ਅਮਿੱਟ ਯਾਦਾਂ ਛੱਡਦਾ ਸੰਪੰਨ ਹੋਇਆ ਖ਼ਾਲਸਾ ਕਾਲਜ ਦਾ 9ਵਾਂ ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ-ਮੇਲਾ

4675397
Total views : 5507065

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ 

ਖ਼ਾਲਸਾ ਕਾਲਜ ਵਿਖੇ 5 ਰੋਜ਼ਾ ‘9ਵਾਂ ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲਾ’ ਅੱਜ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਸੰਪੰਨ ਹੋ ਗਿਆ। ਅੱਜ ਮੇਲੇ ਦੇ 5ਵੇਂ ਦਿਨ ਦੀ ਸ਼ੁਰੂਆਤ ਖਾਲਸਾ ਯੂਨੀਵਰਸਿਟੀ ਦੇ ਪ੍ਰੋ: ਚਾਂਸਲਰ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ. ਰਜਿੰਦਰ ਮੋਹਨ ਸਿੰਘ ਛੀਨਾ, ਉਪ-ਕੁਲਪਤੀ ਡਾ. ਮਹਿਲ ਸਿੰਘ ਅਤੇ ਨਾਮਵਰ ਵਾਰਤਕਕਾਰ ਅਤੇ ਸੇਵਾਮੁਕਤ ਆਈ. ਜੀ. ਪੰਜਾਬ ਪੁਲਿਸ ਸ. ਗਰਪ੍ਰੀਤ ਸਿੰਘ ਤੂਰ ਨੂੰ ਪੰਜਾਬੀ ਵਿਭਾਗ ਦੇ ਮੁਖੀ ਅਤੇ ਪ੍ਰੋਗਰਾਮ ਕੋਆਰਡੀਨੇਟਰ ਡਾ. ਆਤਮ ਸਿੰਘ ਰੰਧਾਵਾ ਵੱਲੋਂ ਪੌਦੇ ਭੇਂਟ ਕਰਦੇ ਨਿੱਘੇ ਸਵਾਗਤ ਨਾਲ ਹੋਈ।

ਇਸ ਮੌਕੇ ਸ: ਛੀਨਾ ਨੇ ਕਿਹਾ ਕਿ ਅਜੋਕੀ ਪੀੜ੍ਹੀ ’ਚ ਬਾਹਰ ਜਾਣ ਦੀ ਹੋੜ ਨੇ ਕਈ ਘਰਾਂ ਦੀ ਬਰਬਾਦੀ ਕਰ ਦਿੱਤੀ ਹੈ। ਆਈਲੈੱਟਸ ਸੈਂਟਰਾਂ ਦੀ ਲੁੱਟ-ਖਸੁੱਟ ਨੇ ਪਰਿਵਾਰਾਂ ਦੇ ਪਰਿਵਾਰ ਬਰਬਾਦ ਕਰ ਦਿੱਤੇ ਹਨ। ਬਾਹਰ ਜਾਣ ਦਾ ਆਧਾਰ ਕੇਵਲ ਸਿੱਖਿਆ ਪ੍ਰਾਪਤੀ ਹੋਣਾ ਚਾਹੀਦਾ ਹੈ ਪੈਸਾ ਕਮਾਉਣਾ ਨਹੀਂ। ਵਿਦਿਆਰਥੀਆਂ ਨੂੰ ਆਪਣੇ ਭਵਿੱਖ ਦੀ ਸੁਰੱਖਿਆ ਲਈ ਸੁਚੇਤ ਕਦਮ ਉਠਾਉਣੇ ਚਾਹੀਦੇ ਹਨ।

ਉਨ੍ਹਾਂ ਨੇ ਵੰਡ ਸਮੇਂ ਪੰਜਾਬ ਦੀ ਹੋਈ ਬਰਬਾਦੀ ਬਾਰੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਦੇ ਬਟਵਾਰੇ ਦਾ ਖਮਿਆਜ਼ਾ ਅਸੀਂ ਅੱਜ ਤੱਕ ਭੁਗਤ ਰਹੇ ਹਾਂ। ਉਨ੍ਹਾਂ ਕਿਹਾ ਕਿ ਸਾਨੂੰ ਵੰਡ ਦੀ ਬਰਬਾਦੀ ਤੋਂ ਸਬਕ ਲੈ ਕੇ ਭਵਿੱਖ ’ਚ ਨਰੋਏ ਸਮਾਜ ਨੂੰ ਸਿਰਜਣ ਦੇ ਯਤਨ ਕਰਨੇ ਚਾਹੀਦੇ ਹਨ। ਸ: ਛੀਨਾ ਨੇ ਪੁਸਤਕ ਮੇਲੇ ਸਬੰਧੀ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਹਰੇਕ ਪੁਸਤਕ ਪ੍ਰੇਮੀ ਨੂੰ ਅਜਿਹੇ ਪੁਸਤਕ ਮੇਲਿਆਂ ਦਾ ਲਾਭ ਉਠਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ’ਚ ਵੀ ਕਾਲਜ ਅਜਿਹੇ ਪ੍ਰੋਗਰਾਮ ਉਲੀਕਦਾ ਰਹੇਗਾ ਜਿਸ ਨਾਲ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਹੋ ਸਕੇ। ਉਨ੍ਹਾਂ ਉਕਤ ਮੇਲੇ ਦੀ ਸਫ਼ਲਤਾ ਲਈ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਤਮਿੰਦਰ ਸਿੰਘ ਭਾਟੀਆ ਅਤੇ ਡਾ. ਰੰਧਾਵਾ ਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ।

ਆਈਲੈੱਟਸ ਸੈਂਟਰਾਂ ਦੀ ਲੁੱਟ-ਖਸੁੱਟ ਨੇ ਪਰਿਵਾਰਾਂ ਦੇ ਪਰਿਵਾਰ ਬਰਬਾਦ ਕਰ ਦਿੱਤੇ : ਛੀਨਾ

ਇਸ ਤੋਂ ਪਹਿਲਾਂ ਉਪ ਕੁਲਪਤੀ ਡਾ. ਮਹਿਲ ਸਿੰਘ ਨੇ ਕਿਹਾ ਕਿ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ 19 ਸੰਸਥਾਵਾਂ ਹਰ ਖੇਤਰ ’ਚ ਆਪਣੀ ਬੇਹਤਰ ਕਾਰਗੁਜਾਰੀ ਕਰ ਰਹੀਆਂ ਹਨ। ਸਾਨੂੰ ਇਸ ਗੱਲ ਦਾ ਮਾਣ ਹੈ ਕਿ ਪੰਜਾਬ ਦੇ ਸਾਰੇ ਪ੍ਰਾਈਵੇਟ ਕਾਲਜਾਂ ’ਚੋਂ ਸਿਰਫ਼ ਖ਼ਾਲਸਾ ਚੈਰੀਟੇਬਲ ਸੁਸਾਇਟੀ ਅੰਮ੍ਰਿਤਸਰ ਵੱਲੋਂ ਹੀ ਵੈਟਰਨਰੀ ਕਾਲਜ ਚਲਾਇਆ ਜਾ ਰਿਹਾ ਹੈ। ਇਸ ਦਾ ਸਿਹਰਾ ਸ: ਛੀਨਾ ਦੀ ਅਣਥੱਕ ਮਿਹਨਤ ਅਤੇ ਦੂਰ-ਦ੍ਰਿਸ਼ਟੀ ਨੂੰ ਜਾਂਦਾ ਹੈ। ਇਸ ਸਮਾਗਮ ਵਿਚ ਉਚੇਚੇ ਤੌਰ ‘ਤੇ ਪਹੁੰਚਣ ’ਤੇ ਡਾ. ਮਹਿਲ ਸਿੰਘ ਨੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਸਾਹਿਤ ਦੀ ਮਹੱਤਤਾ ਅਤੇ ਇਸ ਦੇ ਯੋਗਦਾਨ ਬਾਰੇ ਵਿਚਾਰ ਪ੍ਰਗਟ ਕਰਦਿਆਂ ਡਾ. ਮਹਿਲ ਸਿੰਘ ਨੇ ਕਿਹਾ ਕਿ ਅੱਜ ਦੇ ਵਿਗਿਆਨਕ ਯੁੱਗ ਵਿਚ ਸਾਹਿਤ ਨਾਲ ਜੁੜਣਾ ਵੀ ਬਹੁਤ ਜ਼ਰੂਰੀ ਹੈ ਤਾਂ ਕਿ ਵਿਦਿਆਰਥੀਆਂ ਨੂੰ ਸਾਹਿਤ ਦੇ ਨਾਲ ਨਾਲ ਜ਼ਿੰਦਗੀ ਦੀ ਸਮਝ ਵੀ ਪ੍ਰਾਪਤ ਹੋ ਸਕੇ।ਸ. ਗੁਰਪ੍ਰੀਤ ਸਿੰਘ ਤੂਰ ਨੇ ਆਪਣੇ ਵਿਚਾਰ ਪੇਸ਼ ਕਰਦਿਆ ਕਿਹਾ ਕਿ ਸਾਨੂੰ ਆਪਣੀ ਸ਼ਖ਼ਸੀਅਤ ਨਿਖਾਰਨ ਲਈ ਮਹਾਨ ਲੋਕਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਵਿਰਾਸਤੀ ਮੇਲੇ ਸਾਨੂੰ ਆਪਣੇ ਵਿਰਸੇ ਨਾਲ ਜੋੜਦੇ ਹਨ। ਵਿੱਦਿਅਕ ਅਦਾਰਿਆਂ ਵੱਲੋਂ ਅਜਿਹੇ ਸਾਹਿਤਕ ਮੇਲਿਆਂ ਦੀ ਸਿਰਜਣਾ ਕਰਨਾ ਵਿਸ਼ੇਸ਼ ਮਹੱਤਤਾ ਰੱਖਦਾ ਹੈ। 

ਇਸ ਸਮੇਂ ਸ. ਗੁਰਪ੍ਰੀਤ ਸਿੰਘ ਤੂਰ ਦੀ ਪੁਸਤਕ ‘ਪਰਵਾਸ ਤੇ ਪੰਜਾਬ’ ਦੀ ਘੁੰਡ ਚੁਕਾਈ ਕੀਤੀ ਗਈ। ਇਸ ਪੁਸਤਕ ਸੰਬੰਧੀ ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਡਾ. ਬਲਵੰਤ ਸਿੰਘ ਸੰਧੂ, ਪ੍ਰਿੰਸੀਪਲ, ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ ਨੇ ਪੁਸਤਕ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਅਜਿਹੀਆਂ ਕਿਤਾਬਾਂ ਨੂੰ ਵਿਦਿਆਰਥੀਆਂ ਦੇ ਸਿਲੇਬਸ ਦਾ ਹਿੱਸਾ ਬਣਾਉਣਾ ਚਾਹੀਦਾ ਹੈ ਤਾਂ ਜੋ ਉਹਨਾਂ ਨੂੰ ਚੰਗੇ ਦਿਸ਼ਾ ਨਿਰਦੇਸ਼ ਮਿਲ ਸਕਣ। ਡਾ. ਗੁਰਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਪਰਵਾਸ ਧਾਰਨ ਕਰਨ ਦਾ ਕਾਰਨ ਨੌਜਵਾਨ ਪੀੜ੍ਹੀ ਦਾ ਆਪਣੇ ਸਾਹਿਤ ਨਾਲੋਂ ਟੁੱਟਣਾ ਹੈ। ਪੰਜਾਬ ਦੀ ਰਹਿਤਲ ਨਾਲ ਸੰਬੰਧਿਤ ਪੁਸਤਕਾਂ ਰਚੀਆਂ ਅਤੇ ਪੜ੍ਹੀਆਂ ਜਾਣੀਆਂ ਚਾਹੀਦੀਆਂ ਹਨ। ਡਾ. ਅਰਵਿੰਦਰ ਸਿੰਘ ਢਿੱਲੋਂ ਨੇ ਵਿਦਿਆਰਥੀਆਂ ਦੇ ਵਿਦੇਸ਼ ਜਾਣ ਦੇ ਵਿਸ਼ੇ ਦੀ ਚਿੰਤਾ ਨੂੰ ਪ੍ਰਗਟ ਕਰਦਿਆਂ ਕਿਹਾ ਕਿ ਇਹ ਪੁਸਤਕ ਬਾਹਰ ਜਾਣ ਵਾਲੇ ਵਿਦਿਆਰਥੀਆਂ ਨੂੰ ਬਾਹਰਲੇ ਸਮਾਜ ਦੀ ਅਸਲੀਅਤ ਨਾਲ ਜੋੜਣ ਵਿਚ ਸਹਾਇਕ ਸਿੱਧ ਹੋਵੇਗੀ। ਬਾਹਰ ਜਾਣ ਦੀ ਹੋੜ ਦੀ ਜਿੰਮੇਵਾਰ ਹਕੂਮਤ ਹੈ ਜੋ ਉਹਨਾਂ ਲਈ ਰੁਜ਼ਗਾਰ ਦੇ ਮੌਕੇ ਮੁਹੱਈਆ ਨਹੀਂ ਕਰਵਾ ਰਹੀ। ਵਿਦਿਆਰਥੀਆਂ ਨੂੰ ਇਸ ਸਮੱਸਿਆ ਵਿਚੋਂ ਬਾਹਰ ਕੱਢਣ ਲਈ ਵਿੱਦਿਅਕ ਸੰਸਥਾਵਾਂ ਦੇ ਬੁੱਧੀਜੀਵੀ ਅਤੇ ਚਿੰਤਕ ਵਿਸ਼ੇਸ਼ ਭੂਮਿਕਾ ਨਿਭਾਅ ਸਕਦੇ ਹਨ। ਇਸ ਉਪਰੰਤ ਡਾ. ਕੰਵਲਜੀਤ ਸਿੰਘ ਅਤੇ ਨਵਲਪ੍ਰੀਤ ਰੰਗੀ ਨੇ ਪੁਸਤਕ ਦੀ ਮਹੱਤਤਾ ਨੂੰ ਸ੍ਰੋਤਿਆਂ ਨਾਲ ਸਾਂਝਿਆ ਕੀਤਾ।

ਦੁਪਹਿਰ ਸਮੇਂ ਨਵਲਪ੍ਰੀਤ ਰੰਗੀ ਦੀ ਡਾਕੂਮੈਂਟਰੀ ਫ਼ਿਲਮ ‘ਪੌੜੀ’ ਦੀ ਪੇਸ਼ਕਾਰੀ ਕੀਤੀ ਗਈ ਜਿਸ ’ਚ ਪਰਵਾਸ ਧਾਰਨ ਕਰ ਚੁੱਕੇ ਪੰਜਾਬੀ ਨੌਜਵਾਨਾਂ ਦੀਆਂ ਆਰਥਿਕ ਸਮੱਸਿਆਂਵਾਂ ਅਤੇ ਉਨ੍ਹਾਂ ਦੇ ਜੀਵਨ ਨੂੰ ਪੇਸ਼ ਦੁਸ਼ਵਾਰੀਆਂ ਨੂੰ ਕੇਂਦਰਿਤ ਕੀਤਾ ਗਿਆ। ਫ਼ਿਲਮ ਉਪਰੰਤ ਪਰਵਾਸ ਨਾਲ ਜੁੜੀਆਂ ਸਮੱਸਿਆਵਾਂ ਬਾਰੇ ਵਿਸ਼ੇਸ਼ਗਾਂ ਅਤੇ ਵਿਦਿਆਰਥੀਆਂ ਨੇ ਫਿਲਮਕਾਰ ਨਵਲਪ੍ਰੀਤ ਰੰਗੀ ਨਾਲ ਵਿਚਾਰ ਚਰਚਾ ਕੀਤੀ।

ਬਾਅਦ ਦੁਪਹਿਰ ‘ਤੇਰੀ ਮੇਰੀ ਇੱਕ ਜਿੰਦੜੀ’ ਪ੍ਰੋਗਰਾਮ ਦੇ ਚਲਦਿਆਂ ਨਾਮਵਰ ਅਦਾਕਾਰ ਅਨੀਤਾ ਦੇਵਗਨ ਅਤੇ ਹਰਦੀਪ ਗਿੱਲ ਨੇ ਸ੍ਰੋਤਿਆਂ ਨਾਲ ਰੂਬਰੂ ਹੁੰਦਿਆਂ ਆਪਣੀ ਕਲਾਕਾਰੀ ਨਾਲ ਜੁੜੇ ਅਹਿਮ ਪਹਿਲੂਆਂ ਨੂੰ ਸਾਂਝਿਆ ਕੀਤਾ। ਇਸ ਪ੍ਰੋਗਰਾਮ ਤੋਂ ਬਾਅਦ ਜੋਗਾ ਸਿੰਘ ਜੋਗੀ ਨੂੰ ਸਮਰਪਿਤ ਕਵੀਸ਼ਰੀ ਪ੍ਰੋਗਰਾਮ ਵਿਚ ਗਿਆਨੀ ਗੁਰਮੁਖ ਸਿੰਘ ਐਮ.ਏ ਅਤੇ ਉਹਨਾਂ ਦੇ ਜਥੇ ਨੇ ਆਪਣੀ ਕਵੀਸ਼ਰੀ ਦੀ ਕਲਾ ਨਾਲ ਸ੍ਰੋਤਿਆਂ ਨੂੰ ਮੰਤਰ-ਮੁਗਧ ਕੀਤਾ। ਸਮਾਗਮ ਦਾ ਸਿਖਰ ਲੋਕ ਨਾਚ ਝੂਮਰ ਨਾਲ ਹੋਇਆ।

ਪੁਸਤਕ ਮੇਲੇ ਸੰਬੰਧੀ ਜਾਣਕਾਰੀ ਦਿੰਦਿਆਂ ਮੇਲੇ ਦੇ ਕਨਵੀਨਰ ਡਾ. ਆਤਮ ਸਿੰਘ ਰੰਧਾਵਾ ਨੇ ਦੱਸਿਆ ਕਿ ਭਾਵੇਂ ਜਲੰਧਰ ਅਤੇ ਲੁਧਿਆਣੇ ਵਿਚ ਬੀਤੇ ਇੱਕ ਮਹੀਨੇ ਵਿਚ ਹੀ ਦੋ ਪੁਸਤਕ ਮੇਲੇ ਲੱਗ ਚੁੱਕੇ ਹਨ ਪਰ ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲੇ ਦੇ ਪੰਜ ਦਿਨਾਂ ਵਿਚ 100 ਤੋਂ ਵੱਧ ਪਬਲਿਸ਼ਰਾਂ ਕੋਲੋਂ ਮੇਲੇ ਵਿਚ ਆਏ ਲੋਕਾਂ ਨੇ 70 ਲੱਖ ਤੋਂ ਵੱਧ ਮੁੱਲ ਦੀਆਂ ਕਿਤਾਬਾਂ ਖਰੀਦੀਆਂ ਜੋ ਸਾਡੇ ਪੁਸਤਕ ਮੇਲੇ ਦੀ ਸਫ਼ਲਤਾ ਦਾ ਮਿਆਰ ਹੈ। ਡਾ. ਰੰਧਾਵਾ ਨੇ ਇਸ ਮੇਲੇ ਲਈ ਜਿਥੇ ਖ਼ਾਲਸਾ ਕਾਲਜ ਮੈਨਜਮੈਂਟ ਅਤੇ ਪ੍ਰਿੰਸੀਪਲ ਦਾ ਧੰਨਵਾਦ ਕੀਤਾ ਉਥੇ ਮੇਲੇ ਨੂੰ ਸਫ਼ਲ ਬਣਾਉਣ ਵਿਚ ਵੱਖ-ਵੱਖ ਵਿਭਾਗਾਂ ਵੱਲੋਂ ਪਾਏ ਸਹਿਯੋਗ ਲਈ ਉਹਨਾਂ ਦਾ ਵੀ ਧੰਨਵਾਦ ਕੀਤਾਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- 

Share this News