Total views : 5505303
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਵਿਸ਼ਵ ਗੱਤਕਾ ਫੈਡਰੇਸ਼ਨ ਤੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਟ੍ਰੇਨਿੰਗ ਲਈ ਹਰ ਸੰਭਵ ਮੱਦਦ ਦਾ ਭਰੋਸਾ
ਚੰਡੀਗੜ੍ਹ /ਬੀ.ਐਨ.ਈ ਬਿਊਰੋ
ਵਿਸ਼ਵ ਗੱਤਕਾ ਫੈਡਰੇਸ਼ਨ ਤੋਂ ਮਾਨਤਾ ਮਾਨਤਾ-ਪ੍ਰਾਪਤ ਅਤੇ ਸਭ ਤੋਂ ਪੁਰਾਣੀ ਰਜਿਸਟਰਡ ਗੱਤਕਾ ਸੰਸਥਾ, ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਸ. ਹਰਜੀਤ ਸਿੰਘ ਗਰੇਵਾਲ, ਸਟੇਟ ਐਵਾਰਡੀ, ਨੇ ਵਿਸ਼ਵ ਭਰ ਦੀਆਂ ਸਮੂਹ ਸਿੱਖ ਵਿੱਦਿਅਕ ਸੰਸਥਾਵਾਂ, ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਪ੍ਰਬੰਧਕਾਂ ਨੂੰ ਅਪੀਲ ਕੀਤੀ ਹੈ ਕਿ ਹਰ ਗੁਰਦੁਆਰਾ ਸਾਹਿਬਾਨ ਸਮੇਤ ਸਮੂਹ ਖਾਲਸਾ ਸਕੂਲਾਂ ਅਤੇ ਕਾਲਜਾਂ ਵਿੱਚ ਗੱਤਕੇ ਦੀ ਮੁਫ਼ਤ ਸਿਖਲਾਈ ਆਰੰਭ ਕਰਵਾਈ ਜਾਵੇ ਅਤੇ ਇਸ ਮਕਸਦ ਲਈ ਹਰ ਗੁਰਦੁਆਰੇ ਤੇ ਵਿੱਦਿਅਕ ਅਦਾਰੇ ਵਿੱਚ ਇੱਕ-ਇੱਕ ਗੱਤਕਾ ਕੋਚ ਵੀ ਭਰਤੀ ਕੀਤਾ ਜਾਵੇ ਤਾਂ ਜੋ ਹਰ ਮੁਲਕ ਵਿੱਚ ਗੱਤਕੇ ਨੂੰ ਵੱਧ ਤੋਂ ਵੱਧ ਪ੍ਰਫੁੱਲਤ ਕੀਤਾ ਜਾ ਸਕੇ।
ਗੱਤਕਾ ਖੇਡ ਨੂੰ ਕੌਮਾਂਤਰੀ ਪੱਧਰ ਤੇ ਮਕਬੂਲ ਬਣਾਉਣ ਦੀ ਲੜੀ ਹੇਠ ਕੀਤੀ ਚਰਚਾ ਲੰਦਨ ਦੇ ਹੇਜ਼ ਸ਼ਹਿਰ ਵਿਚ ਸੇਫਟੈਕ ਵਾਲੇ ਸ. ਸਰਬਜੀਤ ਸਿੰਘ ਗਰੇਵਾਲ ਵੱਲੋਂ ਗੱਤਕੇ ਬਾਰੇ ਚਰਚਾ ਕਰਨ ਲਈ ਇੱਕ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ ਜਿਸ ਵਿੱਚ ਹੋਰਨਾਂ ਤੋਂ ਇਲਾਵਾ ਰਘੁਵਿੰਦਰ ਸਿੰਘ ਸੋਹੀ, ਸੁਖਪਾਲ ਸਿੰਘ ਜੋਹਲ, ਸੁਰਜੀਤ ਸਿੰਘ ਜੌਹਲ, ਡਾ. ਜਸਵੀਰ ਸਿੰਘ ਜੰਡੂ, ਕਰਤਾਰ ਸਿੰਘ ਮੋਮੀ, ਰਜਿੰਦਰ ਸਿੰਘ ਥਿੰਦ, ਸੁਖਜੀਵਨ ਸਿੰਘ ਸੋਢੀ, ਪਲਵਿੰਦਰ ਸਿੰਘ ਤੇ ਅਮਰਜੀਤ ਸਿੰਘ ਕੁਲਚਾ ਐਕਸਪ੍ਰੈਸ, ਅਮਰਜੀਤ ਸਿੰਘ, ਕੇਵਲ ਸਿੰਘ ਰੰਧਾਵਾ, ਅਮਰੀਕ ਸਿੰਘ ਸਿੱਧੂ, ਮਨਪ੍ਰੀਤ ਸਿੰਘ ਬੱਧਨੀ, ਹਰਵਿੰਦਰ ਸਿੰਘ ਗਰੇਵਾਲ, ਰੁਪਿੰਦਰ ਸਿੰਘ ਸੈਣੀ ਆਦਿ ਵੀ ਹਾਜਰ ਸਨ।ਇਸ ਮੌਕੇ ਗੱਲਬਾਤ ਦੌਰਾਨ ਸ. ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਵਿਸ਼ਵ ਗੱਤਕਾ ਫੈਡਰੇਸ਼ਨ ਅਤੇ ਏਸ਼ੀਅਨ ਗੱਤਕਾ ਫੈਡਰੇਸ਼ਨ ਦਾ ਮੁੱਖ ਉਦੇਸ਼ ਸਵੈ-ਰੱਖਿਆ ਦੀ ਖੇਡ ਗੱਤਕਾ ਨੂੰ ਏਸ਼ੀਆਈ ਖੇਡਾਂ, ਰਾਸ਼ਟਰਮੰਡਲ ਖੇਡਾਂ, ਸੈਫ਼ ਖੇਡਾਂ ਅਤੇ ਓਲੰਪਿਕ ਖੇਡਾਂ ਵਿੱਚ ਸ਼ਾਮਲ ਕਰਵਾਉਣਾ ਹੈ। ਇਸ ਮਕਸਦ ਦੀ ਪੂਰਤੀ ਲਈ ਵੱਧ ਤੋਂ ਵੱਧ ਦੇਸ਼ਾਂ ਵਿੱਚ ਗੱਤਕਾ ਟੀਮਾਂ ਬਣਾਈਆਂ ਜਾਣਗੀਆਂ ਅਤੇ ਉਨ੍ਹਾਂ ਮੁਲਕਾਂ ਵਿੱਚ ਹਰ ਸਾਲ ਨੈਸ਼ਨਲ ਪੱਧਰ ਦੇ ਟੂਰਨਾਮੈਂਟ ਕਰਵਾਏ ਜਾਣਗੇ। ਇਸੇ ਦੌਰਾਨ ਏਸ਼ੀਆ ਗੱਤਕਾ ਚੈਂਪੀਅਨਸ਼ਿੱਪ ਅਤੇ ਵਿਸ਼ਵ ਗੱਤਕਾ ਚੈਂਪੀਅਨਸ਼ਿੱਪ ਵੀ ਕਰਵਾਈ ਜਾਵੇਗੀ। ਅਜਿਹੀ ਸੰਗਠਿਤ ਯੋਜਨਾ ਤਹਿਤ ਗੱਤਕੇ ਦੀ ਮਕਬੂਲੀਅਤ ਵਧੇਗੀ ਅਤੇ ਗੱਤਕਾ ਖੇਡ ਨੂੰ ਕੌਮਾਂਤਰੀ ਪੱਧਰ ਉਤੇ ਮਾਨਤਾ ਪ੍ਰਾਪਤ ਖੇਡ ਦਾ ਦਰਜਾ ਪ੍ਰਾਪਤ ਹੋ ਸਕੇਗਾ।
ਸ. ਗਰੇਵਾਲ ਨੇ ਕਿਹਾ ਕਿ ਗੱਤਕੇ ਨੂੰ ਉਲੰਪਿਕ ਖੇਡਾਂ ਤੱਕ ਲਿਜਾਣ ਦਾ ਸੁਫਨਾ ਸਮੁੱਚੇ ਮੁਲਕਾਂ ਵਿੱਚ ਚੱਲ ਰਹੇ ਗੁਰਦੁਆਰਾ ਸਾਹਿਬਾਨ, ਹਰ ਤਰ੍ਹਾਂ ਦੀਆਂ ਸਿੱਖ ਵਿੱਦਿਅਕ ਸੰਸਥਾਵਾਂ, ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਵੱਡੇ ਸਹਿਯੋਗ ਨਾਲ ਬਹੁਤ ਜਲਦ ਸਾਕਾਰ ਹੋ ਸਕਦਾ ਹੈ ਜੇਕਰ ਉਕਤ ਸੰਸਥਾਵਾਂ ਦੇ ਪ੍ਰਬੰਧਕਾਂ ਵੱਲੋਂ ਬਣਦੀ ਜ਼ਿੰਮੇਵਾਰੀ ਸਮਝ ਕੇ ਹਰ ਗੁਰਦੁਆਰੇ ਅਤੇ ਵਿੱਦਿਅਕ ਸੰਸਥਾ ਅੰਦਰ ਗੱਤਕਾ ਸਿਖਲਾਈ ਕੇਂਦਰ ਚਾਲੂ ਕੀਤੇ ਜਾਣ ਅਤੇ ਉੱਥੇ ਇੱਕ-ਇੱਕ ਗੱਤਕਾ ਕੋਚ ਭਰਤੀ ਕੀਤਾ ਜਾਵੇ। ਉਨ੍ਹਾਂ ਭਰੋਸਾ ਦਿੱਤਾ ਕਿ ਅਜਿਹੇ ਟ੍ਰੇਨਿੰਗ ਸੈਂਟਰਾਂ ਲਈ ਵਿਸ਼ਵ ਗੱਤਕਾ ਫੈਡਰੇਸ਼ਨ ਅਤੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਕੋਚਾਂ ਦਾ ਪ੍ਰਬੰਧ ਕੀਤਾ ਜਾਵੇਗਾ ਅਤੇ ਹਰ ਸੰਭਵ ਮੱਦਦ ਕੀਤੀ ਜਾਵੇਗੀ।
ਇਸ ਵਿਸ਼ੇਸ਼ ਮਿਲਣੀ ਦੌਰਾਨ ਸ. ਹਰਜੀਤ ਸਿੰਘ ਗਰੇਵਾਲ ਨੇ ਭਾਰਤ ਵਿੱਚ ਗੱਤਕੇ ਨੂੰ ਮਾਨਤਾ ਦਿਵਾਉਣ ਲਈ ਕੀਤੇ ਯਤਨਾਂ ਦਾ ਉਲੇਖ ਕਰਦੇ ਹੋਏ ਵਿਸ਼ਵ ਦੇ ਸਮੂਹ ਸਿੱਖਾਂ ਨੂੰ ਗੱਤਕੇ ਦੀ ਪ੍ਰਫੁੱਲਤਾ ਅਤੇ ਹਰਮਨ ਪਿਆਰਾ ਬਣਾਉਣ ਲਈ ਅੱਗੇ ਆਉਣ ਦੀ ਅਪੀਲ ਵੀ ਕੀਤੀ।
ਇਸ ਮੌਕੇ ਬੋਲਦਿਆਂ ਸ. ਸਰਬਜੀਤ ਸਿੰਘ ਗਰੇਵਾਲ ਸੇਫਟੈਕ ਨੇ ਦੱਸਿਆ ਕਿ ਪਿਛਲੇ ਡੇਢ ਦਹਾਕੇ ਤੋਂ ਤਨਦੇਹੀ ਨਾਲ ਗੱਤਕਾ ਖੇਡ ਨੂੰ ਪ੍ਰਮੋਟ ਕਰ ਰਹੇ ਸ. ਹਰਜੀਤ ਸਿੰਘ ਗਰੇਵਾਲ ਨਾਲ ਇਸ ਵਿਸ਼ੇਸ਼ ਮਿਲਣੀ ਦਾ ਮਕਸਦ ਸਿੱਖ ਵਿਰਾਸਤ ਦੀ ਖੇਡ ਗੱਤਕਾ ਨੂੰ ਦੇਸ਼-ਵਿਦੇਸ਼ ਵਿੱਚ ਪ੍ਰਫੁੱਲਤ ਕਰਨ ਲਈ ਢੰਗ-ਤਰੀਕੇ ਤੇ ਯੋਜਨਾ ਉਲੀਕਣਾ ਸੀ ਜਿਸ ਦੌਰਾਨ ਸ਼ਾਮਲ ਸਖਸ਼ੀਅਤਾਂ ਨੇ ਉਸਾਰੂ ਚਰਚਾ ਕਰਦਿਆਂ ਕਈ ਸੁਝਾਅ ਵੀ ਦਿੱਤੇ। ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ ਸ਼ਾਮਲ ਸਮੂਹ ਹਾਜ਼ਰੀਨ ਨੇ ਭਵਿੱਖ ਵਿੱਚ ਵਿਸ਼ਵ ਗੱਤਕਾ ਫੈਡਰੇਸ਼ਨ ਅਤੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੀ ਹਰ ਸੰਭਵ ਮੱਦਦ ਕਰਨ ਦਾ ਫੈਸਲਾ ਕੀਤਾ।