Total views : 5507076
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾ
ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀ ਲਗਾਤਾਰ ਵੱਧ ਰਹੀਆਂ ਘਟਨਾਵਾਂ ਨੂੰ ਸਖਤੀ ਨਾਲ ਰੋਕਣ ਦੀਆਂ ਦਿੱਤੀਆਂ ਹਦਾਇਤਾਂ ਦੇ ਬਾਵਜੂਦ ਅੱਜ ਡਿਪਟੀ ਕਮਿਸ਼ਨਰ ਸ੍ਰੀ ਘਣਸ਼ਾਮ ਥੋਰੀ ਪਿੰਡ ਇੱਬਣ ਵਿਖੇ ਪਰਾਲੀ ਨੂੰ ਅੱਗ ਲੱਗਣ ਦੀ ਸੂਚਨਾ ਮਿਲਣ ਉਤੇ ਅੱਗ ਬੁਝਾਊ ਅਮਲੇ ਦੀਆਂ ਗੱਡੀਆਂ ਤੇ ਅਧਿਕਾਰੀਆਂ ਨੂੰ ਨਾਲ ਲੈ ਕੇ ਮੌਕੇ ਉਤੇ ਪੁੱਜੇ। ਉਨਾਂ ਆਪਣੀ ਅਗਵਾਈ ਵਿਚ ਜਿੱਥੇ ਅੱਗ ਬੁਝਾਈ, ਉਥੇ ਖੇਤ ਮਾਲਕ ਨੂੰ ਮੌਕੇ ਉਤੇ ਬੁਲਾ ਕੇ ਅਜਿਹਾ ਕਰਨ ਤੋਂ ਰੋਕਿਆ ਤੇ ਅਪੀਲ ਕੀਤੀ ਕਿ ਸਾਰੇ ਕਿਸਾਨ ਪਰਾਲੀ ਨੂੰ ਅੱਗ ਨਾ ਲਗਾਉਣ। ਉਨਾਂ ਕਿਹਾ ਕਿ ਸੁਪਰੀਮ ਕੋਟ, ਕੇਂਦਰ ਸਰਕਾਰ ਦੇ ਏਅਰ ਕੁਆਲਟੀ ਕਮਿਸ਼ਨਰ ਤੇ ਨੈਸ਼ਨਲ ਗਰੀਨ ਟ੍ਰਿਬਿਊਨਲ ਇਸ ਮੁੱਦੇ ਉਤੇ ਬਹੁਤ ਸਖਤ ਹੈ, ਪਰ ਅਸੀਂ ਆਪਣੇ ਕਿਸਾਨ ਭਰਾਵਾਂ ਨੂੰ ਬਹੁਤ ਪਿਆਰ ਨਾਲ ਸਮਝਾ ਰਹੇ ਹਾਂ, ਨਹੀਂ ਤਾਂ ਸਾਨੂੰ ਵੀ ਸਖਤੀ ਕਰਨ ਲਈ ਮਜ਼ਬੂਰ ਹੋਣਾ ਪਵੇਗਾ।
ਕਿਸਾਨਾਂ ਨੂੰ ਕੀਤੀ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਅਪੀਲ
ਉਨਾਂ ਕਿਹਾ ਕਿ ਮੇਰੇ ਸਮੇਤ ਜਿਲੇ ਦੇ ਸਾਰੇ ਵਧੀਕ ਡਿਪਟੀ ਕਮਿਸ਼ਨਰ, ਐਸ ਡੀ ਐਮ, ਤਹਿਸੀਲਦਾਰ, ਖੇਤੀ ਅਧਿਕਾਰੀ, ਪ੍ਰਦੂਸ਼ਣ ਵਿਭਾਗ ਅਤੇ ਇੰਨਾ ਤੋਂ ਇਲਾਵਾ ਪਰਾਲੀ ਦੀ ਅੱਗ ਨੂੰ ਰੋਕਣ ਲਈ ਜਿਲ੍ਹੇ ਵਿਚ ਲਗਾਏ ਗਏ 275 ਨੋਡਲ ਅਧਿਕਾਰੀ ਤੇ 55 ਕਲਸਟਰ ਅਫਸਰ ਇਸ ਕੰਮ ਵਿਚ ਲੱਗੇ ਹੋਏ ਹਨ, ਜਿਸ ਨਾਲ ਸਾਡੇ ਦਫਤਰਾਂ ਦੇ ਕੰਮ ਵੀ ਪ੍ਰਭਾਵਿਤ ਹੋਏ ਹਨ। ਉਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਪਰਾਲੀ ਇਕੱਠੀ ਕਰਨ ਅਤੇ ਉਸ ਨੂੰ ਖੇਤ ਵਿਚ ਵਾਹੁਣ ਲਈ ਹੈਪੀ ਸੀਡਰ, ਸੁਪਰ ਸੀਡਰ, ਸਰਫੇਸ ਸੀਡਰ ਵਰਗੇ ਸੰਦ ਦਿੱਤੇ ਹੋਏ ਹਨ। ਇਸ ਲਈ ਕਿਸਾਨ ਇੰਨਾ ਸੰਦਾਂ ਦੀ ਵਰਤੋਂ ਕਰਦੇ ਹੋਏ ਪਰਾਲੀ ਨੂੰ ਖੇਤਾਂ ਵਿਚ ਵਾਹੁਣ ਨਾ ਕਿ ਅੱਗ ਲਗਾਉਣ।
ਉਨਾਂ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਦੋਵੇਂ ਇਸ ਵਿਸ਼ੇ ਉਤੇ ਬਹੁਤ ਗੰਭੀਰ ਹਨ, ਜਿਸ ਨੂੰ ਵੇਖਦੇ ਹੋਏ ਸਾਡੀ ਕੋਸ਼ਿਸ਼ ਵਾਤਾਵਰਣ ਬਚਾਉਣ ਲਈ ਲੱਗੇ ਹੋਏ ਹਨ, ਪਰ ਇਹ ਤਾਂ ਹੀ ਸੰਭਵ ਹੈ ਜੇਕਰ ਕਿਸਾਨ ਇਸ ਮੁੱਦੇ ਉਤੇ ਆਪਣੇ ਆਪ ਦਾ ਸਾਥ ਦਿੰਦੇ ਹੋਏ ਧਰਤੀ ਮਾਂ ਨੂੰ ਬੰਜ਼ਰ ਹੋਣ ਤੋਂ ਬਚਾਉਣ ਲਈ ਅੱਗੇ ਆਉਣ ਤੇ ਪਰਾਲੀ ਨੂੰ ਖੇਤਾਂ ਵਿਚ ਵਾਹੁਣ।
ਇਸ ਮੌਕੇ ਕਿਸਾਨ ਨੇ ਵੀ ਆਪਣੀ ਗਲਤੀ ਸਵੀਕਾਰ ਕਰਦੇ ਹੋਏ ਕਿਹਾ ਕਿ ਉਹ ਅੱਗੇ ਤੋਂ ਅਜਿਹਾ ਨਹੀਂ ਕਰੇਗਾ ਅਤੇ ਆਪਣੀ ਪਰਾਲੀ ਨੂੰ ਖੇਤਾਂ ਵਿਚ ਵਾਹ ਕੇ ਖੇਤਾਂ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਲਈ ਵਰਤੇਗਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ, ਐਸ ਡੀ ਐਮ ਸ੍ਰੀ ਨਿਕਾਸ ਕੁਮਾਰ, ਐਸ ਪੀ ਸ੍ਰੀ ਹਰਪ੍ਰਤਾਪ ਸਿੰਘ ਸਹੋਤਾ, ਜਿਲਾ ਖੇਤੀ ਅਧਿਕਾਰੀ ਸ. ਜਤਿੰਦਰ ਸਿੰਘ ਗਿੱਲ, ਤਹਿਸੀਲਦਾਰ ਸ੍ਰੀ ਅਮਰਜੀਤ ਸਿੰਘ, ਐਕਸੀਅਨ ਪ੍ਰਦੂਸ਼ਣ ਕੰਟਰੋਲ ਬੋਰਡ ਸ੍ਰੀ ਸੁਖਦੇਵ ਸਿੰਘ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਕੇ ਉਤੇ ਪੁੱਜੇ ਹੋਏ ਸਨ।