Total views : 5506411
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਜਸਕਰਨ ਸਿੰਘ
ਖੇਤੀਬਾੜੀ ਵਿਭਾਗ ਦੇ ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਮਾਝੇ ਦੇ ਖੇਤੀ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਸੱਦਾ ਦਿੱਤਾ ਕਿ ਪੰਜਾਬ ਦੇ ਕਿਸਾਨਾਂ ਨੂੰ ਰਵਾਇਤੀ ਫਸਲੀ ਚੱਕਰ ਵਿਚੋਂ ਕੱਢਕੇ ਸਹਾਇਕ ਧੰਦਿਆਂ ਨਾਲ ਜੋੜਿਆ ਜਾਵੇ। ਉਨਾਂ ਕਿਹਾ ਕਿ ਕਣਕ-ਝੋਨੇ ਦਾ ਫਸਲੀ ਚੱਕਰ ਕਿਸਾਨਾਂ ਨੂੰ ਆਰਥਿਕ ਤੌਰ ਉਤੇ ਉਨਾ ਖੁਸ਼ਹਾਲ ਨਹੀਂ ਕਰ ਸਕਦਾ, ਜਿੰਨਾ ਕਿ ਸਹਾਇਕ ਧੰਦੇ, ਕਿਉਂਕਿ ਹਰੇਕ ਘਰ ਦਾ ਰੋਜ਼ਾਨਾ ਖਰਚਾ ਹੈ, ਜਿਸ ਨੂੰ ਸਹਾਇਕ ਧੰਦਿਆਂ ਦੀ ਮਦਦ ਨਾਲ ਹੀ ਪੂਰਾ ਕੀਤਾ ਜਾ ਸਕਦਾ ਹੈ।
ਖੇਤੀਬਾੜੀ ਮੰਤਰੀ ਵੱਲੋਂ ਮਾਝੇ ਦੇ ਖੇਤੀ ਅਧਿਕਾਰੀਆਂ ਨਾਲ ਮੀਟਿੰਗ
ਖੇਤੀ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਪੰਜਾਬ ਦੀ ਆਰਥਿਕਤਾ ਪੂਰੀ ਤਰਾਂ ਖੇਤੀ ਨਾਲ ਜੁੜੀ ਹੋਈ ਹੈ, ਜੇਕਰ ਪੰਜਾਬ ਦਾ ਕਿਸਾਨ ਖੁਸ਼ਹਾਲ ਹੁੰਦਾ ਹੈ ਤਾਂ ਹਰੇਕ ਵਰਗ ਚਾਹੇ ਉਹ ਵਪਾਰੀ ਹੋਵੇ, ਸਨਅਤਕਾਰ ਹੋਵੇ, ਦੁਕਾਨਦਾਰ ਹੋਵੇ ਜਾਂ ਕਿਰਤੀ ਲੋਕ, ਹਰੇਕ ਦੀ ਜੇਬ ਵਿਚ ਪੈਸਾ ਆਉਂਦਾ ਹੈ, ਇਸ ਲਈ ਰਾਜ ਦੇ ਕਿਸਾਨਾਂ ਨੂੰ ਖੁਸ਼ਹਾਲ ਕਰਨਾ ਸਾਡੀ ਤਰਜੀਹ ਹੈ।
ਉਨਾਂ ਅੰਮ੍ਰਿਤਸਰ ਤੇ ਤਰਨਤਾਰਨ ਜਿਲਿਆਂ ਦੇ ਖੇਤੀ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਕਿਹਾ ਕਿ ਦੋਵਾਂ ਜਿਲਿਆਂ ਵਿਚੋਂ ਘੱਟੋ ਘੱਟ 3000 ਕਿਸਾਨਾਂ ਨੂੰ ਰਵਾਇਤੀ ਖੇਤੀ ਵਿਚੋਂ ਕੱਢ ਕੇ ਸਹਾਇਕ ਧੰਦਿਆਂ ਨਾਲ ਜੋੜਨ ਦਾ ਟੀਚਾ ਦਿੱਤਾ ਤੇ ਕਿਹਾ ਕਿ ਜੇਕਰ ਤੁਸੀਂ ਇਹ ਕੰਮ ਕਰ ਦਿੰਦੇ ਹੋਏ ਤਾਂ ਇੰਨਾ ਕਿਸਾਨਾਂ ਦੀ ਸਫਲਤਾ ਵੇਖ ਹੋਰ ਕਿਸਾਨ ਆਪਣੇ ਆਪ ਸਹਾਇਕ ਧੰਦਿਆਂ ਵੱਲ ਖਿੱਚੇ ਜਾਣਗੇ, ਜੋ ਕਿ ਕੇਵਲ ਉਨਾਂ ਨੂੰ ਖੁਸ਼ਹਾਲ ਨਹੀਂ ਕਰਨਗੇ, ਬਲਿਕ ਸਮੁੱਚੇ ਇਲਾਕੇ ਵਿਚ ਆਰਥਿਕ ਖੁਸ਼ਹਾਲੀ ਆਵੇਗੀ।
ਹੜਾਂ ਨਾਲ ਪ੍ਰਭਾਵਿਤ ਹੋਈਆਂ ਫਸਲਾਂ ਦਾ ਬਿਊਰਾ ਦਿੰਦੇ ਖੇਤੀ ਮੰਤਰੀ ਨੇ ਦੱਸਿਆ ਕਿ ਫਿਲਹਾਲ ਵਿਸ਼ੇਸ਼ ਗਿਰਦਾਵਰੀ ਚੱਲ ਰਹੀ ਹੈ, ਪਰ ਹੁਣ ਤੱਕ ਪ੍ਰਾਪਤ ਸੂਚਨਾ ਅਨੁਸਾਰ ਅੰਮ੍ਰਿਤਸਰ ਜਿਲ੍ਹੇ ਦੀ ਕਰੀਬ 5000 ਏਕੜ ਫਸਲ ਹੜਾਂ ਨਾਲ ਪ੍ਰਭਾਵਿਤ ਹੋਈ ਹੈ, ਜਿਸ ਵਿਚੋਂ ਚਾਰ ਹਜ਼ਾਰ ਏਕੜ ਰਕਬਾ ਇਕੱਲਾ ਅਜਨਾਲਾ ਤਹਿਸੀਲ ਦਾ ਹੈ। ਇਸੇ ਤਰਾਂ ਤਰਨਤਾਰਨ ਜਿਲ੍ਹੇ ਵਿਚ 14125 ਹੈਕਟੇਅਰ ਰਕਬਾ ਹੜਾਂ ਨਾਲ ਪ੍ਰਭਾਵਿਤ ਹੋਇਆ ਹੈ, ਜਿਸ ਵਿਚੋਂ 12700 ਹੈਕਟੇਅਰ ਰਕਬਾ ਬਾਸਮਤੀ ਤੇ ਝੋਨੇ ਦਾ ਹੈ। ਖੇਤੀ ਮੰਤਰੀ ਨੇ 15 ਅਗਸਤ ਤੱਕ ਸਾਰੇ ਪ੍ਰਭਾਵਿਤ ਇਲਾਕੇ ਦੀ ਗਿਰਦਾਵਰੀ ਪੂਰੀ ਕਰਨ ਦਾ ਹਦਾਇਤ ਕਰਦੇ ਕਿਹਾ ਕਿ ਮੁੱਖ ਮਤੰਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਵੱਲੋਂ ਹਰੇਕ ਪ੍ਰਭਾਵਿਤ ਵਿਅਕਤੀਆਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ, ਇਸ ਲਈ ਇਹ ਕੰਮ ਤਰਜੀਹ ਅਧਾਰ ਉਤੇ ਪੂਰਾ ਕੀਤਾ ਜਾਵੇ। ਉਨਾਂ ਹੜ੍ਹ ਪ੍ਰਭਾਵਿਤ ਕਿਸਾਨਾਂ, ਖੇਤ ਮਜ਼ਦੂਰਾਂ ਤੇ ਆਮ ਲੋਕਾਂ ਦੀ ਵੱਧ ਤੋਂ ਵੱਧ ਮਦਦ ਕਰਨ ਦੀ ਅਪੀਲ ਵੀ ਅਧਿਕਾਰੀਆਂ ਨੂੰ ਕੀਤੀ।
ਉਨਾਂ ਵਿਭਾਗ ਦੇ ਅਧਿਕਾਰੀਆਂ ਨਾਲ ਖੁੱਲੀ ਗੱਲਬਾਤ ਕਰਦੇ ਉਨਾਂ ਦੇ ਮਸਲੇ ਵੀ ਸੁਣੇ ਤੇ ਉਨਾਂ ਨੂੰ ਹੱਲ ਕਰਦਾ ਭਰੋਸਾ ਦਿੱਤਾ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ, ਐਸ ਡੀ ਐਮ ਮਨਕੰਵਲ ਸਿੰਘ ਚਾਹਲ, ਮੁੱਖ ਖੇਤੀਬਾੜੀ ਅਧਿਕਾਰੀ ਅੰਮ੍ਰਿਤਸਰ ਸ. ਜਤਿੰਦਰ ਸਿੰਘ ਗਿੱਲ, ਮੁੱਖ ਖੇਤੀਬਾੜੀ ਅਧਿਕਾਰੀ ਤਰਨਤਾਰਨ ਸ. ਹਰਪਾਲ ਸਿੰਘ ਪੰਨੂੰ,ਜਿਲ੍ਹਾ ਸਿਖਲਾਈ ਅਫਸਰ ਸ. ਕੁਲਦੀਪ ਸਿੰਘ ਮੱਤੇਵਾਲ, ਵਿਸ਼ਾ ਮਾਹਿਰ ਗੁਰਦੇਵ ਸਿੰਘ ਦਾਸੂਵਾਲ, ਡਿਪਟੀ ਡਾਇਰੈਕਟਰ ਨਵਰਾਜ ਸਿੰਘ ਸੰਧੂ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਸ. ਦਵਿੰਦਰ ਸਿੰਘ, ਡਿਪਟੀ ਡਾਇਰੈਕਟਰ ਮੱਛੀ ਪਾਲਣ ਸ. ਹਰਦੇਵ ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।