Total views : 5507062
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਹੈਦਰਾਬਾਦ/ਬਾਰਡਰ ਨਿਊਜ ਸਰਵਿਸ
ਪੁਰਾਤਨ ਵਿਰਾਸਤੀ ਖੇਡ ਗੱਤਕਾ ਨੂੰ ਵਿਸ਼ਵ ਪੱਧਰ ‘ਤੇ ਮਾਨਤਾ ਪ੍ਰਾਪਤ ਖੇਡ ਦਾ ਰੁਤਬਾ ਦਿਵਾਉਣ ਲਈ ਵਿਸ਼ਵ ਗੱਤਕਾ ਫੈਡਰੇਸ਼ਨ ਅਤੇ ਏਸ਼ੀਅਨ ਗੱਤਕਾ ਫੈਡਰੇਸ਼ਨ ਵੱਲੋਂ ਯਤਨ ਜਾਰੀ ਹਨ ਅਤੇ ਇਸ ਦਿਸ਼ਾ ਵਿੱਚ ਉਪਰੋਕਤ ਦੋਵਾਂ ਅੰਤਰਰਾਸ਼ਟਰੀ ਗੱਤਕਾ ਸੰਸਥਾਵਾਂ ਵੱਲੋਂ ਵਿਆਪਕ ਯੋਜਨਾ ਉਲੀਕੀ ਗਈ ਹੈ। ਇਹ ਖੁਲਾਸਾ ਵਿਸ਼ਵ ਗੱਤਕਾ ਫੈਡਰੇਸ਼ਨ ਦੇ ਪ੍ਰਧਾਨ ਸਰਦਾਰ ਹਰਜੀਤ ਸਿੰਘ ਗਰੇਵਾਲ ਨੇ ਆਪਣੀ ਤੇਲੰਗਾਨਾ ਫੇਰੀ ਮੌਕੇ ਅੱਜ ਇੱਥੇ ਹੈਦਰਾਬਾਦ ਪ੍ਰੈੱਸ ਕਲੱਬ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਸਾਂਝਾ ਕੀਤਾ।
ਵਿਸ਼ਵ ਭਰ ਦੇ ਗੱਤਕਾ ਖਿਡਾਰੀਆਂ ਤੇ ਕਲਾ ਪ੍ਰੇਮੀਆਂ ਦੀਆਂ ਦਿਲੀ ਇੱਛਾਵਾਂ ਨੂੰ ਉਜਾਗਰ ਕਰਦਿਆਂ ਸਰਦਾਰ ਗਰੇਵਾਲ ਨੇ ਗੱਤਕੇ ਨੂੰ ਪਹਿਲਾਂ ਏਸ਼ੀਅਨ ਖੇਡਾਂ, ਫਿਰ ਰਾਸ਼ਟਰਮੰਡਲ ਖੇਡਾਂ ਅਤੇ ਅੰਤ ਵਿੱਚ ਓਲੰਪਿਕ ਵਰਗੇ ਵੱਕਾਰੀ ਖੇਡ ਮੁਕਾਬਲਿਆਂ ਵਿੱਚ ਸ਼ਾਮਲ ਕਰਨ ਲਈ ਕੀਤੇ ਜਾ ਰਹੇ ਨਿਰੰਤਰ ਯਤਨਾਂ ਦਾ ਖੁਲਾਸਾ ਕੀਤਾ। ਆਪਣੇ ਯਤਨਾਂ ਨੂੰ ਦਰਸਾਉਂਦੇ ਹੋਏ, ਉਨਾਂ ਦੱਸਿਆ ਕਿ ਇਸ ਸਾਲ ਅੰਦਰ ਪਹਿਲੀ ਏਸ਼ੀਅਨ ਗੱਤਕਾ ਚੈਂਪੀਅਨਸ਼ਿਪ ਆਯੋਜਿਤ ਕੀਤੀ ਜਾਵੇਗੀ ਜਿਸ ਵਿੱਚ ਘੱਟੋ-ਘੱਟ ਦਸ ਦੇਸ਼ਾਂ ਦੀਆਂ ਪੁਰਸ਼ ਅਤੇ ਮਹਿਲਾ ਟੀਮਾਂ ਭਾਗ ਲੈਣਗੀਆਂ।
ਗੱਤਕਾ ਮੁਕਾਬਲਿਆਂ ‘ਚ ਪਾਰਦਰਸ਼ਤਾ, ਕੁਸ਼ਲਤਾ ਤੇ ਵਿਆਖਿਆ ਲਈ ਮਸਨੂਈ ਬੁੱਧੀ, ਸੂਚਨਾ ਤਕਨਾਲੋਜੀ ਦੀ ਹੋਵੇਗੀ ਵਰਤੋਂ
ਉੱਤਰੀ ਭਾਰਤ ਵਿੱਚ ਆਪਣੇ ਰਵਾਇਤੀ ਗੜ੍ਹ ਤੋਂ ਬਾਹਰ ਗੱਤਕਾ ਖੇਡ ਦੀ ਵਧ ਰਹੀ ਲੋਕਪ੍ਰਿਅਤਾ ਅਤੇ ਵਿਸ਼ਵ ਪੱਧਰ ਦੀਆਂ ਖੇਡਾਂ ਵਿੱਚ ਮਾਨਤਾ ਦਿਵਾਉਣ ਸੰਬੰਧੀ ਸਫ਼ਰ ਦੀ ਰੂਪ-ਰੇਖਾ ਉਜਾਗਰ ਕਰਦੇ ਹੋਏ, ਗੱਤਕਾ ਪ੍ਰਮੋਟਰ ਸਰਦਾਰ ਹਰਜੀਤ ਗਰੇਵਾਲ ਨੇ ਦੱਸਿਆ ਕਿ ਪਹਿਲੀ ਵਿਸ਼ਵ ਗੱਤਕਾ ਚੈਂਪੀਅਨਸ਼ਿਪ ਉੱਤਰੀ ਅਮਰੀਕਾ ਵਿੱਚ 2026 ਵਿੱਚ ਹੋਵੇਗੀ। ਇੰਨਾਂ ਇਤਿਹਾਸਕ ਮੁਕਾਬਲਿਆਂ ਦਾ ਉਦੇਸ਼ ਸਦੀਆਂ ਪੁਰਾਣੀ ਅਮੀਰ ਵਿਰਾਸਤ ਅਤੇ ਵਿਸ਼ਵ ਭਰ ਦੀਆਂ ਖੇਡ ਰੈਗੂਲੇਟਰੀ ਸੰਸਥਾਵਾਂ ਨੂੰ ਗੱਤਕੇ ਦੀ ਵਧ ਰਹੀ ਵਿਸ਼ਵਵਿਆਪੀ ਪਹੁੰਚ ਬਾਰੇ ਜਾਣੂ ਕਰਵਾਉਣਾ ਹੈ।
ਗੱਤਕੇ ਦੀ ਵੱਧ ਰਹੀ ਮਾਨਤਾ ਅਤੇ ਪ੍ਰਸਿੱਧੀ ਨੂੰ ਰੇਖਾਂਕਿਤ ਕਰਦੇ ਹੋਏ ਸਰਦਾਰ ਗਰੇਵਾਲ ਨੇ ਭਾਰਤ ਅੰਦਰ ਹਾਲ ਹੀ ਵਿੱਚ ਕੀਤੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਦਿਆਂ ਦੱਸਿਆ ਕਿ ਗੱਤਕੇ ਨੂੰ ਰਾਸ਼ਟਰੀ ਖੇਡਾਂ ਅਤੇ ਖੇਲੋ ਇੰਡੀਆ ਯੂਥ ਖੇਡਾਂ ਵਰਗੇ ਪ੍ਰਮੁੱਖ ਕੌਮੀ ਖੇਡ ਮੁਕਾਬਲਿਆਂ ਵਿੱਚ ਸ਼ਾਮਲ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਦੇਸ਼ ਭਰ ਦੀਆਂ ਵਿੱਦਿਅਕ ਸੰਸਥਾਵਾਂ ਵਿੱਚ ਗੱਤਕਾ ਖੇਡ ਨੂੰ ਪ੍ਰਫੁੱਲਤ ਕਰਨ ਲਈ 2015 ਵਿਚ ਆਲ ਇੰਡੀਆ ਇੰਟਰ-ਯੂਨੀਵਰਸਿਟੀ ਟੂਰਨਾਮੈਂਟਾਂ ਵਿੱਚ ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀਜ਼ ਦੁਆਰਾ ਗੱਤਕੇ ਨੂੰ ਮਾਨਤਾ ਦਿਵਾਈ ਗਈ ਹੈ। ਖੇਡਾਂ ਦੀ ਮਾਨਤਾ ਲਈ ਰੂਪਰੇਖਾ ਪੇਸ਼ ਕਰਦਿਆਂ ਉੱਨਾਂ ਦੱਸਿਆ ਕਿ ਸਕੂਲ ਗੇਮਜ਼ ਫੈਡਰੇਸ਼ਨ ਆਫ਼ ਇੰਡੀਆ ਦੁਆਰਾ ਸਾਲ 2023 ਵਿੱਚ ਨੈਸ਼ਨਲ ਸਕੂਲ ਖੇਡਾਂ ਵਿੱਚ ਮਾਨਤਾ ਦਿੱਤੀ ਗਈ ਹੈ।
ਸਵਾਲਾਂ ਦੇ ਜਵਾਬ ਦਿੰਦਿਆਂ, ਸਰਦਾਰ ਗਰੇਵਾਲ, ਜੋ ਕਿ ਭਾਰਤ ਦੀ ਸਭ ਤੋਂ ਪੁਰਾਣੀ ਰਜਿਸਟਰਡ ਰਾਸ਼ਟਰੀ ਗੱਤਕਾ ਸੰਸਥਾ, ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ (ਐਨ.ਜੀ.ਏ.ਆਈ.) ਦੇ ਪ੍ਰਧਾਨ ਵਜੋਂ ਵੀ ਸੇਵਾਵਾਂ ਨਿਭਾਅ ਰਹੇ ਹਨ, ਨੇ ਐਨ.ਜੀ.ਏ.ਆਈ. ਨਾਲ ਸਬੰਧਤ 22 ਰਾਜਾਂ ਦੀਆਂ ਗੱਤਕਾ ਐਸੋਸੀਏਸ਼ਨਾਂ ਦੁਆਰਾ ਦੇਸ਼ ਭਰ ਵਿੱਚ ਇਸ ਖੇਡ ਨੂੰ ਪ੍ਰਫੁਲਤ ਕੀਤੇ ਜਾ ਰਹੇ ਯਤਨਾਂ ਨੂੰ ਉਜਾਗਰ ਕਰਦਿਆਂ ਗੱਤਕੇ ਨੂੰ ਉਤਸ਼ਾਹਿਤ ਕਰਨ ਅਤੇ ਮਿਆਰੀ ਖੇਡ ਬਣਾਉਣ ਲਈ ਕੀਤੇ ਜਾ ਰਹੇ ਠੋਸ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਬਾਕੀ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਰਾਜ ਗੱਤਕਾ ਇਕਾਈਆਂ ਬਣਾਉਣ ਲਈ ਯਤਨ ਜਾਰੀ ਹਨ।
ਭਵਿੱਖ ਦੀ ਰਣਨੀਤੀ ਬਾਰੇ ਬੋਲਦਿਆਂ, ਗਰੇਵਾਲ ਨੇ ਵਿਸ਼ਵ ਗੱਤਕਾ ਫੈਡਰੇਸ਼ਨ ਅਤੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਗੱਤਕਾ ਮੁਕਾਬਲਿਆਂ ਦੌਰਾਨ ਕਾਰਜ ਕੁਸ਼ਲਤਾ, ਪਾਰਦਰਸ਼ਤਾ ਅਤੇ ਨਤੀਜਿਆਂ ਦੇ ਵਿਸ਼ਲੇਸ਼ਣ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਟੂਰਨਾਮੈਂਟਾਂ ਦੇ ਰਿਕਾਰਡ ਅਤੇ ਡੇਟਾ ਨੂੰ ਕਾਇਮ ਰੱਖਣ ਵਿੱਚ ਮੱਦਦ ਕਰਨ ਦੇ ਉਦੇਸ਼ ਨਾਲ ਮਸਨੂਈ ਬੁੱਧੀ (ਆਰਟੀਫੀਸ਼ੀਅਲ ਇੰਟੈਲੀਜੈਂਸ) ਅਤੇ ਸੂਚਨਾ ਤਕਨੀਕ ਵਰਗੀਆਂ ਅਤਿ ਆਧੁਨਿਕ ਤਕਨਾਲੋਜੀਆਂ ਨੂੰ ਵਰਤਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਗੱਤਕਾ ਮੁਕਾਬਲਿਆਂ ਦੇ ਸੁਖਾਲੇ ਆਯੋਜਨ ਵਿੱਚ ਕ੍ਰਾਂਤੀ ਲਿਆਉਣਗੇ ਅਤੇ ਇਸ ਵੱਕਾਰੀ ਮਾਰਸ਼ਲ ਆਰਟ ਵਿੱਚ ਨਵੀਨਤਾ ਅਤੇ ਉੱਤਮਤਾ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰਨਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਤੇਲੰਗਾਨਾ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਸੁਖਦੇਵ ਸਿੰਘ, ਮੀਤ ਪ੍ਰਧਾਨ ਗੁਰਮੀਤ ਸਿੰਘ ਪਹਾੜੀਆ, ਦਿਨੇਸ਼ ਸਿੰਘ, ਰਾਜਿੰਦਰ ਸਿੰਘ ਠਕਰਾਲ, ਪਰਵਿੰਦਰ ਸਿੰਘ ਪੱਤੀਵਾਲ, ਗੁਰਵਿੰਦਰਪਾਲ ਸਿੰਘ ਤੇ ਗੁਰਦੀਪ ਸਿੰਘ ਛਾਬੜਾ, ਜਨਰਲ ਸਕੱਤਰ ਵਿਸ਼ਾਲ ਸਿੰਘ, ਸੰਯੁਕਤ ਸਕੱਤਰ ਹਰਮੇਸ਼ ਸਿੰਘ ਰੰਜਨ, ਸਲਾਹਕਾਰ ਗੁਰਚਰਨ ਸਿੰਘ ਬੱਗਾ ਤੇ ਪ੍ਰੀਤਮ ਸਿੰਘ, ਕਾਰਜਕਾਰਨੀ ਮੈਂਬਰ ਜਸਵੀਰ ਸਿੰਘ, ਗੁਰਨਾਮ ਸਿੰਘ, ਗੁਰਵਿੰਦਰ ਸਿੰਘ ਅਤੇ ਨਾਨਕ ਸਿੰਘ ਵੀ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-