ਖ਼ਾਲਸਾ ਕਾਲਜ ਵਿਖੇ ‘9ਵੇਂ ਸਾਹਿਤ ਉਤਸਵ ਅਤੇ ਪੁਸਤਕ ਮੇੇਲੇ’ ਦੀ 19 ਤੋਂ ਹੋਵੇਗੀ ਸ਼ਾਨਦਾਰ ਸ਼ੁਰੂਆਤ

4677312
Total views : 5510118

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ 

ਖ਼ਾਲਸਾ ਕਾਲਜ ਵਿਖੇ 5 ਰੋਜ਼ਾ ਸਾਹਿਤ ਉਤਸਵ ਅਤੇ ਪੁਸਤਕ ਮੇਲੇ ਦਾ ਸ਼ਾਨਦਾਰ ਉਦਘਾਟਨ ਅੱਜ ਸਮਾਰੋਹ ਦੀ ਪ੍ਰਧਾਨਗੀ ਕਰ ਰਹੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਅਤੇ ਮੁੱਖ ਮਹਿਮਾਨ ਖ਼ਾਲਸਾ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ. ਮਹਿਲ ਸਿੰਘ ਕਰਨਗੇ, ਜਿਸ ’ਚ ਵਿਸ਼ੇਸ਼ ਮਹਿਮਾਨ ਵਜੋਂ ਸੰਗੀਤ ਨਾਟਕ ਅਕਾਡਮੀ ਚੰਡੀਗੜ੍ਹ ਦੇ ਪ੍ਰਧਾਨ ਅਵਨੀ ਚੈਟਲੇ ਸ਼ਾਮਿਲ ਹੋਣਗੇ। ਉਕਤ 9ਵੇਂ ਪੁਸਤਕ ਮੇਲੇ ’ਚ ਸਾਹਿਤਕ ਭਾਸ਼ਣਾਂ, ਸੈਮੀਨਾਰ, ਪੈਨਲ ਚਰਚਾਵਾਂ, ਕਵੀ ਦਰਬਾਰ ਅਤੇ ਰੰਗਾਰੰਗ ਪ੍ਰੋਗਰਾਮ ਤੋਂ ਇਲਾਵਾ ਵੱਖ-ਵੱਖ ਵਿਸ਼ਿਆਂ ਦੀਆਂ ਲੱਖਾਂ ਕਿਤਾਬਾਂ ਦੀ ਪ੍ਰਦਰਸ਼ਨੀ ਖਿੱਚ ਦਾ ਕੇਂਦਰ ਹੋਵੇਗੀ।
 ਇਸ ਸਬੰਧੀ ਕਾਲਜ ਕਾਰਜਕਾਰੀ ਪ੍ਰਿੰਸੀਪਲ ਡਾ. ਤਮਿੰਦਰ ਸਿੰਘ ਭਾਟੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੂਰੇ ਵਿਸ਼ਵ ’ਚ ਵੱਸਦੇ ਪੰਜਾਬੀ ਪਿਆਰਿਆਂ ਵੱਲੋਂ ਉਡੀਕਿਆ ਜਾਂਦਾ ਕਾਲਜ ਦਾ ਸਾਹਿਤ ਉਤਸਵ ਅਤੇ ਪੁਸਤਕ ਮੇਲਾ ਇਸ ਵਾਰ 19 ਤੋਂ 23 ਨਵੰਬਰ ਤੱਕ ਲੱਗੇਗਾ। ਉਨ੍ਹਾਂ ਕਿਹਾ ਕਿ ਮੇਲਾ ਕਾਲਜ ਦੀਆਂ ਜ਼ਰੂਰੀ ਗਤੀਵਿਧੀਆਂ ਦਾ ਹਿੱਸਾ ਬਣ ਚੁਕਾ ਹੈ ਅਤੇ ਪੂਰੇ ਵਿਸ਼ਵ ’ਚ ਵੱਸਦੇ ਪੰਜਾਬੀ ਸਾਹਿਤਕਾਰ, ਚਿੰਤਕ ਅਤੇ ਕਲਾਕਾਰ ਇਸ ਮੇਲੇ ਨੂੰ ਬੇਸਬਰੀ ਨਾਲ ਉਡੀਕਦੇ ਹਨ। ਇਸ ਵਾਰ ਇਹ 9ਵਾਂ ਮੇਲਾ ਲੱਗ ਰਿਹਾ ਹੈ ਜਿਸ ਦੇ ਕੁਆਰਡੀਨੇਟਰ ਪੰਜਾਬੀ ਵਿਭਾਗ ਦੇ ਮੁਖੀ ਡਾ. ਆਤਮ ਸਿੰਘ ਰੰਧਾਵਾ ਹਨ ਜੋ ਹਰ ਪੱਖ ਤੋਂ ਤਿਆਰੀਆਂ ’ਚ ਰੁੱੱਝੇ ਹੋਏ ਹਨ।

5 ਦਿਨਾਂ ਮੇਲੇ ਦੀ ਛੀਨਾ ਕਰਨਗੇ ਪ੍ਰਧਾਨਗੀ, ਮੇਲੇ ਸਬੰਧੀ ਤਿਆਰੀਆਂ ਹੋਈਆਂ ਮੁਕੰਮਲ


 ਇਸ 9ਵੇਂ ਮੇਲੇ ਦੇ ਕੋਆਰਡੀਨੇਟਰ ਡਾ. ਆਤਮ ਸਿੰਘ ਰੰਧਾਵਾ ਨੇ ਕਿਹਾ ਕਿ ਅੱਜ ਮੇਲੇ ’ਚ ਆਉਣ ਵਾਲੇ ਪ੍ਰਕਾਸ਼ਕਾਂ ਨੇ 150 ਦੇ ਕਰੀਬ ਸਟਾਲ ਬੁੱਕ ਕਰਵਾ ਲਏ ਹਨ। ਇਸ ਤੋਂ ਇਲਾਵਾ ਸੱਭਿਆਚਾਰਕ ਅਤੇ ਵਿਰਾਸਤੀ ਸਮੱਗਰੀ ਨਾਲ ਸਬੰਧਿਤ ਪ੍ਰਬੰਧਕਾਂ ਨੇ ਵੀ 50 ਦੇ ਕਰੀਬ ਸਟਾਲ ਬੁੱਕ ਕਰਵਾ ਲਏ ਹਨ। ਇਸ 5 ਦਿਨਾਂ ਮੇਲੇ ’ਚ 150 ਦੇ ਕਰੀਬ ਸਾਹਿਤਕਾਰ, ਕਵੀ, ਚਿੰਤਕ ਅਤੇ ਕਲਾਕਾਰ ਭਾਗ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਉਕਤ ਮੇਲੇ ਸਬੰਧੀ ਸਮੂੰਹ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਮੇਲੇ ਦੇ ਹਰ ਦਿਨ ਸ਼ਾਮ ਨੂੰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਹੋਇਆ ਕਰਨਗੇ ਜਿਸ ’ਚ ਗਿੱਧਾ, ਭੰਗੜਾ, ਲੋਕ-ਗੀਤ ਆਦਿ ਦੀਆਂ ਪੇਸ਼ਕਾਰੀਆਂ ਹੋਇਆ ਕਰਨਗੀਆਂ। ਪੂਰੇ ਵਿਸ਼ਵ ’ਚ ਰਹਿ ਰਹੇ ਪੰਜਾਬੀ ਪਿਆਰਿਆਂ ਲਈ ਮੇਲੇ ਦੀਆਂ ਸਾਰੀਆਂ ਗਤੀਵਿਧੀਆਂ ਨੂੰ ਸੋਸ਼ਲ ਮੀਡੀਆ ਦੇ ਵੱਖ-ਵੱਖ ਚੈਨਲਾਂ ਰਾਹੀਂ ਲਾਈਵ ਦਿਖਾਇਆ ਜਾਵੇਗਾ। ਇਸ ਮੇਲੇ ’ਚ ਖਾਣ-ਪੀਣ ਦੇ ਸਟਾਲ ਵੱਖਰੇ ਤੌਰ ’ਤੇ ਵੱਡੇ ਪੱਧਰ ’ਤੇ ਲੱਗਣਗੇ।
 ਇਸ ਮੇਲੇ ਦੌਰਾਨ ਵਿਸ਼ਵ ਪ੍ਰਸਿੱਧ ਕਾਮੇਡੀਅਨ ਕਲਾਕਾਰ ਗੁਰਪ੍ਰੀਤ ਸਿੰਘ ਘੁੱਗੀ ਦਰਸ਼ਕਾਂ ਨਾਲ ਰੂਬਰੂ ਹੋਣਗੇ। ਇਸ ਸਮੇਂ ਸੁਖਨ ਦੇ ਸੂਰਜ : ਸੁਰਜੀਤ ਪਾਤਰ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਜਾਵੇਗਾ ਜਿਸ ਦੀ ਪ੍ਰਧਾਨਗੀ ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਦੇ ਡਾਇਰੈਕਟਰ ਸਵਰਨਜੀਤ ਸਿੰਘ ਸਵੀ ਕਰਨਗੇ ਅਤੇ ਮੁੱਖ ਮਹਿਮਾਨ ਜਸਵੰਤ ਸਿਘ ਜ਼ਫ਼ਰ, ਡਾਇਰੈਕਟਰ, ਭਾਸ਼ਾ ਵਿਭਾਗ ਪੰਜਾਬ ਹੋਣਗੇ। ਵਿਸ਼ੇਸ਼ ਮਹਿਮਾਨ ਡਾ. ਕੁਲਜੀਤ ਸਿੰਘ ਜੰਜੂਆ (ਕੈਨੇਡਾ) ਅਤੇ ਪਰਮਿੰਦਰ ਸੋਢੀ (ਜਪਾਨ) ਹੋਣਗੇ। ਇਸ ਕਵੀ ਦਰਬਾਰ ਵਿਚ ਪੰਜਾਬ ਦੇ ਪ੍ਰਸਿੱਧ ਕਵੀ ਆਪਣਾ ਕਲਾਮ ਪੇਸ਼ ਕਰਨਗੇ।ਸ਼ਾਮ ਦੇ ਸੱਭਿਆਚਾਰਕ ਪ੍ਰੋਗਰਾਮ ਵਿਚ ਪੰਜਾਬੀ ਗਾਇਕਾ ਗਲੋਰੀ ਬਾਵਾ ਆਪਣੇ ਫਨ ਦਾ ਮੁਜ਼ਾਹਰਾ ਕਰਨਗੇ।
 ਮੇਲੇ ਦੇ ਦੂਜੇ ਅਤੇ ਤੀਜੇ ਦਿਨ 20 ਤੋਂ 21 ਨਵੰਬਰ ਨੂੰ ‘ਪੰਜਾਬ ਦੀ ਵੰਡ : ਪੁਨਰ ਚਿੰਤਨ’ ਵਿਸ਼ੇ ’ਤੇ ਆਈ. ਸੀ. ਐਸ. ਐਸ. ਆਰ ਵੱਲੋਂ ਸਪੌਂਸਰਡ ਦੋ ਦਿਨਾਂ ਰਾਸ਼ਟਰੀ ਸੈਮੀਨਾਰ ਦਾ ਆਯੋਜਨ ਕੀਤਾ ਜਾਵੇਗਾ ਜਿਸ ਦੀ ਪ੍ਰਧਾਨਗੀ ਖਾਲਸਾ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ ਕਰਨਗੇ। ਸੈਮੀਨਾਰ ਦਾ ਕੁੰਜੀਵਤ ਭਾਸ਼ਣ ਡਾ. ਸੁਖਦੇਵ ਸਿੰਘ ਸੋਹਲ  ਸਾਬਕਾ ਪ੍ਰੋਫੈਸਰ, ਇਤਿਹਾਸ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇਣਗੇ ਅਤੇ ਡਾ. ਰਵੇਲ ਸਿੰਘ ਸਕੱਤਰ ਜਨਰਲ, ਪੰਜਾਬ ਕਲਾ ਪਰਿਸ਼ਦ, ਚੰਗੀਗੜ੍ਹ ਮੁੱਖ ਮਹਿਮਾਨ ਹੋਣਗੇ। ਵਿਸ਼ੇਸ਼ ਮਹਿਮਾਨ ਵਜੋਂ ਅਮਰਜੀਤ ਸਿੰਘ ਗਰੇਵਾਲ, ਸ੍ਰੀ ਅਸ਼ਵਨੀ ਚੈਟਲੇ, ਸਵਰਨਜੀਤ ਸਵੀ, ਜਸਵੰਤ ਸਿੰਘ ਜ਼ਫਰ ਸ਼ਿਰਕਤ ਕਰਨਗੇ।ਬਾਅਦ ਵਿੱਚ ਸੈਮੀਨਾਰ ਦੇ ਵੱਖ-ਵੱਖ ਅਕਾਦਮਿਕ ਸੈਸ਼ਨ ਚੱਲਣਗੇ ਜਿਨਾਂ ਵਿੱਚ ਪੰਜਾਬੀ ਵਿਦਵਾਨ ਆਪਣੇ ਖੋਜ-ਪੱਤਰ ਪੇਸ਼ ਕਰਨਗੇ ਅਤੇ ਪੈਨਲ ਚਰਚਾ ’ਚ ਹਿੱਸਾ ਲੈਣਗੇ। ‘ਦਿਲ ਦੀਆਂ ਗੱਲਾਂ : ਜ਼ਿੰਦਗੀ ਜ਼ਿੰਦਾਬਾਦ’ ਪ੍ਰੋਗਰਾਮ ਤਹਿਤ ਨਾਮਵਰ ਪੰਜਾਬੀ ਅਦਾਕਾਰ ਰਾਣਾ ਰਣਬੀਰ ਦਰਸ਼ਕਾਂ ਦੇ ਰੂਬਰੂ ਹੋਣਗੇ।ਦੁਪਹਿਰ ਸਮੇਂ ਪੰਜਾਬ ਦੇ ਵਿਰਾਸਤੀ ਲੋਕ-ਸਾਜ਼ਾਂ ਦੀ ਪਸ਼ਕਾਰੀ ਹੋਵੇਗੀ।ਲੋਕ ਤੇ ਸਾਹਿਤਕ ਗਾਇਕੀ ਦੇ ਰੰਗ ਨਾਮਵਰ ਗਾਇਕ ਦਵਿੰਦਰ ਪੰਡਿਤ ਪੇਸ਼ ਕਰਨਗੇ। ਸ਼ੇਰ-ਏ-ਪੰਜਾਬ ਕਲਚਰਲ ਪ੍ਰਮੋਸ਼ਨ ਕੌਂਸਲ, ਬਟਾਲਾ ਦੁਆਰਾ ਪ੍ਰੋ. ਬਲਬੀਰ ਸਿੰਘ ਕੋਹਲਾ ਅਤੇ ਉਹਨਾਂ ਦੇ ਸਾਥੀਆਂ ਦੁਆਰਾ ਬਾਬਿਆਂ ਦਾ ਭੰਗੜਾ ਪੇਸ਼ ਕੀਤਾ ਜਾਵੇਗਾ। ਇਸ ਦਿਨ ਸ. ਕੁਲਵੰਤ ਸਿੰਘ ਧਾਲੀਵਾਲ (ਯੂ.ਕੇ) ਦੁਆਰਾ ਵਰਲਡ ਕੈਂਸਰ ਕੇਅਰ ਚੇਰੀਟੇਬਲ ਸੁਸਾਇਟੀ ਵੱਲੋਂ ਕੈਂਸਰ ਜਾਂਚ ਤੇ ਜਾਗਰੂਕਤਾ ਕੈਂਪ ਲਗਾਇਆ ਜਾਵੇਗਾ।
 ਦੋ ਦਿਨਾਂ ਰਾਸ਼ਟਰੀ ਸੈਮੀਨਾਰ ਦੇ ਦੂਜੇ ਦਿਨ 21 ਨਵੰਬਰ ਨੂੰ ਪਹਿਲੇ ਅਕਾਦਮਿਕ ਸੈਸ਼ਨ ਵਿਚ ਡਾ. ਈਸ਼ਵਰ ਦਿਆਲ ਗੌੜ, ਡਾ. ਰਵਿੰਦਰ ਸਿੰਘ ਅਤੇ ਡਾ. ਅਮਰਜੀਤ ਸਿੰਘ ਵੱਖ-ਵੱਖ ਵਿਸ਼ਿਆਂ ’ਤੇ ਪੇਪਰ ਪੇਸ਼ ਕਰਨਗੇ।ਇਸ ਸੈਸ਼ਨ ਦੀ ਪ੍ਰਧਾਨਗੀ ਡਾ. ਸਰਬਜੀਤ ਸਿੰਘ, ਪ੍ਰਧਾਨ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਕਰਨਗੇ। ਇਸ ਦਿਨ 1947 ਦੀ ਵੰਡ ਸਬੰਧੀ ਚਾਰ ਅਕਾਦਮਿਕ ਸੈਸ਼ਨ ਚੱਲਣਗੇ। ਇਸ ’ਚ ਵਿਦਵਾਨ ਆਪਣੇ ਪੇਪਰ ਪੇਸ਼ ਕਰਨਗੇ।21 ਅਤੇ 22 ਨਵੰਬਰ ਨੂੰ ਸਾਹਿਤ ਅਤੇ ਪੁਸਤਕ ਮੇਲੇ ਵਿਚ ਅਦਾਰਾ ਪ੍ਰਵਚਨ ਵੱਲੋਂ ਦੋ ਦਿਨਾਂ ਕਹਾਣੀ ਗੋਸ਼ਟੀ ਵੀ ਹੋਵੇਗੀ ਜਿਸ ਦੀ ਪ੍ਰਧਾਨਗੀ ਡਾ. ਰਮਿੰਦਰ ਕੌਰ ਕਰਨਗੇ ਅਤੇ ਮੁੱਖ ਮਹਿਮਾਨ ਜਸ ਮੰਡ ਹੋਣਗੇ।ਸ਼ਾਮ ਸਮੇਂ ਅਜੈ ਔਲਖ ਅਤੇ ਸੁਰਿੰਦਰ ਸਾਗਰ ਦੁਆਰਾ ਆਪਣੀ ਗਾਇਕੀ ਦੇ ਰੰਗ ਪੇਸ਼ ਕੀਤੇ ਜਾਣਗੇ।ਨਾਮਵਰ ਲੋਕ ਗਾਇਕ ਹਰਿੰਦਰ ਸਿੰਘ ਸੋਹਲ ਵੀ ਆਪਣੀ ਗਾਇਕੀ ਦੇ ਫਨ ਦਾ ਮੁਜ਼ਾਹਰਾ ਕਰਨਗੇ। ਮਿਤੀ 22 ਨਵੰਰਬ ਮੇਲੇ ਦੇ ਚੌਥੇ ਦਿਨ ਦੁਪਹਿਰ ਸਮੇਂ ਜਸਪਾਲ ਕੌਰ ਦਿਓਲ ਵੱਲੋਂ ਨਾਟਕਕਾਰ ਬਾਦਲ ਸਰਕਾਰ ਦੇ ਨਾਟਕ ‘ਏਵਮ ਇੰਦਰਜੀਤ’ ਦੀ ਪੇਸ਼ਕਾਰੀ ਹੋਵੇਗੀ।ਬਾਅਦ ਦੁਪਹਿਰ ਪੰਜਾਬੀ ਲੋਕ ਗਾਇਕ ਪਰਮ ਨਿਮਾਣਾ ਆਪਣੀ ਗਾਇਕੀ ਦੇ ਫਨ ਦਾ ਮੁਜ਼ਾਹਰਾ ਕਰਨਗੇ ਅਤੇ ਇਸ ਤੋਂ ਬਾਅਦ ਪੰਜਾਬੀ ਲੋਕ—ਨਾਚ ਗਿੱਧਾ ਹੋਵੇਗਾ।
23 ਨਵੰਬਰ ਮੇਲੇ ਦੇ ਪੰਜਵੇਂ ਦਿਨ ਨਵਲਪ੍ਰੀਤ ਰੰਗੀ ਦੀ ਫਿਲਮ ‘ਪੌੜੀ’ ਦੀ ਪੇਸ਼ਕਾਰੀ ਹੋਵੇਗੀ।ਨਾਮਵਰ ਅਦਾਕਾਰ ਅਨੀਤਾ ਦੇਵਗਨ ਅਤੇ ਹਰਦੀਪ ਗਿੱਲ ਦਰਸ਼ਕਾਂ ਨਾਲ ਰੂਬਰੂ ਹੋਣਗੇ।ਗੁਰਮੁਖ ਸਿੰਘ ਅਤੇ ਉਹਨਾਂ ਦੇ ਜਥੇ ਵੱਲੋਂ ਕਵੀਸ਼ਰੀ ਪੇਸ਼ ਕੀਤੀ ਜਾਵੇਗੀ।ਮੇਲੇ ਦੀ ਵਿਦਾਇਗੀ ਲੋਕ-ਨਾਚ ਝੂਮਰ ਨਾਲ ਹੋਵੇਗੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
 

Share this News