Total views : 5507063
Total views : 5507063
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ /ਰਣਜੀਤ ਸਿੰਘ ਰਾਣਾ
ਸਿੱਖਾਂ ਦੀ ਸਿਰਮੌਰ ਵਿੱਦਿਅਕ ਸੰਸਥਾ ਚੀਫ਼ ਖ਼ਾਲਸਾ ਦੀਵਾਨ ਨੇ ਅਪਣੇ ਪ੍ਰਬੰਧ ਹੇਠ ਚੱਲ ਰਹੇ ਸਮੂਹ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲਾਂ ਵਿੱਚ ਕੰਮ ਕਰ ਰਹੇ ਅਧਿਆਪਕਾਂ ਨੂੰ ਲਾਜਮੀ ਟ੍ਰੇਨਿੰਗ ਦੇਣ ਲਈ 600 ਰੁਪਏ ਪ੍ਰਤੀ ਅਧਿਆਪਕ ਵਸੂਲੇ ਜਾਣ ਦਾ ਦਫਤਰੀ ਆਡਰ ਨੰ.1904 ਮਿਤੀ 16 ਜੂਨ ਸੰਸਥਾ ਦੇ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਦੇ ਨਾਮ ਹੇਠ ਜਾਰੀ ਕੀਤਾ ਹੈ। ਪੱਤਰ ਵਿੱਚ ਸਮੂਹ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਉਹ ਇਹ ਫੀਸ ਅਧਿਆਪਕਾਂ ਕੋਲੋਂ ਇਕੱਠੀ ਕਰਕੇ ਡਾਇਰੈਕਟਰ ਐਜੂਕੇਸ਼ਨ ਦੇ ਬੈਂਕ ਖਾਤੇ ਵਿੱਚ ਜਮ੍ਹਾਂ ਕਰਾਉਣ। ਦੀਵਾਨ ਦੇ ਸਾਬਕਾ ਮੈਂਬਰ ਪ੍ਰੋ ਬਲਜਿੰਦਰ ਸਿੰਘ, ਅਵਤਾਰ ਸਿੰਘ ਅਤੇ ਅਮਰਜੀਤ ਸਿੰਘ ਭਾਟੀਆ ਨੇ ਦੋਸ਼ ਲਗਾਇਆ ਕਿ ਸ਼ਹਿਰ ਦੀਆਂ ਮਿਆਰੀ ਵਿੱਦਿਅਕ ਸੰਸਥਾਵਾਂ ਦੇ ਮੁਕਾਬਲੇ ਦੀਵਾਨ ਦੇ ਅਧਿਆਪਕਾਂ ਦੀ ਤਨਖ਼ਾਹਾਂ ਪਹਿਲਾਂ ਹੀ ਘੱਟ ਹਨ ਅਤੇ ਹੁਣ ਉਨ੍ਹਾਂ ਕੋਲੋਂ 600 ਰੁਪਏ ਪ੍ਰਤੀ ਅਧਿਆਪਕ ਵਸੂਲ ਕੇ ਆਰਥਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ।
ਸੂਤਰਾਂ ਅਨੁਸਾਰ ਲੱਗ ਭੱਗ 1500 ਅਧਿਆਪਕ ਦੀਵਾਨ ਵਿੱਚ ਨੌਕਰੀ ਕਰ ਰਹੇ ਹਨ। ਇਹ ਟ੍ਰੇਨਿੰਗ 3 ਜੁਲਾਈ ਤੋਂ 7 ਜੁਲਾਈ ਤੱਕ ਹਰ ਵਿਸ਼ੇ ਤੇ ਦੋ ਦਿਨ ਦੀ ਹੋਣੀ ਹੈ ਜਿਸਨੂੰ ਸੰਸਥਾ ਦੇ ਹੀ ਸੀਨੀਅਰ ਅਧਿਆਪਕ ਸੰਬੋਧਨ ਕਰਨਗੇ। ਸਾਬਕਾ ਮੈਂਬਰਾਂ ਨੇ ਕਿਹਾ ਕਿ 160 ਕਰੋੜ ਦੇ ਬੱਜਟ ਵਾਲੀ ਸੰਸਥਾ ਨੂੰ ਅਧਿਆਪਕਾਂ ਲਈ ਟ੍ਰੈਨਿੰਗ ਦੇਣ ਵਾਸਤੇ ਅਪਣੇ ਬੱਜਟ ਦਾ ਇਸਤੇਮਾਲ ਕਰਨਾ ਚਾਹੀਦਾ ਸੀ। ਨਾਮਵਰ ਸੰਸਥਾਵਾਂ ਦੇ ਪ੍ਰਬੰਧਕਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਉਹ ਦੇਸ਼ ਭਰ ਤੋਂ ਉੱਚ ਕੋਟੀ ਦੇ ਵਿਦਵਾਨ ਸੱਦ ਕੇ ਆਪਣੇ ਅਧਿਆਪਕਾਂ ਵਿੱਚ ਗੁਣਾਤਮਕ ਵਾਧਾ ਕਰਦੇ ਹਨ ਅਤੇ ਇਸ ਸੰਬੰਧੀ ਸਾਰਾ ਖ਼ਰਚਾ ਪ੍ਰਬੰਧਕ ਕਮੇਟੀ ਵਲੋਂ ਅਪਣੀ ਆਮਦਨ ਵਿੱਚੋਂ ਬਣਾਏ ਗਏ ਅਧਿਆਪਕ ਭਲਾਈ ਫੰਡ ਵਿੱਚੋਂ ਕੀਤਾ ਜਾਂਦਾ ਹੈ। ਸਾਬਕਾ ਮੈਂਬਰਾਂ ਨੇ ਦੀਵਾਨ ਦੇ ਪ੍ਰਧਾਨ ਡਾ ਇੰਦਰਬੀਰ ਸਿੰਘ ਨਿੱਝਰ ਨੂੰ ਅਪੀਲ ਕੀਤੀ ਕਿ ਉਹ ਅਧਿਆਪਕਾਂ ਕੋਲ਼ੋਂ ਵਸੂਲੀ ਗਈ ਫੀਸ ਤੁਰੰਤ ਵਾਪਸ ਕਰਨ ਅਤੇ ਗੁਣਾਤਮਕ ਵਿਦਿਆ ਪ੍ਰਸਾਰ ਦਾ ਆਰਥਿਕ ਬੋਝ ਸੰਸਥਾ ਤੇ ਪਾਉਣ।