂੰ ਬਣਾਇਆ ਗਿਆ। ਦੂਸਰੇ ਪਾਸੇ ਕਿਹਾ ਜਾਂਦਾ ਹੈ ਕਿ ਦਮਦਮੀ ਟਕਸਾਲ ਦੇ ਚੌਧਵੇਂ ਮੁੱਖੀ ਸੰਤ ਜਰਨੈਨ ਸਿੰਘ ਭਿੰਡਰਾਂਵਾਲਿਆਂ ਨੂੰ ਗਿਆਨੀ ਜ਼ੈਲ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਵਿੱਚ ਜਾ ਕੇ ਸ੍ਰੌਮਣੀ ਕਮੇਟੀ ਤੇ ਕਬਜ਼ਾ ਕਰਨ ਲਈ ਪ੍ਰੇਰਿਆ। ਗਿਆਨੀ ਜ਼ੈਲ ਸਿੰਂਘ ਇੱਕ ਗੂੜਿਆ ਸਿਆਸਤਦਾਨ ਸੀ ਤੇ ਜਾਣਦਾ ਸੀ ਕਿ ਸੰਤ ਜਰਨੈਲ ਸਿੰਘ ਸਿੱਧਾ ਸਾਧਾ ਸਾਧ ਹੈ ਤੇ ਇਸ ਤੋਂ ਕੋਈ ਖਤਰਾ ਪੈਦਾ ਨਹੀਂ ਹੋ ਸਕਦਾ। ਦੂਸਰੇ ਪਾਸੇ ਗਿਅਨੀ ਦਾ ਪੰਜਾਬ ਦੇ ਮੁੱਖ ਮੰਤਰੀ ਸ੍ਰ ਦਰਬਾਰਾ ਸਿੰਘ ਨਾਲ ਛੱਤੀਸ ਦਾ ਅੰਕੜਾ ਸੀ ਤੇ ਉਹ ਵੀ ਚਾਹੁੰਦਾ ਕਿ ਦਰਬਾਰਾ ਸਿੰਘ ਦੀ ਸਰਕਾਰ ਤੋੜ ਦਿੱਤੀ ਜਾਵੇ। ਇਸ ਮੋਰਚੇ ਦੀ ਆੜ ਹੇਠ ਹੀ ਬੱਸ ਵਿੱਚੋਂ ਲਾਹ ਕੇ ਇੱਕ ਫਿਰਕੇ ਦੇ ਲੋਕਾਂ ਦਾ ਕਤਲ ਕਰ ਦਿੱਤਾ ਗਿਆ। ਕੇਂਦਰ ਨੇ ਆਪਣੀ ਹੀ ਸਰਕਾਰ ਤੋੜ ਦਿੱਤੀ ਤੇ ਗਿਆਨੀ ਜੀ ਦੀ ਪਹਿਲੀ ਇੱਛਾ ਪੂਰੀ ਹੋ ਗਈ ਦੂਜੇ ਪਾਸੇ ਪੰਜਾਬ ਵਿੱਚ ਵੱਢ ਫੱਟ ਦਾ ਦੌਰ ਸ਼ੁਰੂ ਹੋ ਗਿਆ ਤੇ ਕਪੂਰੀ ਮੋਰਚੇ ਤੋ ਧਰਮ ਯੁੱਧ ਮੋਰਚੇ ਵਿੱਚ ਤਬਦੀਲ ਹੋਇਆ ਮੋਰਚਾ ਹੁਣ ਖਾਲਿਸਤਾਨ ਦੀ ਮੰਗ ਵੱਲ ਵੱਧਣ ਲੱਗਾ।( ਇਹ ਜਾਣਕਾਰੀ ਟੁਕ ਮਾਤਰ ਹੀ ਹੈ ਅਸਲੀਅਤ ਲਿਖਣ ਲੱਗਿਆ ਤਾਂ ਕਿਤਾਬ ਲਿਖੀ ਜਾ ਸਕਦੀ ਹੈ) ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਹੁਣ ਅਕਾਲੀਆਂ ਨੂੰ ਪਿਛਾੜ ਕੇ ਖੁਦ ਆਗੂ ਬਣ ਗਏ ਤੇ ਸੰਤ ਨੂੰ ਖਤਮ ਕਰਨ ਲਈ ਅਕਾਲ਼ੀ ਭਾਈ ਕੇਂਦਰ ਦੇ ਹੱਥ ਠੋਕੇ ਬਣ ਗਏ।ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਨੂੰ ਹੁਣ ਸਿਰਫ ਕੇਂਦਰ ਦੀ ਇੰਦਰਾ ਸਰਕਾਰ ਨਾਲ ਹੀ ਨਹੀਂ ਸਗੋਂ ਅਕਾਲੀ ਭਾਈਆ ਨਾਲ ਵੀ ਲੜਨਾ ਪੈ ਰਿਹਾ ਸੀ।ਇਸੇ ਸਮੇਂ ਦੌਰਾਨ ਇੰਦਰਾ ਗਾਂਧੀ ਨੇ ਹਿਮਾਚਲ ਦੇ ਚਕਰਾਤਾ ਵਿਖੇ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਫੌਜ ਨੂੰ ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਕਰਨ ਲਈ ਰੀਹੈਸਲ ਕਰਨ ਲਈ ਦਾ ਆਦੇਸ਼ ਦਿੱਤਾ। ਅਖੀਰ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰ ਦਿੱਤਾ ਗਿਆ ਤੇ ਇਸ ਬਾਰੇ ਤਾਂ ਪਤੀ ਪਤਨੀ ਦੇ ਰਿਸ਼ਤੇ ਵਾਲੇ ਗਠਜੋੜ ਦੇ ਇੱਕ ਭਾਜਪਾਈ ਆਗੂ ਨੇ ਆਪਣੀ ਕਿਤਾਬ ‘ ਮਾਈ ਕੰਟਰੀ ਮਾਈ ਲਾਈਫ’ ਵਿੱਚ ਇਹ ਲਿਖ ਕੇ ਕਿ ਇੰਦਰਾ ਗਾਂਧੀ ਤਾਂ ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਕਰਨ ਲਈ ਤਿਆਰ ਨਹੀ ਸੀ ਉਹਨਾਂ ਨੇ ਦਬਾ ਪਾ ਕੇ ਕਰਵਾਇਆ, ਸਪੱਸ਼ਟ ਕਰ ਦਿੱਤਾ ਕਿ ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਕਰਨ ਲਈ ਕਾਂਗਰਸ ਇਕੱਲੀ ਨਹੀਂ ਸਗੋਂ ਭਾਜਪਾ ਵੀ ਹਿੱਕ ਡਾਹ ਕੇ ਨਾਲ ਖੜੀ ਸੀ।
ਲੇਖਕ
ਜਸਬੀਰ ਸਿੰਘ ਪੱਟੀ 9356024684
ਸਾਕਾ ਨੀਲਾ ਤਾਰਾ ਤੋਂ ਪਹਿਲਾਂ ਸੰਤ ਜਰਨੈਲ ਸਿੰਘ ਨੂੰ ਕਿਹਾ ਗਿਆ ਕਿ ਪੰਜ ਸਿੰਘ ਉਹਨਾਂ ਨੂੰ ਹੁਕਮ ਕਰ ਦੇਣ ਤਾਂ ਕੀ ਉਹ ਆਤਮ ਸਮੱਰਪਣ ਕਰਨ ਲਈ ਤਿਆਰ ਹਨ? ਸੰਤਾਂ ਨੇ ਕਿਹਾ ਕਿ ਉਹ ਜ਼ਲਾਲਤ ਵਾਲੀ ਜਿੰਦਗੀ ਨਾਲੋਂ ਅਣਖ ਵਾਲ਼ੀ ਮੌਤ ਮਰਨ ਨੂੰ ਤਰਜੀਹ ਦੇਣਗੇ। ਜਦੋਂ ਇਹ ਸਪੱਸ਼ਟ ਹੋ ਗਿਆ ਕਿ ਹੁਣ ਹਮਲਾ ਤਾਂ ਫੌਜ ਕਰਨ ਹੀ ਵਾਲੀ ਹੈ ਤਾਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਲੰਮਾ ਸਮਾਂ ਗਰੰਥੀ ਤੇ ਫਿਰ ਹੈੱਡ ਗ੍ਰੰਥੀ ਰਹੇ ਗਿਆਨੀ ਭਗਵਾਨ ਸਿੰਘ ਨੇ ਦੱਸਿਆ ਕਿ ਸੰਤਾਂ ਕੋਲ ਇੱਕ ਪੇਟੀ ਨੋਟਾਂ ਦੀ ਸੀ ਜਿਹੜੀ ਹਮਲੇ ਤੋਂ ਪਹਿਲਾਂ ਅਕਾਲ ਤਖਤ ਦੇ ਖੂਹ ਵਿੱਚ ਸੁੱਟ ਦਿੱਤੀ ਗਈ। ਉਹਨਾ ਮੁਤਾਬਕ ਇਹ ਮਾਇਆ ਗਿਆਨ ਜ਼ੈਲ ਸਿੰਘ ਨੇ ਹੀ ਸ਼ੁਰੂ ਸ਼ੁਰੂ ਵਿੱਚ ਭੇਜੀ ਸੀ। ਹਮਲੇ ਤੋਂ ਪਹਿਲਾਂ ਹੀ ਗਿਅਨੀ ਭਗਵਾਨ ਸਿੰਘ ਅਨੁਸਾਰ ਉਹ ਪੰਜ ਜੂਨ ਤੱਕ ਸ੍ਰੀ ਅਕਾਲ ਤਖਤ ਤੇ ਰੋਜ਼ਮਰਾ ਦੀ ਧਾਰਮਿਕ ਅਕੀਦੇ ਨੂੰ ਪੂਰਾ ਕਰਨ ਲਈ ਜਾਂਦੇ ਪਰ ਛੇ ਨੂੰ ਨਹੀ ਜਾਣ ਦਿੱਤਾ ਗਿਆ। ਉਹਨਾ ਨੇ ਦੱਸਿਆ ਕਿ ਸੰਤ ਭਿੰਡਰਾਵਾਲਿਆਂ ਕੋਲ ਇੱਕ ਬਹੁਤ ਵੱਡਾ ਡੱਬਾ ਸੀ ਜਿਸ ਨੂੰ ਵਾਇਰਲੈੱਸ ਕਹਿੰਦੇ ਸਨ ਤੇ ਇਸ ਫਰੀਕਿਊਐਸੀ ਬਹੁਤ ਜ਼ਿਆਦਾ ਸੀ ਤੇ ਫੌਜ ਤੇ ਪੁਲੀਸ ਦੀ ਗਤੀਵਿਧੀਆਂ ਦਾ ਇਸ ਤੋਂ ਪਤਾ ਲੱਗ ਰਿਹਾ ਸੀ।ਗਿਆਨੀ ਭਗਵਾਨ ਸਿੰਘ ਨੇ ਦੱਸਿਆ ਕਿ ਜਦੋਂ ਫੌਜ ਬਿਲਕੁਲ ਦਰਬਾਰ ਸਾਹਿਬ ਦੀਆਂ ਬਰੂਹਾਂ ਤੇ ਆ ਗਈ ਤਾਂ ਫਿਰ ਉਸ ਵਾਇਰਲੈੱਸ ਰਾਹੀ ਪਾਕਿਸਤਾਨ ਦੇ ਫੋਜ਼ੀ ਸ਼ਾਸ਼ਕ ਜਿਆ ਉਲ ਹੱਕ ਨਾਲ ਗੱਲ ਕੀਤੀ ਗਈ ਕਿ ਉਹ ਕਹਿ ਰਿਹਾ ਸੀ ਕਿ ਜਦੋਂ ਭਾਰਤੀ ਫੌਜ ਦਰਬਾਰ ਸਾਹਿਬ ਤੇ ਹਮਲਾ ਕਰੇਗੀ ਤਾਂ ਉਹ ਭਾਰਤ ‘ਤੇ ਹਮਲਾ ਕਰ ਦੇਵੇਗਾ ਤੇ ਹੁਣ ਮੌਕਾ ਆ ਗਿਆ ਹੈ। ਜਿਆ ਉਲ ਹੱਕ ਨੇ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਨੂੰ ਕਿਹਾ ਕਿ ਸੰਤ ਜੀ ਤੁਸੀ ਮੋਰਚਾ ਡਿਕਟੇਟਰ ਨਹੀਂ ਹੋ ਇਸ ਲਈ ਮੋਰਚਾ ਡਿਕਟੇਟਰ ਸੰਤ ਹਰਚੰਦ ਸਿੰਘ ਲੌਗੋਵਾਲ ਹੈ ਜੇਕਰ ਉਹ ਕਹੇਗਾ ਤਾਂ ਉਹ ਹਮਲਾ ਕਰਨ ਬਾਰੇ ਸੋਚ ਸਕਦੇ ਹਨ। ਗਿਆਨੀ ਭਗਵਾਨ ਸਿੰਘ ਨੇ ਦੱਸਿਆ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਆਪਣਾ ਇੱਕ ਵਿਸ਼ਵਾਸ਼ ਪਾਤਰ ਸੰਤ ਹਰਚੰਦ ਸਿੰਘ ਲੌਗੋਵਾਲ ਵੱਲ ਭੇਜਿਆ ਤਾਂ ਅੱਗੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਬੈਠੇ ਸਨ ਜਿਹਨਾਂ ਨੇ ਸੰਤ ਹਰਚੰਦ ਸਿੰਘ ਦੇ ਜਵਾਬ ਦੇਣ ਤੋਂ ਪਹਿਲ਼ਾਂ ਹੀ ਜਵਾਬ ਦੇ ਦਿੱਤਾ ਕਿ ਜ਼ਿਆ ਉਲ ਹੱਕ ਨਾਲ ਉਹਨਾਂ ਦੀ ਕੋਈ ਗੱਲਬਾਤ ਨਹੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਕਹਿ ਦਿਉ ਉਹ ਆਪੇ ਹੀ ਗੱਲ ਕਰ ਲਵੇ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਫਿਰ ਅਰਦਾਸਾ ਸੋਧ ਦਿੱਤਾ ਤੇ ਸਿੰਘਾਂ ਨੂੰ ਕਿਹਾ ਕਿ ਜਿਹੜੇ ਜਾਣਾ ਚਾਹੁੰਦੇ ਹਨ ਉਹ ਜਾ ਸਕਦੇ ਹਨ ਤੇ ਜਿਹੜੇ ਬਾਦਲਾਂ ਨੂੰ ਗਦਾਰ ਤੇ ਕਈ ਪ੍ਰਕਾਰ ਦੇ ਲਕਬ ਦਿੰਦੇ ਸਨ ਤੇ ਸੰਤਾਂ ਨਾਲ ਗੰਨਾਂ ਲੈ ਕੇ ਪਰਛਾਂਵੇ ਦੀ ਤਰ੍ਹਾ ਘੁੰਮਦੇ ਸਨ ਛੱਡ ਕੇ ਘਰਾਂ ਨੂੰ ਆ ਗਏ ਤੇ ਅੱਜ ਉਸੇ ਹੀ ਬਾਦਲ ਲਾਣੇ ਦੇ ਜੁੱਤੀ ਚੱਟ ਬਣ ਕੇ ਗੁਰੁ ਦੀ ਗੋਲਕ ਤੇ ਪਲ ਰਹੇ ਹਨ।ਸਾਕਾ ਨੀਲਾ ਤਾਰਾ ਹੋ ਗਿਆ ਤੇ ਜਿਹੜੇ ਅਕਾਲੀ ਕਹਿੰਦੇ ਸਨ ਕਿ ਸ੍ਰੀ ਦਰਬਾਰ ਸਾਹਿਬ ਵਿੱਚ ਟੈਂਕ ਤੇ ਤੋਪਾਂ ਉਹਨਾਂ ਦੀਆਂ ਹਿੱਕਾਂ ਤੇ ਚੜ ਕੇ ਲੰਘਣਗੇ ਉਹ ਇੱਕ ਸਾਧ ਨੂੰ ਬਲੀ ਦਾ ਬੱਕਰਾ ਬਣਾ ਕੇ ਹੱਥ ਖੜੇ ਕਰਕੇ ਬਾਹਰ ਆ ਗਏ।ਲੀਡਰ ਨੂੰ ਹਮੇਸ਼ਾਂ ਕੁਰਸੀ ਪਿਆਰੀ ਹੁੰਦੀ ਹੈ ਤੇ ਜਾਨ ਤਾਂ ਅੱਤ ਪਿਆਰੀ ਹੁੰਦੀ ਹੈ, ਕੌਮ ਪਵੇ ਢੱਠੇ ਖੂਹ ਵਿੱਚ।ਇੱਕ ਸੰਤ ਤੇ ਸ੍ਰੀ ਅਕਾਲ ਤਖਤ ਦੀ ਬਲੀ ਦੇ ਕੇ ਲੀਡਰ ਤਾਂ ਕੁਰਸੀਆਂ ਦਾ ਅਨੰਦ ਮਾਣਦੇ ਰਹੇ ਪਰ ਕੌਮ ਅਜਿਹੇ ਲੀਡਰਾਂ ਤੇ ਫਿਰ ਵਿਸ਼ਵਾਸ਼ ਕਰਕੇ ਗੁੰਮਰਾਹ ਹੁੰਦੀ ਰਹੀ। ਸਿਆਣੇ ਕਹਿੰਦੇ ਹਨ ਕਿ ਲੀਡਰ ਤਾਂ ਮਰੇ ਪਏ ਪੁੱਤ ਦੀ ਹਿੱਕ ਤੇ ਪੈਰ ਰੱਖ ਕੇ ਵੀ ਕੁਰਸੀ ਤੇ ਜਾ ਕੇ ਬੈਠ ਜਾਂਦੇ ਹਨ।92 ਸਾਲ ਦੀ ਉਮਰ ਵਿੱਚ ਵੀ ਸ੍ਰ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਹੁੰਦੇ ਸਨ ਕਿ ਜੇਕਰ ਉਹਨਾਂ ਨੂੰ ਅੱਜ ਵੀ ਕੁਰਸੀ ਮਿਲ ਜਾਵੇ ਤਾਂ ਉਹ 29 ਸਾਲ ਦੇ ਹੋ ਜਾਣਗੇ। ਲੀਡਰਾਂ ਤੇ ਭਰੋਸਾ ਕਰਨ ਵਾਲੇ ਵਿਅਕਤੀ ਹਮੇਸ਼ਾਂ ਧੋਖਾ ਹੀ ਖਾਂਦੇ ਹਨ ਤੇ ਅੱਜ ਕਲ੍ਹ ਪੱਤਰਕਾਰ ਭਾਈਚਾਰੇ ਨਾਲ ਸਬੰਧਿਤ ਇੱਕ ਸ਼ਖਸ਼ੀਅਤ ਬਕਾਇਦਾ ਤੌਰ ‘ਤੇ ਲੀਡਰਾਂ ਦੀ ਚੁੰਗਲ ਵਿੱਚ ਆਈ ਹੋਈ ਹੈ। ਲੀਡਰ ਲੱਛੇਦਾਰ ਭਾਸ਼ਨ ਕਰਕੇ ਉਸ ਨਾਲ ਖੜਣ ਦਾ ਦਾਅਵਾ ਕਰ ਰਹੇ ਹਨ ਜਿਸ ਤਰ੍ਹਾਂ ਸੰਤ ਕਰਤਾਰ ਸਿੰਘ ਭਿੰਡਰਾਂਵਾਲਿਆ ਦੇ ਦੁਸਹਿਰੇ ਤੇ ਉਹਨਾਂ ਦੇ ਪਰਿਵਾਰ ਪ੍ਰਤੀ ਲੀਡਰਾਂ ਨੇ ਇੰਨੀ ਸੁਹਿਰਦਾ ਜਤਾਈ ਜਿਵੇ ਉਹ ਸੰਤ ਕਰਤਾਰ ਸਿੰਘ ਦੇ ਪਲੇਠੇ ਪੁੱਤਰ ਹੋਣ ਤੇ 1979 ਦੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਜਦੋਂ ਉਹਨਾਂ ਦਾ ਵੱਡਾ ਸਪੁੱਤਰ ਅਮਰੀਕ ਸਿੰਘ ਬਿਆਸ ਹਲਕੇ ਚੋਣ ਮੈਦਾਨ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਨੇ ਉਤਾਰਿਆ ਤਾਂ ਉਹ ਹੀ ਲੀਡਰ ਉਸ ਪਰਿਵਾਰ ਨੂੰ ਕਾਂਗਰਸ ਦੇ ਏਜੰਟ ਹੀ ਨਹੀ ਸਗੋਂ ਗਦਾਰ ਤੱਕ ਦੱਸਦੇ ਰਹੇ ਤੇ ਅੱਜ ਉਹਨਾਂ ਦਾ ਦੂਜਾ ਫਰਜੰਦ ਉਹਨਾਂ ਆਗੂਆਂ ਦੀ ਹੀ ਘੋੜੀ ਬਣਿਆ ਹੋਇਆ ਹੈ।
ਪੰਜਾਬ ਦੀ ਅਵਾਜ਼ ਮੰਨੀ ਜਾਦੀ ਇੱਕ ਅਖਬਾਰ ਦੇ ਪ੍ਰਬੰਧਕਾਂ ਦਾ ਅੱਜ ਕਲ੍ਹ ਪੰਜਾਬ ਦੀ ਭਗਵੰਤ ਮਾਨ ਸਰਕਾਰ ਨਾਲ ਛੱਤੀਸ ਦਾ ਅੰਕੜਾ ਹੈ ਤੇ ਅਖਬਾਰ ਦੇ ਅਹਾਤੇ ਵਿੱਚ ਬੀਤੇ ਦਿਨੀ ਜਿਸ ਤਰ੍ਹਾਂ ਵਿਰੋਧੀ ਧਿਰ ਦੇ ਆਗੂਆਂ ਨੇ ਇੱਕ ਜੁਟਤਾ ਦਿਖਾਉਣ ਦਾ ਦਮ ਭਰਿਆ ਹੈ ਉਹਨਾਂ ਵਿੱਚ ਬਹੁਤੇ ਤਾਂ ਸ਼ਾਮਾਂ ਨੂੰ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੁਨੇਹੇ ਵੀ ਭੇਜ ਚੁੱਕੇ ਹਨ ਕਿ , “ ਮਾਲਕੋ ਆਪਾ ਤਾਂ ਤੁਹਾਡੇ ਹੀ ਹਾਂ ਬੱਸ, ਹਾਈ ਕਮਾਂਡ ਦਾ ਹੁਕਮ ਸੀ ਤੇ ਜ਼ਰਾ ਹਾਜ਼ਰੀ ਲਗਵਾਉਣ ਗਿਆ ਸੀ।” ਵੇਖਿਉ ਕਿਤੇ ਵਿਜੀਲੈੱਸ ਦੇ ਕਬੂਤਰ ਸਾਡੇ ਕੋਠੇ ਵੱਲ ਨਾ ਉਡਾ ਦਿਉ।ਜਿਸ ਤਰ੍ਹਾਂ ਹਿੱਕਾਂ ‘ਤੇ ਟੈਂਕ ਚੜਾਉਣ ਦੀਆਂ ਟਾਹਰਾ ਮਾਰਨ ਵਾਲੇ ਲੀਡਰ ਸ੍ਰੀ ਦਰਬਾਰ ਸਾਹਿਬ ਵਿੱਚੋਂ ਹੱਥ ਖੜੇ ਕਰਕੇ ਬਾਹਰ ਨਿਕਲੇ ਸਨ ਉਸ ਵੰਨਗੀ ਦੇ ਹੀ ਇਹਨਾਂ ਲੀਡਰਾਂ ਵਿੱਚੋਂ ਹਨ।ਇਹਨਾਂ ਵਿੱਚੋਂ ਕਈਆਂ ਦੇ ਵੱਡ ਵਡੇਰਿਆਂ ਨੇ ਤਾਂ ਸਾਕਾ ਨੀਲਾ ਤਾਰਾ ਕਰਕੇ ਅਕਾਲ ਤਖਤ ਢਾਹੁਣ ਦੀ ਸ਼ਲਾਘਾ ਕਰਦਿਆ ਇੰਦਰਾ ਗਾਂਧੀ ਨੂੰ ਵਧਾਈ ਦਿੱਤੀ ਸੀ ਤੇ ਅੰਗਰੇਜਾਂ ਦੇ ਪਿੱਠੂ ਬਣ ਕੇ ਅਜ਼ਾਦੀ ਘੁਲਾਟੀਆ ਨੂੰ ਫੜਵਾਉਣ ਦੀ ਮੁਕਬਰੀ ਕਰਦੇ ਰਹੇ ਹਨ ਉਹ ਕਿਸੇ ਦੀ ਮੁਸੀਬਤ ਵਿੱਚ ਕਿਵੇਂ ਖੜ ਸਕਦੇ ਹਨ। ਪੱਤਰਕਾਰ ਕੋਲ ਆਪਣਾ ਹਥਿਆਰ ਕਲਮ ਹੁੰਦੀ ਹੈ ਤੇ ਇਹ ਕਲਮ ਸਰਕਾਰਾਂ ਡੇਗਣ ਤੇ ਸਰਕਾਰਾਂ ਬਣਾਉਣ ਦੀ ਸ਼ਕਤੀ ਰੱਖਦੀ ਹੈ।ਪ੍ਰਸਿੱਧ ਪੱਤਰਕਾਰ ਰਵੀਸ ਕੁਮਾਰ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਜੇਕਰ ਸਾਰੇ ਪੱਤਰਕਾਰ ਸੱਚ ਤੇ ਪਹਿਰਾ ਦੇਣ ਲੱਗ ਪੈਣ ਤਾਂ ਕਿ ਸਰਕਾਰ ਕਦੇ ਵੀ ਗਲਤ ਕੰਮ ਨਹੀ ਕਰ ਸਕੇਗੀ। ਅੱਜ ਦੇ ਹਾਲਾਤ ਗੋਦੀ ਮੀਡੀਆ ਦੇ ਹਨ ਫਿਰ ਜੇਕਰ ਲੋਕ ਤਿੰਨ ਮਹੀਨੇ ਟੀ ਵੀ ਦੇਖਣਾ ਬੰਦ ਕਰ ਦੇਣ ਤਾਂ ਮੋਦੀ ਸਰਕਾਰ ਆਪਣੇ ਭਾਰ ਨਾਲ ਹੀ ਡਿੱਗ ਪਵੇਗੀ।ਇਸ ਕਰਕੇ ਪੱਤਰਕਾਰ ਭਾਈਚਾਰੇ ਨੂੰ ਕਿਸੇ ਦੇ ਹੱਥ ਠੋਕੇ ਬਣ ਕੇ ਨਹੀ ਵਿਚਰਨਾ ਚਾਹੀਦਾ ਤੇ ਲੋਕਤੰਤਰ ਦੇ ਚੌਥੇ ਥੰਮ ਦੀ ਭੂਮਿਕਾ ਬਾਖੂਬੀ ਨਿਭਾਉਣੀ ਚਾਹੀਦੀ ਹੈ।ਜਦੋਂ ਪੱਤਰਕਾਰ ਆਪਣੀ ਜ਼ਿੰਮੇਵਾਰੀ ਨਿਰਪੱਖ ਹੋ ਕੇ ਨਿਭਾਉਦਾ ਹੈ ਤਾਂ ਫਿਰ ਉਸ ਨੂੰ ਕੋਈ ਖੌਂਫ ਨਹੀ ਰਹਿੰਦਾ।ਰੱਬ ਕਰੇ ਪੱਤਰਕਾਰ ਲੋਕ ਸੇਵਕ ਬਣ ਕੇ ਕੰਮ ਕਰਨ ਤੇ ‘ਸੱਚ ਨੂੰ ਫਾਂਸੀ’ ਦੀ ਪਰਵਾਹ ਕੀਤੇ ਬਗੈਰ ਆਪਣੀ ਜਿੰਮੇਵਾਰੀ ਨਿਭਾਉਣ।