ਅੰਮ੍ਰਿਤਸਰ ਪੁਲਿਸ ਨੇ ਅਮਰੀਕਾ ਅਧਾਰਿਤ ਜਸਮੀਤ ਲੱਕੀ ਵੱਲੋਂ ਚਲਾਏ ਜਾ ਰਹੇ ਨਸ਼ਾ ਤਸਕਰੀ ਰੈਕੇਟ ਦਾ ਕੀਤਾ ਪਰਦਾਫਾਸ਼; 6 ਕਿਲੋ ਹੈਰੋਇਨ ਸਮੇਤ ਦੋ ਵਿਅਕਤੀ ਗ੍ਰਿਫ਼ਤਾਰ

4675302
Total views : 5506846

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਨਸ਼ਿਆਂ ਵਿਰੁੱਧ ਵਿੱਢੀ ਜੰਗ ਦੌਰਾਨ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੇ ਨੈੱਟਵਰਕ ਨੂੰ ਵੱਡਾ ਝਟਕਾ ਦਿੰਦਿਆਂ ਪੰਜਾਬ ਪੁਲਿਸ ਵੱਲੋਂ ਅੱਜ ਅਮਰੀਕਾ ਅਧਾਰਿਤ ਤਸਕਰ ਜਸਮੀਤ ਸਿੰਘ ਉਰਫ਼ ਲੱਕੀ ਵੱਲੋਂ ਚਲਾਏ ਜਾ ਰਹੇ ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਇੱਕ ਰੈਕੇਟ ਵਿੱਚ ਸ਼ਾਮਲ ਦੋ ਵਿਅਕਤੀਆਂ ਨੂੰ 6 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਕੇ ਇਸ ਰੈਕਟ ਦਾ ਪਰਦਾਫਾਸ਼ ਕੀਤਾ ਗਿਆ ਹੈ।

 ਡਰੱਗ ਸਪਲਾਇਰਾਂ, ਡੀਲਰਾਂ ਅਤੇ ਉਨ੍ਹਾਂ ਦੇ ਖਰੀਦਦਾਰਾਂ ਦੇ ਪੂਰੇ ਨੈਟਵਰਕ ਦਾ ਪਤਾ ਲਗਾਉਣ ਲਈ ਜਾਂਚ ਜਾਰੀ: ਸੀਪੀ ਗੁਰਪ੍ਰੀਤ ਭੁੱਲਰ

ਪੁਲਿਸ ਕਮਿਸ਼ਨਰ (ਸੀਪੀ) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਗ੍ਰਿਫ਼ਤਾਰ ਕੀਤੇ ਗਏ ਨਸ਼ਾ ਤਸਕਰਾਂ ਦੀ ਪਛਾਣ ਮਹਿੰਦਰਪਾਲ ਸਿੰਘ ਵਾਸੀ ਮਾਡਲ ਟਾਊਨ, ਹੁਸ਼ਿਆਰਪੁਰ ਅਤੇ ਸੌਰਵ ਸ਼ਰਮਾ ਵਾਸੀ ਪੰਜ ਪਿੱਪਲੀ ਚੰਦ ਨਗਰ, ਹੁਸ਼ਿਆਰਪੁਰ ਵਜੋਂ ਕੀਤੀ।
ਹੈਰੋਇਨ ਬਰਾਮਦ ਕਰਨ ਤੋਂ ਇਲਾਵਾ ਪੁਲਿਸ ਟੀਮਾਂ ਨੇ ਉਸਦੀ ਹੁੰਡਈ ਆਈ-20 ਕਾਰ (ਪੀ.ਬੀ.91ਜੇ 5186) ਜਿਸ ਵਿੱਚ ਉਹ ਹੈਰੋਇਨ ਦੀ ਖੇਪ ਸਪਲਾਈ ਕਰਨ ਜਾ ਰਹੇ ਸਨ, ਨੂੰ ਵੀ ਜ਼ਬਤ ਕਰ ਲਿਆ ਹੈ।


ਸੀ.ਪੀ. ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਿਸ ਨੂੰ ਭਰੋਸੇਯੋਗ ਸੂਹ ਮਿਲੀ ਸੀ ਕਿ ਜਸਮੀਤ ਲੱਕੀ ਦੇ ਸਾਥੀਆਂ ਨੇ ਸਰਹੱਦ ਪਾਰੋਂ ਪਾਕਿ ਤਸਕਰਾਂ ਵੱਲੋਂ ਭੇਜੀ ਗਈ ਹੈਰੋਇਨ ਦੀ ਖੇਪ ਪ੍ਰਾਪਤ ਕਰ ਲਈ ਹੈ ਅਤੇ ਉਹ ਇਹ ਖੇਪ ਕਿਸੇ ਵਿਅਕਤੀ ਤੱਕ ਪਹੁੰਚਾਉਣ ਜਾ ਰਹੇ ਹਨ, ਇਸ ਸੂਚਨਾ ‘ਤੇ ਕਾਰਵਾਈ ਕਰਦਿਆਂ ਏਡੀਸੀਪੀ ਸਿਟੀ-3 ਅਭਿਮਨਿਊ ਰਾਣਾ ਆਈਪੀਐਸ ਦੀ ਨਿਗਰਾਨੀ ਹੇਠ ਸੀ.ਆਈ.ਏ. ਸਟਾਫ਼-3 ਦੀਆਂ ਪੁਲਿਸ ਟੀਮਾਂ ਨੇ ਅਟਾਰੀ ਰੋਡ ਸਥਿਤ ਪਿੰਡ ਬੁਰਜ ਦੇ ਖੇਤਰ ਵਿੱਚ ਵਿਸ਼ੇਸ਼ ਪੁਲੀਸ ਚੈਕਿੰਗ ਕੀਤੀ ਅਤੇ ਉਕਤ ਦੋਵਾਂ ਮੁਲਜ਼ਮਾਂ ਨੂੰ ਉਸ ਵੇਲੇ ਕਾਬੂ ਕੀਤਾ ਜਦੋਂ ਉਹ ਖੇਪ ਪ੍ਰਾਪਤ ਕਰਨ ਉਪਰੰਤ ਆਪਣੀ ਆਈ-20 ਕਾਰ ਵਿੱਚ ਉਡੀਕ ਕਰ ਰਹੇ ਸਨ।

ਉਨ੍ਹਾਂ ਦੱਸਿਆ ਕਿ ਮੁੱਢਲੀ ਪੜਤਾਲ ਅਨੁਸਾਰ ਉਕਤ ਮੁਲਜ਼ਮ ਅਮਰੀਕਾ ਅਧਾਰਿਤ ਤਸਕਰ ਜਸਮੀਤ ਲੱਕੀ ਦੇ ਸਿੱਧੇ ਸੰਪਰਕ ਵਿੱਚ ਸਨ ਅਤੇ ਪਾਕਿਸਤਾਨ ਤੋਂ ਹੈਰੋਇਨ ਦੀ ਖੇਪ ਪ੍ਰਾਪਤ ਕਰਕੇ ਸੂਬੇ ਭਰ ਵਿੱਚ ਸਪਲਾਈ ਕਰਦੇ ਸਨ।

ਸੀ.ਪੀ. ਭੁੱਲਰ ਨੇ ਕਿਹਾ ਕਿ ਇਸ ਮਾਮਲੇ ਦੇ ਅਗਲੇ-ਪਿਛਲੇ ਸਬੰਧਾਂ ਦੀ ਜਾਂਚ ਕਰਨ ਅਤੇ ਡਰੱਗ ਸਪਲਾਇਰਾਂ, ਡੀਲਰਾਂ ਅਤੇ ਉਨ੍ਹਾਂ ਦੇ ਖਰੀਦਦਾਰਾਂ ਦੇ ਪੂਰੇ ਨੈਟਵਰਕ ਦਾ ਪਰਦਾਫਾਸ਼ ਕਰਨ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਵੱਲੋਂ ਹੁਣ ਤੱਕ ਨਸ਼ੀਲੇ ਪਦਾਰਥਾਂ ਦੀ ਖਰੀਦੀ ਗਈ ਕੁੱਲ ਮਾਤਰਾ ਦਾ ਪਤਾ ਲਗਾਉਣ ਲਈ ਯਤਨ ਕੀਤੇ ਜਾ ਰਹੇ ਹਨ।
ਇਸ ਸਬੰਧੀ ਐਫਆਈਆਰ ਨੰ. 260 ਮਿਤੀ 26.11.2023 ਨੂੰ ਥਾਣਾ ਛੇਹਰਟਾ, ਅੰਮ੍ਰਿਤਸਰ ਵਿਖੇ ਐਨ.ਡੀ.ਪੀ.ਐਸ. ਐਕਟ ਦੀਆਂ ਧਾਰਾਵਾਂ 21, 23, 25 ਅਤੇ 29 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

Share this News