Total views : 5506767
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਬਠਿੰਡਾ/ਅਸ਼ੋਕ ਵਰਮਾ ਬਠਿੰਡਾ ਪੁਲਿਸ ਦੇ ਅਫਸਰਾਂ ਅਤੇ ਮੁਲਾਜਮਾਂ ਦੀ ਪਰੇਡ ਦੇਖਣ ਉਪਰੰਤ ਨਰਾਜ਼ਗੀ ਨਾਲ ਭਖੇ ਜ਼ਿਲ੍ਹਾ ਪੁਲੀਸ ਕਪਤਾਨ ਬਠਿੰਡਾ ਹਰਮਨਬੀਰ ਸਿੰਘ ਗਿੱਲ ਨੇ ਅੱਜ ਕਰਮਚਾਰੀਆਂ ਨੂੰ ਖਰੀਆਂ ਖਰੀਆਂ ਸੁਣਾਈਆਂ ਅਤੇ ਆਪਣਾ ਇੱਕ ਨੁਕਾਤੀ ਏਜੰਡਾ ਅਮਨ ਕਾਨੂੰਨ ਦੀ ਬਹਾਲੀ ਰੱਖਣ ਬਾਰੇ ਸਪਸ਼ਟ ਕੀਤਾ। ਐਸਐਸਪੀ ਨੇ ਅੱਜ ਪੁਲਿਸ ਲਾਈਨ ਦੇ ਗਰਾਂਊਂਡ ਵਿਖੇ ਪੁਲਿਸ ਮੁਲਾਜਮਾਂ ਦੀ ਚੰਗੀ ਕਲਾਸ ਲਾਈ ਅਤੇ ਬਰਖਾਸਤਗੀ ਦੇ ਡੰਡੇ ਦਾ ਡਰਾਵਾ ਤੱਕ ਦੇ ਦਿੱਤਾ। ਆਪਣੀ ਡਿਊਟੀ ਤਨਦੇਹੀ ਨਾਲ ਕਰਨ ਵਾਲੇ ਪੁਲਿਸ ਮੁਲਾਜਮਾਂ ਪ੍ਰਤੀ ਨਰਮ ਤੇ ਕੰਮਚੋਰਾਂ ਪ੍ਰਤੀ ਗਰਮ ਦਿਖੇ ਜਿਲ੍ਹਾ ਪੁਲਿਸ ਮੁਲਾਜਮਾਂ ਨੇ ਆਪਣੀ ਢਿੱਲ ਮੱਠ ਤਿਆਗ ਕੇ ਪੁਲਿਸ ਨਫਰੀ ਨੂੰ ਸਾਊ ਬਣਨ ਦੀ ਹਦਾਇਤ ਕੀਤੀ । ਪੁਲਿਸ ਦੀ ਕਾਰਗੁਜਾਰੀ ਹੋਰ ਬੇਹਤਰ ਬਨਾਉਣ ਤੇ ਚੁਸਤ ਦਰੁਸਤ ਰੱਖਣ ਦੇ ਮੰਤਵ ਨਾਲ ਪੁਲਿਸ ਲਾਈਨ ‘ਚ ਅਫਸਰਾਂ ਤੇ ਮੁਲਾਜਮਾਂ ਨੂੰ ਸੱਦਿਆ ਗਿਆ ਸੀ।
ਪਰੇਡ ਤੋਂ ਤਪੇ ਹੋਏ ਐਸਐਸਪੀ ਨੇ ਤੱਤੀਆਂ ਤੱਤੀਆਂ ਸੁਣਾਕੇ ਠੰਢੀ ਕੀਤੀ ਪੁਲਿਸ ਨਫਰੀ
ਜ਼ਿਲ੍ਹਾ ਪੁਲਿਸ ਮੁਖੀ ਨੇ ਵਰਦੀ ਅਤੇ ਸਰੀਰਕ ਫਿੱਟਨੈਸ ਨਾਂ ਹੋਣ ਵਾਲੇ ਮੁਲਾਜਮਾਂ ਦੀ ਖਿਚਾਈ ਅਤੇ ਸੁਧਾਰ ਲਿਆਉਣ ਦੀ ਤਾਕੀਦ ਕੀਤੀ। ਉਨ੍ਹਾਂ ਐਸਪੀਜ਼ਅਤੇ ਡੀਐਸਪੀਜ਼ ਨੂੰ ਆਪੋ ਆਪਣੇ ਇਲਾਕਿਆਂ ਵਿੱਚ ਪੁਲਿਸ ਪ੍ਰਬੰਧਾਂ ਤੇ ਨਿਗਾਹ ਰੱਖਣ ਅਤੇ ਹੋਰ ਵਧੀਆ ਬਨਾਉਣ ’ਚ ਜੁਟਣ ਲਈ ਵੀ ਕਿਹਾ। ਐਸ ਐਸ ਪੀ ਨੇ ਪੁਲਿਸ ਮੁਲਾਜਮਾਂ ਨੂੰ ਸੰਬੋਧਨ ਕਰਦਿਆਂ ਡੰਗ ਟਪਾਊ ਪਹੁੰਚ ਛੱਡ ਕੇ ਅਮਲੀ ਰੂਪ ’ਚ ਕੰਮ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਇਸ਼ਾਰਿਆਂ ’ਚ ਬਹਾਨੇਬਾਜ਼ ਮੁਲਾਜਮਾਂ ਨੂੰ ਤਾੜਨਾ ਕਰਦਿਆਂ ਨਤੀਜਿਆਂ ਵਿੱਚ ਸੁਧਾਰ ਲਿਆਉਣ ਲਈ ਕਿਹਾ। ਉਂਜ ਉਨ੍ਹਾਂ ਅਜਿਹੇ ਮੁਲਾਜਮਾਂ ਨੂੰ ਸ਼ਾਬਾਸ਼ ਵੀ ਦਿੱਤੀ, ਜਿਨ੍ਹਾਂ ਨੇ ਅੱਜ ਦੀ ਪਰੇਡ ਦੌਰਾਨ ਚੰਗੀ ਕਾਰਗੁਜਾਰੀ ਦਿਖਾਈ । ਉਨ੍ਹਾਂ ਕਿਹਾ ਕਿ ਅੱਜ ਦੀ ਪਰੇਡ ’ਚ ਐਨਜੀਓ ਦੀ ਪਰੇਡ ਦਾ ਮਿਆਰ ਕੋਈ ਚੰਗਾ ਨਹੀਂ ਹੈ।
ਉਨ੍ਹਾਂ ਵਰਦੀ ਅਤੇ ਪਰੇਡ ਦੇ ਨਾਲ ਨਾਲ ਅਨੁਸ਼ਾਸ਼ਨ ਦੀ ਮਹੱਤਤਾ ਬਾਰੇ ਵੀ ਵਿਸਥਾਰਪੂਰਵਕ ਸਮਝਾਇਆ। ਉਨ੍ਹਾਂ ਕਿਹਾ ਕਿ ਅਸੀਂ ਆਪਣਾ ਮੁਢਲੀਆਂ ਆਦਤਾਂ ਸੰਭਾਲ ਕੇ ਨਹੀਂ ਰੱਖੀਆਂ ਹਨ ਜਿਸ ਕਰਕੇ ਅੱਜ ਪੁਲਿਸ ਢਾਂਚੇ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਜਿਹੜੀ ਨਫਰੀ ਨਹੀਂ ਆਈ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਏਗੀ ਅਤੇ ਜੋ ਕੰਮ ਕਰੇਗਾ ਉਸ ਨੂੰ ਠੋਕ ਕੇ ਇਨਾਮ ਦਿੱਤੇ ਜਾਣਗੇ, ਇਹ ਤੁਹਾਡੀ ਮਰਜੀ ਹੈ ਕਿ ਇਨਾਮ ਲੈਣਾ ਹੈ ਜਾਂ ਸਜ਼ਾ। ਉਨ੍ਹਾਂ ਕਿਹਾ ਕਿ ਕ੍ਰਾਈਮ ਦੀ ਰੋਕਥਾਮ ਉਨ੍ਹਾਂ ਦਾ ਪਹਿਲੇ ਨੰਬਰ ਦਾ ਤਰਜੀਹੀ ਏਜੰਡਾ ਹੈ ਜੁਰਮ ਹੋਣ ਤੋਂ ਬਾਅਦ ਨਾਕੇ ਲਾਉਣ ਦਾ ਕੋਈ ਮੰਤਵ ਨਹੀਂ ਹੈ। ਉਨ੍ਹਾਂ ਕਿਹਾ ਕਿ ਨਾਕੇ ਲਗਾਤਾਰ ਰੱਖੇ ਜਾਣਗੇ ਜੇਕਰ ਕਿਸੇ ਕਿਸਮ ਦੀ ਜਰੂਰਤ ਹੋਵੇ ਤਾਂ ਉਸ ਬਾਰੇ ਜਾਣਕਾਰੀ ਦਿੱਤੀ ਜਾਏ।
ਉਨ੍ਹਾਂ ਕਿਹਾ ਕਿ ਉਹ ਹੁਣ ਦਿਨ ਰਾਤ ਕਿਸੇ ਵੀ ਵਕਤ ਖੁਦ ਚੈਕਿੰਗ ਕਰ ਸਕਦੇ ਹਨ । ਉਨ੍ਹਾਂ ਕਿਹਾ ਕਿ ਜੇਕਰ ਜੁਰਮ ਰੋਕਣ ਲਈ ਕਿਸੇ ਨੇ ਕਾਰਵਾਈ ਨਾਂ ਕੀਤੀ ਅਤੇ ਕਤਲ ਜਾਂ ਇਰਾਦਾ ਕਤਲ ਵਰਗੀ ਘਟਨਾ ਵਾਪਰ ਗਈ ਤਾਂ ਸਬੰਧਤ ਅਧਿਕਾਰੀਆਂ ਜਾਂ ਮੁਲਾਜਮਾਂ ਨੂੰ ਬਰਖਾਸਤ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾਏਗਾ। ਉਨ੍ਹਾਂ ਥਾਣਾ ਇੰਚਾਰਜਾਂ ਨੂੰ ਸਖਤੀ ਨਾਲ ਕਿਹਾ ਕਿ ਜਿਹੜੇ ਮੁਸਟੰਡੇ ਬਿਨਾਂ ਕਿਸੇ ਗੱਡ ਤੋਂ ਤੁਰੇ ਫਿਰਦੇ ਹਨ ਉਨ੍ਹਾਂ ਖਿਲਾਫ ਤੁਰੰਤ ਸਖਤ ਕਾਰਵਾਈ ਕੀਤੀ ਜਾਏ। ਉਨ੍ਹਾਂ ਕਿਹਾ ਕਿ ਜਿਨ੍ਹਾਂ ਤੇ ਸੰਗੀਨ ਜੁਰਮ ਹਨ ਉਨ੍ਹਾਂ ਨੂੰ ਫੜ੍ਹਕੇ ਬਣਦੀਆਂ ਧਾਰਾਵਾਂ ਤਹਿਤ ਅੰਦਰ ਦਿੱਤਾ ਜਾਏ। ਉਨ੍ਹਾਂ ਕਿਹਾ ਕਿ ਕੰਮ ਕਰੋਗੇ ਤਾਂ ਨਕਦ ਇਨਾਮ ਸਮੇਤ ਬਿਨਾਂ ਵਾਰੀ ਤੋਂ ਤਰੱਕੀਆਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਅਪਰਾਧੀ ਪੁਲਿਸ ਤੋਂ ਡਰੇ ਅਤੇ ਕੰਨ ਭੰਨੇ ਅਤੇ ਮਾੜੇ ਬੰਦੇ ਨੂੰ ਪੁਲਿਸ ਦਾ ਡਰ ਹੋਣਾ ਚਾਹੀਦਾ ਹੈ।
ਉਨ੍ਹਾਂ ਆਖਿਆ ਕਿ ਜਿਲ੍ਹਾ ਬਠਿੰਡਾ ਦੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨੀ ਪੁਲਿਸ ਦੀ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ। ਉਨ੍ਹਾਂ ਫਰਲ੍ਹੋ ਮਾਰਨ ਵਾਲਿਆਂ ਨੂੰ ਸੁਧਾਰ ਲਿਆਉਣ ਦੀ ਚਿਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਉਹ ਅਗਲੀਆਂ ਮੀਟਿੰਗ ਦੌਰਾਨ ਆਪਣੇ ਆਉਣ ਤੋਂ ਬਾਅਦ ਦੀ ਕੱਲੇ ਕੱਲੇ ਦੀ ਕਾਰਗੁਜ਼ਾਰੀ ਦਾ ਜਾਇਜਾ ਲੈਣਗੇ। ਐਸ.ਐਸ.ਪੀ ਨੇ ਥਾਣਾ ਇੰਚਾਰਜਾਂ ਨੂੰ ਨਸੀਹਤ ਦਿੱਤੀ ਕਿ ਸਾਰੇ ਫੈਸਲੇ ਪੂਰੀ ਇਮਾਨਦਾਰੀ ਨਾਲ ਕੀਤੇ ਜਾਣ ਤੇ ਸ਼ਕਾਇਤਾਂ ਲੈਕੇ ਆਉਣ ਵਾਲਿਆਂ ਨੂੰ ਇਨਸਾਫ ਦਿੱਤਾ ਜਾਵੇ। ਉਨ੍ਹਾਂ ਆਖਿਆ ਕਿ ਜੋ ਕੋਈ ਡਿਊਟੀ ਤੋਂ ਕੋਤਾਹੀ ਕਰਦਾ ਫੜਿਆ ਗਿਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਅੱਜ ਦੇ ਪ੍ਰੋਗਰਾਮ ’ਚ ਪੁਲਿਸ ਮੁਲਾਜਮਾਂ ਅਤੇ ਅਫਸਰਾਂ ਨੂੰ ਜਰਨਲ ਪਰੇਡ ਕਰਵਾਈ ਜਿਸ ਨੇ ਐਸ ਐਸ ਪੀ ਨੂੰ ਸਲਾਮੀ ਦਿੱਤੀ। ਇਸ ਮੌਕੇ ਵਧੀਆ ਟਰਨ ਆਊਟ ਵਾਲੇ ਸਰਟੀਫਿਕੇਟ ਦੇਕੇ ਸਨਮਾਨਿਤ ਵੀ ਕੀਤੇ ਗਏ।
ਮੋਟੇ ਮੁਲਾਜਮਾਂ ਲਈ ਮੁਸੀਬਤ ਪਰੇਡ
ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਅੱਜ ਕਰਵਾਈ ਗਈ ਜਰਨਲ ਪਰੇਡ ਨੇ ਪੁਲਿਸ ਮੁਲਾਜਮਾਂ ਨੂੰ ਸੁੱਕਣੇ ਪਾਈ ਰੱਖਿਆ। ਖਾਸ ਤੌਰ ਤੇ ਮੋਟੇ ਢਿੱਡ ਵਾਲਿਆਂ ਲਈ ਤਾਂ ਇਹ ਪਰੇਡ ਮੁਸੀਬਤ ਲੈਕੇ ਆਈ। ਪਤਾ ਲੱਗਿਆ ਹੈ ਕਿ ਕੱੁਝ ਮੁਲਾਜਮਾਂ ਘਰੇ ਜਾਕੇ ਮਾਲਸ਼ਾਂ ਕਰਵਾਈਆਂ ਜਦੋਂ ਕਿ ਕਈਆਂ ਨੂੰ ਤੁਰਨ ਵੇਲੇ ਵੀ ਔਖਿਆਈ ਮਹਿਸੂਸ ਹੁੰਦੀ ਰਹੀ।
ਜੁਰਮ ਰੋਕਣਾ ਪਹਿਲ: ਐਸ.ਐਸ.ਪੀ
ਸੀਨੀਅਰ ਕਪਤਾਨ ਪੁਲਿਸ ਬਠਿੰਡਾ ਹਰਮਨਬੀਰ ਸਿੰਘ ਗਿੱਲ ਦਾ ਕਹਿਣਾ ਸੀ ਕਿ ਅੱਜ ਦੇ ਪ੍ਰੋਗਰਾਮ ਦੌਰਾਨ ਪੁਲਿਸ ਅਧਿਕਾਰੀਆਂ,ਥਾਣਾ ਇੰਚਾਰਜਾਂ ਅਤੇ ਪੁਲਿਸ ਦੀ ਬਾਕੀ ਨਫਰੀ ਨੂੰ ਆਪਣੀਆਂ ਤਰਜੀਹਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਦੀ ਸੁਰੱਖਿਆ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਪਰਾਧੀਆਂ ਨਾਲ ਸਖਤੀ ਵਰਤਣ ਦੇ ਨਿਰਦੇਸ਼ ਦਿੱਤੇ ਗਏ ਹਨ।