ਅੰਮ੍ਰਿਤਸਰ /ਰਣਜੀਤ ਸਿੰਘ ਰਾਣਾਨੇਸ਼ਟਾ
ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਨੇ ਪਹਿਲਗਾਮ ਘਟਨਾ ਵਿੱਚ ਨਿਰਦੋਸ਼ ਲੋਕਾਂ ਦੇ ਮਾਰੇ ਜਾਣ ਤੇ ਦੁੱਖ ਦਾ ਇਜ਼ਹਾਰ ਕਰਦੇ ਹੋਏ ਇਸ ਦੁਖਾਂਤ ਪਿੱਛੇ ਰਾਜਨੀਤਕ ਕਾਰਨ ਹੋਣ ਦਾ ਸ਼ੱਕ ਪ੍ਰਗਟ ਕੀਤਾ ਹੈ। ਕਮੇਟੀ ਦੇ ਬੁਲਾਰੇ ਪ੍ਰੋਫੈਸਰ ਬਲਜਿੰਦਰ ਸਿੰਘ ਅਤੇ ਸੀਨੀਅਰ ਆਗੂ ਬਾਪੂ ਗੁਰਚਰਨ ਸਿੰਘ ਨੇ ਸ਼ੱਕ ਪ੍ਰਗਟ ਕੀਤਾ ਕਿ ਆਗਾਮੀ ਬਿਹਾਰ ਚੋਣਾਂ ਦੇ ਦੌਰਾਨ ਧਰਮ ਅਧਾਰਿਤ ਵੋਟਾਂ ਲੈਣ ਲਈ ਇਸ ਘਟਨਾਂ ਨੂੰ ਅੰਜਾਮ ਦਿਤਾ ਗਿਆ ਹੈ ਉਹ ਵੀ ਉਸ ਸਮੇਂ ਜਦ ਅਮਰੀਕਾ ਦੇ ਉਪਰਾਸ਼ਟਰਪਤੀ ਜੇ ਡੀ ਵੈਨਸ ਭਾਰਤ ਦੌਰੇ ਤੇ ਸਨ।
ਪਿਛਲੀਆਂ ਘਟਨਾਵਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਮਾਰਚ 2000’ਚ ਭਾਜਪਾ ਸਰਕਾਰ ਸਮੇਂ ਅਮਰੀਕਾ ਦੇ ਰਾਸ਼ਟਰਪਤੀ ਬਿਲ ਕਲਿੰਟਨ ਦੀ ਭਾਰਤ ਫੇਰੀ ਦੌਰਾਨ ਅੰਨਤਨਾਗ ਜ਼ਿਲ੍ਹੇ ਦੇ ਛੱਤੀਸਿੰਘਪੁਰਾ ਵਿੱਚ ਪੈਂਤੀ ਨਿਰਦੋਸ਼ ਸਿੱਖਾਂ ਦਾ ਕਤਲ ਹੋਇਆ ਸੀ ਜਿਸਦੇ ਦੋਸ਼ੀਆਂ ਦੀ ਅੱਜ ਤੱਕ ਸ਼ਨਾਖਤ ਨਹੀਂ ਹੋਈ। ਇਸੇ ਤਰ੍ਹਾਂ ਲੋਕ ਸਭਾ ਦੀ ਅਪ੍ਰੈਲ 2019 ਦੀ ਚੋਣ ਤੋਂ ਪਹਿਲਾਂ, ਫਰਵਰੀ 2019 ਵਿੱਚ ਪੁਲਵਾਮਾ ਹਮਲੇ ਦੌਰਾਨ ਚਾਲ੍ਹੀ ਸੀ.ਆਰ.ਪੀ.ਐਫ ਦੇ ਜਵਾਨ ਮਾਰੇ ਗਏ ਸਨ। ਪਰ ਦੋਸ਼ੀਆਂ ਖਿਲਾਫ਼ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ।ਹਵਾਰਾ ਕਮੇਟੀ ਦੇ ਡਾ ਸੁਖਦੇਵ ਸਿੰਘ ਬਾਬਾ, ਮਹਾਬੀਰ ਸਿੰਘ ਅਤੇ ਬਲਦੇਵ ਸਿੰਘ ਨੇ ਕਿਹਾ ਪਹਿਲਗਾਮ ਵਿੱਚ ਮਾਰੇ ਗਏ ਨਿਰਦੋਸ਼ਾਂ ਨੂੰ ਗੋਦੀ ਮੀਡੀਆ ਅਤੇ ਭਾਜਪਾ ਵਲੋਂ ਧਰਮ ਦੇ ਅਧਾਰ ਤੇ ਹਿੰਦੂਆਂ ਦੀ ਨਸਲਕੁਸ਼ੀ ਪ੍ਰਚਾਰਿਆ ਜਾ ਰਿਹਾ ਹੈ ਜਦਕਿ ਨਵੰਬਰ 84 ਵਿੱਚ ਧਰਮ ਦੀ ਪਹਿਚਾਣ ਕਰਕੇ ਸਿੱਖਾਂ ਨੂੰ ਜਿਉਂਦੇ ਟਾਇਰ ਪਾ ਕੇ ਸਾੜੇ ਜਾਣ ਨੂੰ ਭਾਰਤ ਦੀ ਭਾਜਪਾ ਤੇ ਕਾਂਗਰਸ ਸਰਕਾਰਾਂ ਨੇ ਕਦੇ ਵੀ ਸਿੱਖ ਨਸਲਕੁਸ਼ੀ ਨਹੀਂ ਕਿਹਾ ਅਤੇ ਨਾ ਹੀ ਇਨਸਾਫ਼ ਦਿੱਤਾ।ਹਵਾਰਾ ਕਮੇਟੀ ਨੇ ਸ਼ਲਾਘਾ ਕੀਤੀ ਕਿ ਇਕ ਕਸ਼ਮੀਰੀ ਨੇ ਹਮਲਾਵਰਾਂ ਨਾਲ ਝੜਪਦੇ ਹੋਏ ਆਪਣੀ ਜਾਨ ਦੇ ਕੇ ਕਸ਼ਮੀਰ ਵਿੱਚ ਮਨੁੱਖਤਾ ਜਿਉਂਦੀ ਰਹਿਣ ਦਾ ਸਬੂਤ ਦਿੱਤਾ ਹੈ।ਕਸ਼ਮੀਰੀਆਂ ਨੇ ਸੈਲਾਨੀਆਂ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਮਜ਼੍ਹਬ ਦੀ ਥਾਂ ਇਨਸਾਨੀਅਤ ਨੂੰ ਪਹਿਲ ਦਿੱਤੀ ਪਰ ਅਫ਼ਸੋਸ ਦੇਸ਼ ਦੇ ਮੀਡੀਆ ਨੇ ਇਹ ਸਭ ਕੁਝ ਨਹੀਂ ਦਿਖਾਇਆ।
ਹਵਾਰਾ ਕਮੇਟੀ ਨੇ ਕਿਹਾ ਧਾਰਮਿਕ ਕੱਟੜਵਾਦ ਆਪਸੀ ਸਦਭਾਵਨਾ ਨੂੰ ਖਤਮ ਕਰ ਰਿਹਾ ਹੈ। ਇਸਦੇ ਬਦਲੇ ਧਾਰਮਿਕ ਸਹਿਣਸ਼ੀਲਤਾ ਨੂੰ ਪ੍ਰਫੁੱਲਤ ਕਰਨ ਦੀ ਲੋੜ ਹੈ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਮਾਡਲ ਦੀ ਮੁੜ ਸਥਾਪਨਾ ਤੇ ਜ਼ੋਰ ਦੇਂਦਿਆ ਹਵਾਰਾ ਕਮੇਟੀ ਨੇ ਕਿਹਾ ਗੁਰੂ ਨਾਨਕ ਸਾਹਿਬ ਦੇ ਸਰਬ ਸਾਂਝੀਵਾਲਤਾ ਦੀ ਸੋਚ ਹੀ ਹਿੰਦੂ ਅਤੇ ਮੁਸਲਮਾਨ ਦੋਵਾਂ ਦੀ ਆਪਸੀ ਦੂਰੀਆਂ ਖਤਮ ਕਰ ਸਕਦੀ ਹੈ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-