Total views : 5507058
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਫ਼ਤਹਿਗੜ੍ਹ ਸਾਹਿਬ/ਬੀ.ਐਨ.ਈ ਬਿਊਰੋ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਚੇਰੀ ਸਿੱਖਿਆ ਦੀ ਅਜੋਕੀ ਸਥਿਤੀ, ਮੌਜੂਦਾ ਸਮੱਸਿਆਵਾਂ ਅਤੇ ਸੰਭਾਵੀ ਹੱਲ ਵਿਸ਼ੇ ’ਤੇ ਕਰਵਾਈ ਜਾ ਰਹੀ 2 ਰੋਜ਼ਾ ਵਿਦਿਅਕ ਕਾਨਫਰੰਸ ਦਾ ਅੱਜ ਆਗਾਜ਼ ਹੋਇਆ। ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਗਿਆਨੀ ਦਿੱਤ ਸਿੰਘ ਆਡੋਟੋਰੀਅਮ ਵਿਚ ਹੋਈ ਇਸ ਵਿਦਿਅਕ ਕਾਨਫਰੰਸ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਉੱਘੇ ਵਿਦਵਾਨਾਂ ਨੇ ਸ਼ਿਰਕਤ ਕੀਤੀ। ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੌਜੂਦਾ ਸਮੇਂ ਅੰਦਰ ਸਰਕਾਰਾਂ ਵੱਲੋਂ ਸਿੱਖਿਆ ਦੇ ਖੇਤਰ ਵਿਚੋਂ ਹੱਥ ਪਿੱਛੇ ਖਿੱਚਣ ਨੂੰ ਘਾਤਕ ਕਰਾਰ ਦਿੰਦਿਆਂ ਕਿਹਾ ਕਿ ਸਰਕਾਰਾਂ ਵੱਲੋਂ ਬਣਾਈਆਂ ਨੀਤੀਆਂ ਨੇ ਸਿੱਖਿਆ ਦਾ ਵੱਡਾ ਨੁਕਸਾਨ ਕੀਤਾ ਹੈ। ਸਰਕਾਰਾਂ ਵੱਲੋਂ ਸਿੱਖਿਆ ਅਦਾਰਿਆਂ ਦੀਆਂ ਗ੍ਰਾਟਾਂ ਘਟਾਉਣੀਆਂ ਅਤੇ ਘੱਟਗਿਣਤੀਆਂ ਦੀ ਸਕਾਲਰਸ਼ਿਪ ਨੂੰ ਬੰਦ ਕਰਨਾ ਵੱਡੀ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਦੀ ਸਿੱਖਿਆ ਪ੍ਰਤੀ ਗੈਰ-ਸੰਜੀਦਗੀ ਅਜੋਕੀ ਪੀੜ੍ਹੀ ਦੇ ਭਵਿੱਖ ਨਾਲ ਖਿਲਵਾੜ ਕਰ ਰਹੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਅਜਿਹੀਆਂ ਕਾਨਫਰੰਸਾਂ ਵਿਚ ਸੰਵਾਦ ਰਾਹੀਂ ਸਰਕਾਰਾਂ ਦੇ ਮਨਸੂਬਿਆਂ ਨੂੰ ਜਗ-ਜਾਹਿਰ ਕਰਨਾ ਸਮੇਂ ਦੀ ਵੱਡੀ ਲੋੜ ਹੈ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਿੱਖਿਆ ਨੀਤੀ ਨੂੰ ਬਦਲ ਕੇ ਸਰਕਾਰਾਂ ਵੱਲੋਂ ਸਾਡੇ ਖਿੱਤੇ ਅਤੇ ਭਾਸ਼ਾ ’ਤੇ ਹਮਲੇ ਕਰਕੇ ਸਾਨੂੰ ਵਿਰਸੇ ਤੋਂ ਨਿਖੇੜਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਰਕਾਰਾਂ ਦੇ ਅਜਿਹੇ ਹਮਲਿਆਂ ਨੂੰ ਰੋਕਣ ਲਈ ਸਾਨੂੰ ਧਾਰਮਿਕ ਫਲਸਫੇ ’ਤੇ ਰਹਿੰਦਿਆਂ ਆਪਣੀ ਅਜੋਕੀ ਪੀੜ੍ਹੀ ਨੂੰ ਅਜਿਹਾ ਮਾਰਗ ਦਿਖਾਉਣਾ ਹੋਵੇਗਾ, ਜਿਸ ਨਾਲ ਸਾਡੀ ਭਾਸ਼ਾ, ਸਿਧਾਂਤ ਅਤੇ ਫ਼ਲਸਫ਼ਾ ਬਚਿਆ ਰਹਿ ਸਕੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਾਨੂੰ ਉੱਚ ਸਿੱਖਿਆ ਪ੍ਰਤੀ ਸੰਜੀਦਾ ਰਹਿਣ ਦੇ ਨਾਲ-ਨਾਲ ਆਪਣੇ ਯਤਨਾਂ ਨੂੰ ਹੋਰ ਤੇਜ਼ ਕਰਨਾ ਹੋਵੇਗਾ।
ਸ਼੍ਰੋਮਣੀ ਕਮੇਟੀ ਵੱਲੋਂ ਉਚੇਰੀ ਸਿੱਖਿਆ ਦੀ ਅਜੋਕੀ ਸਥਿਤੀ ਬਾਰੇ ਦੋ ਰੋਜ਼ਾ ਕਾਨਫਰੰਸ ਦਾ ਆਗਾਜ਼
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਆਪਣੇ ਸਵਾਗਤੀ ਭਾਸ਼ਣ ’ਚ ਕਿਹਾ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਨੇ ਜਿਥੇ ਸਿੱਖ ਫਲਸਫੇ ਦੀ ਰੌਸ਼ਨੀ ਵਿਚ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਕਾਰਜ ਕੀਤੇ ਹਨ, ਉਥੇ ਹੀ ਸਿੱਖਿਆ ਦੇ ਖੇਤਰ ਵਿਚ ਵੀ ਜ਼ਿਕਰਯੋਗ ਪ੍ਰਾਪਤੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਵਿਦਿਅਕ ਤੌਰ ’ਤੇ ਵੀ ਸਾਡੀ ਭਾਸ਼ਾ, ਸੰਸਕ੍ਰਿਤੀ ਅਤੇ ਪਹਿਰਾਵੇ ’ਤੇ ਵੱਡੇ ਹਮਲੇ ਹੋ ਰਹੇ ਹਨ। ਭਾਈ ਗਰੇਵਾਲ ਨੇ ਕਿਹਾ ਕਿ ਅੱਜ ਦੀ ਇਹ ਵਿਦਿਅਕ ਕਾਨਫਰੰਸ ਸਿੱਖਿਆ ਦੇ ਖੇਤਰ ਵਿਚ ਭਵਿੱਖ ਲਈ ਨੀਤੀ ਨਿਰਾਧਰਤ ਕਰਨ ਵਿਚ ਸਹਾਈ ਹੋਵੇਗੀ।
ਇਸੇ ਦੌਰਾਨ ਪ੍ਰੋਫੇਸਰ ਡਾ. ਰਾਜੇਸ਼ ਗਿੱਲ ਨੇ ਆਪਣੇ ਕੂੰਜੀਵਤ ਭਾਸ਼ਣ ਵਿਚ ਪੰਜਾਬ ਦੇ ਕਾਲਜਾਂ ਅੰਦਰ ਸਿੱਖਿਆ ਨੂੰ ਹੋਰ ਵੀ ਤਰਾਸ਼ਣ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਅਗਾਂਹਵਧੂ ਸੋਚ ਰੱਖ ਕੇ ਚੰਗੀ ਸਿੱਖਿਆ ਦੇ ਨਾਲ-ਨਾਲ ਸਕਿੱਲ ਦਾ ਹੋਣਾ ਸਮੇਂ ਦੀ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਨੂੰ ਤਾਂ ਹੀ ਅੱਗੇ ਲਿਜਾਇਆ ਜਾ ਸਕਦਾ ਹੈ, ਜੇਕਰ ਇਸ ਨੂੰ ਰਾਜਨੀਤਕ ਪ੍ਰਭਾਵ ਤੋਂ ਬਾਹਰ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਸਿੱਖਿਆ ਸਿਸਟਮ ਦਾ ਡਾਵਾਂਡੋਲ ਹੋਣ ਦਾ ਕਾਰਨ ਸਾਡੀਆਂ ਕਦਰਾਂ ਕੀਮਤਾਂ ਦਾ ਬਦਲਣਾ ਵੀ ਹੈ।
ਇਸ ਉਪਰੰਤ ਪ੍ਰੋ. ਨਵਰੀਤ ਕੌਰ ਨੇ ਉਚੇਰੀ ਸਿੱਖਿਆ ਦੀਆਂ ਭਵਿੱਖ ਲਈ ਕੁਝ ਚੁਣੋਤੀਆਂ ਬਾਰੇ ਗੱਲ ਕਰਦਿਆਂ ਕਿਹਾ ਕਿ ਨੈਸ਼ਨਲ ਐਜੂਕੇਸ਼ਨ ਪਾਲਿਸੀ ਸਾਡੇ ਲਈ ਕਈ ਚੁਣੌਤੀਆਂ ਲੈ ਕੇ ਆਵੇਗੀ। ਸਰਕਾਰਾਂ ਵੱਲੋਂ ਸਿੱਖਿਆ ਸਿਸਟਮ ਵਿਚ ਕੀਤੇ ਬਦਲਾਵ ਸਾਡੇ ਸਾਰੇ ਤਾਣੇ ਬਾਣੇ ਨੂੰ ਉਲਝਾਉਣ ਵਾਲੇ ਹਨ। ਉਨ੍ਹਾਂ ਕਿਹਾ ਕਿ ਦਰਪੇਸ਼ ਚੁਣੌਤੀਆਂ ਕਾਰਨ ਆਉਣ ਵਾਲੇ ਕੁਝ ਸਾਲਾਂ ਵਿਚ ਸਾਡੀ ਇਕ ਪੀੜ੍ਹੀ ਮੌਜੂਦਾ ਮਾਹੌਲ ਵਿੱਚੋਂ ਗਾਇਬ ਹੁੰਦੀ ਦਿਖਾਈ ਦੇੇਵੇਗੀ। ਇਸੇ ਦੌਰਾਨ ਪੈਨਲ ਚਰਚਾ ਵਿਚ ਡਾ. ਜੈਰੂਪ ਸਿੰਘ, ਡਾ. ਗੁਰਮੋਹਨ ਸਿੰਘ ਵਾਲੀਆ, ਡਾ. ਪਰਵਿੰਦਰ ਸਿੰਘ, ਸ. ਕਾਹਨ ਸਿੰਘ ਪੰਨੂ, ਸ. ਸਤਨਾਮ ਸਿੰਘ ਮਾਣਕ, ਡਾ. ਵਰਿੰਦਰਪਾਲ ਸਿੰਘ, ਸ. ਐਸ. ਐਚ. ਚੀਮਾ, ਡਾ. ਪ੍ਰਿਤਪਾਲ ਸਿੰਘ, ਸ. ਤੇਜਦੀਪ ਸਿੰਘ ਸੈਣੀ ਆਦਿ ਪ੍ਰਮੁੱਖ ਸ਼ਖ਼ਸੀਅਤਾਂ ਨੇ ਵੀ ਪੰਜਾਬ ਵਿਚ ਉਚੇਰੀ ਸਿੱਖਿਆ ਦੀ ਅਜੋਕੀ ਸਥਿਤੀ, ਸਮੱਸਿਆਵਾਂ ਅਤੇ ਸੰਭਾਵੀ ਹੱਲ ਦੀ ਰੌਸ਼ਨੀ ਵਿਚ ਆਪੋ-ਆਪਣੇ ਵਿਚਾਰ ਰੱਖੇ। ਇਸ ਮੌਕੇ ਪੁੱਜੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸਟੇਜ ਸੰਚਾਲਨ ਡਾ. ਰਜਿੰਦਰ ਕੌਰ ਤੇ ਡਾ. ਜਤਿੰਦਰ ਕੌਰ ਨੇ ਕੀਤਾ।
ਕਾਨਫਰੰਸ ਮੌਕੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਬਲਦੇਵ ਸਿੰਘ ਕਾਇਮਪੁਰ, ਜੂਨੀਅਰ ਮੀਤ ਪ੍ਰਧਾਨ ਸ. ਅਵਤਾਰ ਸਿੰਘ ਰਿਆ, ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ, ਅੰਤ੍ਰਿੰਗ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ, ਸਾਬਕਾ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ, ਜਥੇਦਾਰ ਸੰਤਾ ਸਿੰਘ ਉਮੈਦਪੁਰੀ, ਸੀਨੀਅਰ ਅਕਾਲੀ ਆਗੂ ਸ. ਜਗਦੀਪ ਸਿੰਘ ਚੀਮਾ, ਯੂਥ ਅਕਾਲੀ ਦਲ ਦੇ ਪ੍ਰਧਾਨ ਸ. ਸਰਬਜੀਤ ਸਿੰਘ ਝਿੱਜਰ, ਜਥੇਦਾਰ ਅਜਮੇਰ ਸਿੰਘ ਖੇੜਾ, ਸਕੱਤਰ ਵਿਦਿਆ ਸ. ਸੁਖਮਿੰਦਰ ਸਿੰਘ, ਸਾਬਕਾ ਡਾਇਰੈਕਟਰ ਡਾ. ਤੇਜਿੰਦਰ ਕੌਰ ਧਾਲੀਵਾਲ, ਡਾ. ਜਤਿੰਦਰ ਸਿੰਘ ਸਿੱਧੂ, ਡਾ. ਮਦਨਜੀਤ ਕੌਰ ਸਹੌਤਾ, ਪ੍ਰਿੰਸੀਪਲ ਲਖਬੀਰ ਸਿੰਘ, ਡਾ. ਬਲਜੀਤ ਸਿੰਘ, ਪ੍ਰੋ. ਇੰਦਰਪਾਲ ਸਿੰਘ, ਡਾ. ਤਰੁਣ ਘਈ, ਡਾ. ਕਸ਼ਮੀਰ ਸਿੰਘ, ਡਾ. ਜਸਬੀਰ ਸਿੰਘ, ਮੀਤ ਸਕੱਤਰ ਸ. ਲਖਬੀਰ ਸਿੰਘ, ਸਾਬਕਾ ਵਧੀਕ ਸਕੱਤਰ ਸ. ਸਿਮਰਜੀਤ ਸਿੰਘ, ਮੈਨੇਜਰ ਸ. ਗੁਰਦੀਪ ਸਿੰਘ ਕੰਗ ,ਪ੍ਰਿੰਸੀਪਲ ਤਰਨਜੀਤ ਸਿੰਘ ਬੀੜ ਸਾਹਿਬ ਸਮੇਤ ਵੱਖ ਵੱਖ ਕਾਲਜਾਂ ਦੇ ਪ੍ਰਿੰਸੀਪਲ ਸਾਹਿਬਾਨ ਆਦਿ ਹਾਜ਼ਰ ਸਨ।