Total views : 5505099
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਕੁਰੂਕਸ਼ੇਤਰ,ਰਣਜੀਤ ਸਿੰਘ ਰਾਣਾ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਹਰਿਆਣਾ ਦੇ ਕੁਰੂਕਸ਼ੇਤਰ ਵਿਖੇ ਇਕ ਗੁਰਮਤਿ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਹਰਿਆਣਾ ਸੂਬੇ ਅੰਦਰ ਧਰਮ ਪ੍ਰਚਾਰ ਦੀ ਲਹਿਰ ਜ਼ੋਰਦਾਰ ਤਰੀਕੇ ਨਾਲ ਜਾਰੀ ਰੱਖੀ ਜਾਵੇਗੀ ਅਤੇ ਇਥੇ ਸਥਿਤ ਸਿੱਖ ਮਿਸ਼ਨ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਸਿੱਖ ਮਿਸ਼ਨ ਹਰਿਆਣਾ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਵਿਚ ਸ਼ਮੂਲੀਅਤ ਕਰਨ ਪੁੱਜੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਹਰਿਆਣਾ ਦੀ ਸਰਕਾਰੀ ਗੁਰਦੁਆਰਾ ਕਮੇਟੀ ’ਤੇ ਵੀ ਤਿੱਖੇ ਸਵਾਲ ਉਠਾਏ। ਇਹ ਸਮਾਗਮ ਡੇਰਾ ਕਾਰ ਸੇਵਾ ਬਾਬਾ ਚਰਨ ਸਿੰਘ ਕੁਰੂਕਸ਼ੇਤਰ ਵਿਖੇ ਹੋਇਆ, ਜਿਸ ਵਿਚ ਸੂਬੇ ਦੀਆਂ ਵੱਡੀ ਗਿਣਤੀ ਸੰਗਤਾਂ ਨੇ ਹਾਜ਼ਰੀ ਭਰੀ।
ਆਪਣੇ ਸੰਬੋਧਨ ਦੋਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਆਖਿਆ ਕਿ ਹਰਿਆਣਾ ਸੂਬੇ ਅੰਦਰ ਵੱਸਦੀਆਂ ਸਿੱਖ ਸੰਗਤਾਂ ਨੂੰ ਗੁਰਮਤਿ ਨਾਲ ਜੋੜੀ ਰੱਖਣ ਲਈ ਪ੍ਰਚਾਰਕ ਜਥੇ ਲਗਾਤਾਰ ਕਾਰਜਸ਼ੀਲ ਹਨ। ਭਾਵੇਂ ਸਰਕਾਰ ਦੀਆਂ ਚਾਲਾਂ ਨਾਲ ਬਣੀ ਵੱਖਰੀ ਹਰਿਆਣਾ ਐਡਹਾਕ ਗੁਰਦੁਆਰਾ ਕਮੇਟੀ ਵੱਲੋਂ ਸ਼੍ਰੋਮਣੀ ਕਮੇਟੀ ਦੀ ਮਲਕੀਅਤ ਵਾਲੇ ਸਿੱਖ ਮਿਸ਼ਨ ਦੇ ਕਾਰਜਾਂ ਨੂੰ ਬਾਹਰ ਕਰ ਦਿੱਤਾ ਗਿਆ, ਪਰੰਤੂ ਸਿੱਖ ਸੰਸਥਾ ਵੱਲੋਂ ਆਪਣੇ ਪੱਧਰ ’ਤੇ ਮੁੜ ਪ੍ਰਬੰਧ ਕਰਕੇ ਸਿੱਖੀ ਪ੍ਰਚਾਰ ਨੂੰ ਵਿਧੀਵਤ ਅੱਗੇ ਵਧਾਇਆ ਜਾ ਰਿਹਾ ਹੈ।
ਕੁਰੂਕਸ਼ੇਤਰ ਵਿਖੇ ਧਰਮ ਪ੍ਰਚਾਰ ਲਹਿਰ ਤਹਿਤ ਵਿਸ਼ਾਲ ਗੁਰਮਤਿ ਸਮਾਗਮ ਆਯੋਜਤ
ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਇਕ ਜ਼ੁੰਮੇਵਾਰ ਸੰਸਥਾ ਹੁੰਦਿਆਂ ਤਤਕਾਰ ਦੀ ਥਾਂ ਸਿਧਾਂਤਕ ਲੜਾਈ ਲੜੀ ਹੈ। ਉਨ੍ਹਾਂ ਕਿਹਾ ਕਿ ਗੁਰੂ ਘਰਾਂ ਦਾ ਪ੍ਰਬੰਧ ਸਰਕਾਰੀ ਕਮੇਟੀਆਂ ਪੰਥਕ ਮਰਯਾਦਾ ਅਨੁਸਾਰ ਨਹੀਂ ਚਲਾ ਸਕਦੀਆਂ ਅਤੇ ਹੁਣ ਇਸ ਬਾਰੇ ਸਪੱਸ਼ਟ ਵੀ ਹੋ ਚੁੱਕਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਸਿੱਖ ਸ਼ਕਤੀ ਇਕੱਠੀ ਰਹੇ, ਇਸੇ ਕਰਕੇ ਸਾਰਾ ਜ਼ੋਰ ਸਿੱਖ ਸੰਸਥਾਵਾਂ ਨੂੰ ਤੋੜਨ ਅਤੇ ਸਿੱਖਾਂ ਨੂੰ ਵੰਡਣ ਵਿਚ ਲੱਗਾ ਹੋਇਆ ਹੈ। ਉਨ੍ਹਾਂ ਨੇ ਐਲਾਨ ਕੀਤਾ ਕਿ ਸ਼੍ਰੋਮਣੀ ਕਮੇਟੀ ਹਰਿਆਣਾ ਅੰਦਰ ਸੰਗਤਾਂ ਦੀਆਂ ਭਾਵਨਾਵਾਂ ਅਨੁਸਾਰ ਸਿੱਖੀ ਪ੍ਰਚਾਰ ਲਈ ਸਮਾਗਮਾਂ ਦਾ ਆਯੋਜਨ ਕਰਦੀ ਰਹੇਗੀ ਅਤੇ ਲੋੜ ਅਨੁਸਾਰ ਪ੍ਰਚਾਰਕ ਜਥੇ ਹਰ ਖੇਤਰ ਅੰਦਰ ਭੇਜੇ ਜਾਂਦੇ ਰਹਿਣਗੇ। ਸਮਾਗਮ ਮੌਕੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਬਲਦੇਵ ਸਿੰਘ ਕਾਇਮਪੁਰ ਨੇ ਵੀ ਸੰਬੋਧਨ ਕੀਤਾ ਅਤੇ ਰਾਗੀ, ਢਾਡੀ ਜਥਿਆਂ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਅਤੇ ਸਿੱਖ ਇਤਿਹਾਸ ਨਾਲ ਜੋੜਿਆ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਬਲਦੇਵ ਸਿੰਘ ਕਾਇਮਪੁਰ, ਮੈਂਬਰ ਸ. ਹਰਭਜਨ ਸਿੰਘ ਮਸਾਣਾਂ, ਸ. ਸਰਵਨ ਸਿੰਘ ਕੁਲਾਰ, ਸ. ਤੇਜਿੰਦਰਪਾਲ ਸਿੰਘ ਢਿੱਲੋਂ, ਬੀਬੀ ਮਨਜੀਤ ਕੌਰ, ਸ. ਸ਼ਰਨਜੀਤ ਸਿੰਘ ਸੋਥਾ, ਸ. ਜਰਨੈਲ ਸਿੰਘ ਜ਼ਿਲ੍ਹਾ ਪ੍ਰਧਾਨ, ਸ. ਪ੍ਰਧਾਨ ਸਿੰਘ ਆਸਟ੍ਰੇਲੀਆ, ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ, ਸੁਪ੍ਰਿੰਟੈਂਡੈਂਟ ਸ. ਰਾਜਿੰਦਰ ਸਿੰਘ ਰੂਬੀ, ਬੀਬੀ ਸਰੋਜ ਜੀ, ਸ. ਹਰਮੇਲ ਸਿੰਘ ਸ਼ੈਣੀ, ਸ. ਅਮਰੀਕ ਸਿੰਘ ਜਨੈਤਪੁਰ, ਸ. ਗੁਰਦੀਪ ਸਿੰਘ ਭਾਨੋਖੇੜੀ, ਬਾਬਾ ਅਮਰੀਕ ਸਿੰਘ ਪਟਿਆਲਾ ਵੱਲੋਂ ਬਾਬਾ ਕੁਲਦੀਪ ਸਿੰਘ, ਬਾਬਾ ਗੁਰਮੁੱਖ ਸਿੰਘ ਅਚਿੰਤਗੜ੍ਹ, ਇੰਚਾਰਜ ਸ. ਕਰਤਾਰ ਸਿੰਘ, ਮੈਨੇਜਰ ਸ. ਗੁਰਦੀਪ ਸਿੰਘ, ਸਿੱਖ ਮਿਸ਼ਨ ਹਰਿਆਣਾ ਦੇ ਇੰਚਾਰਜ ਸ. ਬਲਦੇਵ ਸਿੰਘ ਓਗਰਾ, ਸਾਬਕਾ ਮੀਤ ਸਕੱਤਰ ਸ. ਪਰਮਜੀਤ ਸਿੰਘ ਦੁਨੀਆਮਾਜਰਾ ਆਦਿ ਹਾਜ਼ਰ ਸਨ।