ਘਨਸ਼ਾਮ ਥੋਰੀ ਨੇ ਅੰਮ੍ਰਿਤਸਰ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਕਾਰਜਭਾਰ

4680890
Total views : 5515945

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ

2010 ਬੈਚ ਦੇ ਆਈ ਏ ਐਸ ਅਧਿਕਾਰੀ ਸ੍ਰੀ ਘਨਸ਼ਾਮ ਥੋਰੀ ਨੇ ਅੱਜ ਅੰਮ੍ਰਿਤਸਰ ਦੇ 177ਵੇਂ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ ਉਹ ਡਾਇਰੈਕਟਰ ਫੂਡ ਸਪਲਾਈ ਦੇ ਅਹੁਦੇ ਦੇ ਤਾਇਨਾਤ ਸਨ। ਇਸ ਤੋਂ ਪਹਿਲਾਂ ਪੁਲਿਸ ਦੇ ਜਵਾਨਾਂ ਨੇ ਸਲਾਮੀ ਦੇ ਕੇ ਉਨਾਂ ਨੂੰ ਅੰਮ੍ਰਿਤਸਰ ਪੁੱਜਣ ਉਤੇ ਜੀ ਆਇਆਂ ਕਿਹਾ।

ਇਸ ਉਪਰੰਤ ਪ੍ਰੈਸ ਪੱਤਰਕਾਰਾਂ ਨਾਲ ਰੂਬਰੂ ਹੁੰਦੇ ਹੋਏ ਸ੍ਰੀ ਥੋਰੀ ਨੇ ਕਿਹਾ ਕਿ ਉਨਾਂ ਦੀ ਪਹਿਲੀ ਤਰਜੀਹ ਸੇਵਾ ਕੇਂਦਰਾਂ ਦੀ ਪੈਂਡੈਂਸੀ ਨੂੰ ਖ਼ਤਮ ਕਰਨਾ ਹੋਵੇਗੀ। ਉਨਾਂ ਕਿਹਾ ਕਿ 90 ਫੀਸਦੀ ਲੋਕਾਂ ਨੂੰ ਕੰਮ ਸੇਵਾ ਕੇਂਦਰ ਅਤੇ ਫਰਦ ਕੇਂਦਰਾਂ ਨਾਲ ਪੈਂਦੇ ਹਨ ਅਤੇ ਪੈਂਡੈਂਸੀ ਖਤਮ ਹੋਣ ਨਾਲ ਲੋਕਾਂ ਨੂੰ ਕਾਫ਼ੀ ਰਾਹਤ ਮਿਲੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰ ਵਲੋਂ ਲੋਕਾਂ ਦੀ ਭਲਾਈ ਲਈ ਕਈ ਅਹਿਮ ਸਕੀਮਾਂ ਚਲਾਈਆਂ ਜਾ ਰਹੀਆਂ ਹਨ, ਜਿਨਾਂ ਨੂੰ ਜਮੀਨੀ ਪੱਧਰ ਤੱਕ ਲੋਕਾਂ ਤੱਕ ਪਹੁੰਚਾਇਆ ਜਾਵੇਗਾ।

ਸੇਵਾ ਕੇਂਦਰਾਂ ਵਿੱਚ ਪੈਂਡੈਂਸੀ ਨੂੰ ਖ਼ਤਮ ਕਰਨਾ ਹੋਵੇਗੀ ਪਹਿਲੀ ਤਰਜੀਹ

ਉਨਾਂ ਦੱਸਿਆ ਕਿ ਸਰਕਾਰ ਵਲੋਂ ਆਮ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਮੁਹੱਲਾ ਕਲੀਨਿਕ ਸ਼ੁਰੂ ਕੀਤੇ ਗਏ ਹਨ ਅਤੇ ਇਨਾਂ ਮੁਹੱਲਾ ਕਲੀਨਿਕਾਂ ਦਾ ਸਮੇਂ-ਸਮੇਂ ਸਿਰ ਜਾਂਚ ਕੀਤੀ ਜਾਵੇਗੀ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਪੇਸ਼ ਨਾ ਆਵੇ।

ਉਨਾਂ ਕਿਹਾ ਕਿ ਵਿਕਾਸ ਦੇ ਕੰਮਾਂ ਨੂੰ ਤਰਜੀਹ ਦੇਣਾ, ਅੰਮ੍ਰਿਤਸਰ ਵਿੱਚ ਯੂਨਿਟੀ ਮਾਲ ਦੀ ਸਥਾਪਨਾ, ਵੈਡਿੰਗ ਡੈਸਟੀਨੇਸ਼ਨ ਆਦਿ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ।

 ਪ੍ਰੈਸ ਪੱਤਰਕਾਰਾਂ ਦੇ ਸਵਾਲ ਦੇ ਜਵਾਬ ਵਿੱਚ ਸ੍ਰੀ ਥੋਰੀ ਨੇ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਇਕ ਧਾਰਮਿਕ ਅਤੇ ਇਤਿਹਾਸਿਕ ਸ਼ਹਿਰ ਹੈ। ਉਨਾਂ ਦੀ ਪਹਿਲ ਹੋਵੇਗੀ ਕਿ ਟ੍ਰੈਫਿਕ ਵਿਵਸਥਾ, ਸਾਫ਼ ਸਫ਼ਾਈ, ਪਾਰਕਿੰਗ ਦੀ ਸਮੱਸਿਆ ਆਦਿ ਹੋਰ ਸਮੱਸਿਆਵਾਂ ਨੂੰ ਹੱਲ ਕੀਤਾ ਜਾਵੇ ਤਾਂ ਜੋ ਇੱਥੇ ਆਉਣ ਵਾਲੇ ਸ਼ਰਧਾਲੂਆਂ ਅਤੇ ਸ਼ਹਿਰਵਾਸੀਆਂ ਨੂੰ ਰਾਹਤ ਮਿਲ ਸਕੇ।

ਸ੍ਰੀ ਥੋਰੀ ਨੇ ਕਿਹਾ ਕਿ ਭਾਵੇਂ ਬਤੌਰ ਡਿਪਟੀ ਕਮਿਸ਼ਨਰ ਬਹੁਤ ਸਾਰੇ ਰੁਝੇਂਵੇ ਹੁੰਦੇ ਹਨ, ਪਰ ਮੇਰੀ ਕੋਸ਼ਿਸ਼ ਹੋਵੇਗੀ ਕਿ ਰੋਜ਼ਾਨਾ ਲੋਕਾਂ ਨੂੰ ਮਿਲਣ ਲਈ ਸਮਾਂ ਦਿੱਤਾ ਜਾ ਸਕੇ।  ਦੱਸਣਯੋਗ ਹੈ ਕਿ ਸ੍ਰੀ ਥੋਰੀ ਸ੍ਰੀ ਗੰਗਾ ਨਗਰ ਰਾਜਸਥਾਨ ਨਾਲ ਸਬੰਧਤ ਹਨ। ਉਹ ਇਸ ਤੋਂ ਪਹਿਲਾਂ ਬਤੌਰ ਡਿਪਟੀ ਕਮਿਸ਼ਨਰ ਬਠਿੰਡਾ, ਬਰਨਾਲਾ, ਸੰਗਰੂਰ ਅਤੇ ਜਲੰਧਰ ਵਿਖੇ ਆਪਣੀਆਂ ਸੇਵਾਵਾਂ ਦੇ ਚੁਕੇ ਹਨ। ਸ੍ਰੀ ਥੋਰੀ ਲੁਧਿਆਣਾ ਦੇ ਨਗਰ ਨਿਗਮ ਦੇ ਕਮਿਸ਼ਨਰ ਵੀ ਰਹੇ ਹਨ ਅਤੇ ਉਨਾਂ ਦੀ ਧਰਮ ਪਤਨੀ ਜਾਇੰਟ ਕਮਿਸ਼ਨਰ ਇਨਕਮ ਟੈਕਸ  ਤਾਇਨਾਤ ਹਨ।

Share this News