Total views : 5504801
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਸੁਖਮਿੰਦਰ ਸਿੰਘ ‘ਗੰਡੀ ਵਿੰਡ’
ਸਰਪੰਚਾਂ ਤੋਂ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਵੱਲੋਂ ਬੀ.ਡੀ.ਪੀ.ਓ. ਗ੍ਰਿਫ਼ਤਾਰ
ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਬਲਾਕ ਮਮਦੋਟ, ਜ਼ਿਲ੍ਹਾ ਫਿਰੋਜ਼ਪੁਰ ਵਿਖੇ ਤਾਇਨਾਤ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ (ਬੀਡੀਪੀਓ) ਸਰਬਜੀਤ ਸਿੰਘ ਨੂੰ ਇਲਾਕੇ ਦੇ ਸਰਪੰਚਾਂ ਤੋਂ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਬੀਡੀਪੀਓ ਨੂੰ ਜਾਂਚ ਉਪਰੰਤ ਰਿਸ਼ਵਤਾਂ ਲੈਣ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਹੈ।ਉਨ੍ਹਾਂ ਅੱਗੇ ਦੱਸਿਆ ਕਿ ਬਲਾਕ ਮਮਦੋਟ ਦੇ ਪਿੰਡ ਕੋਠੇ ਕਿੱਲੀ ਵਾਲੇ ਦੇ ਸਰਪੰਚ ਪਿੱਪਲ ਸਿੰਘ, ਪਿੰਡ ਮੁਹੰਮਦ ਖਾਨ ਨਿਆਜੀਆਂ ਦੇ ਸਰਪੰਚ ਪ੍ਰਗਟ ਸਿੰਘ, ਪਿੰਡ ਗੱਟੀ ਮਸਤਾਨ ਨੰਬਰ 2 ਦੇ ਸਰਪੰਚ ਅਨੋਖ ਸਿੰਘ, ਪਿੰਡ ਚੱਕ ਅਮਰੀਕ ਸਿੰਘ ਵਾਲਾ ਦੀ ਸਰਪੰਚ ਪਰਮਜੀਤ ਕੌਰ ਦੇ ਪਤੀ ਗੁਰਬਚਨ ਸਿੰਘ, ਗੱਟੀ ਮਸਤਾ ਨੰਬਰ-01 ਪਿੰਡ ਦੇ ਸਰਪੰਚ ਸਰਜੀਤ ਸਿੰਘ ਅਤੇ ਪਿੰਡ ਕੋਟ ਬਿਸ਼ਨ ਸਿੰਘ ਮਾਨਾਵਾਲਾ ਦੇ ਸਰਪੰਚ ਪਰਮਜੀਤ ਸਿੰਘ ਨੇ ਤਫ਼ਤੀਸ਼ੀ ਅਫ਼ਸਰ ਅੱਗੇ ਬਿਆਨ ਦਿੱਤਾ ਕਿ ਉਕਤ ਬੀ.ਡੀ.ਪੀ.ਓ. ਬਲਾਕ ਦੀਆਂ ਪੰਚਾਇਤਾਂ ਦੇ ਕੰਮ ਕਰਵਾਉਣ ਤੋਂ ਪਹਿਲਾਂ ਅਤੇ ਕੰਮ ਮੁਕੰਮਲ ਹੋਣ ਤੋਂ ਬਾਅਦ ਉਨ੍ਹਾਂ ਤੋਂ ਰਿਸ਼ਵਤਾਂ ਲੈਂਦਾ ਸੀ। ਉਨ੍ਹਾਂ ਅੱਗੇ ਹੋਰ ਦੋਸ਼ ਲਾਇਆ ਕਿ ਜੇਕਰ ਉਸ ਨੂੰ ਰਿਸ਼ਵਤ ਨਹੀਂ ਸੀ ਦਿੱਤੀ ਜਾਂਦੀ ਤਾਂ ਉਹ ਪਿੰਡ ਦੇ ਕੰਮਾਂ ਸਬੰਧੀ ਮਨਜ਼ੂਰੀਆਂ ਦੇਣ ਵਿੱਚ ਦੇਰੀ ਕਰਦਾ ਸੀ।
ਪੜਤਾਲ ਦੌਰਾਨ ਰਿਕਾਰਡ ਵਿੱਚ ਇਹ ਵੀ ਸਾਹਮਣੇ ਆਇਆ ਕਿ ਪਿੰਡ ਬਸਤੀ ਦੂਲਾ ਸਿੰਘ ਵਿਖੇ ਜ਼ੀਰੋ ਲਾਈਨ ’ਤੇ ਕੀਤੇ ਗਏ ਕੰਮਾਂ ਦੀ ਅਦਾਇਗੀ ਕਰਨ ਬਦਲੇ
ਸਰਪੰਚ ਜਸਵੰਤ ਸਿੰਘ ਨੇ ਉਕਤ ਬੀਡੀਪੀਓ ਸਰਬਜੀਤ ਸਿੰਘ ਦੇ ਮੋਬਾਈਲ ‘ਤੇ ਆਪਣੇ ਆਈ.ਸੀ.ਆਈ.ਸੀ.ਆਈ. ਬੈਂਕ ਦੇ ਖਾਤੇ ਤੋਂ ਗੂਗਲ ਪੇਅ ਰਾਹੀਂ ਦੋ ਵਾਰੀ ਕ੍ਰਮਵਾਰ 30,000 ਰੁਪਏ ਅਤੇ 5,000 ਰੁਪਏ ਰਿਸ਼ਵਤ ਟਰਾਂਸਫਰ ਕੀਤੀ ਸੀ। ਉਕਤ ਸਰਪੰਚ ਨੇ ਅੱਗੇ ਇਹ ਵੀ ਦੋਸ਼ ਲਾਇਆ ਕਿ ਉਸ ਨੇ ਹਾਲ ਹੀ ਵਿੱਚ ਪਿੰਡ ‘ਚ ਵਿਕਾਸ ਕਾਰਜ ਮੁਕੰਮਲ ਕਰਨ ਬਦਲੇ ਬੀਡੀਪੀਓ ਦੇ ਉਸੇ ਖਾਤੇ ਵਿੱਚ 10 ਹਜ਼ਾਰ ਰੁਪਏ ਹੋਰ ਤਬਦੀਲ ਕੀਤੇ ਹਨ।ਉਕਤ ਸ਼ਿਕਾਇਤਕਰਤਾਵਾਂ ਨੇ ਦੱਸਿਆ ਕਿ ਉਹ ਡਰ ਅਤੇ ਮਜ਼ਬੂਰੀ ਦੇ ਚੱਲਦਿਆਂ ਹੁਣ ਤੱਕ ਉਕਤ ਅਧਿਕਾਰੀ ਨੂੰ ਰਿਸ਼ਵਤਾਂ ਦੇ ਰਹੇ ਸਨ ਪਰ ਹੁਣ ਉਹ ਰਿਸ਼ਵਤ ਦੇ ਕੇ ਕੰਮ ਕਰਵਾਉਣਾ ਨਹੀਂ ਚਾਹੁੰਦੇ। ਸ਼ਿਕਾਇਤਕਰਤਾ ਨੇ ਵਿਜੀਲੈਂਸ ਨੂੰ ਸਬੂਤ ਵਜੋਂ ਕੀਤੇ ਗਏ ਭੁਗਤਾਨਾਂ ਅਤੇ ਬੈਂਕ ਖਾਤੇ ਦੇ ਵੇਰਵਿਆਂ ਦੇ ਸਕ੍ਰੀਨਸ਼ੌਟ ਵੀ ਜਮ੍ਹਾਂ ਕਰਵਾਏ ਹਨ।
ਬੁਲਾਰੇ ਨੇ ਦੱਸਿਆ ਕਿ ਉਕਤ ਸਰਪੰਚਾਂ ਤੋਂ ਰਿਸ਼ਵਤ ਮੰਗਣ ਅਤੇ ਲੈਣ ਦੇ ਦੋਸ਼ ਹੇਠ ਉਕਤ ਬੀ.ਡੀ.ਪੀ.ਓ. ਖ਼ਿਲਾਫ਼ ਵਿਜੀਲੈਂਸ ਬਿਊਰੋ ਦੇ ਥਾਣਾ ਫਿਰੋਜ਼ਪੁਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਸ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਇਸ ਕੇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ।
6,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਦਾ ਕਾਰਿੰਦਾ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ
ਪਟਵਾਰੀ ਤੇ ਉਸਦੇ ਪ੍ਰਾਈਵੇਟ ਸਾਥੀ ਖਿਲਾਫ਼ ਰਿਸ਼ਵਤਖੋਰੀ ਦਾ ਮਾਮਲਾ ਦਰਜ
ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅੱਜ ਗਿਆਸਪੁਰਾ, ਜ਼ਿਲ੍ਹਾ ਲੁਧਿਆਣਾ ਵਿਖੇ ਤਾਇਨਾਤ ਮਾਲ ਪਟਵਾਰੀ ਚਮਕੌਰ ਸਿੰਘ ਦੇ ਕਾਰਿੰਦਾ ਅਸ਼ੋਕ ਕੁਮਾਰ ਨੂੰ 6,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਕੇਸ ਵਿੱਚ ਮੌਕੇ ਤੋਂ ਫ਼ਰਾਰ ਹੋਏ ਪਟਵਾਰੀ ਤੇ ਉਸਦੇ ਕਾਰਿੰਦੇ ਖਿਲਾਫ਼ ਰਿਸ਼ਵਤਖੋਰੀ ਦਾ ਮਾਮਲਾ ਵੀ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਰਾਕੇਸ਼ ਕੁਮਾਰ ਵਾਸੀ ਪਿੰਡ ਕੁਹਾੜਾ, ਜ਼ਿਲ੍ਹਾ ਲੁਧਿਆਣਾ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਹੈ ਕਿ ਆਪਣੇ ਨਵੇਂ ਖਰੀਦੇ ਪਲਾਟ ਦਾ ਇੰਤਕਾਲ ਕਰਵਾਉਣ ਅਤੇ ਉਸ ਪਲਾਟ ਉੱਪਰ ਕਰਜ਼ਾ ਲੈਣ ਸਬੰਧੀ ਫਰਦਾਂ ਦੀਆਂ ਕਾਪੀਆਂ ਲੈਣ ਬਦਲੇ ਉਕਤ ਪਟਵਾਰੀ ਅਤੇ ਉਸ ਦੇ ਕਾਰਿੰਦੇ ਨੇ ਉਸ ਤੋਂ 6,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਯੂਨਿਟ ਲੁਧਿਆਣਾ ਨੇ ਜਾਲ ਵਿਛਾ ਕੇ ਪਟਵਾਰੀ ਚਮਕੌਰ ਸਿੰਘ ਦੇ ਪ੍ਰਾਈਵੇਟ ਸਹਾਇਕ ਅਸ਼ੋਕ ਕੁਮਾਰ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 6,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ। ਦਫ਼ਤਰ ਤੋਂ ਫ਼ਰਾਰ ਹੋਏ ਸਹਿ ਮੁਲਜ਼ਮ ਪਟਵਾਰੀ ਨੂੰ ਗ੍ਰਿਫ਼ਤਾਰ ਕਰਨ ਲਈ ਕੋਸ਼ਿਸ਼ਾਂ ਜਾਰੀ ਹਨ। ਇਸ ਸਬੰਧੀ ਉਕਤ ਦੋਵਾਂ ਮੁਲਜ਼ਮਾਂ ਖ਼ਿਲਾਫ਼ ਵਿਜੀਲੈਂਸ ਬਿਊਰੋ, ਥਾਣਾ ਲੁਧਿਆਣਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ।
ਪਟਵਾਰੀ 10,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ
ਸ਼ਿਕਾਇਤਕਰਤਾ ਤੋਂ ਪਹਿਲਾਂ ਵੀ ਲੈ ਚੁੱਕਾ ਹੈ 10,000 ਰੁਪਏ ਦੀ ਰਿਸ਼ਵਤ
ਪੰਜਾਬ ਵਿਜੀਲੈਂਸ ਬਿਉਰੋ ਵੱਲੋਂ ਅੱਜ ਪਟਵਾਰੀ ਜਗਜੀਤ ਸਿੰਘ, ਮਾਲ ਹਲਕਾ ਕਲਿਆਣ ਸੁੱਖਾ, ਜਿਲ੍ਹਾ ਬਠਿੰਡਾ ਨੂੰ 10,000 ਰੁਪਏ ਰਿਸ਼ਵਤ ਲੈਦਿਆਂ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ ਗਿਆ।ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਮੁਲਜ਼ਮ ਨੂੰ ਕੁਲਦੀਪ ਸਿੰਘ, ਵਾਸੀ ਪਿੰਡ ਕਲਿਆਣ ਸੁੱਖਾ, ਜਿਲ੍ਹਾ ਬਠਿੰਡਾ ਵੱਲੋਂ ਕੀਤੀ ਸ਼ਿਕਾਇਤ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਕੋਲ ਪਹੁੰਚ ਕਰਕੇ ਦੋਸ਼ ਲਾਇਆ ਕਿ ਪਿੰਡ ਕਲਿਆਣ ਸੁੱਖਾ ਵਿਖੇ ਕਰੀਬ 6 ਏਕੜ ਵਾਹੀਯੋਗ ਜਮੀਨ ਸਾਂਝੇ ਖਾਤੇ ਦੀ ਹੈ ਅਤੇ ਉਹ ਆਪਣੇ ਹਿੱਸੇ ਆਉਂਦੀ ਇਸ ਜਮੀਨ ਵਿੱਚੋਂ 2 ਕਨਾਲਾਂ ਜਮੀਨ ਦਾ ਤਬਾਦਲਾ ਦੂਸਰੀ ਧਿਰ ਨਾਲ ਕਰਵਾਉਣਾ ਚਾਹੁੰਦਾ ਸੀ। ਜਿਸ ਸੰਬੰਧੀ ਪਟਵਾਰੀ ਜਗਜੀਤ ਸਿੰਘ ਅਤੇ ਉਸਦੇ ਪ੍ਰਾਈਵੇਟ ਸਹਾਇਕ ਬੇਅੰਤ ਸਿੰਘ ਨੇ ਇਹ ਕੰਮ ਕਰਨ ਬਦਲੇ ਮੁੱਦਈ ਕੁਲਦੀਪ ਸਿੰਘ ਪਾਸੋਂ 12,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਪਰ ਜ਼ੋਰ ਪਾਉਣ ਪਿੱਛੋਂ ਸੌਦਾ 10,000 ਰੁਪਏ ਵਿੱਚ ਹੋ ਗਿਆ। ਸ਼ਿਕਾਇਤਕਰਤਾ ਨੇ ਇਹ ਵੀ ਦੱਸਿਆ ਕੁੱਝ ਦਿਨ ਪਹਿਲਾਂ ਇਹੀ ਪਟਵਾਰੀ ਇਸੇ ਜਮੀਨ ਤੇ ਬੈਂਕ ਲਿਮਟ ਨੂੰ ਫੱਕ ਕਰਨ ਬਦਲੇ ਉਸ ਕੋਲੋਂ 10,000 ਰੁਪਏ ਰਿਸ਼ਵਤ ਹਾਸਲ ਕਰ ਚੁੱਕਾ ਹੈ।
ਬੁਲਾਰੇ ਨੇ ਦੱਸਿਆ ਇਸ ਸ਼ਿਕਾਇਤ ਦੀ ਮੁੱਢਲੀ ਪੜਤਾਲ ਕਰਨ ਉਪਰੰਤ ਵਿਜੀਲੈਂਸ ਬਿਊਰੋ ਯੂਨਿਟ ਬਠਿੰਡਾ ਨੇ ਜਾਲ ਵਿਛਾਇਆ ਤੇ ਪਟਵਾਰੀ ਜਗਜੀਤ ਸਿੰਘ ਨੂੰ ਸ਼ਿਕਾਇਤਕਰਤਾ ਪਾਸੋਂ 10,000 ਰੁਪਏ ਰਿਸ਼ਵਤ ਲੈਂਦਿਆਂ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿੱਚ ਮੌਕੇ ਤੇ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ। ਇਸ ਪਟਵਾਰੀ ਦੇ ਪ੍ਰਾਈਵੇਟ ਸਹਾਇਕ ਬੇਅੰਤ ਸਿੰਘ ਦੀ ਗ੍ਰਿਫਤਾਰੀ ਲਈ ਯਤਨ ਕੀਤੇ ਜਾ ਰਹੇ ਹਨ। ਇਸ ਕੇਸ ਵਿੱਚ ਉੱਕਤ ਦੋਵਾਂ ਮੁਲਜਮਾਂ ਖਿਲਾਫ ਥਾਣਾ ਵਿਜੀਲੈਂਸ ਬਿਊਰੋ, ਬਠਿੰਡਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।