ਪਟਿਆਲਾ/ਬੀ.ਐਨ.ਈ ਬਿਊਰੋ
ਬੀਤੀ ਰਾਤ ਗੁਰਦੁਆਰਾ ਦੁਖਨਿਵਾਰਨ ਸਾਹਿਬ ਅੰਦਰ ਸਰੋਵਰ ਕੋਲ ਇੱਕ ਔਰਤ ਵਲੋਂ ਸ਼ਰਾਬ ਪੀਣ ਤੇ ਵਿਅਕਤੀ ਵਲੋਂ ਫਾਇਰਿੰਗ ਕਰ ਦਿੱਤੀ ਗਈ। ਇਸ ਦੌਰਾਨ ਗੋਲੀ ਔਰਤ ਦੇ ਲੱਗਣ ਕਾਰਨ ਉਸਦੀ ਮੌਕੇ ਤੇ ਮੌਤ ਹੋ ਗਈ, ਜਦੋਂਕਿ ਇਕ ਸੇਵਾਦਾਰ ਗੋਲੀ ਦੇ ਛਰੇ ਲੱਗਣ ਕਾਰਨ ਜਖ਼ਮੀ ਹੋ ਗਿਆ ਹੈ। ਜਖਮੀ ਦੀ ਪਛਾਣ ਸੇਵਾਦਾਰ ਸਾਗਰ ਮਲਹੋਤਰਾ ਵਜੋਂ ਹੋਈ ਹੈ।
ਇਸ ਬਾਰੇ ਐੱਸ ਐੱਸ ਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਪਰਮਿੰਦਰ ਕੌਰ ਸ਼ਰਾਬ ਪੀਣ ਦੀ ਆਦੀ ਸੀ, ਅਜੇ ਤਕ ਕੋਈ ਵਾਰਸ ਸਾਹਮਣੇ ਨਹੀਂ ਆਇਆ। ਇਸ ਔਰਤ ਕੋਲੋਂ ਮਿਲੇ ਪਛਾਣ ਪੱਤਰ ਤੋਂ ਪਤਾ ਲੱਗਿਆ ਹੈ ਕਿ ਇਹ ਪਟਿਆਲਾ ‘ਚ ਪੀਜੀ ਵਿਚ ਰਹਿ ਰਹੀ ਹੈ ਪਰ ਮੌਜੂਦਾ ਟਿਕਾਣੇ ਜਾਂ ਕਿਸੇ ਪਰਿਵਾਰਕ ਮੈਂਬਰ ਬਾਰੇ ਪਤਾ ਨਹੀਂ ਲੱਗ ਸਕਿਆ।
ਐੱਸਐਸਪੀ ਅਨੁਸਾਰ ਬੀਤੀ ਰਾਤ ਇਹ ਔਰਤ ਗੁਰਦੁਆਰਾ ਸਾਹਿਬ ਦੇ ਪਵਿੱਤਰ ਸਰੋਵਰ ਕੋਲ ਬੈਠ ਕੇ ਸ਼ਰਾਬ ਪੀ ਰਹੀ ਸੀ। ਜਿਸਨੂੰ ਉਥੇ ਮੌਜੂਦ ਲੋਕ ਮੈਨੇਜਰ ਦੇ ਦਫ਼ਤਰ ਲੈ ਗਏ । ਇਥੋਂ ਥਾਣੇ ਲੈ ਕੇ ਜਾਂਦੇ ਸਮੇਂ ਨਿਰਮਲਜੀਤ ਸਿੰਘ ਸੈਣੀ ਨੇ ਗੁੱਸੇ ਵਿਚ ਆ ਕੇ ਗੋਲੀਆਂ ਚਲਾ ਦਿੱਤੀਆਂ, ਤੇ ਪਰਮਿੰਦਰ ਕੌਰ ਦੀ ਮੌਤ ਹੋ ਗਈ ਹੈ। ਗੋਲੀ ਲੱਗਣ ਕਰਕੇ ਜ਼ਖਮੀ ਹੋਏ ਸਾਗਰ ਮਲਹੋਤਰਾ ਨਾਂ ਦਾ ਨੌਜਵਾਨ ਖਤਰੇ ਤੋਂ ਬਾਹਰ ਹੈ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਪਟਿਆਲਾ ਦੇ ਗੁਰਦੁਆਰੇ ’ਚ ਲੜਕੀ ਵੱਲੋਂ ਘਿਨੌਣੀ ਹਰਕਤ ਦੀ ਕੀਤੀ ਨਿੰਦਾ
ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਪਟਿਆਲਾ ਵਿਖੇ ਵਾਪਰੀ ਘਟਨਾ ’ਤੇ ਪ੍ਰਤੀਕਰਮ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਸਿੱਖ ਵਿਰੋਧੀ ਸ਼ਕਤੀਆਂ ਵੱਲੋਂ ਸੋਝੀ ਸਮਝੀ ਸਾਜ਼ਿਸ਼ ਨਾਲ ਗੁਰੂ ਘਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਦਕਿ ਸਰਕਾਰ ਮੂਕ ਦਰਸ਼ਕ ਬਣ ਕੇ ਵੇਖ ਰਹੀ ਹੈ।
ਐਡਵੋਕੇਟ ਧਾਮੀ ਨੇ ਕਿਹਾ ਕਿ ਗੁਰਦੁਆਰਾ ਦੂਖਨਿਵਾਰਨ ਸਾਹਿਬ ਪਟਿਆਲਾ ਵਿਖੇ ਬੀਤੇ ਕੱਲ੍ਹ ਇਕ ਲੜਕੀ ਵੱਲੋਂ ਸ਼ਰਾਬ ਪੀਣ ਦੀ ਘਟਨਾ ਬੇਹੱਦ ਦੁਖਦਾਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਕਰਕੇ ਸਿੱਖ ਵਿਰੋਧੀ ਸ਼ਕਤੀਆਂ ਆਪਣੇ ਮਨਸੂਬਿਆਂ ਵਿਚ ਸਫਲ ਹੋ ਰਹੀਆਂ ਹਨ, ਜਿਸ ਨਾਲ ਕੌਮ ਅੰਦਰ ਭਾਰੀ ਰੋਸ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਗੁਰਦੁਆਰਾ ਸਾਹਿਬਾਨ ਨੂੰ ਲੜੀਵਾਰ ਨਿਸ਼ਾਨੇ ’ਤੇ ਲਿਆ ਜਾਣਾ ਸਿੱਖਾਂ ਖਿਲਾਫ ਗਹਿਰੀ ਸਾਜ਼ਿਸ਼ ਦਾ ਹਿੱਸਾ ਪ੍ਰਤੀਤ ਹੋ ਰਿਹਾ ਹੈ। ਇਨ੍ਹਾਂ ਬਣੇ ਹਾਲਾਤਾਂ ਕਰਕੇ ਹੀ ਸਿੱਖ ਸ਼ਰਧਾਲੂਆਂ ਅਤੇ ਸੰਗਤਾਂ ਦੇ ਜਜ਼ਬਾਤ ਭੜਕ ਰਹੇ ਹਨ ਅਤੇ ਲੋਕ ਖੁਦ-ਬਖੁਦ ਕਾਰਵਾਈ ਕਰਨ ਨੂੰ ਮਜ਼ਬੂਰ ਹਨ।
ਉਨ੍ਹਾਂ ਕਿਹਾ ਕਿ ਪਟਿਆਲਾ ਦੇ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਲੜਕੀ ਵੱਲੋਂ ਸ਼ਰਾਬ ਪੀਣ ਦੀ ਘਟਨਾ ਦੀ ਸਰਕਾਰ ਉੱਚ ਪੱਧਰੀ ਜਾਂਚ ਕਰੇ ਅਤੇ ਇਹ ਪਤਾ ਲਗਾਵੇ ਕਿ ਕਿਹੜੀਆਂ ਸ਼ਕਤੀਆਂ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਅਤੇ ਮਾਣ-ਮਰਯਾਦਾ ਨੂੰ ਢਾਹ ਲਗਾਉਣ ਦੀਆਂ ਹਰਕਤਾਂ ਕਰ ਰਹੀਆਂ ਹਨ। ਇਹ ਸੰਜੀਦਾ ਭਾਵਨਾਵਾਂ ਨਾਲ ਕੀਤੀ ਜਾਣ ਵਾਲੀ ਜਾਂਚ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਆਪਣੇ ਤੌਰ ’ਤੇ ਵੀ ਇਸ ਨੂੰ ਗੰਭੀਰਤਾ ਨਾਲ ਲੈ ਰਹੀ ਹੈ।
ਸ਼੍ਰੋਮਣੀ ਕਮੇਟੀ ਜ਼ਖ਼ਮੀ ਸ਼ਰਧਾਲੂ ਦੇ ਇਲਾਜ ਦਾ ਚੁੱਕੇਗੀ ਖਰਚਾ
ਐਡਵੋਕੇਟ ਧਾਮੀ ਨੇ ਕਿਹਾ ਕਿ ਘਟਨਾ ਦੌਰਾਨ ਜ਼ਖ਼ਮੀ ਹੋਏ ਸ਼ਰਧਾਲੂ ਸੇਵਾਦਾਰ ਨਾਲ ਸ਼੍ਰੋਮਣੀ ਕਮੇਟੀ ਹਮਦਰਦੀ ਰੱਖਦੀ ਹੈ ਅਤੇ ਉਸ ਦਾ ਇਲਾਜ਼ ਸ਼੍ਰੋਮਣੀ ਕਮੇਟੀ ਵੱਲੋਂ ਕਰਵਾਇਆ ਜਾਵੇਗਾ। ਉਨ੍ਹਾਂ ਸੰਗਤ ਨੂੰ ਵੀ ਅਪੀਲ ਕੀਤੀ ਕਿ ਗੁਰੂ ਘਰਾਂ ਅੰਦਰ ਸੁਚੇਤ ਰੂਪ ਵਿਚ ਸਹਿਯੋਗੀ ਭਾਵਨਾਵਾਂ ਨਾਲ ਸੇਵਾਵਾਂ ਨਿਭਾਉਣ ਤਾਂ ਜੋ ਸਿੱਖ ਵਿਰੋਧੀ ਸ਼ਕਤੀਆਂ ਦੇ ਸਨਸੂਬੇ ਕਾਮਯਾਬ ਨਾ ਹੋ ਸਕਣ।