ਫੈਡਰੇਸ਼ਨ ਦੀ 79ਵੀਂ ਵਰ੍ਹੇਗੰਢ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਕੀਤੀ ਅਰਦਾਸ !ਸਰਕਾਰਾਂ ਨਸ਼ਿਆਂ ਰਾਹੀਂ ਨੌਜੁਆਨੀ ਦੇ ਹੁੰਦੇ ਘਾਣ ਦਾ ਦੇਖ ਰਹੀਆਂ ਤਮਾਸ਼ਾ- ਭਾਈ ਗਰੇਵਾਲ

4673934
Total views : 5504785

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਨੇਸ਼ਟਾ

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ 79ਵੀਂ ਵਰ੍ਹੇਗੰਢ ਮੌਕੇ ਫੈਡਰੇਸ਼ਨ ਗਰੇਵਾਲ ਦੇ ਮੁੱਖ ਸੇਵਾਦਾਰ ਅਤੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਨੌਜੁਆਨੀ ਦੇਸ਼ ਅਤੇ ਕੌਮ ਦੇ ਬਿਹਤਰ ਭਵਿੱਖ ਦਾ ਥੰਮ ਹੁੰਦੀ ਹੈ, ਲੇਕਿਨ ਮੌਜੂਦਾ ਹਾਲਾਤ ਇਹ ਹਨ ਕਿ ਸਰਕਾਰਾਂ ਨਸ਼ਿਆਂ ਕਾਰਨ ਨੌਜੁਆਨੀ ਦੀ ਤਬਾਹੀ ਦਾ ਮੰਜ਼ਰ ਆਲੀਸ਼ਾਨ ਦਫ਼ਤਰਾਂ ’ਚ ਬੈਠ ਕੇ ਵੇਖ ਰਹੀਆਂ ਹਨ। ਫੈਡਰੇਸ਼ਨ ਗਰੇਵਾਲ ਵੱਲੋਂ ਇਥੇ ਭਾਈ ਗੁਰਦਾਸ ਹਾਲ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਸਜਾਏ ਗਏ ਨਸ਼ਾ ਵਿਰੋਧੀ ਮਾਰਚ ਵਿਚ ਸੈਂਕੜੇ ਨੌਜੁਆਨ ਪੁੱਜੇ ਹੋਏ ਸਨ, ਜਿਨ੍ਹਾਂ ਨੇ ਹੱਥਾਂ ਵਿਚ ਨਸ਼ਿਆਂ ਵਿਰੋਧੀ ਨਾਅਰੇ ਲਿਖੀਆਂ ਤਖ਼ਤੀਆਂ ਫੜ੍ਹ ਕੇ ਸਮਾਜ ਨੂੰ ਇਸ ਕੋਹੜ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ। ਚੇਤਨਾ ਮਾਰਚ ਦੀ ਸਮਪਤੀ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਪੰਥ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਇਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਵੀ ਉਚੇਚੇ ਤੌਰ ’ਤੇ ਮੌਜੂਦ ਸਨ।

ਫੈਡਰੇਸ਼ਨ ਸਮਾਜਿਕ ਕੁਰੀਤੀਆਂ ਤੇ ਖਾਸਕਰ ਨਸ਼ਿਆਂ ਵਿਰੁੱਧ ਪਿੰਡ ਪੱਧਰ ’ਤੇ ਪ੍ਰਚੰਡ ਕਰੇਗੀ ਜਾਗਰੂਕਤਾ ਲਹਿਰ


ਇਸ ਮੌਕੇ ਫੈਡਰੇਸ਼ਨ ਆਗੂ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਸਿੱਖ ਫ਼ਲਸਫ਼ੇ ਅੰਦਰ ਨਸ਼ਿਆਂ ਨੂੰ ਕੋਈ ਥਾਂ ਨਹੀਂ ਹੈ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਸਥਾਪਨਾ ਨੌਜੁਆਨੀ ਅੰਦਰ ਸਿੱਖੀ ਕਦਰਾਂ ਕੀਮਤਾਂ ਦੀ ਚੇਤਨਤਾ ਲਈ ਹੋਈ ਸੀ। ਸਿੱਖਾਂ ਦੇ ਇਸ ਹਰਿਆਵਲ ਦਸਤੇ ਨੇ ਹਮੇਸ਼ਾ ਹੀ ਸਮਾਜਿਕ ਕੁਰੀਤੀਆਂ ਅਤੇ ਖਾਸਕਰ ਨਸ਼ਿਆਂ ਵਿਰੁੱਧ ਤਿੱਖੀ ਸੁਰ ਵਿਚ ਅਵਾਜ਼ ਚੁੱਕੀ ਹੈ। ਦੁੱਖ ਦੀ ਗੱਲ ਹੈ ਕਿ ਅੱਜ ਨਸ਼ਿਆਂ ਦੇ ਸੌਦਾਗਰ ਸ਼ਰੇਆਮ ਨੌਜੁਆਨੀ ਦਾ ਜੀਵਨ ਤੇ ਭਵਿੱਖ ਤਬਾਹ ਕਰ ਰਹੇ ਹਨ, ਜਦਕਿ ਸਰਕਾਰਾਂ ਕਾਰਵਾਈ ਕਰਨ ਦੀ ਥਾਂ ਇਨ੍ਹਾਂ ਲੋਕਾਂ ਦੀ ਪੁਸ਼ਤਪਨਾਹੀ ਕਰ ਰਹੀਆਂ ਹਨ। ਉਨ੍ਹਾਂ ਆਖਿਆ ਕਿ ਕਾਂਗਰਸ ਦੇ ਰਾਜ ਸਮੇਂ ਸਿੱਖ ਨੌਜੁਆਨੀ ਦਾ ਕਤਲੇਆਮ ਹੁੰਦਾ ਰਿਹਾ, ਜਦਕਿ ਅੱਜ ਦੀ ਮਾਨ ਸਰਕਾਰ ਨਸ਼ਿਆਂ ਰਾਹੀਂ ਨੌਜੁਆਨੀ ਦਾ ਘਾਣ ਕਰ ਰਹੀ ਹੈ। ਭਾਈ ਗਰੇਵਾਲ ਨੇ ਸਿੱਖ ਨੌਜੁਆਨੀ ਨੂੰ ਚੇਤੰਨ ਕਰਦਿਆਂ ਆਖਿਆ ਕਿ ਹੁਣ ਇਸ ਸਮਾਜ ਵਿਰੋਧੀ ਵਰਤਾਰੇ ਖ਼ਿਲਾਫ਼ ਚੁੱਪ ਰਹਿਣ ਦਾ ਵੇਲਾ ਨਹੀਂ ਹੈ, ਸਗੋਂ ਇਕ ਲਾਮਬੰਦ ਸੰਘਰਸ਼ ਦਾ ਬਿਗਲ ਹੀ ਸਮਾਜ ਨੂੰ ਬਚਾ ਸਕਦਾ ਹੈ। ਉਨ੍ਹਾਂ ਐਲਾਨ ਕੀਤਾ ਕਿ ਇਸ ਦਿਸ਼ਾ ਵਿਚ ਉਨ੍ਹਾਂ ਦੀ ਅਗਵਾਈ ਵਾਲੀ ਫੈਡਰੇਸ਼ਨ ਦੇ ਵਰਕਰ ਪਿੰਡ ਪੱਧਰ ’ਤੇ ਇਕ ਜਾਗਰੂਕਤਾ ਲਹਿਰ ਚਲਾਉਣਗੇ ਅਤੇ ਜਿਥੇ ਵੀ ਨਸ਼ਿਆਂ ਦੇ ਕਾਰੋਬਾਰ ਕਰਨ ਵਾਲੀਆਂ ਸ਼ਕਤੀਆਂ ਦ੍ਰਿ੍ਰਸ਼ਟੀਗੋਚਰ ਹੋਣਗੀਆਂ, ਉਨ੍ਹਾਂ ਦਾ ਮੂੰਹਤੋੜ ਜਵਾਬ ਦਿੱਤਾ ਜਾਵੇਗਾ। ਮੌਜੂਦਾ ਸਰਕਾਰ ਪਾਸੋਂ ਉਸ ਦੀ ਨਸ਼ਿਆਂ ਖਿਲਾਫ਼ ਕਾਰਵਾਈ ਦਾ ਵੀ ਹਿਸਾਬ ਮੰਗਿਆ ਜਾਵੇਗਾ। ਇਸ ਦੇ ਨਾਲ ਹੀ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਨੌਜੁਆਨੀ ਨੂੰ ਬੇਹਤਰ ਭਵਿੱਖ ਲਈ ਤਰਜ਼ੀਹਾਂ ਨਿਰਧਾਰਤ ਕਰਨ ਵਾਸਤੇ ਉਚੇਚੀਆਂ ਨੁਕੜ ਮੀਟਿੰਗਾਂ ਵੀ ਆਯੋਜਤ ਕੀਤੀਆਂ ਜਾਣਗੀਆਂ, ਜਿਨ੍ਹਾਂ ਦਾ ਮੁੱਖ ਕੇਂਦਰ ਪਿੰਡਾਂ ਦੀਆਂ ਸੱਥਾਂ ਵਿਚ ਅਤੇ ਵਿਦਿਅਕ ਅਦਾਰੇ ਹੋਣਗੇ।

ਭਾਈ ਗਰੇਵਾਲ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਨਸ਼ਿਆਂ ਤੋਂ ਨਿਜਾਤ ਦਵਾਉਣ ਦੇ ਦਾਅਵੇ ਅਤੇ ਨਾਅਰੇ ਤਹਿਤ ਆਈ ਸੀ, ਪਰ ਜ਼ਮੀਨਾਂ ਹਕੀਕਤ ਲੋਕਾਂ ਨੂੰ ਕੁਝ ਹੀ ਦਿਨਾਂ ਵਿਚ ਸਾਹਮਣੇ ਆ ਗਈ। ਉਨ੍ਹਾਂ ਸਵਾਲ ਕੀਤਾ ਕਿ ਚੁੱਲ੍ਹਿਆਂ ’ਚ ਘਾਹ ਉੱਗਣ ਦੀ ਗੱਲ ਕਰਨ ਵਾਲਾ ਮੁੱਖ ਮੰਤਰੀ ਭਗਵੰਤ ਮਾਨ ਕੀ ਅੱਜ ਪੰਜਾਬ ਦੇ ਪਿੰਡਾਂ ਅੰਦਰ ਸਥਿਤੀ ਬਾਰੇ ਦੱਸ ਸਕਦਾ ਹੈ?  ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੁੱਖ ਮੰਤਰੀ ਕੋਲ ਹਰ ਦਾਅਵੇ ਅਤੇ ਵਾਅਦੇ ਦਾ ਹਿਸਾਬ ਜ਼ਰੂਰ ਮੰਗਣ।

ਇਸ ਮੌਕੇ ਪਰਮਜੀਤ ਸਿੰਘ ਧਰਮ ਸਿੰਘ ਵਾਲਾ, ਮੋਹਨ ਸਿੰਘ, ਸਰਪ੍ਰੀਤ ਸਿੰਘ ਕਾਉਂਕੇ, ਹਿੰਮਤ ਸਿੰਘ ਰਾਜਾ, ਦਿਲਬਾਗ ਸਿੰਘ ਵਿਰਕ, ਪਰਮ ਸਿੰਘ ਖਾਲਸਾ, ਹਰੀ ਸਿੰਘ ਕਾਉਂਕੇ, ਸ਼੍ਰੋਮਣੀ ਕਮੇਟੀ ਅਧਿਕਾਰੀ ਸ. ਬਿਜੈ ਸਿੰਘ, ਸ. ਗੁਰਵੇਲ ਸਿੰਘ ਦੇਵੀਦਾਸਪੁਰ, ਗੁਰਬਖ਼ਸ਼ ਸਿੰਘ ਸੇਖੋਂ, ਮਨਦੀਪ ਸਿੰਘ ਵਿਰਸਾ ਸੰਭਾਲ ਸਰਦਾਰੀ ਲਹਿਰ, ਗੁਰਿੰਦਰ ਸਿੰਘ ਖਹਿਰਾ ਬਟਾਲਾ, ਗੁਰਚਰਨ ਸਿੰਘ ਢਿੱਲੋਂ, ਗੁਰਨਾਮ ਸਿੰਘ ਸੈਦਾ ਰਹੈਲਾ, ਕੁਲਜੀਤ ਸਿੰਘ ਧੰਜਲ, ਜਸਬੀਰ ਸਿੰਘ ਉੱਪਲ, ਗੁਰਚੈਨ ਸਿੰਘ ਕਾਲਾ, ਗੁਰਫਤਹਿ ਸਿੰਘ ਗਰੇਵਾਲ, ਕੁਲਤਾਰ ਸਿੰਘ ਕਾਲੀ, ਜੁਗਰਾਜ ਸਿੰਘ ਵਿਰਕ, ਸਤਨਾਮ ਸਿੰਘ ਪ੍ਰਧਾਨ ਹਿਮਾਚਲ ਪ੍ਰਦੇਸ਼, ਨਿਸ਼ਾਨ ਸਿੰਘ ਲਾਟੀ, ਵਰਿੰਦਰ ਸਿੰਘ ਕੋਕਰੀ, ਸਰਦੂਲ ਸਿੰਘ ਫਗਵਾੜਾ, ਗੁਰਦੀਪ ਸਿੰਘ ਰੋਪੜ, ਮਧੂਪਾਲ ਸਿੰਘ ਗੋਗਾ, ਦਵਿੰਦਰ ਸਿੰਘ ਮਰਦਾਨਾ, ਸਵਰਨ ਸਿੰਘ ਮਾਹਲ, ਬਲਵਿੰਦਰ ਸਿੰਘ, ਮਨਜੀਤ ਸਿੰਘ ਸੈਣੀ, ਜਗਮੇਲ ਸਿੰਘ ਖਹਿਰਾ, ਅਮਿਤਪਾਲ ਸਿੰਘ ਮਠਾੜੂ, ਸੁਰਜਨ ਸਿੰਘ ਮੰਡ, ਸੋਨੂੰ ਰੰਧਾਵਾ, ਹਰਸਿਮਰਨ ਸਿੰਘ, ਅਵਨੀਤ ਸਿੰਘ ਅਨੰਦਪੁਰ, ਡਾ. ਸੁਖਦੇਵ ਸਿੰਘ, ਜਥੇਦਾਰ ਪਰਮਜੀਤ ਸਿੰਘ, ਬਾਬਾ ਸੁਖਦੇਵ ਸਿੰਘ ਤੇ ਹੋਰ ਮੌਜੂਦ ਸਨ।

Share this News