Total views : 5504653
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਮੋਗਾ/ਬਾਰਡਰ ਨਿਊਜ ਸਰਵਿਸ/ ਬਿਹਤਰ ਜ਼ਿੰਦਗੀ ਦੀ ਆਸ ਵਿੱਚ ਮੋਗਾ ਤੋਂ ਬਹਿਰੀਨ ਗਈਆਂ ਤਿੰਨ ਮੁਟਿਆਰਾਂ ਉੱਥੇ ਇੱਕ ਸਾਲ ਤੱਕ ਨਰਕ ਵਰਗੀ ਜ਼ਿੰਦਗੀ ਭੋਗਣ ਮਗਰੋਂ ਆਖ਼ਰਕਾਰ ਪੰਜਾਬ ਆਪਣੇ ਘਰ ਪਰਤ ਆਈਆਂ ਹਨ। ਇਹ ਤਿੰਨੋਂ ਮੁਟਿਆਰਾਂ ਗਰੀਬ ਪਰਿਵਾਰਾਂ ਨਾਲ ਸਬੰਧ ਰੱਖਦੀਆਂ ਹਨ, ਜਿਨ੍ਹਾਂ ਦੇ ਮਾਤਾ-ਪਿਤਾ ਨੇ ਇਸ ਆਸ ਨਾਲ ਇਨ੍ਹਾਂ ਨੂੰ ਬਹਿਰੀਨ ਭੇਜਿਆ ਸੀ ਕਿ ਉਹ ਉੱਥੇ ਕਮਾਈ ਕਰ ਕੇ ਆਪਣਾ ਤੇ ਆਪਣੇ ਪਰਿਵਾਰ ਦਾ ਆਰਥਿਕ ਸਹਾਰਾ ਬਣ ਸਕਣਗੀਆਂ।
ਬਹਿਰੀਨ ਤੋਂ ਪਰਤੀਆਂ ਮੁਟਿਆਰਾਂ ਨੇ ਪੰਜਾਬ ਪਹੁੰਚ ਕੇ ਦੱਸਿਆ ਕਿ ਕਿਵੇਂ ਉੱਥੇ ਉਨ੍ਹਾਂ ਨੂੰ ਨਰਕ ਵਰਗੀ ਜ਼ਿੰਦਗੀ ਜਿਊਣ ਲਈ ਮਜਬੂਰ ਕੀਤਾ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਬਹਿਰੀਨ ਪਹੁੰਚਣ ਮਗਰੋਂ ਉਨ੍ਹਾਂ ਨੂੰ ਤਿੰਨ ਵੱਖ-ਵੱਖ ਘਰਾਂ ਵਿੱਚ ਕੰਮ ’ਤੇ ਰੱਖਿਆ ਗਿਆ ਜਿੱਥੇ ਜਾਂਦੇ ਸਾਰ ਪਹਿਲਾਂ ਉਨ੍ਹਾਂ ਤੋਂ ਉਨ੍ਹਾਂ ਦੇ ਮੋਬਾਈਲ ਫੋਨ ਖੋਹ ਲਏ ਗਏ ਅਤੇ ਕਿਸੇ ਨਾਲ ਵੀ ਸੰਪਰਕ ਨਹੀਂ ਕਰਨ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਸਾਰਾ ਦਿਨ ਕੰਮ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਭਰ ਪੇਟ ਖਾਣਾ ਤੱਕ ਨਹੀਂ ਸੀ ਦਿੱਤਾ ਜਾਂਦਾ। ਉਨ੍ਹਾਂ ਇਹ ਵੀ ਦੱਸਿਆ ਕਿ ਜਿਨ੍ਹਾਂ ਲਈ ਉਹ ਕੰਮ ਕਰਦੀਆਂ ਸਨ ਉਨ੍ਹਾਂ ਵੱਲੋਂ ਅਕਸਰ ਕੁੱਟਮਾਰ ਵੀ ਕੀਤੀ ਜਾਂਦੀ ਸੀ। ਉਨ੍ਹਾਂ ਨੂੰ ਜਾਨਵਰਾਂ ਵਾਂਗ ਛੋਟੇ ਭੀੜੇ ਕਮਰਿਆਂ ਵਿੱਚ ਰੱਖਿਆ ਜਾਂਦਾ ਸੀ। ਇਸ ਦੌਰਾਨ ਮੌਕਾ ਮਿਲਣ ’ਤੇ ਉਨ੍ਹਾਂ ਆਪਣੇ ਮਾਪਿਆਂ ਨਾਲ ਸੰਪਰਕ ਕੀਤਾ ਜਿਨ੍ਹਾਂ ਕੁਝ ਲੋਕਾਂ ਦੀ ਮਦਦ ਨਾਲ ਉਨ੍ਹਾਂ ਨੂੰ ਬਹਿਰੀਨ ਤੋਂ ਪੰਜਾਬ ਲਿਆਂਦਾ ਹੈ।
ਆਪਣੇ ਕੌੜੇ ਤਜਰਬਿਆਂ ਤੋਂ ਸਹਿਮੀਆਂ ਹੋਈਆਂ ਇਨ੍ਹਾਂ ਮੁਟਿਆਰਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਪਣੀ ਆਰਥਿਕ ਹਾਲਤ ਨੂੰ ਸੁਧਾਰਨ ਲਈ ਬੱਚਿਆਂ ਨੂੰ ਹੋਰਨਾਂ ਦੇਸ਼ਾਂ ਵਿੱਚ ਨਾ ਭੇਜਣ। ਕਿਸੇ ਦੇ ਕਹਿਣ ’ਤੇ ਅਜਿਹੇ ਮੁਲਕਾਂ ਵਿੱਚ ਆਪਣੀਆਂ ਧੀਆਂ ਨੂੰ ਨਾ ਭੇਜਿਆ ਜਾਵੇ ਜਿੱਥੇ ਜਾ ਕੇ ਉਨ੍ਹਾਂ ਦੀ ਜਾਨ ਨੂੰ ਖਤਰਾ ਬਣ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਬੇਰੁਜ਼ਗਾਰੀ ਇੱਕ ਵੱਡਾ ਸਿਆਸੀ ਮੁੱਦਾ ਹੈ ਜਿਸ ਦਾ ਸਹਾਰਾ ਲੈ ਕੇ ਪਾਰਟੀਆਂ ਆਪਣੀਆਂ ਸਿਆਸੀ ਰੋਟੀਆ ਸੇਕਦੀਆ ਰਹਿੰਦੀਆ ਹਨ। ਵੱਡੀ ਗਿਣਤੀ ਬੇਰੁਜ਼ਗਾਰ ਨੌਜਵਾਨ ਸਰਕਾਰੀ ਨੌਕਰੀਆਂ ਲਈ ਵਾਰ ਵਾਰ ਅਪਲਾਈ ਕਰ ਕੇ ਪ੍ਰੇਸ਼ਾਨ ਹੋ ਚੁੱਕੇ ਹਨ ਅਤੇ ਅੰਦਰ ਤੱਕ ਟੁੱਟ ਚੁੱਕੇ ਹਨ। ਨੌਜਵਾਨ ਬੇਰੁਜ਼ਗਾਰੀ ਤੋਂ ਛੁਟਕਾਰਾ ਪਾਉਣ ਲਈ ਮਾਂ-ਪਿਓ ਦੀ ਜ਼ਮੀਨ-ਜਾਇਦਾਦ ਗਹਿਣੇ ਧਰ ਕੇ ਵਿਦੇਸ਼ਾਂ ਵਿੱਚ ਜਾ ਕੇ ਮਜ਼ੂਦੂਰੀ ਕਰਨ ਲਈ ਮਜਬੂਰ ਹੋ ਜਾਂਦੇ ਹਨ। ਕਈ ਵਾਰ ਤਾਂ ਅਜਿਹੀ ਸਥਿਤੀ ਪੈਦਾ ਹੋ ਜਾਂਦੀ ਹੈ ਕਿ ਇਧਰ ਮਾਪੇ ਤੇ ਉਧਰ ਖੁਦ ਨੌਜਵਾਨ ਸਰੀਰਕ ਤੇ ਮਾਨਸਿਕ ਸੰਤਾਪ ਭੋਗਣ ਲਈ ਮਜਬੂਰ ਹੋ ਜਾਂਦੇ ਹਨ।