ਪੰਜਾਬ ਦੇ ਲੋਕਾਂ ਨੂੰ ਮਿਲੇਗੀ ਗਰਮੀ ਤੋਂ ਰਾਹਤ !ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨ ਮੀਂਹ ਪੈਣ ਦਾ ਅਲਰਟ ਕੀਤਾ ਜਾਰੀ

4677632
Total views : 5510696

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਲੁਧਿਆਣਾ/ਬੀ.ਐਨ.ਈ ਬਿਊਰੋ

ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਨਵੀਂ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਐਤਵਾਰ ਸਵੇਰੇ ਤੇਜ਼ ਹਵਾਵਾਂ ਵਿਚਾਲੇ ਹਲਕੀ ਬਾਰਸ਼ ਅਤੇ ਬੂੰਦਾਬਾਂਦੀ ਹੋਈ। ਸਵੇਰੇ 4.30 ਤੋਂ 7.00 ਵਜੇ ਤਕ ਅੰਸ਼ਕ ਤੌਰ ’ਤੇ ਬੱਦਲਵਾਈ ਰਹੀ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਹਾਲਾਂਕਿ ਇਸ ਤੋਂ ਬਾਅਦ ਦਿਨ ਭਰ ਤੇਜ਼ ਧੁੱਪ ਨਿਕਲੀ, ਜਿਸ ਕਾਰਨ ਲੋਕਾਂ ਨੂੰ ਕੜਾਕੇ ਦੀ ਗਰਮੀ ਝੱਲਣੀ ਪਈ।

ਸ਼ਾਮ ਤੋਂ ਬਾਅਦ ਗਰਮ ਹਵਾਵਾਂ ਵੀ ਮਹਿਸੂਸ ਕੀਤੀਆਂ ਗਈਆਂ।ਮੌਸਮ ਕੇਂਦਰ ਚੰਡੀਗੜ੍ਹ ਦੇ ਅਨੁਸਾਰ ਚੰਡੀਗੜ੍ਹ ਵਿਚ 0.8 ਮਿਲੀਮੀਟਰ, ਐਸਬੀਐਸ ਨਗਰ ਵਿਚ 0.5 ਮਿਲੀਮੀਟਰ, ਹੁਸ਼ਿਆਰਪੁਰ 0.5 ਮਿਲੀਮੀਟਰ, ਪਟਿਆਲਾ 0.5 ਮਿਲੀਮੀਟਰ, ਫਤਿਹਗੜ੍ਹ ਸਾਹਿਬ 2.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਲੁਧਿਆਣਾ ਅਤੇ ਫ਼ਰੀਦਕੋਟ ਵਿਚ ਵੀ ਹਲਕੀ ਬਾਰਿਸ਼ ਦਰਜ ਕੀਤੀ ਗਈ।

ਹਲਕੀ ਬਾਰਸ਼ ਦੇ ਬਾਵਜੂਦ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਉਪਰ ਰਿਹਾ ਜਿਸ ਵਿਚ ਫਰੀਦਕੋਟ ’ਚ 42.9 ਡਿਗਰੀ, ਪਟਿਆਲਾ 41.7 ਡਿਗਰੀ, ਚੰਡੀਗੜ੍ਹ 41.1 ਡਿਗਰੀ, ਫਤਿਹਗੜ੍ਹ ਸਾਹਿਬ 41.2 ਡਿਗਰੀ, ਮੁਕਤਸਰ 40.1 ਡਿਗਰੀ, ਲੁਧਿਆਣਾ 40.2 ਡਿਗਰੀ, ਜਲੰਧਰ 39.3 ਡਿਗਰੀ ਅਤੇ ਅੰਮ੍ਰਿਤਸਰ ਦਾ ਤਾਪਮਾਨ 39.3 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।ਦੂਜੇ ਪਾਸੇ ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੀ ਭਵਿੱਖਬਾਣੀ ਮੁਤਾਬਕ ਸੋਮਵਾਰ ਤੋਂ ਇਕ ਹੋਰ ਨਵੀਂ ਪਛਮੀ ਗੜਬੜੀ ਸਰਗਰਮ ਹੋ ਜਾਵੇਗੀ। ਇਸ ਕਾਰਨ ਅਗਲੇ ਤਿੰਨ ਦਿਨਾਂ ਤਕ ਪੰਜਾਬ ਵਿਚ ਧੂੜ ਭਰੀ ਹਨੇਰੀ, ਗਰਜ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ, ਜਿਸ ਦਾ ਸਭ ਤੋਂ ਵੱਧ ਅਸਰ ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਪਟਿਆਲਾ, ਫਤਿਹਗੜ੍ਹ ਸਾਹਿਬ, ਮੋਹਾਲੀ ਵਿਚ ਦੇਖਣ ਨੂੰ ਮਿਲੇਗਾ। 18 ਮਈ ਤੋਂ ਮੌਸਮ ਸਾਫ਼ ਹੋ ਜਾਵੇਗਾ।

Share this News