ਵਿਜੀਲੈਸ ਬਿਊਰੋ ਵਲੋ ਰਿਸ਼ਵਤਖੋਰੀ ਦੇ ਮਾਮਲੇ ‘ਚ ਨਗਰ ਕੌਸਲ ਦਾ ਈ.ਓ ਤੇ ਮਾਰਕਫੈਡ ਦਾ ਅਧਿਕਾਰੀ ਗ੍ਰਿਫਤਾਰ

4674188
Total views : 5505199

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਸੁਖਮਿੰਦਰ ਸਿੰਘ ਗੰਡੀ ਵਿੰਡ

 ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਅੱਜ ਬੰਗਾ, ਐਸ.ਬੀ.ਐਸ. ਨਗਰ ਵਿਖੇ ਬ੍ਰਾਂਚ ਮੈਨੇਜਰ ਵਜੋਂ ਤਾਇਨਾਤ ਮਾਰਕਫੈੱਡ ਦੇ ਸਹਾਇਕ ਖੇਤਰੀ ਅਫ਼ਸਰ ਗੁਰਲਾਲ ਸਿੰਘ ਨੂੰ 52,000 ਰੁਪਏ ਰਿਸ਼ਵਤ ਦੀ ਮੰਗ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ‘ਤੇ ਦਰਜ ਕੀਤੀ ਆਨਲਾਈਨ ਸ਼ਿਕਾਇਤ ਦੀ ਜਾਂਚ ਉਪਰੰਤ ਉਕਤ ਦੋਸ਼ੀ ਅਧਿਕਾਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਗੁਰਲਾਲ ਸਿੰਘ ‘ਤੇ 52 ਹਜ਼ਾਰ ਰੁਪਏ ਦੀ ਰਿਸ਼ਵਤ ਮੰਗਣ ਦੇ ਲੱਗੇ ਇਲਜ਼ਾਮ 

ਹੋਰ ਵੇਰਵੇ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਰਾਜੀਵ ਕੁਮਾਰ ਵਾਸੀ ਪਿੰਡ ਹਕੀਮਪੁਰ, ਤਹਿਸੀਲ ਬੰਗਾ ਨੇ ਜਾਣਕਾਰੀ ਦਿੱਤੀ ਕਿ ਉਹ ਦਾਣਾ ਮੰਡੀ ਬੰਗਾ ਵਿੱਚ ਆੜ੍ਹਤੀਆ ਹੈ ਅਤੇ ਉਕਤ ਮਾਰਕਫੈੱਡ ਅਧਿਕਾਰੀ ਪਿਛਲੇ ਸੀਜ਼ਨ ਦੌਰਾਨ ਉਸ ਦੀ ਦੁਕਾਨ ਤੋਂ ਝੋਨੇ ਦੀਆਂ 52,000 ਬੋਰੀਆਂ ਦੀ ਸਰਕਾਰੀ ਖਰੀਦ ਬਦਲੇ ਉਸ ਕੋਲੋਂ ਇੱਕ ਰੁਪਏ ਪ੍ਰਤੀ ਬੋਰੀ ਦੇ ਹਿਸਾਬ ਨਾਲ ਰਿਸ਼ਵਤ ਦੀ ਮੰਗ ਕਰ ਰਿਹਾ ਹੈ।

ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਅੱਗੇ ਦੱਸਿਆ ਕਿ ਇਸ ਮਾਮਲੇ ਵਿੱਚ ਸੌਦਾ 35,000 ਰੁਪਏ ਵਿੱਚ ਤੈਅ ਹੋਇਆ ਹੈ ਪਰ ਉਹ ਰਿਸ਼ਵਤ ਨਹੀਂ ਦੇਣਾ ਚਾਹੁੰਦਾ।ਬੁਲਾਰੇ ਨੇ ਅੱਗੇ ਦੱਸਿਆ ਕਿ ਵਿਜੀਲੈਂਸ ਬਿਊਰੋ ਵੱਲੋਂ ਸ਼ਿਕਾਇਤ ਵਿੱਚ ਲਗਾਏ ਗਏ ਦੋਸ਼ਾਂ ਦੀ ਜਾਂਚ ਕੀਤੀ ਗਈ ਅਤੇ ਰਿਸ਼ਵਤ ਮੰਗਣ ਦੇ ਦੋਸ਼ ਸਿੱਧ ਹੋਣ ਉਪਰੰਤ ਉਕਤ ਮਾਰਕਫੈੱਡ ਅਧਿਕਾਰੀ ਵਿਰੁੱਧ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਇਸ ਸਬੰਧੀ ਵਿਜੀਲੈਂਸ ਬਿਊਰੋ ਦੇ ਥਾਣਾ ਜਲੰਧਰ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

ਨਗਰ ਕੌਂਸਲ ਦੇ ਫੰਡਾਂ ਵਿੱਚ ਘਪਲਾ ਕਰਨ ਦੇ ਦੋਸ਼ ਵਿੱਚ ਈ.ਓ. ਗੁਰਦਾਸਪੁਰ ਨੂੰ ਕੀਤਾ ਗ੍ਰਿਫ਼ਤਾਰ
ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅੱਜ ਨਗਰ ਕੌਂਸਲ ਗੁਰਦਾਸਪੁਰ ਦੇ ਕਾਰਜਕਾਰੀ ਅਧਿਕਾਰੀ (ਈ.ਓ.) ਅਸ਼ੋਕ ਕੁਮਾਰ ਨੂੰ ਸੂਬਾ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਗ੍ਰਾਂਟਾਂ ਵਿੱਚ ਘਪਲਾ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਮੌਜੂਦਾ ਵਿੱਤੀ ਵਰ੍ਹੇ ਦੌਰਾਨ ਨਗਰ ਕੌਂਸਲ ਦੀਨਾਨਗਰ ਨੂੰ ਵਿਕਾਸ ਗ੍ਰਾਂਟਾਂ ਜਾਰੀ ਕੀਤੀਆਂ ਗਈਆਂ ਸਨ। ਵਿਜੀਲੈਂਸ ਬਿਊਰੋ ਵੱਲੋਂ ਕੀਤੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਈ.ਓ. ਅਸ਼ੋਕ ਕੁਮਾਰ ਨੇ ਦੀਨਾਨਗਰ ਵਿਖੇ ਆਪਣੀ ਤਾਇਨਾਤੀ ਦੌਰਾਨ ਇੱਕ ਸਥਾਨਕ ਵਿਕਰੇਤਾ ਤੋਂ ਸਟਰੀਟ ਲਾਈਟਾਂ ਦੀ ਖਰੀਦ ਲਈ 1,97,000 ਰੁਪਏ ਦਾ ਫ਼ਰਜੀ ਬਿੱਲ ਪ੍ਰਵਾਨ ਕੀਤਾ ਸੀ ਪਰ ਅਸਲ ਵਿੱਚ ਇਸ ਸਬੰਧੀ ਕੋਈ ਖਰੀਦ ਹੀ ਨਹੀਂ ਕੀਤੀ ਗਈ ਅਤੇ ਉਸ ਨੇ ਨਿੱਜੀ ਹਿੱਤਾਂ ਲਈ ਪੈਸੇ ਦਾ ਗਬਨ ਕਰਨ ਅਤੇ ਵਿਭਾਗ ਨੂੰ ਭੇਜੇ ਜਾਣ ਵਾਲੇ ਉਪਯੋਗਤਾ ਸਰਟੀਫਿਕੇਟ ਵਜੋਂ ਵਰਤਣ ਲਈ ਇਹ ਫ਼ਰਜੀ ਬਿੱਲ ਤਿਆਰ ਕੀਤਾ ਸੀ।
ਉਨ੍ਹਾਂ ਅੱਗੇ ਦੱਸਿਆ ਕਿ ਵਿਜੀਲੈਂਸ ਬਿਊਰੋ ਵੱਲੋਂ ਕੀਤੀ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਮੁਲਜਮ ਈ.ਓ. ਨੇ ਦੀਨਾਨਗਰ ਨਗਰ ਕੌਂਸਲ ਲਈ ਪੀ.ਐਮ.ਆਈ.ਡੀ.ਸੀ. ਸਕੀਮ ਤਹਿਤ ਜਾਰੀ ਕੀਤੀਆਂ ਗ੍ਰਾਂਟਾਂ ਵਿੱਚ ਵੀ ਘਪਲਾ ਕੀਤਾ ਹੈ। ਇਸ ਸਬੰਧੀ ਉਕਤ ਈ.ਓ ਖਿਲਾਫ ਵਿਜੀਲੈਂਸ ਬਿਊਰੋ ਦੇ ਥਾਣਾ ਅੰਮ੍ਰਿਤਸਰ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਸੀ।

 

Share this News