ਅੰਮ੍ਰਿਤਧਾਰੀ ਬੇਰੁਜ਼ਗਾਰ ਮਹਿਲਾ ਪ੍ਰੋਫੈਸਰ ਵਲੋਂ ਕੀਤੀ ਆਤਮ-ਹੱਤਿਆ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਲਿਆ ਗੰਭੀਰ ਨੋਟਿਸ

4677295
Total views : 5510077

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਰੂਪਨਗਰ ਵਿਖੇ ਇਕ ਅੰਮ੍ਰਿਤਧਾਰੀ ਬੇਰੁਜ਼ਗਾਰ ਮਹਿਲਾ ਪ੍ਰੋਫੈਸਰ ਵਲੋਂ ਸਰਕਾਰ ਦੀ ਘੋਰ ਬੇਇਨਸਾਫੀ ਤੋੰ ਤੰਗ ਆ ਕੇ ਆਤਮ-ਹੱਤਿਆ ਲਈ ਮਜਬੂਰ ਹੋਣ ਦੀ ਘਟਨਾ ਦਾ ਗੰਭੀਰ ਨੋਟਿਸ ਲਿਆ ਹੈ। ਉਨ੍ਹਾਂ ਕਿਹਾ ਕਿ ਇਕ ਰਾਜ ਸ਼ਾਸਨ ਲਈ ਇਸ ਤੋਂ ਵੱਧ ਸ਼ਰਮਨਾਕ ਕੋਈ ਗੱਲ ਨਹੀਂ ਹੋ ਸਕਦੀ ਕਿ ਉਸ ਦੇ ਨਾਗਰਿਕਾਂ ਨੂੰ ਆਪਣੇ ਰੁਜ਼ਗਾਰ ਦਾ ਹੱਕ ਨਾ ਮਿਲਣ ਤੋਂ ਦੁਖੀ ਹੋ ਕੇ ਆਤਮ-ਹੱਤਿਆ ਕਰਨ ਲਈ ਮਜਬੂਰ ਹੋਣਾ ਪੈ ਜਾਵੇ। ਉਨ੍ਹਾਂ ਕਿਹਾ ਕਿ ਅੰਮ੍ਰਿਤਧਾਰੀ ਮਹਿਲਾ ਪ੍ਰੋਫੈਸਰ ਬਲਵਿੰਦਰ ਕੌਰ ਵਲੋਂ ਆਤਮ-ਹੱਤਿਆ ਨੋਟ ਵਿਚ ਸਰਕਾਰ ਉੱਪਰ ਲਾਏ ਦੋਸ਼ਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਉਸ ਦੀ ਡੂੰਘਾਈ ਨਾਲ ਜਾਂਚ ਕਰਕੇ ਬੇਰੁਜ਼ਗਾਰ ਮਹਿਲਾ ਪ੍ਰੋਫੈਸਰ ਦੀ ਮੌਤ ਲਈ ਜ਼ਿੰਮੇਵਾਰ ਲੋਕਾਂ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ, ਭਾਵੇਂ ਉਹ ਕਿੰਨੇ ਵੀ ਤਾਕਤਵਰ ਰੁਤਬੇ ‘ਤੇ ਕਿਉਂ ਨਾ ਹੋਣ।

 ਨੈਤਿਕ ਤੌਰ ‘ਤੇ ਅਜਿਹੇ ਰਾਜ ਸ਼ਾਸਨ ਨੂੰ ਬਣੇ ਰਹਿਣ ਦਾ ਕੋਈ ਹੱਕ ਨਹੀਂ, ਜਿਸ ਦੇ ਨਾਗਰਿਕਾਂ ਨੂੰ ਬੇਇਨਸਾਫੀ ਤੋਂ ਤੰਗ ਆ ਕੇ ਮਰਨ ਲਈ ਮਜਬੂਰ ਹੋਣਾ ਪਵੇ- ਗਿਆਨੀ ਰਘਬੀਰ ਸਿੰਘ


ਗਿਆਨੀ ਰਘਬੀਰ ਸਿੰਘ ਨੇ ਜਾਰੀ ਲਿਖਤੀ ਬਿਆਨ ਰਾਹੀਂ ਆਖਿਆ ਕਿ ਆਪਣੇ ਨਾਗਰਿਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣਾ ਹਰੇਕ ਰਾਜ ਸ਼ਾਸਨ ਦਾ ਧਰਮ ਹੁੰਦਾ ਹੈ ਪਰ ਜਦੋਂ ਕਿਸੇ ਰਾਜ ਦੇ ਨਾਗਰਿਕਾਂ ਨੂੰ ਮਹਿੰਗੀਆਂ ਪੜ੍ਹਾਈਆਂ ਕਰਕੇ ਵੀ ਰੁਜ਼ਗਾਰ ਲੈਣ ਲਈ ਆਪਣੇ ਪਰਿਵਾਰਾਂ ਤੇ ਨਿੱਕੇ-ਨਿੱਕੇ ਬੱਚਿਆਂ ਦੇ ਨਾਲ ਸੜਕਾਂ ‘ਤੇ ਰੁਲਣਾ ਪਵੇ ਅਤੇ ਨਿੱਤ ਦਿਹਾੜੇ ਰਾਜਤੰਤਰ ਦਾ ਤਸ਼ੱਦਦ ਸਹਿਣ ਕਰਨਾ ਪਵੇ ਤਾਂ ਇਹ ਰਾਜ ਧਰਮ ਦੀ ਸਭ ਤੋਂ ਵੱਡੀ ਅਸਫਲਤਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਰਾਜ ਦੌਰਾਨ ਲੋਕਾਂ ਨੂੰ ਸਰਕਾਰ ਦੇ ਬੋਲੇ ਕੰਨਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਖ਼ਾਤਰ ਮਰਨ ਲਈ ਮਜਬੂਰ ਹੋਣਾ ਪਵੇ, ਨੈਤਿਕ ਤੌਰ ‘ਤੇ ਅਜਿਹੇ ਰਾਜ ਸ਼ਾਸਨ ਨੂੰ ਬਣੇ ਰਹਿਣ ਦਾ ਕੋਈ ਹੱਕ ਨਹੀੰ ਰਹਿ ਜਾਂਦਾ। ਉਨ੍ਹਾਂ ਕਿਹਾ ਕਿ ਰੂਪਨਗਰ ਦੀ ਅੰਮ੍ਰਿਤਧਾਰੀ ਦਸਤਾਰਧਾਰੀ ਮਹਿਲਾ ਪ੍ਰੋਫੈਸਰ ਬਲਵਿੰਦਰ ਕੌਰ ਵਲੋੰ ਪਿਛਲੇ ਲੰਬੇ ਸਮੇਂ ਤੋਂ ਆਪਣੇ ਸਾਥੀਆਂ ਸਮੇਤ ਨੌਕਰੀਆਂ ਲਈ ਸੰਘਰਸ਼ ਕਰਨ ਦੇ ਬਾਵਜੂਦ ਇਨਸਾਫ ਨਾ ਮਿਲਣ ‘ਤੇ ਸਰਕਾਰ ਦੇ ਹਠੀ ਰਵੱਈਏ ਤੋਂ ਦੁਖੀ ਹੋ ਕੇ ਆਤਮ-ਹੱਤਿਆ ਕਰਨੀ ਬੇਹੱਦ ਦੁਖਦਾਈ ਘਟਨਾ ਹੈ। ਉਨ੍ਹਾਂ ਇਹ ਵੀ ਆਖਿਆ ਕਿ ਆਤਮ-ਹੱਤਿਆ ਕਰਨਾ ਵੀ ਕਿਸੇ ਸਮੱਸਿਆ ਦਾ ਹੱਲ ਨਹੀਂ ਹੁੰਦਾ। ਗੁਰੂ ਸਾਹਿਬਾਨ ਨੇ ਸਾਨੂੰ ਹੱਕਾਂ ਲਈ ਜ਼ੁਲਮ ਦੇ ਖ਼ਿਲਾਫ਼ ਲੜਣਾ ਸਿਖਾਇਆ ਹੈ। ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਆਪਣੇ ਹੱਕਾਂ ਲਈ ਬੇਇਨਸਾਫੀ ਦੇ ਖ਼ਿਲਾਫ਼ ਸਾਰੇ ਸਮਾਜ ਨੂੰ ਇਕ-ਦੂਜੇ ਦਾ ਸਾਥ ਦੇ ਕੇ ਸੰਘਰਸ਼ਸ਼ੀਲ ਬਣਨਾ ਚਾਹੀਦਾ ਹੈ ਤਾਂ ਜੋ ਕਿਸੇ ਨੂੰ ਘੋਰ ਬੇਇਨਸਾਫੀ ਦੇ ਖ਼ਿਲਾਫ਼ ਜ਼ਿੰਦਗੀ ਦੀ ਜੰਗ ਨਾ ਹਾਰਨੀ ਪਵੇ।

Share this News