ਏ.ਐਸ.ਆਈ ਦੀ ਨੌਕਰੀ ਛੱਡ ਕੇ ਸਫਲ ਕਿਸਾਨ ਬਣਿਆ ਪ੍ਰਿਥੀਪਾਲ ਸਿੰਘ ਬਾਠ

4674925
Total views : 5506310

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ, ਪੱਟੀ/ਲਾਲੀ ਕੈਰੋ ,ਕੁਲਾਰਜੀਤ
ਰਵਾਇਤੀ ਕਣਕ ਝੋਨੇ ਦੀ ਖੇਤੀ ਦੇ ਮੁਕਾਬਲੇ ਵੰਨ ਸੁਵੰਨੀ ਖੇਤੀ ਵੱਧ ਖੇਚਲ ਅਤੇ ਖਰਚਾ ਮੰਗਦੀ ਹੈ। ਪ੍ਰਚਲਿਤ ਕਣਕ ਝੋਨੇ ਦੀਆਂ ਫਸਲਾਂ ਦੇ ਨਿਸ਼ਚਿਤ ਭਾਅ ਅਤੇ ਦੂਜੀਆਂ ਫਸਲਾਂ ਦੇ ਮੁਕਾਬਲੇ ਮੰਡੀਕਰਨ ਵਿੱਚ ਅਸਾਨੀ  ਹੋਣ ਕਰਕੇ ਬਹੁਤੇ ਕਿਸਾਨ ਕੋਈ ਪ੍ਰੇਸ਼ਾਨੀ ਨਹੀਂ ਸਹੇੜਨਾ ਚਾਹੁੰਦੇ। ਪਰ ਕੁਝ ਅਜਿਹੇ ਕਿਸਾਨ ਵੀ ਹਨ ਜੋ ਲਕੀਰ ਤੋਂ ਹੱਟ ਕੇ ਸੂਝਬੂਝ ਅਤੇ ਉੱਦਮ ਨਾਲ ਬਹੁਭਾਂਤੀ ਖੇਤੀ ਵਿਚੋਂ ਵੱਧ ਲਾਭ ਉਠਾ ਰਹੇ ਹਨ।ਅਜਿਹੀ ਮਿਸਾਲ  ਹਨ ਪੱਟੀ ਇਲਾਕੇ ਦੇ ਅਗਾਂਹਵਧੂ ਕਿਸਾਨ ਪ੍ਰਿਥੀਪਾਲ ਸਿੰਘ ਬਾਠ।ਸ਼ੁਰੂਆਤ ਦੌਰਾਨ ਖੇਡ ਕੋਟੇ ਰਾਹੀਂ  ਪੁਲਿਸ ਵਿਭਾਗ ਵਿੱਚ ਭਰਤੀ ਹੋਏ ਪ੍ਰਿਥੀਪਾਲ ਸਿੰਘ ਨੇ ਕੁਝ ਸਾਲ ਬਾਅਦ ਘਰੇਲੂ ਮਜਬੂਰੀ ਦੇ ਚੱਲਦਿਆਂ ਬਤੌਰ ਏਐਸਆਈ ਨੌਕਰੀ ਤੋਂ ਅਸਤੀਫਾ ਦੇ ਦਿੱਤਾ ।ਉਪਰੰਤ ਪਿਤਾ ਪੁਰਖੀ ਖੇਤੀ ਕਿੱਤੇ ਨੂੰ ਦਿਲ ਤੋਂ ਅਪਣਾਇਆ ।ਖੇਤੀਬਾੜੀ ਦੌਰਾਨ  ਤਕਨੀਕੀ ਅਤੇ ਵਪਾਰਕ ਸੋਚ ਅਪਣਾ ਕੇ ਰਵਾਇਤੀ ਕਣਕ ਝੋਨੇ ਦੀ ਬਜਾਏ 26 ਏਕੜ ਵਿੱਚ ਬਹੁਭਾਂਤੀ ਫਸਲਾਂ ਨੂੰ ਤਰਜੀਹ ਦਿੱਤੀ ।ਇਸ ਤਰ੍ਹਾਂ ਉਸ ਨੇ ਲੱਗਭੱਗ 19 ਏਕੜ ਵਿੱਚ ਨਾਸ਼ਪਤੀ ਦਾ ਬਾਗ ਅਤੇ ਬਾਕੀ 7 ਏਕੜ ਵਿੱਚ ਕਣਕ,ਝੋਨੇ ਅਤੇ ਬਾਸਮਤੀ ਤੋਂ ਇਲਾਵਾ ਤੇਲ ਬੀਜ ,ਸਬਜ਼ੀਆਂ ਆਦਿ ਬਹੁ ਭਾਂਤੀ ਫਸਲਾਂ ਨੂੰ ਤਰਜੀਹ ਦਿੱਤੀ ਹੈ।
ਜ਼ਮੀਨ ਦੀ ਉਪਜਾਊ ਸ਼ਕਤੀ ਬਣਾਏ ਰੱਖਣ ਲਈ ਫਸਲੀ ਵਿਭਿੰਨਤਾ ਲਾਹੇਵੰਦ – ਡਾ. ਭੁਪਿੰਦਰ ਸਿੰਘ ਖੇਤੀਬਾੜੀ ਅਫਸਰ 
ਇਹਨਾਂ ਫਸਲਾਂ ਤੋਂ ਪੈਦਾ ਹੁੰਦੀ ਰਹਿੰਦ ਖੂੰਹਦ ਨੂੰ ਵੀ ਖੇਤਾਂ ਵਿੱਚ ਹੀ ਵਾਹ ਦਿੰਦਾ ਹੈ।ਇਸ ਤਰ੍ਹਾਂ ਕਰਦਿਆਂ ਉਹ ਕਣਕ ਝੋਨੇ ਦੀ ਰਵਾਇਤੀ ਖੇਤੀ ਨਾਲੋਂ ਨਾ ਸਿਰਫ ਵੱਧ ਆਮਦਨ ਲੈ ਰਿਹਾ ਹੈ ਸਗੋਂ ਉੁੱਥੇ ਖੇਤਾਂ ਦੀ ਉਪਜਾਊ ਸ਼ਕਤੀ ਅਤੇ ਜ਼ਮੀਨ ਦੀ ਸਿਹਤ ਨੂੰ ਠੀਕ ਰੱਖਣ ਵਿੱਚ ਵੀ ਕਾਮਯਾਬ ਹੋਇਆ ਹੈ। ਫਸਲਾਂ ਦੀ ਸੁਚੱਜੀ ਸਿੰਚਾਈ ਲਈ ਜਮੀਨਦੋਜ਼ ਸਿਸਟਮ ਲਗਾਇਆ ਹੈ  ਜਿਸ ਸਦਕਾ ਪਾਣੀ ਦੀ ਵੱਡੀ ਬੱਚਤ ਹੋ ਜਾਂਦੀ ਹੈ।ਜ਼ਹਿਰ ਰਹਿਤ ਘਰੇਲੂ ਬਗੀਚੀ ਉਸ ਦੀ ਸੂਝਬੂਝ ਨੂੰ ਚਾਰ ਚੰਨ ਲਗਾਉੰਦੀ ਹੈ ।ਕਿਸਾਨ ਦਾ ਮੰਨਣਾ ਹੈ ਕਿ ਹੋਰ ਧੰਦਿਆਂ ਦੀ ਕਾਮਯਾਬੀ  ਵਾਂਗੂੰ ਖੇਤੀ ਵੀ ਖਸਮਾਂ ਸੇਤੀ ਹੈ ਭਾਵ ਕਿਸਾਨ ਨੂੰ ਇਕੱਲੇ ਕਾਮਿਆਂ ਤੇ ਕੰਮ ਨਹੀਂ ਛੱਡਣਾ  ਚਾਹੀਦਾ ਸਗੋਂ  ਬਰਾਬਰ ਖੇਤ ਵਿੱਚ ਮਿਹਨਤ ਅਤੇ ਨਿਗਰਾਨੀ ਕਰਨੀ ਚਾਹੀਦੀ ਹੈ।ਇਸ ਨਾਲ ਜਿਥੇ ਕਾਮਿਆਂ ਵਿੱਚ ਉਤਸ਼ਾਹ ਬਣਿਆ ਰਹਿੰਦਾ ਹੈ, ਉੱਥੇ ਫਸਲਾਂ ਵੀ ਖੁਸ਼ ਹੋ ਜਾਂਦੀਆਂ ਹਨ।
ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਤਰਨਤਾਰਨ ਡਾ ਸੁਰਿੰਦਰ ਸਿੰਘ  ਦੇ ਦਿਸ਼ਾ-ਨਿਰਦੇਸ਼ਾ ਤਹਿਤ ਕਿਸਾਨਾਂ ਦੇ ਉੱਦਮ ਨੂੰ ਉਤਸ਼ਾਹਿਤ ਕਰ ਰਹੇ ਖੇਤੀਬਾੜੀ ਅਫਸਰ ,ਪੱਟੀ ਡਾ ਭੁਪਿੰਦਰ ਸਿੰਘ ਅਤੇ ਖੇਤੀਬਾੜੀ ਵਿਕਾਸ ਅਫਸਰ ਡਾ. ਸੰਦੀਪ ਸਿੰਘ ਨੇ ਕਿਹਾ ਕਿ ਸਮੇਂ ਦੀ ਲੋੜ ਮੁਤਾਬਿਕ  ਖੇਤੀ ਨੂੰ ਸੂਝਬੂਝ ਅਤੇ ਬਰੀਕੀ ਨਾਲ ਸਮਝ ਕੇ ਜਿਥੇ  ਫਸਲਾਂ ਦੇ ਬਿਜਾਈ ਢੰਗਾਂ ਵਿੱਚ ਬਦਲਾਅ ਜਰੂਰੀ ਹੈ, ਉੱਥੇ ਰਵਾਇਤੀ ਫਸਲਾਂ ਹੇਠੋਂ ਥੋੜ੍ਹਾ ਰਕਬਾ ਘਟਾ ਕੇ ਬਹੁਭਾਂਤੀ ਫਸਲਾਂ ਹੇਠ  ਲਿਆਉਣ ਨਾਲ ਆਮਦਨ ਵਿੱਚ ਵਾਧਾ ਅਤੇ  ਜ਼ਮੀਨ ਦੀ ਉਪਜਾਊ ਸ਼ਕਤੀ ਬਣਾਏ ਰੱਖਣ ਲਈ  ਲਾਹੇਵੰਦ ਸਾਬਤ ਹੋਵੇਗਾ ।
Share this News