ਗ੍ਰਿਫਤਾਰ ਕੀਤੇ ਸਿੱਖਾਂ ’ਤੇ ਲਾਇਆ ਐਨ ਐਸ ਏ ਕਾਨੂੰਨ ਸਿੱਖਾਂ ਤੇ ਪੰਜਾਬ ਨੂੰ ਬਦਨਾਮ ਕਰਨ ਦੀ ਵੱਡੀ ਸਾਜ਼ਿਸ਼: ਵਿਰਸਾ ਸਿੰਘ ਵਲਟੋਹਾ

4674276
Total views : 5505355

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਵਿੱਢੀ ਗਈ ਫੜੋ ਫੜੀ ਦੀ ਮੁਹਿੰਮ ਤਹਿਤ ਗ੍ਰਿਫਤਾਰ ਕੀਤੇ ਗਏ ਸਿੱਖ ਨੌਜਵਾਨਾਂ ’ਤੇ ਲਗਾਈ ਗਈ ਨੈਸ਼ਨਲ ਸਕਿਓਰਿਟੀ ਐਕਟ (ਐਨ ਐਸ ਏ) ਦੀ ਧਾਰਾ ਤੁਰੰਤ ਹਟਾਈ ਜਾਵੇ ਅਤੇ ਬੇਕਸੂਰ ਸਿੱਖ ਨੌਜਵਾਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ।

ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਦਾਰ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਪੰਜਾਬ ਪੁਲਿਸ ਨੇ ਕੁਝ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਕੇ ਉਹਨਾਂ ’ਤੇ ਐਨ ਐਸ ਏ ਲਗਾ ਦਿੱਤਾ ਹੈ ਤੇ ਉਹਨਾਂ ਨੂੰ ਆਸਾਮ ਦੀ ਡਿਬਰੂਗੜ੍ਹ ਦੀ ਕੇਂਦਰੀ ਜੇਲ੍ਹ ਵਿਚ ਬੰਦ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਐਨ ਐਸ ਏ ਦੇਸ਼ ਹੀ ਨਹੀਂ ਬਲਕਿ ਦੁਨੀਆਂ ਦਾ ਸਭ ਤੋਂ ਕਾਲਾ ਕਾਨੂੰਨ ਮੰਨਿਆ ਜਾਂਦਾ ਹੈ। ਉਹਨਾਂ ਕਿਹਾ ਕਿ ਆਮ ਕਾਨੂੰਨ ਵਿਵਸਥਾ ਦੇ ਮਾਮਲਿਆਂ ਵਿਚ ਐਨ ਐਸ ਏ ਲਾਉਣਾ ਕਿਸੇ ਵੀ ਤਰੀਕੇ ਵਾਜਬ ਨਹੀਂ ਹੈ।ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਇਸ ਗੱਲ ਦਾ ਮੁਦੱਈ ਰਿਹਾ ਹੈ ਕਿ ਜਿਸ ਕਿਸੇ ਨੇ ਕਾਨੂੰਨ ਤੋੜਿਆ ਹੋਵੇ, ਉਸਦੇ ਖਿਲਾਫ ਕਾਨੂੰਨ ਤਹਿਤ ਕਾਰਵਾਈ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਜਿਹੜੇ ਵੀ ਅਜਨਾਲਾ ਪੁਲਿਸ ਥਾਣੇ ’ਤੇ ਹਮਲੇ ਦੇ ਦੋਸ਼ੀ ਹਨ, ਉਹਨਾਂ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਪੰਜਾਬ ਪੁਲਿਸ ਤੇ ਇਥੇ ਦੀਆਂ ਅਦਾਲਤਾਂ ਅਜਿਹੇ ਮਾਮਲਿਆਂ ਵਿਚ ਕਾਰਵਾਈ ਕਰਨ ਸਮਰਥ ਹਨ।

ਫੜੇ ਗਏ ਸਿੱਖ ਨੌਜਵਾਨਾਂ ਦੀ ਅਕਾਲੀ ਦਲ ਕਰੇਗਾ ਡਟਵੀਂ ਕਾਨੂੰਨੀ ਮਦਦ 

ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੇ ਇਸ਼ਾਰੇ ’ਤੇ ਨੌਜਵਾਨਾਂ ’ਤੇ ਐਨ ਐਸ ਏ ਲਗਾਉਣਾ ਕਿਸੇ ਵੀ ਤਰੀਕੇ ਜਾਇਜ਼ ਨਹੀਂ ਹੈ। ਉਹਨਾਂ ਕਿਹਾ ਕਿ ਇਹ ਪੰਜਾਬ ਲਈ ਮੰਦਭਾਗੀ ਗੱਲ ਹੈ ਕਿ ਮੌਜੂਦਾ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਦੀ ਕਠਪੁਤਲੀ ਬਣੇ ਹੋਏ ਹਨ ਤੇ ਇਹਨਾਂ ਦੇ ਰਾਜ ਵਿਚ ਸਿੱਖ ਨੌਜਵਾਨਾਂ ਨੂੰ ਨਿਸ਼ਾਨਾ ਬਣਾਇਆ ਜਾਰਿਹਾ ਹੈ।

ਭਾਈ ਅੰਮ੍ਰਿਤਪਾਲ ਸਿੰਘ ਦੀ ਗੱਲ ਕਰਦਿਆਂ ਸਰਦਾਰ ਵਲਟੋਹਾ ਨੇ ਕਿਹਾ ਕਿ ਜੇਕਰ ਪੁਲਿਸ ਨੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰਨਾ ਸੀ ਤਾਂ ਉਹਨਾਂ ਨੂੰ ਸਵੇਰੇ ਘਰੋਂ ਗ੍ਰਿਫਤਾਰ ਕੀਤਾ ਜਾ ਸਕਦਾ ਸੀ, ਇੰਨਾ ਵੱਡਾ ਡਰਾਮਾ ਰਚਣ ਦੀ ਕੋਈ ਜ਼ਰੂਰਤ ਨਹੀਂ ਸੀ। ਉਹਨਾਂ ਕਿਹਾ ਕਿ ਜੋ ਕੁਝ ਹੋਇਆ, ਉਸ ਨਾਲ ਪੰਜਾਬ ਵਿਚ ਦਹਿਸ਼ਤ ਤੇ ਖੌਫ ਦਾ ਮਾਹੌਲ ਬਣਿਆ ਹੈ।

ਉਹਨਾਂ ਕਿਹਾ ਕਿ ਸਭ ਤੋਂ ਮੰਦਭਾਗੀ ਗੱਲ ਇਹ ਹੈ ਕਿ ਕੌਮੀ ਮੀਡੀਆ ਸਿੱਖਾਂ ਤੇ ਪੰਜਾਬ ਨੂੰ ਦੇਸ਼ ਵਿਰੋਧੀ ਬਣਾ ਕੇ ਪੇਸ਼ ਕਰ ਰਿਹਾ ਹੈ। ਉਹਨਾ ਕਿਹਾ ਕਿ ਦੇਸ਼ ਦੀ ਆਜ਼ਾਦੀ ਵਿਚ ਸਭ ਤੋਂ ਵੱਧ ਯੋਗਦਾਨ ਪਾਉਣ ਵਾਲੇ ਸਿੱਖਾਂ ਨੂੰ ਕਿਸੇ ਤੋਂ ਦੇਸ਼ ਭਗਤੀ ਦੇ ਸਰਟੀਫਿਕੇਟ ਦੀ ਜ਼ਰੂਰਤ ਨਹੀਂ ਹੈ। ਉਹਨਾਂ ਕਿਹਾ ਕਿ ਅਸੀਂ ਆਜ਼ਾਦੀ ਦੇ ਸੰਘਰਸ਼ ਵੇਲੇ ਵੀ ਡੱਟ ਕੇ ਮੋਹਰੀ ਹੋ ਕੇ ਲੜੇ ਸੀ ਤੇ ਅੱਜ ਵੀ ਫਿਰ ਦੇਸ਼ ਵਾਸਤੇ ਕਿਸੇ ਵੀ ਕੁਰਬਾਨੀ ਲਈ ਤਿਆਰ ਹਾਂ।ਉਹਨਾਂ ਕਿਹਾ ਕਿ ਬੇਸ਼ੱਕ ਸਾਡੇ ਭਾਈ ਅੰਮ੍ਰਿਤਪਾਲ ਸਿੰਘ ਨਾਲ ਵਿਚਾਰਕ ਮਤਭੇਦ ਹੋ ਸਕਦੇ ਹਨ ਪਰ ਜਿਸ ਤਰੀਕੇ ਅੱਜ ਜ਼ਿਆਦਤੀ ਪੰਜਾਬ ਦੇ ਅੰਦਰ ਹੋ ਰਹੀ ਹੈ ਤੇ ਭਾਈ ਅੰਮ੍ਰਿਤਪਾਲ ਸਿੰਘ ਦਾ ਨਾਂ ਵਰਤ ਕੇ ਸਿੱਖਾਂ ਨੂੰ ਦੇਸ਼ ਵਿਰੋਧੀ ਵਜੋਂ ਪੇਸ਼ ਕਰ ਕੇ ਬਦਨਾਮ ਕੀਤਾ ਜਾ ਰਿਹਾ ਹੈ, ਇਹ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਪੰਜਾਬ ਵਿਚ ਅਮਨ ਸ਼ਾਂਤੀ, ਭਾਈਚਾਰਕ ਸਾਂਝ ਤੇ ਏਕਤਾ ਦਾ ਸਭ ਤੋਂ ਵੱਡਾ ਮੁਦੱਈ ਰਿਹਾ ਹੈ। ਉਹਨਾਂ ਕਿਹਾ ਕਿ ਇਸ ਸਾਂਝ ਨੂੰ ਪੰਜਾਬ ਵਿਚ ਕੋਈ ਖ਼ਤਰਾ ਵੀ ਨਹੀਂ ਹੈ। ਉਹਨਾਂ ਕਿਹਾ ਕਿ ਪੰਜਾਬ ਨੇ ਤਾਂ ਪਹਿਲਾਂ ਹੀ ਬਹੁਤ ਸੰਤਾਪ ਹੰਢਾਇਆ ਹੈ ਤੇ ਦੇਸ਼ ਨੇ ਇਸਦੀ ਕੀਮਤ ਅਦਾ ਕੀਤੀ ਹੈ ਤੇ ਹੁਣ ਇਸਨੁੰ ਦੁਬਾਰਾ ਉਸੇ ਅੱਗ ਦੀ ਭੱਠੀ ਵਿਚ ਨਾ ਝੋਕਿਆ ਜਾਵੇ।ਉਹਨਾਂ ਕਿਹਾ ਕਿ ਅਸੀਂ ਵਾਰ ਵਾਰ ਕਹਿੰਦੇ ਹਾਂ ਕਿ ਜਿਹੜਾ ਕੋਈ ਕਾਨੂੰਨੀ ਤੋੜਦਾ ਹੈ, ਉਸ ਖਿਲਾਫ ਕਾਨੂੰਨ ਤਹਿਤ ਕਾਰਵਾਈ ਕਰੋ, ਜ਼ਬਰ ਨਾ ਕਰੋ ।

ਪੱਤਰਕਾਰਾਂ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਦੀ ਪਤਨੀ ਬਾਰੇ ਜਾਂਚ ਵਿੱਢਣ ਬਾਰੇ ਸਵਾਲ ਦੇ ਜਵਾਬ ਵਿਚ ਸਰਦਾਰ ਵਲਟੋਹਾ ਨੇ ਕਿਹਾ ਕਿ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹਨ, ਮੇਰੀ ਸਰਦਾਰ ਸਰਦਾਰ ਭਗਵੰਤ ਮਾਨ ਤੇ ਪੁਲਿਸ ਅਫਸਰਾਂ ਨੂੰ ਇਹ ਅਪੀਲ ਹੈ ਕਿ ਇਸ ਗੱਲ ਨੂੰ ਇਥੇ ਹੀ ਰਹਿਣ ਦਿਓ ਤੇ ਘਰ ਦੀਆਂ ਔਰਤਾਂ ਤੱਕ ਮਾਮਲਾ ਨਾ ਲਿਜਾਇਆ ਜਾਵੇ।

Share this News