Total views : 5508498
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਗੁਰਦਾਸਪੁਰ/ਰਣਜੀਤ ਸਿੰਘ ਰਾਣਾ
ਮੁੱਖ ਖੇਤੀਬਾੜੀ ਅਫਸਰ ਗੁਰਦਾਸਪੁਰ ਡਾ: ਕ੍ਰਿਪਾਲ ਸਿੰਘ ਢਿਲ਼ੋ ਨੇ ਅੱਜ ਇਥੇ ਪੱਤਰਕਾਰਾਂ ਨਾਲ ਗੱਲ਼ ਕਰਦਿਆ ਜ਼ਿਲ੍ਹੇ ਦੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਤਰ ਵੱਤਰ ਤਕਨੀਕ ਨਾਲ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਵਿਧੀ ਰਾਹੀਂ ਝੋਨੇ ਦੀ ਫਸਲ ਬੀਜਣ ਨਾਲ 15-20 ਫ਼ੀਸਦੀ ਪਾਣੀ ਦੀ ਬਚਤ, ਜਮੀਨਦੋਜ਼ ਪਾਣੀ ਦਾ 10-12 ਫ਼ੀਸਦੀ ਜ਼ਿਆਦਾ ਰੀਚਾਰਜ, ਮਜਦੂਰੀ ਦੀ ਬਚਤ, ਫਸਲ ’ਤੇ ਬਿਮਾਰੀਆਂ ਦਾ ਘੱਟ ਹਮਲਾ, ਝੋਨੇ ਦੀ ਪਰਾਲੀ ਦਾ ਪ੍ਰਬੰਧ ਸੌਖਾ ਅਤੇ ਖੇਤ ਜਲਦੀ ਵਿਹਲਾ ਹੋਣ ਕਰਕੇ, ਕਣਕ ਲਈ ਖੇਤ ਸੌਖਾ ਤਿਆਰ ਹੋਣ ਵਰਗੇ ਕਈ ਫਾਇਦੇ ਹਨ।
ਉੱਦਮੀ ਕਿਸਾਨਾਂ ਵਲੋਂ ਪਿਛਲੇ ਸਾਲ ਝੋਨੇ ਦੀ ਸਿੱਧੀ ਬਿਜਾਈ ਕਰਕੇ ਜਿਥੇ ਪਾਣੀ ਦੀ ਬੱਚਤ ਕੀਤੀ ਗਈ, ਉਥੇ ਵਾਧੂ ਖ਼ਰਚਾ ਵੀ ਘਟਾਇਆ ਗਿਆ
ਡਾ: ਢਿਲ਼ੋ ਨੇ ਅੱਗੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਪੰਜਾਬ ਸਰਕਾਰ ਵਲੋਂ 1500 ਰੁਪਏ ਪ੍ਰਤੀ ਏਕੜ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਤੋਂ ਪਹਿਲਾਂ ਕਿਸਾਨ ਆਪਣੀ ਜਮੀਨ ਦੀ ਵਿਉਂਤਬੰਦੀ ਜਰੂਰ ਕਰਨ, ਝੋਨੇ ਦੀ ਸਿੱਧੀ ਬਿਜਾਈ ਸਿਰਫ ਦਰਮਿਆਨੀਆਂ ਤੋਂ ਭਾਰੀਆਂ ਜਮੀਨਾਂ ਵਿੱਚ ਹੀ ਕੀਤੀ ਜਾਵੇ ਅਤੇ ਹਲਕੀਆਂ ਜਮੀਨਾਂ ਵਿੱਚ ਇਹ ਬਿਜਾਈ ਨਾ ਕੀਤੀ ਜਾਵੇ। ਉਨ੍ਹਾਂ ਵਲੋਂ ਸਾਰੇ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਰਕਬੇ ਦਾ ਘੱਟ ਤੋਂ ਘੱਟ ਇੱਕ ਤਿਹਾਈ ਹਿੱਸਾ ਝੋਨੇ ਦੀ ਸਿੱਧੀ ਬਿਜਾਈ ਹੇਠ ਜਰੂਰ ਲਿਆਉਣ ਤਾਂ ਜੋ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਬਰਕਰਾਰ ਰੱਖਿਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਨਦੀਨਾਂ ਦੀ ਰੋਕਥਾਮ ਲਈ ਛਿੜਕਾਅ ਤਕਨੀਕਾਂ ਦਾ ਸਹੀ ਹੋਣਾ ਬਹੁਤ ਜਰੂਰੀ ਹੈ ਜਿਵੇਂ ਕਿ ਨਦੀਨ ਨਾਸ਼ਕਾਂ ਦਾ ਛਿੜਕਾਅ ਹਮੇਸ਼ਾਂ ਹੀ ਸ਼ਾਮ ਦੇ ਸਮੇਂ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਝੋਨੇ ਦੀ ਸਿੱਧੀ ਬਜਾਈ ਤਰ ਵੱਤਰ ਖੇਤ ਵਿੱਚ ਹੀ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਕਾਫ਼ੀ ਸਾਰੇ ਉੱਦਮੀ ਕਿਸਾਨਾਂ ਵਲੋਂ ਪਿਛਲੇ ਸਾਲ ਝੋਨੇ ਦੀ ਸਿੱਧੀ ਬਿਜਾਈ ਕਰਕੇ ਜਿਥੇ ਪਾਣੀ ਦੀ ਬੱਚਤ ਕੀਤੀ ਗਈ, ਉਥੇ ਵਾਧੂ ਖ਼ਰਚਾ ਵੀ ਘਟਾਇਆ ਗਿਆ। ਉਨ੍ਹਾਂ ਕਿਹਾ ਕਿ ਕੱਦੂ ਵਾਲੇ ਝੋਨੇ ਦੇ ਖੇਤਾਂ ਵਾਂਗ ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤਾਂ ਦਾ ਝਾੜ ਲਗਭਗ ਬਰਾਬਰ ਹੀ ਆਉਂਦਾ ਹੈ। ਉਨ੍ਹਾਂ ਨੇ ਕਿਹਾ ਬਹੁਤ ਸਾਰੇ ਕਿਸਾਨ ਇਸ ਵਿੱਚ ਰੁਚੀ ਦਿਖਾ ਰਹੇ ਹਨ ਅਤੇ ਜੋ ਕਿਸਾਨ ਇਸ ਵਿੱਧੀ ਨਾਲ ਪਹਿਲੀ ਵਾਰ ਬਿਜਾਈ ਕਰ ਰਹੇ ਹਨ, ਉਨ੍ਹਾਂ ਲਈ ਇਸ ਤਕਨੀਕ ਦੇ ਤਕਨੀਕੀ ਨੁਕਤਿਆਂ ਨੂੰ ਸਮਝਣਾ ਬਹੁਤ ਜਰੂਰੀ ਹੈ। ਵਧੇਰੀ ਜਾਣਕਾਰੀ ਲਈ ਕਿਸਾਨ ਆਪਣੇ ਬਲਾਕ ਦੇ ਬਲਾਕ ਖੇਤੀਬਾੜੀ ਅਫਸਰ ਦੇ ਦਫਤਰ ਵਿੱਚ ਸੰਪਰਕ ਕਰ ਸਕਦੇ ਹਨ।