ਮੁੱਖ ਮੰਤਰੀ ਭਗਵੰਤ ਮਾਨ ਨੇ ਅਗਨੀਵੀਰ ਅੰਮ੍ਰਿਤਪਾਲ ਸਿੰਘ ਦੇ ਘਰ ਜਾ ਕੇ ਸਨਮਾਨ ਰਾਸ਼ੀ ਵਜੋਂ ਇਕ ਕਰੋੜ ਰੁਪਏ ਦਾ ਚੈੱਕ ਸੌਂਪਿਆ

4680890
Total views : 5515945

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਮਾਨਸਾ/ਬਾਰਡਰ ਨਿਊਜ ਸਰਵਿਸ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜੰਮੂ ਕਸ਼ਮੀਰ ਵਿੱਚ ਦੇਸ਼ ਦੀ ਸੇਵਾ ਨਿਭਾਉਂਦਿਆਂ ਸ਼ਹੀਦੀ ਪ੍ਰਾਪਤ ਕਰਨ ਵਾਲੇ ਅਗਨੀਵੀਰ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੂੰ ਸਨਮਾਨ ਰਾਸ਼ੀ ਵਜੋਂ ਇਕ ਕਰੋੜ ਰੁਪਏ ਦੇ ਚੈੱਕ ਸੌਂਪਿਆ। ਮੁੱਖ ਮੰਤਰੀ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੇ ਦੇਸ਼ ਪ੍ਰਤੀ ਯੋਗਦਾਨ ਦੇ ਸਤਿਕਾਰ ਵਿੱਚ ਸੂਬਾ ਸਰਕਾਰ ਉਨ੍ਹਾਂ ਨੂੰ ਸ਼ਹੀਦ ਦਾ ਦਰਜਾ ਦੇਵੇਗੀ।
ਮਾਨਸਾ ਦੇ ਪਿੰਡ ਕੋਟਲੀ ਕਲਾਂ ਵਿਖੇ ਸ਼ਹੀਦ ਦੇ ਜੱਦੀ ਘਰ ਦਾ ਦੌਰਾ ਕਰਨ ਉਪਰੰਤ ਮੁੱਖ ਮੰਤਰੀ ਨੇ ਕਿਹਾ ਕਿ ਇਸ ਬਹਾਦਰ ਸੈਨਿਕ ਨੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਪ੍ਰਭੂਸੱਤਾ ਦੀ ਰਾਖੀ ਲਈ ਆਪਣਾ ਫਰਜ਼ ਨਿਭਾਉਂਦੇ ਹੋਏ ਸ਼ਹਾਦਤ ਪ੍ਰਾਪਤ ਕੀਤੀ ਹੈ ਅਤੇ ਉਸ ਵੱਲੋਂ ਪਾਏ ਗਏ ਵੱਡਮੁੱਲੇ ਯੋਗਦਾਨ ਦੇ ਸਨਮਾਨ ਵਜੋਂ ਸੂਬਾ ਸਰਕਾਰ ਦਾ ਇਹ ਨਿਮਾਣਾ ਜਿਹਾ ਉਪਰਾਲਾ ਹੈ।

ਫੌਜ ਨੇ ਅੰਮ੍ਰਿਤਪਾਲ ਸਿੰਘ ਨੂੰ ‘ਗਾਰਡ ਆਫ ਆਨਰ’ ਨਾ ਦੇ ਕੇ ਪਹਿਲੇ ਸ਼ਹੀਦ ਅਗਨੀਵੀਰ ਦੇ ਦੇਸ਼ ਪ੍ਰਤੀ ਯੋਗਦਾਨ ਦਾ ਅਪਮਾਨ ਕੀਤਾ


ਮੁੱਖ ਮੰਤਰੀ ਨੇ ਦੇਸ਼ ਦੇ ਪਹਿਲੇ ਸ਼ਹੀਦ ਅਗਨੀਵੀਰ ਅੰਮ੍ਰਿਤਪਾਲ ਸਿੰਘ ਦੇ ਮਾਪਿਆਂ ਨੂੰ ਮਿਲ ਕੇ ਸ਼ਹੀਦ ਸੈਨਿਕ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਜਿਸ ਨੇ 19 ਵਰ੍ਹਿਆਂ ਦੀ ਉਮਰ ਵਿੱਚ ਦੇਸ਼ ਦੀ ਖਾਤਰ ਸ਼ਹਾਦਤ ਦਿੱਤੀ। ਉਨ੍ਹਾਂ ਕਿਹਾ ਕਿ ਦੁੱਖ ਦੀ ਇਸ ਘੜੀ ਵਿੱਚ ਸਰਕਾਰ ਪਰਿਵਾਰ ਦੇ ਨਾਲ ਖੜ੍ਹੀ ਹੈ ਕਿਉਂਕਿ ਇਹ ਦੇਸ਼ ਅਤੇ ਖਾਸ ਕਰਕੇ ਸ਼ਹੀਦ ਦੇ ਪਰਿਵਾਰ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਸ਼ਹੀਦ ਦੇ ਨਾਮ ਉਤੇ ਬੁੱਤ ਵੀ ਸਥਾਪਤ ਕੀਤਾ ਜਾਵੇਗਾ।

ਸ਼ਹੀਦ ਅੰਮ੍ਰਿਤਪਾਲ ਸਿੰਘ ਨੂੰ ਫੌਜ ਵੱਲੋਂ ‘ਗਾਰਡ ਆਫ ਆਨਰ’ ਨਾ ਦੇਣ ਉਤੇ ਸਖ਼ਤ ਇਤਰਾਜ਼ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਭੇਦਭਾਵ ਵਾਲੇ ਇਸ ਮਾੜੇ ਵਰਤਾਰੇ ਨਾਲ ਫੌਜੀ ਜਵਾਨਾਂ ਦੇ ਮਨੋਬਲ ਨੂੰ ਸੱਟ ਵੱਜੇਗੀ। ਉਨ੍ਹਾਂ ਕਿਹਾ ਕਿ ਸ਼ਹੀਦ ਜਵਾਨ ਅਗਨੀਵੀਰ ਹੋਣ ਕਰਕੇ ਫੌਜ ਦਾ ਉਸ ਪ੍ਰਤੀ ਇਹ ਵਤੀਰਾ ਬਹੁਤ ਦੁਖਦਾਇਕ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਦੇ ਮਾਪਿਆਂ ਨੇ ਆਪਣਾ ਬੇਟਾ ਦੇਸ਼ ਦੀ ਸੇਵਾ ਕਰਨ ਲਈ ਭੇਜਿਆ ਸੀ ਅਤੇ ਡਿਊਟੀ ਨਿਭਾਉਂਦਿਆਂ ਉਸ ਦੀ ਮੌਤ ਨੂੰ ਸ਼ਹੀਦ ਨਾ ਮੰਨਣਾ ਬਹੁਤ ਮੰਦਭਾਗੀ ਗੱਲ ਹੈ ਜਿਸ ਨਾਲ ਗਲਤ ਮਿਸਾਲ ਪੈਦਾ ਹੋਵੇਗੀ।।ਅਗਨੀਵੀਰ ਯੋਜਨਾ ਦੀ ਸਖ਼ਤ ਮੁਖਾਲਫ਼ਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਯੋਜਨਾ ਸਰਾਸਰ ਬਹਾਦਰ ਫੌਜੀ ਜਵਾਨਾਂ ਦੇ ਯੋਗਦਾਨ ਨੂੰ ਅਪਮਾਨਿਤ ਕਰਨ ਵਾਲੀ ਹੈ ਅਤੇ ਕੇਂਦਰ ਸਰਕਾਰ ਨੂੰ ਇਸ ਯੋਜਨਾ ਉਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਗਨੀਵੀਰ ਯੋਜਨਾ ਹੇਠ ਭਰਤੀ ਕੀਤੇ ਫੌਜੀ ਸੈਨਿਕਾਂ ਨੂੰ ਰੈਗੂਲਰ ਫੌਜ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਦੇਸ਼ ਦੇ ਸ਼ਹੀਦਾਂ ਪ੍ਰਤੀ ਕੇਂਦਰ ਭਾਵੇਂ ਕੋਈ ਵੀ ਨੀਤੀ ਅਪਣਾਵੇ ਪਰ ਸਾਡੀ ਸਰਕਾਰ ਪੰਜਾਬ ਦੇ ਅਜਿਹੇ ਸੂਰਬੀਰ ਪੁੱਤਰਾਂ ਦੇ ਪਰਿਵਾਰਾਂ ਦਾ ਸਨਮਾਨ ਕਰਨ ਲਈ ਵਚਨਬੱਧ ਹੈ।  

ਮੁੱਖ ਮੰਤਰੀ ਨੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਪ੍ਰਭੂਸੱਤਾ ਨੂੰ ਬਰਕਰਾਰ ਰੱਖਣ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਇਸ ਸ਼ਹੀਦ ਦੇ ਪਰਿਵਾਰ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਨ ਲਈ ਕੇਂਦਰ ਸਰਕਾਰ ਦੀ ਸਖ਼ਤ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਇਹ ਪੂਰੀ ਤਰ੍ਹਾਂ ਗੈਰ-ਵਾਜਬ ਹੈ ਅਤੇ ਇਸ ਪੰਜਾਬ ਦੇ ਪੁੱਤਰ ਦੀ ਸ਼ਹਾਦਤ ਦਾ ਨਿਰਾਦਰ ਕਰਨਾ ਅਤਿ ਨਿੰਦਣਯੋਗ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਜਲਦੀ ਹੀ ਇਸ ਮੁੱਦੇ ਨੂੰ ਭਾਰਤ ਸਰਕਾਰ ਕੋਲ ਉਠਾਉਣਗੇ।    

 

 

Share this News