Total views : 5511751
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਬਠਿੰਡਾ/ਬੀ.ਐਨ.ਈ ਬਿਊਰੋ
ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਪਲਾਟ ਖਰੀਦਣ ਦੇ ਮਾਮਲੇ ਵਿੱਚ ਨਿਸ਼ਾਨੇ ਤੇ ਆਇਆ ਪੰਜਾਬ ਪੁਲਿਸ ਦੇ ਸਿਪਾਹੀ ਗੁਰਤੇਜ਼ ਸਿੰਘ ਨੂੰ ਗ੍ਰਿਫਤਾਰ ਕਰਨ ਦੀ ਕਵਾਇਦ ਦੌਰਾਨ ਹੋ ਰਹੇ ਖੁਲਾਸਿਆਂ ਨੇ ਵਿਜੀਲੈਂਸ ਅਧਿਕਾਰੀਆਂ ਨੂੰ ਦੰਗ ਕਰਕੇ ਰੱਖ ਦਿੱਤਾ ਹੈ। ਵਿਜੀਲੈਂਸ ਵੱਲੋਂ ਮਾਰੇ ਜਾ ਰਹੇ ਛਾਪਿਆਂ ਦੌਰਾਨ ਜਾਂਚ ਟੀਮਾਂ ਦੀ ਅਗਵਾਈ ਕਰ ਰਹੇ ਅਫਸਰਾਂ ਦੀ ਇਹ ਸੋਚ ਬਣਦੀ ਦਿਖਾਈ ਦੇ ਰਹੀ ਹੈ ਕਿ ਸੰਪਤੀ ਬਾਰੇ ਹੋ ਰਹੇ ਖੁਲਾਸੇ ਤੋਂ ਬਾਅਦ ਸ਼ਾਇਦ ਸਿਪਾਹੀ ਗੁਰਤੇਜ਼ ਸਿੰਘ ਪੰਜਾਬ ਪੁਲੀਸ ਦੇ ਆਪਣੇ ਬਰਾਬਰ ਦੇ ਅਹੁਦੇ ਵਾਲੇ ਮੁਲਾਜ਼ਮਾਂ ‘ਚੋਂ ਸਭ ਤੋਂ ਅਮੀਰ ਪੁਲਸੀਆ ਹੋਣ ਦਾ ਰਿਕਾਰਡ ਕਾਇਮ ਕਰ ਗਿਆ ਹੈ ਕਿਉਂਕਿ ਇਸ ਤੋਂ ਪਹਿਲਾਂ ਉਸ ਦੀ ਸ਼ਾਹੀ ਜ਼ਿੰਦਗੀ ਦੇ ਮਾਲੀ ਸੋਮੇ ਕਦੇ ਵੀ ਨਜ਼ਰ ਨਹੀਂ ਆਏ ਸਨ।
ਸਿਪਾਹੀ ਗੁਰਤੇਜ਼ ਸਿੰਘ ਲੰਮੇ ਸਮਾਂ ਮਨਪ੍ਰੀਤ ਸਿੰਘ ਬਾਦਲ ਅਤੇ ਉਨ੍ਹਾਂ ਦੇ ਪੁੱਤਰ ਅਰਜਨ ਬਾਦਲ ਨਾਲ ਬਤੌਰ ਗੰਨਮੈਨ ਵਜੋਂ ਤਾਇਨਾਤ ਰਿਹਾ ਹੈ। ਸਾਬਕਾ ਵਿੱਤ ਮੰਤਰੀ ਦੇ ਸੱਤਾ ਵਿੱਚ ਰਹਿੰਦਿਆਂ ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਵਿੱਚ ਗੁਰਤੇਜ਼ ਸਿੰਘ ਦੀ ਤੂਤੀ ਬੋਲਦੀ ਰਹੀ ਹੈ।
ਵਿਜੀਲੈਂਸ ਵਿਚਲੇ ਸੂਤਰਾਂ ਦਾ ਕਹਿਣਾ ਹੈ ਕਿ ਅੱਜ ਜਦੋਂ ਉਸ ਦੇ ਬਰਾਬਰ ਦੇ ਅਹੁਦੇ ‘ਤੇ ਕੰਮ ਕਰਨ ਵਾਲੇ ਮੁਲਾਜ਼ਮ ਮਹਿੰਗਾਈ ਦੇ ਇਸ ਯੁੱਗ ਵਿੱਚ ਤਨਖਾਹ ਸਹਾਰੇ ਬੜੀ ਮੁਸ਼ਕਲ ਨਾਲ ਗੁਜ਼ਾਰਾ ਕਰਦੇ ਹਨ, ਉਦੋਂ ਇਸ ਸਿਪਾਹੀ ਦੀ ਆਲੀਸ਼ਾਨ ਕੋਠੀ, ਮਹਿੰਗੀਆਂ ਗੱਡੀਆਂ ਅਤੇ ਹੋਰ ਸੰਪਤੀਆਂ ਬਾਕੀਆਂ ਨੂੰ ਵੀ ਉਸ ਦੀ ਕਿਸਮਤ ‘ਤੇ ਰਸ਼ਕ ਕਰਨ ਨੂੰ ਮਜ਼ਬੂਰ ਕਰਦੀਆਂ ਹਨ। ਸੂਤਰਾਂ ਨੇ ਦੱਸਿਆ ਕਿ ਜਦੋਂ ਸ਼ੁੱਕਰਵਾਰ ਨੂੰ ਗਰੀਨ ਸਿਟੀ ਵਿੱਚ ਸਥਿਤ ਉਸ ਦੀ ਕੋਠੀ ‘ਤੇ ਛਾਪਾ ਮਾਰਿਆ ਗਿਆ ਤਾਂ ਇੱਕ ਵਾਰ ਵਿਜੀਲੈਂਸ ਦੇ ਅਧਿਕਾਰੀ ਖੁਦ ਵੀ ਮੂੰਹ ‘ਚ ਉਂਗਲਾਂ ਪਾਉਣ ਲਈ ਮਜ਼ਬੂਰ ਹੋ ਗਏ ਸਨ। ਵਿਜੀਲੈਂਸ ਨੂੰ ਸ਼ੱਕ ਹੈ ਕਿ ਗੁਰਤੇਜ਼ ਸਿੰਘ ਦੇ ਘਰ ‘ਚ ਐਸ਼ੋ ਇਸ਼ਰਤ ਦੀ ਹਰ ਆਧੁਨਿਕ ਚੀਜ਼ ਮੌਜੂਦ ਹੋ ਸਕਦੀ ਹੈ ਜਿਸ ਬਾਰੇ ਤਸੱਲੀ ਕਰਨ ਲਈ ਤਲਾਸ਼ੀ ਲੈਣ ਦੀ ਜ਼ਰੂਰਤ ਹੈ।
ਵਿਜੀਲੈਂਸ ਦੀਆਂ ਟੀਮਾਂ ਨੇ ਅੱਜ ਦੂਜੇ ਦਿਨ ਵੀ ਲਗਾਤਾਰ ਗੁਰਤੇਜ਼ ਸਿੰਘ ਦੀ ਤਲਾਸ਼ ਲਈ ਮੁਹਿੰਮ ਜਾਰੀ ਰੱਖੀ ਪਰ ਵਿਜੀਲੈਂਸ ਦੇ ਅਧਿਕਾਰੀ ਇਸ ਗੱਲ ਤੋਂ ਇਨਕਾਰ ਕਰ ਰਹੇ ਹਨ।ਅਹਿਮ ਸੂਤਰਾਂ ਮੁਤਾਬਕ ਵਿਜੀਲੈਂਸ ਨੇ ਗੁਰਤੇਜ਼ ਸਿੰਘ ਦੀਆਂ ਦੋ ਕੋਠੀਆਂ ਦੀ ਸ਼ਨਾਖਤ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਡੀਐਸਪੀ ਸੰਦੀਪ ਸਿੰਘ ਦੀ ਅਗਵਾਈ ਵਾਲੀ ਵਿਜੀਲੈਂਸ ਟੀਮ ਨੇ ਗਰੀਨ ਸਿਟੀ ਦੀ ਕੋਠੀ ਨੰਬਰ 985 ਜੋ 150 ਗਜ ਰਕਬੇ ਵਿੱਚ ਬਣੀ ਦੱਸੀ ਜਾ ਰਹੀ ਹੈ ਦਾ ਜਾਇਜ਼ਾ ਲਿਆ ਹੈ। ਇਸ ਕੋਠੀ ਬਾਰੇ ਜਾਣਕਾਰੀ ਮਿਲੀ ਕਿ ਇਹ ਫਿਲਹਾਲ ਖਾਲੀ ਹੈ। ਵਿਜੀਲੈਂਸ ਦੇ ਪ੍ਰਗਟਾਵਿਆਂ ਅਨੁਸਾਰ ਸਿਪਾਹੀ ਗੁਰਤੇਜ ਨੇ ਗਰੀਨ ਸਿਟੀ ਬਠਿੰਡਾ ‘ਚ 250 ਵਰਗ ਗਜ਼ ਵਿੱਚ ਕਰੀਬ 3 ਕਰੋੜ ਰੁਪਏ ਖਰਚ ਇੱਕ ਆਲੀਸ਼ਾਨ ਘਰ ਬਣਾਇਆ ਹੈ।
ਵਿਜੀਲੈਂਸ ਪੜਤਾਲ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਗੁਰਤੇਜ਼ ਸਿੰਘ ਕੋਲ ਇੱਕ ਸਕਾਰਪੀਓ ਅਤੇ ਇੱਕ ਮਹਿੰਦਰਾ ਥਾਰ ਕਾਰ ਹੈ। ਉਸ ਨੇ ਗੋਨਿਆਣਾ ਤੇ ਬਠਿੰਡਾ ਦੇ ਆਦਰਸ਼ ਨਗਰ ‘ਚ ਦੋ ਵੱਖ ਵੱਖ ਪਲਾਟ ਵੇਚੇ ਹਨ। ਸੌ ਫੁੱਟੀ ਸੜਕ ਤੇ ਨਿਊ ਮਾਰਕੀਟ ਮਾਰਕੀਟ ਵਿੱਚ ਕਾਕੇ ਦੀ ਹੱਟੀ ਢਾਬਾ ਗੁਰਤੇਜ ਦੇ ਨਾਂ ‘ਤੇ ਹੋਣ ਦੇ ਵੀ ਤੱਥ ਹਨ।
ਗੁਰਤੇਜ ਸਿੰਘ ਨਾਲ ਸਬੰਧ ਰੱਖਦੀਆਂ ਕੰਪਨੀਆਂ ਪੀਰ ਐਂਟਰਪ੍ਰਾਈਜ਼, ਗੁਰੂ ਇੰਟਰਪ੍ਰਾਈਜ਼, ਜੇਬੀ ਇੰਟਰਪ੍ਰਾਈਜ਼ ਹਨ ਜੋ ਪਰਿਵਾਰਕ ਮੈਂਬਰਾਂ ਵੱਲੋਂ ਚਲਾਈਆਂ ਜਾ ਰਹੀਆਂ ਹਨ।ਗੁਰਤੇਜ ਸਿੰਘ ਨੇ ਪਰਸ ਰਾਮ ਨਗਰ ਵਿੱਚ 205 ਗਜ਼ ਪਲਾਟ ਦੀ ਰਜਿਸਟਰੀ ਕਿਸੇ ਹੋਰ ਨਾਂ ਦੇ ਨਾਮ ਕਰਵਾਈ ਹੈ। ਗਰਤੇਜ ਸਿੰਘ ਦੀਆਂ ਇਹ ਜਾਇਦਾਦਾਂ ਸੋਸ਼ਲ ਮੀਡੀਆ ਤੇ ਵੀ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ।
ਦੱਸਣਯੋਗ ਹੈ ਕਿ ਪਲਾਂਟ ਧੋਖਾਧੜੀ ਦੇ ਮਾਮਲੇ ਵਿਚ ਬੁਰੀ ਤਰ੍ਹਾਂ ਫ਼ਸੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਨਜਦੀਕੀਆਂ ਵਿਰੁਧ ਹੁਣ ਵਿਜੀਲੈਂਸ ਵਲੋਂ ਸਿਕੰਜ਼ਾ ਕਸਣ ਦੀ ਕੜ੍ਹੀ ਤਹਿਤ ਸਾਬਕਾ ਮੰਤਰੀ ਦੇ ਗੰਨਮੈਨ ਗੁਰਤੇਜ਼ ਸਿੰਘ ਦੀ ਤਲਾਸ਼ ਕਰਨ ਵਿੱਚ ਲੱਗੀ ਹੋਈ ਹੈ।ਗੁਰਤੇਜ਼ ਸਿੰਘ ਦੀ ਕਥਿਤ ਕਾਰਗੁਜ਼ਾਰੀ ਨੂੰ ਲੈ ਕੇ ਇੱਕ ਕਾਂਗਰਸੀ ਆਗੂ ਨੇ ਜਨਤਕ ਦੋਸ਼ ਵੀ ਲਾਏ ਸਨ ਪਰ ਉਦੋਂ ਗੱਲ ਅਣਸੁਣੀ ਕਰ ਦਿੱਤੀ ਗਈ। ਵਿਜੀਲੈਂਸ ਨੂੰ ਸ਼ੱਕ ਹੈ ਕਿ ਗੁਰਤੇਜ਼ ਸਿੰਘ ਕੋਲ ਸਾਬਕਾ ਵਿੱਤ ਮੰਤਰੀ ਦੇ ਕਾਫੀ ਰਾਜ਼ ਹਨ ਜਿਸ ਕਰਕੇ ਉਹ ਨਿਸ਼ਾਨੇ ਤੇ ਚੱਲ ਰਿਹਾ ਹੈ ।