ਬਾਦਲ ਪ੍ਰੀਵਾਰ ਸਮੇਤ ਹੋਰ ਧਨਾਢਾਂ ਦੀਆਂ ਬੱਸਾਂ ਦੇ ਪਰਮਿਟਾਂ ‘ਤੇ ਚੱਲਿਆ ਆਪ ਦਾ ਝਾੜੂ

4680809
Total views : 5515815

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਬਠਿੰਡਾ/ਬੀ.ਐਨ.ਈ ਬਿਉਰੋ

ਪੰਜਾਬ ਹਰਿਆਣਾ ਹਾਈਕੋਰਟ ਦੇ ਹੁਕਮਾਂ ’ਤੇ ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਨੇ ਬਾਦਲਾਂ ਸਮੇਤ ਹੋਰ ਧਨਾਂਢਾਂ ਦੀ ਟਰਾਂਸਪੋਰਟ ਖਿਲਾਫ ਕਾਰਵਾਈ ਕਰਦਿਆਂ  ਬਾਦਲ ਪਰਿਵਾਰ ਦੀਆਂ ਔਰਬਿਟ ਸਮੇਤ 8 ਕੰਪਨੀਆਂ ਦੇ 39 ਪਰਮਿਟ ਰੱਦ ਕਰ ਦਿੱਤੇ ਹਨ। ਇਨ੍ਹਾਂ ਵਿੱਚ ਡੱਬਵਾਲੀ ਟਰਾਂਸਪੋਰਟ ਦੇ 13, ਔਰਬਿਟ ਦੇ 12, ਜੁਝਾਰ ਬੱਸ ਸਰਵਿਸ ਦੇ 7 ਅਤੇ ਨਿਊ ਦੀਪ ਬੱਸ ਕੰਪਨੀ ਦੇ 3 ਪਰਮਿਟ ਸ਼ਾਮਲ ਹਨ।  ਬਾਦਲ ਪ੍ਰੀਵਾਰ ਅਤੇ ਦੀਪ ਬੱਸ ਕੰਪਨੀ ਦੀਪ ਟਰਾਂਸਪੋਰਟ ਖਿਲਾਫ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਦੇ ਰੂਪ ’ਚ ਦੇਖਿਆ ਜਾ ਰਿਹਾ ਹੈ। ਲੰਘੇ ਸਮੇਂ ਵਿੱਚ ਟਰਾਂਸਪੋਰਟ ਵਿਭਾਗ ਅਤੇ  ਪੁਲੀਸ ਔਰਬਿਟ ਬੱਸਾਂ ਖ਼ਿਲਾਫ਼ ਕਾਰਵਾਈ ਕਰਨ ਤੋਂ ਕੰਬਦੇ ਰਹੇ ਹਨ।

8 ਕੰਪਨੀਆਂ ਦੀਆਂ 39 ਬੱਸਾਂ ਦੇ ਪਰਮਿਟ ਕੀਤੇ ਰੱਦ

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ. ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਬੱਸ ਪਰਮਿਟ ਵਿੱਚ ਪਹੁੰਚ ਸਥਾਨ ਤੋਂ ਅੱਗੇ ਸਿਰਫ਼ ਇੱਕ ਵਾਰ ਵਾਧਾ ਲਿਆ ਜਾ ਸਕਦਾ ਹੈ ਪਰ ਪ੍ਰਾਈਵੇਟ ਬੱਸ ਆਪ੍ਰੇਟਰਾਂ ਵੱਲੋਂ ਗ਼ਲਤ ਢੰਗ ਤਰੀਕੇ ਅਪਣਾ ਕੇ ਇਨ੍ਹਾਂ ਪਰਮਿਟਾਂ ਵਿੱਚ ਕਈ ਵਾਰ ਅੱਗੇ ਤੋਂ ਅੱਗੇ ਵਾਧਾ ਲਿਆ ਗਿਆ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਸਿਵਲ ਰਿੱਟ ਪਟੀਸ਼ਨ ਨੰਬਰ 15786 ਆਫ਼ 1999 ਵਿੱਚ ਦਿੱਤੇ ਫ਼ੈਸਲੇ ਅਨੁਸਾਰ ਜਿਨ੍ਹਾਂ ਕਲੱਬ ਪਰਮਿਟ-ਧਾਰੀਆਂ ਦੇ ਰੂਟਾਂ ਦੇ ਵਾਧੇ ਇਕ ਵਾਰ ਤੋਂ ਵੱਧ ਹੋਏ ਸਨ, ਉਨ੍ਹਾਂ ਨੂੰ ਕੈਂਸਲ ਕਰਨ ਦੇ ਹੁਕਮ ਹੋਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਦਿਆਂ ਕਲੱਬ ਕੀਤੇ ਗਏ ਪਰਮਿਟਾਂ ਨੂੰ ਸੁਣਵਾਈ ਕਰਨ ਉਪਰੰਤ ਰੱਦ ਕਰਨ ਦੇ ਹੁਕਮ ਕੀਤੇ ਗਏ ਹਨ।

ਸੂਬੇ ਦੇ ਵੱਖ-ਵੱਖ ਸ਼ਹਿਰਾਂ ਦੇ ਰੱਦ ਕੀਤੇ ਪਰਮਿਟਾਂ ਵਿੱਚ ਮੈਸਰਜ਼ ਡੱਬਵਾਲੀ ਟਰਾਂਸਪੋਰਟ ਕੰਪਨੀ ਪ੍ਰਾਈਵੇਟ ਲਿਮਟਿਡ ਬਠਿੰਡਾ ਦੇ 13 ਪਰਮਿਟ ਰੱਦ ਕੀਤੇ ਗਏ ਹਨ ਜਦਕਿ ਮੈਸਰਜ਼ ਆਰਬਿਟ ਏਵੀਏਸ਼ਨ ਪ੍ਰਾਈਵੇਟ ਲਿਮਟਿਡ ਬਠਿੰਡਾ ਦੇ 12, ਮੈਸਰਜ਼ ਜੁਝਾਰ ਪੈਸੇਂਜਰ ਬੱਸ ਸਰਵਿਸ ਪ੍ਰਾਈਵੇਟ ਲਿਮਟਿਡ ਲੁਧਿਆਣਾ ਦੇ 7, ਮੈਸਰਜ਼ ਨਿਊ ਦੀਪ ਮੋਟਰਜ਼ ਰਜਿ ਚੰਨੂ (ਗਿੱਦੜਬਾਹਾ) ਦੇ 2 ਅਤੇ ਮੈਸਰਜ਼ ਨਿਊ ਦੀਪ ਬੱਸ ਸਰਵਿਸ ਰਜਿ ਗਿੱਦੜਬਾਹਾ, ਮੈਸਰਜ਼ ਵਿਕਟਰੀ ਟਰਾਂਸਪੋਰਟ ਕੰਪਨੀ ਰਜਿ ਮੋਗਾ, ਮੈਸਰਜ਼ ਹਰਵਿੰਦਰਾ ਹਾਈਵੇਜ਼ ਬੱਸ ਸਰਵਿਸ ਰਜਿ ਮੋਗਾ, ਮੈਸਰਜ਼ ਐਕਸ-ਸਰਵਿਸਮੈਨ ਕੋਆਪ੍ਰੇਟਿਵ ਟਰਾਂਸਪੋਰਟ ਕੰਪਨੀ ਲਿਮਟਿਡ ਮੋਗਾ ਅਤੇ ਬਠਿੰਡਾ ਬੱਸ ਕੰਪਨੀ ਬਠਿੰਡਾ ਦਾ ਇੱਕ-ਇੱਕ ਪਰਮਿਟ ਸ਼ਾਮਲ ਹੈ। ਇਨ੍ਹਾਂ ਆਪ੍ਰੇਟਰਾਂ ਨੂੰ ਪੱਤਰ ਭੇਜ ਕੇ ਕਿਹਾ ਗਿਆ ਹੈ ਕਿ ਰੱਦ ਕੀਤੇ ਪਰਮਿਟਾਂ ਨੂੰ ਟਰਾਂਸਪੋਰਟ ਵਿਭਾਗ ਦੇ ਸਬੰਧਤ ਦਫ਼ਤਰਾਂ ਵਿਖੇ ਜਲਦ ਤੋਂ ਜਲਦ ਜਮ੍ਹਾਂ ਕਰਵਾਇਆ ਜਾਵੇ।

ਬੱਸਾਂ ਦੇ ਰੂਟ ਪਰਮਿਟ ਰੱਦ ਕਰਨ ਦੇ ਮਾਮਲੇ ਵਿੱਚ ਸਕੱਤਰ ਰੀਜਨਲ ਟਰਾਂਸਪੋਰਟ ਅਥਾਰਟੀ ਬਠਿੰਡਾ ਨੇ ਫਿਰੋਜ਼ਪੁਰ, ਪਟਿਆਲਾ ਅਤੇ ਜਲੰਧਰ ਦੇ ਆਰਟੀਏ ਸਕੱਤਰਾਂ ਨੂੰ ਪੱਤਰ ਲਿਖਿਆ ਹੈ। ਪੱਤਰ ਵਿੱਚ ਕਿਹਾ  ਹੈ ਕਿ ਜਿਹੜੇ ਪਰਮਿਟ ਰੱਦ ਕੀਤੇ ਗਏ ਹਨ, ਉਨ੍ਹਾਂ ਨੂੰ ਉਨ੍ਹਾਂ ਦੇ ਦਫ਼ਤਰਾਂ ਅਧੀਨ ਤਿਆਰ ਕੀਤੇ ਜਾ ਰਹੇ ਟਾਈਮ ਟੇਬਲ ਵਿੱਚ ਸ਼ਾਮਲ ਨਾ ਕੀਤਾ ਜਾਵੇ। ਇਸੇ ਤਰ੍ਹਾਂ ਜਿਨ੍ਹਾਂ ਟਾਈਮ ਟੇਬਲਾਂ ਕੋਲ ਇਹ ਪਰਮਿਟ ਹਨ, ਉਨ੍ਹਾਂ ਨੂੰ ਹਟਾ ਦਿੱਤਾ ਜਾਵੇ। ਇਸ ਦੇ ਨਾਲ ਹੀ ਜਰਨਲ ਮੈਨੇਜਰ ਪੀਆਰਟੀਸੀ ਫਰੀਦਕੋਟ, ਬਠਿੰਡਾ, ਬਰਨਾਲਾ ਅਤੇ ਬੁਢਲਾਡਾ ਨੂੰ ਪੱਤਰ ਰਾਹੀਂ  ਇਨ੍ਹਾਂ ਪਰਮਿਟਾਂ ’ਤੇ ਚੱਲਣ ਵਾਲੀਆਂ ਬੱਸਾਂ ਨੂੰ ਤੁਰੰਤ ਬੱਸ ਸਟੈਂਡ ’ਤੇ ਰੋਕਣ ਦੀ ਹਦਾਇਤ ਕੀਤੀ ਗਈ ਹੈ।

 

Share this News