Total views : 5506765
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਪੰਜਾਬ ਰਾਜ ਬਿਜਲੀ ਨਿਗਮ ਵਿਚੋਂ ਗਜ਼ਟਿਡ ਅਫ਼ਸਰ ਵਜੋਂ ਰਿਟਾਇਰ ਹੋਣ ਵਾਲੇ ਪੰਜਾਬੀ ਲੇਖਕ ਕਲਮਕਾਰ ਭੂਪਿੰਦਰ ਸਿੰਘ ਸੰਧੂ ਦਾ ਜੀਵਨ ਬਹੁਤ ਸੰਘਰਸ਼ਾਂ ਭਰਿਆ ਤੇ ਲੋਕ ਹਿੱਤਾਂ ਨੂੰ ਸਮਰਪਿਤ ਰਿਹਾ ਹੈ। ਉਨ੍ਹਾਂ ਦਾ ਜਨਮ ਅਮ੍ਰਿਤਸਰ ਦੀ ਅਜਨਾਲਾ ਤਹਿਸੀਲ ਦੇ ਪਿੰਡ ਤਲਵੰਡੀ ਸਿਪਾਹੀ ਮੱਲ ਵਿਖੇ ਸਰਵਪੱਖੀ ਗਿਆਨ ਰੱਖਣ ਵਾਲੇ ਅਧਿਆਪਕ ਸ ਜੱਸਾ ਸਿੰਘ ਤੇ ਮਮਤਾ ਦੀ ਮੂਰਤ ਮਾਤਾ ਕੁਲਵੰਤ ਕੌਰ ਦੇ ਘਰ ਹੋਇਆ।ਇਸ ਪਿੰਡ ਉਨ੍ਹਾਂ ਦੇ ਦਾਦਾ ਸ ਗੁਰਾ ਸਿੰਘ ਦਾਦੀ ਪਰੀਤਮ ਕੌਰ ਤੇ ਪੜਦਾਦੀ ਖੇਮ ਕੌਰ ਦੇਸ਼ ਵੰਡ ਵੇਲੇ ਲਾਹੌਰ ਨੇੜਲੇ ਪਿੰਡ ਲਿੱਧੜ ਤੋਂ ਉਜੜ ਕੇ ਆਏ ਸਨ।ਉਨ੍ਹਾਂ ਪ੍ਰਾਇਮਰੀ ਸਿੱਖਿਆ ਪਿੰਡ ਦੇ ਸਕੂਲ ਤੋਂ,ਮਿੱਡਲ ਨੇੜਲੇ ਪਿੰਡ ਝੰਡੇਰ ਤੋਂ ਦਸਵੀਂ ਵਿਛੋਆ ਤੋਂ , ਹਾਇਰ ਸੈਕੰਡਰੀ ਲੋਪੋਕੇ ਤੋਂ ਕੀਤੀ ਅਤੇ ਆਈ ਟੀ ਆਈ ਅਜਨਾਲਾ ਤੋਂ ਕੀਤੀ। ਇਹਨਾਂ ਸਮਿਆਂ ਵਿੱਚ ਉਹ ਪੰਜਾਬ ਦੀ ਵਿਦਿਆਰਥੀ ਲਹਿਰ ਵਿੱਚ ਕਾਰਜਸ਼ੀਲ ਜਥੇਬੰਦੀ ਪੀ. ਐਸ .ਯੂ ਵਿਚ ਪਹਿਲਾਂ ਅਮ੍ਰਿਤਸਰ ਜ਼ਿਲ੍ਹੇ ਵਿੱਚ ਤੇ ਫਿਰ ਪੰਜਾਬ ਪੱਧਰ ਤੇ ਸਰਗਰਮ ਹੋ ਕੇ ਕੰਮ ਕਰਦੇ ਰਹੇ। ਇਨ੍ਹਾਂ ਸਮਿਆਂ ਵਿੱਚ ਉਨ੍ਹਾਂ ਦਾ ਦਾਖ਼ਲਾ ਕਈ ਵਿਦਿਅਕ ਸੰਸਥਾਵਾਂ ਚ ਰਿਹਾ। ਉਸ ਨੇ ਲਗਭਗ ਸੈਂਤੀ ਸਾਲ ਬਿਜਲੀ ਨਿਗਮ ਦੇ ਗਰਿਡ ਉਸਾਰੀ ਹਲਕੇ ਵਿੱਚ ਲਾਮਿਸਾਲ ਕੰਮ ਕੀਤਾ , ਉਸ ਦੀ ਜ਼ੇਕਰ ਬਾਹਰ ਬਦਲੀ ਹੋਈ ਤਾਂ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਉਸ ਨੂੰ ਵਾਪਸ ਮੋੜ ਲਿਆਂਦਾ।
ਵਿਦਿਆਰਥੀ ਸਘੰਰਸ਼ਾ ‘ਚੋ ਉਪਜਿਆ ਭੁਪਿੰਦਰ ਸੰਧੂ ਮੁਲਾਜਮ ਲਹਿਰ ਦੇ ਮੋਢੀ ਆਗੂਆਂ ਵਿੱਚੋ ਵੀ ਸਨ ਇਕ
ਇਸ ਤਰ੍ਹਾਂ ਉਹ ਪੰਜਾਬ ਭਰ ਵਿੱਚ ਵਿਭਾਗੀ ਕੰਮਾਂ ਲਈ ਕਾਰਜਸ਼ੀਲ ਰਿਹਾ । ਇਸ ਦੌਰਾਨ ਉਹ ਜੂਨੀਅਰ ਇੰਜੀਨੀਅਰ ਐਸੋਸੀਏਸ਼ਨ ਦਾ ਟਰਾਂਸਮਿਸ਼ਨ ਸਿਸਟਮ ਜੋਨ ਦਾ ਲਗਾਤਾਰ ਪ੍ਰਧਾਨ ਰਿਹਾ। ਨਿਰੋਏ, ਉਸਾਰੂ ਖਿਆਲਾਂ ਤੇ ਲੋਕ ਪੱਖੀ ਵਿਚਾਰਧਾਰਾ ਦੇ ਧਾਰਨੀ ਹੋਣਾ ਪ੍ਰਭਾਵਸ਼ਾਲੀ ਸ਼ਖ਼ਸੀਅਤ ਦੇ ਅਦੁੱਤੀ ਗੁਣ ਹਨ। ਜ਼ਿੰਦਗੀ ਦੇ ਇਹਨਾਂ ਆਸ਼ਿਆਂ, ਸਿਧਾਂਤਾਂ ਤੇ ਪ੍ਰਤੀਨਿੱਧ ਹੋ ਕੇ ਪਹਿਰਾ ਦੇਣ ਵਾਲਾ ਸ਼ਖ਼ਸ ਮਾਨਵੀ ਗੁਣਾਂ ਦੀ ਉਸ ਬੁਲੰਦੀਆਂ ਨੂੰ ਜਾ ਛੂਹਦਾ ਹੈ, ਜਿਥੇ ਵਿਅਕਤੀਗਤ ਪ੍ਰਾਪਤੀਆਂ ਦੀ ਥਾਂ ਲੋਕਾਂ ਤੇ ਸਮਾਜ ਨੂੰ ਸਮਰਪਿਤ ਹੋਣ ਦੀ ਭਾਵਨਾ ਪ੍ਰਬਲ ਹੁੰਦੀ ਹੈ।ਮਸਲਾ ਭਾਵੇ ਦੱਖਣੀ ਏਸ਼ੀਆ ਵਿਚ ਸਥਾਈ ਅਮਨ ਬਹਾਲੀ ਦਾ ਤੇ ਖਾਸ ਕਰਕੇ ਭਾਰਤ ਤੇ ਪਾਕਿਸਤਾਨ ਦੇ ਅਵਾਮ ਵਿਚ ਆਪਸੀ ਸਦੀਆਂ ਪਹਿਲਾਂ ਦੀ ਸਾਂਝ ਦਾ ਹੋਵੇ, ਪੰਜਾਬੀਆਂ ਦੀ ਅਮੀਰ ਸਭਿਆਚਾਰਕ, ਸਾਹਿਤਕ ਵਿਰਾਸਤ ਦਾ ਹੋਵੇ ਜਾਂ ਫਿਰਕੂ ਸੰਤੁਲਨ ਦੀ ਬਹਾਲੀ ਦਾ ਹੋਵੇ ਭੂਪਿੰਦਰ ਸਿੰਘ ਸੰਧੂ ਦਿ੍ੜਤਾ ਨਾਲ ਮੂਹਰਲੀ ਸਫ਼ਾ ਵਿੱਚ ਆਗੂ ਵਜੋਂ ਨਜ਼ਰ ਆਉਂਦਾ ਰਿਹਾ ਹੈ। ਅਦਬੀ ਘੇਰਾ ਹੋਵੇ, ਸਮਾਜਿਕ ਬੁਰਾਈਆਂ ਵਿਰੁੱਧ ਲੜਨ ਵਾਲੀ ਕਿਸੇ ਸੰਸਥਾ ਦਾ ਵਿਹੜਾ ਹੋਵੇ ਜਾਂ ਰਾਜਨੀਤਕ ਵਿਵਸਥਾ ਦੀਆਂ ਊਣਤਾਈਆਂ ਤੇ ਉਂਗਲ ਦਾ ਮੰਚ ਹੋਵੇ,ਉਹ ਕਮਰਕੱਸਾ ਕਰ ਉਸੇ ਕਾਫਲੇ ਨੂੰ ਸਮਰਪਿਤ ਹੋ ਜਾਂਦਾ ਹੈ।
ਉਹ ਸਮਾਜਿਕ, ਸਾਹਿਤਕ ਅਤੇ ਸੱਭਿਆਚਾਰਕ ਖੇਤਰ ਵਿਚ ਵਧੀਆ ਰੋਲ ਅਦਾ ਕਰ ਰਹੀ ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ ਨਾਮੀ ਸੰਸਥਾ ਦਾ ਪ੍ਰਧਾਨ ਹੈ ਤੇ ਪੰਜਾਬ ਵਿੱਚ ਇੱਕ ਪ੍ਰਮੁੱਖ ਸੱਭਿਆਚਾਰਕ ਹਸਤੀ ਵਜੋਂ ਜਾਣਿਆ ਜਾਂਦਾ ਹੈ। ਕੰਧ ਉਹਲੇ ਪ੍ਰਦੇਸ ਨਾਮੀ ਸਫ਼ਰ ਨਾਮਾ,ਸਾਂਝ- ਸਾਜ਼,ਜਸ,ਪੰਜ ਪਾਣੀ, ਤੇ ਪੰਜਾਬੀ ਵਿਰਾਸਤ ਨਾਮੀ ਸੋਵੀਨਰਾ ਦੇ ਕਈ ਅੰਕਾ ਦੀ ਸੰਪਾਦਨਾ ਕਰਨ ਤੋਂ ਇਲਾਵਾ ਹੋਰ ਪਰਚਿਆਂ, ਪੰਜਾਬੀ ਅਖ਼ਬਾਰਾ ਵਿਚ ਲੇਖ ਲਿਖਣ, ਸੈਮੀਨਾਰਾ ਤੇ ਮੇਲਿਆਂ ਵਿਚ ਵਿਚਾਰ ਪੇਸ਼ ਕਰਦਿਆਂ ਆਪਣਾ ਸੁਨੇਹਾ ਲੋਕਾਂ ਤੱਕ ਪਹੁੰਚਾਉਣ ਵਿੱਚ ਰੁੱਝਿਆ ਰਹਿੰਦਾ ਹੈ। ਉਸ ਕੋਲ ਸਿਆਣਪ ਤੇ ਸੂਝ ਵਾਲੀ ਦਿਸ਼ਾ ਹੈ ਤੇ ਕੰਮ ਕਰਨ ਦੀ ਅਸੀਮ ਸ਼ਕਤੀ ਹੈ।ਵਧੀਆ ਪਹਿਲੂ ਇਹ ਹੈ ਕਿ ਉਸ ਨਾਲ ਵੱਖ ਵੱਖ ਖੇਤਰਾਂ ਵਿਚ ਸਮਰੱਥ ਤੇ ਸਿਰਕੱਢ ਕੰਮ ਕਰਨ ਵਾਲੇ ਮਿਸ਼ਨਰੀ ਦੋਸਤਾਂ ਦਾ ਸਾਥ ਹੈ। ਭੂਪਿੰਦਰ ਜਿਥੇ ਖੜ੍ਹਾ ਹੈ, ਜਿਸ ਨਾਲ ਖੜ੍ਹਾ ਹੈ,ਸਮਝੋ ਕਿ ਉਥੇ ਕਈ ਸੰਸਥਾਵਾਂ ਖੜ੍ਹੀਆਂ ਹਨ।
ਸਭਿਆਚਾਰਕ ਖੇਤਰ ਦੀਆਂ ਨਾਮਵਰ ਸ਼ਖ਼ਸੀਅਤਾਂ ਸ ਜਗਦੇਵ ਸਿੰਘ ਜੱਸੋਵਾਲ ਤੇ ਅਮਰਜੀਤ ਸਿੰਘ ਗੁਰਦਾਸਪੁਰੀ ਦੇ ਜੀਵਨ ਕਾਰਜਕਾਲ ਦੇ ‘ਵਿਰਾਸਤ ਦੀ ਦਸਤਾਰ -ਜਗਦੇਵ ਸਿੰਘ ਜੱਸੋਵਾਲ ਤੇ ਬੁਲੰਦ ਅਵਾਜ਼ -ਅਮਰਜੀਤ ਗੁਰਦਾਸਪੁਰੀ ਨਾਮੀ ਪੁਸਤਕਾ ਵੀ ਉਸ ਦੀ ਸੰਪਾਦਨਾ ਹੇਠ ਛਪੀਆਂ ਹਨ। ਇਸੇ ਤਰ੍ਹਾਂ ਗੁਰਦੁਆਰਾ ਗੁਰੂ ਕਾ ਬਾਗ਼ ਦੇ ਮੋਰਚੇ ਦੇ ਇਤਿਹਾਸ ਤੇ ਇਕ ਵੱਡਾ ਸੋਵੀਨਰ ਅਤੇ 1857 ਦੇ ਪਹਿਲੇ ਗ਼ਦਰ ਸੰਗਰਾਮ ਨਾਲ ਜੁੜੀ ਅਜਨਾਲਾ ਦੇ ਕਾਲਿਆਂ ਵਾਲੇ ਖੂਹ ਦੀ – ਲ਼ਹੂ ਭਿੱਜੀ ਦਾਸਤਾਨ ਚਰਚਿਤ ਤੇ ਮੁੱਲਵਾਨ ਪੁਸਤਕ ਦੀ ਸੰਪਾਦਨਾ ਭੂਪਿੰਦਰ ਸਿੰਘ ਸੰਧੂ ਦੀ ਲਗਾਤਾਰ ਮਿਹਨਤ ਨਾਲ ਹੋਈ ਸੀ। ਜਲੰਧਰ ਦੂਰਦਰਸ਼ਨ,ਆਲ ਇੰਡੀਆ ਰੇਡੀਓ ਜਲੰਧਰ ਤੇ ਹੋਰ ਕਈ ਟੀ ਵੀ, ਰੇਡੀਓ ਚੈਨਲਾਂ ਤੇ ਅਕਸਰ ਵੱਖ ਵੱਖ ਵਿਸ਼ਿਆਂ ਤੇ ਵਿਚਾਰ ਪ੍ਰਗਟ ਕਰਦਿਆਂ ਨਜ਼ਰੀਂ ਆਉਂਦਾ ਹੈ। ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ, ਵਿਰਸਾ ਵਿਹਾਰ ਅਮ੍ਰਿਤਸਰ, ਪ੍ਰਗਤੀਸ਼ੀਲ ਲੇਖਕ ਸੰਘ ਆਦਿ ਸਾਹਿਤਕ ਸਭਿਆਚਾਰਕ ਸੰਸਥਾਵਾਂ ਵਿੱਚ ਸ਼ਾਮਿਲ ਹੋਣ ਕਾਰਨ ਉਹ ਕਲਾਕਾਰਾ, ਲੇਖਕਾ ਕਵੀਆਂ ਦੀ ਢਾਰਸ ਹੈ ,ਉਸ ਨੂੰ ਬਹੁਤ ਸਾਰੀਆਂ ਸੰਸਥਾਵਾਂ, ਸ਼ਖ਼ਸੀਅਤਾ ਵਲੋਂ ਮਾਣ ਸਨਮਾਣ ਵੀ ਦਿੱਤੇ ਗਏ ਹਨ। ਨਿਰਸੰਦੇਹ ਇਹ ਉਸ ਭਾਵਨਾ ਦਾ ਹੀ ਮਾਣ ਸਤਿਕਾਰ ਹੈ, ਜਿਸ ਨੂੰ ਅਸੀਂ ਭਾਈਚਾਰਕ ਸਾਂਝ, ਬਰਾਬਰੀ ਤੇ ਮਿਹਨਤ ਦਾ ਨਾਮ ਦਿੰਦੇ ਹਾਂ। ਸੋ ਅੱਜ ਲੰਮੀਆਂ ਸੇਵਾਵਾਂ ਦੇਣ ਉਪਰੰਤ ਵਿਭਾਗੀ ਤੋਰ ਤੇ ਸੇਵਾ ਮੁਕਤੀ ਹੋ ਰਹੇ ਹਨ lਗੁਰਪ੍ਰੀਤ ਸਿੰਘ ਕੱਦ ਗਿੱਲ