Total views : 5506734
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਬਠਿੰਡਾ/ਅਸ਼ੋਕ ਵਰਮਾ
ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਤੋਂ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਿਤ ਰਤਨ ਨੇ ਡਿਪਟੀ ਕਮਿਸ਼ਨਰ ਬਠਿੰਡਾ ਖਿਲਾਫ ਕਾਰਵਾਈ ਨਾਂ ਕਰਨ ਦੇ ਮਾਮਲੇ ’ਚ ਹੁਣ ਐਸ ਐਸ ਪੀ ਬਠਿੰਡਾ ਨਾਲ ਸਿੰਗ ਫਸਾ ਲਏ ਹਨ। ਵਿਧਾਇਕ ਨੇ ਸੀਨੀਅਰ ਪੁਲਿਸ ਕਪਤਾਨ ਬਠਿੰਡਾ ਗੁਲਨੀਤ ਸਿੰਘ ਖੁਰਾਣਾ ਦੀ ਉਨ੍ਹਾਂ ਦੇ ਨਾਮ ਹੇਠ ਏਡੀਜੀਪੀ ਬਠਿੰਡਾ ਰੇਂਜ ਅਤੇ ਫਰੀਦਕੋਟ ਡਵੀਜ਼ਨ ਦੇ ਕਮਿਸ਼ਨਰ ਨੂੰ ਲਿਖਤੀ ਸ਼ਕਾਇਤ ਕੀਤੀ ਹੈ। ਵਿਧਾਇਕ ਨੇ ਇਸ ਤੋਂ ਪਹਿਲਾਂ ਐਸ ਐਸ ਪੀ ਨੂੰ ਡਿਪਟੀ ਕਮਿਸ਼ਨਰ ਖਿਲਾਫ ਸ਼ਕਾਇਤ ਦੇਕੇ ਕਾਰਵਾਈ ਦੀ ਮੰਗ ਕੀਤੀ ਸੀ। ਕਿਸੇ ਚੁਣੇ ਹੋਏ ਨੁਮਾਇੰਦੇ ਉਹ ਵੀ ਸੱਤਾਧਾਰੀ ਪਾਰਟੀ ਦੇ ਵਿਧਾਇਕ ਦਾ ਇਹ ਪਹਿਲਾ ਮਾਮਲਾ ਹੈ ਜਿਸ ਨੇ ਪ੍ਰਸ਼ਾਸ਼ਨ ਦੇ ਦੋ ਸੀਨਅਰ ਅਫਸਰਾਂ ਨਾਲ ਪੇਚਾ ਪਾਇਆ ਹੈ ਜੋ ਤੂਲ ਫੜਦਾ ਦਿਖਾਈ ਦੇ ਰਿਹਾ ਹੈ।
ਇਸ ਮਾਮਲੇ ਨੂੰ ਲੈਕੇ ਬਠਿੰਡਾ ਪੁਲਿਸ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਵੱਲੋਂ ਵੀ ਆਪਣੀ ਪ੍ਰਤੀਕਿਰਿਆ ਪੂਰੇ ਨਪੇ ਤੋਲੇ ਸ਼ਬਦਾਂ ਵਿੱਚ ਦਿੱਤੀ ਜਾ ਰਹੀ ਹੈ। ਅਮਿਤ ਰਤਨ ਵੱਲੋਂ ਕੀਤੀ ਐਸ ਐਸ ਪੀ ਦੀ ਸ਼ਕਾਇਤ ਨੇ ਇੱਕ ਗੱਲ ਤਾਂ ਸਾਫ ਕਰ ਦਿੱਤੀ ਹੈ ਕਿ ਵਿਧਾਇਕ ਅਜੇ ਅਫਸਰਸ਼ਾਹੀ ਨਾਲ ਹੋਰ ਲੜਾਈ ਲੜਨ ਦੇ ਰੌਂਅ ਵਿੱਚ ਹਨ। ਹਾਲਾਂਕਿ ਵਿਧਾਇਕ ਅਮਿੱਤ ਰਤਨ ਨੇ ਫਿਲਹਾਲ ਸਿੱਧੇ ਤੌਰ ਤੇ ਕੋਈ ਅਜਿਹੀ ਗੱੱਲ ਨਹੀਂ ਕੀਤੀ ਪਰ ਉਨ੍ਹਾਂ ਦੇ ਵਤੀਰੇ ਨੂੰ ਦੇਖਦਿਆਂ ਇਹ ਮਾਮਲਾ ਆਉਣ ਵਾਲੇ ਦਿਨਾਂ ਦੌਰਾਨ ਅਦਾਲਤ ’ਚ ਪੁੱਜਣ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ ਹੈ। ਵਿਧਾਇਕ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਐਸਐਸਪੀ ਤੋਂ ਡਿਪਟੀ ਕਮਿਸ਼ਨਰ ਖਿਲਾਫ ਐਸਸੀ-ਐਸ ਟੀ ਐਕਟ ਤਹਿਤ ਐਫ ਆਈ ਆਰ ਦਰਜ਼ ਕਰਨ ਦੀ ਮੰਗ ਕੀਤੀ ਸੀ ਜੋ ਅਜੇ ਤੱਕ ਪੂਰੀ ਨਹੀਂ ਹੋਈ ਹੈ।
ਉਨ੍ਹਾਂ ਕਿਹਾ ਕਿ ਇਹ ਦਲਿਤ ਵਰਗ ਦੇ ਮਾਣ ਸਨਮਾਨ ਦਾ ਮਾਮਲਾ ਹੈ ਜਿਸ ਦੀ ਲੜਾਈ ਉਹ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚੁਣੇ ਹੋਏ ਵਿਧਾਇਕਾਂ ਨੂੰ ਪੂਰਾ ਮਾਣ ਸਨਮਾਨ ਦੇਣ ਲਈ ਪੱਤਰ ਜਾਰੀ ਕੀਤਾ ਹੋਇਆ ਹੈ ਫਿਰ ਵੀ ਬਠਿੰਡਾ ਪ੍ਰਸ਼ਾਸ਼ਨ ਦਲਿਤਾਂ ਦੀ ਅਣਦੇਖੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਵਿਧਾਇਕ ਹਨ ਤਾਂ ਇਹ ਹਾਲ ਜਦੋਂਕਿ ਆਮ ਆਦਮੀ ਨਾਲ ਕੀਹੁੰਦਾ ਹੋਵੇਗਾ ਇਸ ਦਾ ਸਹਿਜ਼ੇ ਅੰਦਾਜ਼ਾ ਲਾਇਆ ਜਾ ਸਕਦਾ ਹੈ। ਵਿਧਾਇਕ ਨੇ ਦੋਵਾਂ ਉੱਚ ਅਧਿਕਾਰੀਆਂ ਨੂੰ ਭੇਜੀ ਆਪਣੀ ਤਾਜਾ ਸ਼ਕਾਇਤ ’ਚ ਦੱਸਿਆ ਹੈ ਕਿ ਉਨ੍ਹਾਂ ਨੇ ਐਸ ਐਸ ਪੀ ਬਠਿੰਡਾ ਨੂੰ ਲੰਘੀ 25 ਅਕਤੂਬਰ ਨੂੰ ਡਿਪਟੀ ਕਮਿਸ਼ਨਰ ਖਿਲਾਫ ਪੁਲਿਸ ਕੇਸ ਦਰਜ਼ ਕਰਨ ਲਈ ਲਿਖਤੀ ਸ਼ਕਾਇਤ ਦਿੱਤੀ ਸੀ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ।
ਉਨ੍ਹਾਂ ਆਪਣੀ ਇੱਕ ਅੰਗਰੇਜ਼ੀ ਅਖਬਾਰ ਦੇ ਹਵਾਲੇ ਨਾਲ ਆਪਣੀ ਸ਼ਕਾਇਤ ’ਚ ਕਿਹਾ ਕਿ ਉਨ੍ਹਾਂ ਨੂੰ ਜਾਪਦਾ ਹੈ ਕਿ ਐਸ ਐਸ ਪੀ ਡਿਪਟੀ ਕਮਿਸ਼ਨਰ ਦੇ ਦਬਾਅ ਹੇਠ ਹਨ। ਉਨ੍ਹਾਂ ਕਿਹਾ ਕਿ ਇਹੋ ਕਾਰਨ ਹੈ ਕਿ ਐਸ ਐਸ ਪੀ ਅਜੇ ਤੱਕ ਉਨ੍ਹਾਂ ਨੂੰ ਡਿਪਟੀ ਕਮਿਸ਼ਨਰ ਖਿਲਾਫ ਦਰਜ਼ ਐਫ ਆਈ ਆਰ ਦੀ ਕਾਪੀ ਨਹੀਂ ਮੁਹੱਈਆ ਕਰਵਾ ਸਕੇ ਹਨ। ਵਿਧਾਇਕ ਨੇ ਉੱਚ ਅਧਿਕਾਰੀਆਂ ਨੂੰ ਭੇਜੀ ਸ਼ਕਾਇਤ ਦੇ ਨਾਲ ਅਖਬਾਰ ’ਚ ਪ੍ਰਕਾਸ਼ਿਤ ਖਬਰ ਦੀ ਕਟਿੰਗ ਵੀ ਨਾਲ ਨੱਥੀ ਕੀਤੀ ਹੈ। ਗੌਰਤਲਬ ਹੈ ਕਿ ਜਿਲ੍ਹਾ ਖੇਤੀਬਾੜੀ ਵਿਭਾਗ ਨੇ ਲੰਘੀ 14 ਅਕਤੂਬਰ ਨੂੰ ਖੇਤੀ ਮੇਲਾ ਕਰਵਾਇਆ ਸੀ ਜਿਸ ਦਾ ਉਦਘਾਟਨ ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮ ਪਰੇ ਵੱਲੋਂ ਕੀਤਾ ਗਿਆ ਸੀ।
ਬਠਿੰਡਾ ਸ਼ਹਿਰੀ ਹਲਕੇ ਦੇ ਵਿਧਾਇਕ ਜਗਰੂਪ ਗਿੱਲ , ਹਲਕਾ ਰਾਮਪੁਰਾ ਦੇ ਵਿਧਾਇਕ ਬਲਕਾਰ ਸਿੱਧੂ ਅਤੇ ਹਲਕਾ ਭੁੱਚੋ ਦੇ ਮਾਸਟਰ ਜਗਸੀਰ ਸਿੰਘ ਨੇ ਇਸ ਖੇਤੀ ਮੇਲੇ ’ਚ ਸ਼ਮੂਲੀਅਤ ਕੀਤੀ ਸੀ। ਵਿਧਾਇਕ ਅਮਿਤ ਰਤਨ ਦਾ ਕਹਿਣਾ ਹੈ ਕਿ ਇਸ ਸਮਾਗਮ ਲਈ ਸੱਦਾ ਪੱਤਰ ਦੇ ਤੌਰ ਤੇ ਜੋ ਕਾਰਡ ਛਪਵਾਏ ਗਏ ਸਨ ਉਨ੍ਹਾਂ ਤੇ ਬਠਿੰਡਾ ਜਿਲ੍ਹੇ ਨਾਲ ਸਬੰਧਤ ਛੇ ਵਿਧਾਇਕਾਂ ਦੇ ਨਾਮ ਛਪੇ ਹੋਏ ਸਨ। ਉਨ੍ਹਾਂ ਦੱਸਿਆ ਕਿ ਅਚਾਨਕ ਖੇਤੀ ਬਾੜੀ ਵਿਭਾਗ ਨੇ ਨਵਾਂ ਕਾਰਡ ਛਪਵਾ ਲਿਆ ਜਿਸ ਚੋਂ ਉਨ੍ਹਾਂ ਦਾ ਨਾਮ ਕੱਟ ਦਿੱਤਾ। ਵਿਧਾਇਕ ਦਾ ਕਹਿਣਾ ਹੈ ਕਿ ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਉਨ੍ਹਾਂ ਦਾ ਸਬੰਧ(ਦਲਿਤ ) ਅਨੂਸੂਚਿਤ ਜਾਤੀ ਨਾਲ ਹੋਣ ਕਰਕੇ ਬੇਇੱਜ਼ਤ ਕੀਤਾ ਗਿਆ ਹੈ।
ਵਿਧਾਇਕ ਨੇ ਇਸ ਕੱਟ ਵੱਢ ਨੂੰ ਆਪਣੀ ਹੇਠੀ ਮੰਨਦਿਆਂ ਡਿਪਟੀ ਕਮਿਸ਼ਨਰ ਖਿਲਾਫ ਪੁਲਿਸ ਕੇਸ ਦਰਜ਼ ਕਰਨ ਲਈ ਸੀਨੀਅਰ ਪੁਲਿਸ ਕਪਤਾਨ ਬਠਿੰਡਾ ਨੂੰ ਸ਼ਕਾਇਤ ਕਰ ਦਿੱਤੀ। ਵਿਧਾਇਕ ਨੇ ਦਿੱਤੀ ਆਪਣੀ ਸ਼ਕਾਇਤ ’ਚ ਦੋਸ਼ ਲਾਏ ਸਨ ਕਿ ਡਿਪਟੀ ਕਮਿਸ਼ਨਰ ਨੇ ਇੱਕ ਸਮਾਗਮ ਦੌਰਾਨ ਉਨ੍ਹਾਂ ਨੂੰ ਦਲਿਤ ਵਰਗ ਨਾਲ ਸਬੰਧਤ ਹੋਣ ਕਰਕੇ ਅਪਮਾਨਿਤ ਕੀਤਾ ਹੈ। ਉਨ੍ਹਾਂ ਖੇਤੀਬਾੜੀ ਵਿਭਾਗ ਦੇ ਅਫਸਰਾਂ ਨੂੰ ਇਸ ਲਈ ਜਿੰਮੇਵਾਰ ਦੱਸਿਆ ਸੀ । ਵਿਧਾਇਕ ਨੇ ਸ਼ਕਾਇਤ ਦੀ ਕਾਪੀ ਮੁੱਖ ਮੰਤਰੀ ਪੰਜਾਬ ਨੂੰ ਵੀ ਭੇਜੀ ਹੋਈ ਹੈ। ਵਿਧਾਇਕ ਨੇ ਇਸ ਮਾਮਲੇ ’ਚ ਹੁਣ ਫਰੀਦਕੋਟ ਡਵੀਜ਼ਨ ਦੇ ਕਮਿਸ਼ਨਰ ਅਤੇ ਬਠਿੰਡਾ ਰੇਂਜ ਦੇ ਏਡੀਜੀਪੀ ਕੋਲੋਂ ਇਨਸਾਫ ਮੰਗਿਆ ਹੈ।
ਐਸ.ਐਸ.ਪੀ ਨੂੰ ਨਿਰਦੇਸ਼ ਜਾਰੀ :ਏਡੀਜੀਪੀ
ਏਡੀਜੀਪੀ ਬਠਿੰਡਾ ਰੇਂਜ ਸੁਰਿੰਦਰਪਾਲ ਸਿੰਘ ਪਰਮਾਰ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਵਿਧਾਇਕ ਵੱਲੋਂ ਦਿੱਤੀ ਸ਼ਕਾਇਤ ਐਸ ਐਸ ਪੀ ਨੂੰ ਭੇਜਕੇ ਉਸ ਤੇ ਮੈਰਿਟ ਦੇ ਅਧਾਰ ਤੇ ਕਾਨੂੰਨ ਅਨੁਸਾਰ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ।