Total views : 5506907
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਬੀ ਬੀ ਕੇ ਡੀ ਏ ਵੀ ਕਾਲਜ ਫ਼ਾਰ ਵੂਮੈਨ, ਅੰਮ੍ਰਿਤਸਰ ਵਿਖੇ ਮਿਤੀ 01 ਅਪ੍ਰੈਲ 2023 ਨੂੰ ਮਹਾਰਿਸ਼ੀ ਦਿਯਾਨੰਦ ਸਰਸਵਤੀ ਜੀ ਦੀ 200ਵੀਂ ਜਨਮ ਸ਼ਤਾਬਦੀ ਨੂੰ ਸਮਰਪਿਤ 51ਵੇਂ ‘ਡਿਗਰੀ ਵੰਡ’ ਸਮਾਰੋਹ ਦਾ ਆਯੋਜਨ ਕੀਤਾ ਗਿਆ। ਪਦਮਸ਼੍ਰੀ ਡਾ. ਹਰਮਹਿੰਦਰ ਸਿੰਘ ਬੇਦੀ, ਕੁਲਪਤੀ, ਕੇਂਦਰੀ ਯੂਨੀਵਰਸਿਟੀ, ਹਿਮਾਚਲ ਪ੍ਰਦੇਸ਼, ਨੇ ਮੁੱਖ ਮਹਿਮਾਨ ਅਤੇ ਡਾ. ਅਸ਼ਵਨੀ ਭੱਲਾ, ਡਿਪਟੀ ਡਾਇਰੈਕਟਰ, ਹਾਇਅਰ ਐਜੂਕੇਸ਼ਨ ਐਂਡ ਲੈਂਗੁਏਜਿਜ਼, ਪੰਜਾਬ ਸਰਕਾਰ, ਨੇ ਵਿਸ਼ੇਸ਼ ਮਹਿਮਾਨ ਦੇ ਰੂਪ ‘ਚ ਸ਼ਿਰਕਤ ਕੀਤੀ। ਇਸ ਸਮਾਰੋਹ ‘ਚ ਲਗਭਗ 1100 ਗ੍ਰੈਜੂਏਟ ਅਤੇ ਪੋਸਟ-ਗ੍ਰੈਜੂਏਟ ਵਿਦਿਆਰਥਣਾਂ ਨੂੰ ਡਿਗਰੀ ਪ੍ਰਦਾਨ ਕੀਤੀ ਗਈ। ਪ੍ਰੋਗਰਾਮ ਦਾ ਆਗਾਜ਼ ਡੀ ਏ ਵੀ ਗਾਨ ਅਤੇ ਵੇਦ ਮੰਤਰ ਗਾਇਨ ਸਹਿਤ ਸ਼ਮ੍ਹਾਂ ਰੌਸ਼ਨ ਨਾਲ ਹੋਇਆ।
ਕਾਲਜ ਦੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਅਤੇ ਸ਼੍ਰੀ ਸੁਦਰਸ਼ਨ ਕਪੂਰ, ਚੇਅਰਮੈਨ, ਸਥਾਨਕ ਪ੍ਰਬੰਧਕ ਕਮੇਟੀ ਨੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਦਾ ਸਵਾਗਤ ਵਾਤਾਵਰਣ ਦੇ ਰੱਖਿਅਕ ਨੰਨ੍ਹੇ ਪੌਧੇ ਦੇ ਕੇ ਕੀਤਾ। ਪ੍ਰਿੰਸੀਪਲ ਡਾ. ਵਾਲੀਆ ਨੇ ਕਾਲਜ ਦੀ ਸਲਾਨਾ ਰਿਪੋਰਟ ਪੜ੍ਹੀ ਜਿਸ ਵਿਚ ਕਾਲਜ ਦੀ ਅਕਾਦਮਿਕ, ਖੇਡ, ਸੰਸਕ੍ਰਿਤਕ, ਐਨ ਸੀ ਸੀ, ਐਨ ਐਸ ਐਸ, ਵਿਭਿੰਨ ਸਭਾਵਾਂ ਅਤੇ ਕਾਲਜ ਸਟਾਫ ਦੀਆਂ ਉਪਲਬਧੀਆਂ ਤੇ ਗਤੀਵਿਧੀਆਂ ‘ਤੇ ਚਾਨਣਾ ਪਾਇਆ।
ਡਾ. ਪੁਸ਼ਪਿੰਦਰ ਵਾਲੀਆ ਨੇ ਵਿਦਿਆਰਥਣਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਅੱਜ ਦਾ ਡਿਗਰੀ ਵੰਡ ਸਮਾਰੋਹ ਤੁਹਾਡੇ ਸਭ ਦੀਆਂ ਯਾਦਾਂ ‘ਚ ਹਮੇਸ਼ਾ ਇਤਿਹਾਸਕ ਪਲ ਦੇ ਰੂਪ ‘ਚ ਸੁਰੱਖਿਅਤ ਰਹੇਗਾ ਅਤੇ ਸ਼ਾਨਦਾਰ ਮੀਲਪੱਥਰ ਬਣ ਕੇ ਜੀਵਨ ਭਰ ਮਾਰਗਦਰਸ਼ਨ ਕਰੇਗਾ। ਉਹਨਾਂ ਕਿਹਾ ਕਿ ਜੀਵਨ ‘ਚ ਆਉਣ ਵਾਲੀਆਂ ਵਿਭਿੰਨ ਪਰਸਥਿਤੀਆਂ ਅਧਿਆਇ ਦੀ ਤਰ੍ਹਾਂ ਹਨ ਜੋ ਬਦਲਦੀਆਂ ਰਹਿੰਦੀਆਂ ਹਨ। ਇਨ੍ਹਾਂ ਪਰਸਥਿਤੀਆਂ ਤੋਂ ਸਬਕ ਲੈਕੇ ਸਾਨੂੰ ਅੱਗੇ ਵਧਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਆਪਣੇ ਪੇਸ਼ੇ ਅਤੇ ਜਨੂੰਨ ‘ਚ ਸੰਤੁਲਨ ਬਣਾਕੇ ਆਪਣੇ ਕੰਮ ‘ਚ ਖੁਸ਼ੀ ਅਨੁਭਵ ਕਰੋ। ਜੀਵਨ ‘ਚ ਆਪਣੀਆਂ ਪ੍ਰਾਥਮਿਕਤਾਵਾਂ ਤੈਅ ਕਰਕੇ ਕੁਝ ਨਵਾਂ ਸਿੱਖਣ ਲਈ ਹਮੇਸ਼ਾ ਉਤਸੁਕ ਰਹੋ ਕਿਉਂਕਿ ਜੀਵਨ ‘ਚ ਬਹੁਤ ਸਾਰੀਆਂ ਸੰਭਾਵਨਾਵਾਂ ਹਨ।
ਮੁੱਖ ਮਹਿਮਾਨ ਪਦਮਸ਼੍ਰੀ ਡਾ. ਹਰਮਹਿੰਦਰ ਸਿੰਘ ਬੇਦੀ ਨੇ ਆਪਣੇ ਸੰਬੋਧਨੀ ਭਾਸ਼ਣ ‘ਚ ਸਭ ਤੋਂ ਪਹਿਲਾਂ ਕਾਲਜ ਦੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ, ਮੈਨੇਜਮੈਂਟ, ਸਮੂਹ ਅਧਿਆਪਕ ਅਤੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਡਿਗਰੀ ਵੰਡ ਸਮਾਰੋਹ ਕਿਸੇ ਵੀ ਸੰਸਥਾਂ ਅਤੇ ਵਿਦਿਆਰਥੀ, ਦੋਨਾਂ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ। ਉਹਨਾਂ ਨੇ ਕਿਹਾ ਕਿ ਨਾਰੀ ਸਿੱਖਿਆ ਦੇ ਖੇਤਰ ‘ਚ ਸਵਾਮੀ ਦਿਯਾਨੰਦ ਸਰਸਵਤੀ ਅਤੇ ਡੀ ਏ ਵੀ ਸੰਸਥਾਵਾਂ ਦਾ ਵੱਡਮੁੱਲਾ ਯੋਗਦਾਨ ਹੈ। ਉਹਨਾਂ ਨੇ ਪ੍ਰਿੰਸੀਪਲ ਡਾ. ਵਾਲੀਆ ਦੀ ਕੰਮ ਕਰਨ ਦੀ ਸ਼ੈਲੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹਨਾਂ ਦੀ ਅਕਾਦਮਿਕ ਸੋਚ ਵਿਦਿਆਰਥਣਾਂ ਨੂੰ ਉੱਚੀਆਂ ਬੁਲੰਦੀਆਂ ਛੂਹਣ ਦੇ ਕਾਬਲ ਬਣਾਉਦੀ ਹੈ।
ਵਿਸ਼ੇਸ਼ ਮਹਿਮਾਨ ਸ਼੍ਰੀ ਅਸ਼ਵਨੀ ਭੱਲਾ ਨੇ ਆਪਣੇ ਵਿਆਖਿਆਨ ‘ਚ ਵਿਦਿਆਰਥਣਾਂ ਨੂੰ ਸ਼ੁੱਭ-ਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਤੁਸੀ ਉੱਤਰ ਭਾਰਤ ਦੀ ਸ੍ਰੇਸ਼ਠ ਸੰਸਥਾ ਬੀ ਬੀ ਕੇ ਡੀ ਏ ਵੀ ਕਾਲਜ ਤੋਂ ਡਿਗਰੀ ਪ੍ਰਾਪਤ ਕਰ ਰਹੇ ਹੋ ਜੋ ਕਿ ਸਵਾਮੀ ਦਿਯਾਨੰਦ ਸਰਸਵਤੀ ਜੀ ਦੀ ਦੇਣ ਹੈ। ਉਹਨਾਂ ਨੇ ਆਪਣ ਸੰਦੇਸ਼ ‘ਚ ਕਿਹਾ ਕਿ ਅੱਜ ਦੀ ਉਪਲਬਧੀ ਲਈ ਆਪਣੇ ਮਾਤਾ ਪਿਤਾ, ਅਧਿਆਪਕ ਅਤੇ ਸੰਸਥਾ ਲਈ ਸ਼ੁਕਰਗੁਜ਼ਾਰ ਹੋਵੋ। ਉਹਨਾਂ ਕਿਹਾ ਕਿ ਸਮਾਜ ‘ਚ ਤੁਹਾਡਾ ਵਿਵਹਾਰ ਤੁਹਾਡੀ ਸੰਸਥਾ ਦੀ ਪ੍ਰਤੀਨਿਧਤਾ ਕਰੇਗਾ ਇਸ ਲਈ ਸਮਾਜ ਪ੍ਰਤੀ ਸੰਵੇਦਨਸ਼ੀਲ ਬਣੋ। ਉਹਨਾਂ ਨੇ ਕਿਹਾ ਕਿ ਸਾਨੂੰ ਜੀਵਨ ਵਿਚ ਹਮੇਸ਼ਾ ਕੁੱਝ ਨਾ ਕੁੱਝ ਸਿੱਖਦੇ ਰਹਿਣਾ ਚਾਹੀਦਾ ਹੈ। ਜ਼ਿੰਦਗੀ ਵਿਚ ਡਿਗਰੀ ਲੈਣ ਦਾ ਮਤਲਬ ਸਿਰਫ ਨੌਕਰੀ ਪ੍ਰਾਪਤ ਕਰਨਾ ਹੀ ਨਹੀਂ ਹੋਣਾ ਚਾਹੀਦਾ ਸਗੋ ਅਜਿਹੇ ਮੌਕੇ ਪੈਦਾ ਕਰਨੇ ਚਾਹੀਦੇ ਹਨ ਜਿਸ ਨਾਲ ਦੂਜਿਆ ਨੂੰ ਨੋਕਰੀ ਦੇਣ ਵਾਲੇ ਬਣ ਸਕੀਏ। ਉਹਨਾਂ ਨੇ ਵਿਦਿਆਰਥਣਾਂ ਨੂੰ ਅਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਜ਼ਿੰਦਗੀ ਦੀ ਉਡਾਨ ‘ਚ ਸਫਲ ਹੋਵੋ ਤੇ ਕਾਲਜ ਦਾ ਨਾਂ ਰੌਸ਼ਨ ਕਰੋ।
ਇਸ ਡਿਗਰੀ ਵੰਡ ਸਮਾਰੋਹ ‘ਚ ਐਮ ਏ ਅੰਗ੍ਰੇਜ਼ੀ, ਐਮ ਏ ਫਾਈਨ ਆਰਟਸ, ਐਮ ਡਿਜਾਈਨ ਮਲਟੀਮੀਡੀਆ, ਐਮ ਐਸਸੀ ਫੈਸ਼ਨ ਡਿਜ਼ਾਈਨਿੰਗ, ਐਮ ਐਸਸੀ ਕੰਪਿਊਟਰ ਸਾਇੰਸ, ਐਮ ਐਸਸੀ ਇੰਟਰਨੈੱਟ ਸਟੱਡੀਜ਼, ਐਮ ਕਾਮ, ਐਮ ਏ ਜੇ ਐਮ ਸੀ, ਬੈਚਲਰ ਇੰਨ ਡਿਜ਼ਾਈਨ, ਬੀ ਬੀ ਏ, ਬੀ ਐਸਸੀ ਮੈਡੀਕਲ, ਬੀ ਐਸਸੀ ਨਾਨ-ਮੈਡੀਕਲ, ਬੀ ਐਸਸੀ ਬਾਇਓੱਟੈਕਨੌਲੋਜੀ, ਬੀ ਐਸਸੀ ਇਕਨੌਮਿਕਸ, ਬੀ ਏ ਆਨਰਜ਼ ਇੰਨ ਇੰਗਲਿਸ਼, ਬੀ ਕਾਮ ਆਨਰਜ਼ ਅਤੇ ਬੀ ਏ ਦੀਆਂ ਵਿਦਿਆਰਥਣਾਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। ਪ੍ਰੋਗਰਾਮ ‘ਚ ਕਾਲਜ ਦੇ ਸਲਾਨਾ ਮੈਗਜ਼ੀਨ ‘ਸ਼ਚੀ’ ਦਾ ਵਿਮੋਚਨ ਕੀਤਾ ਗਿਆ।
ਪ੍ਰੋਗਰਾਮ ਨੂੰ ਸਭਿਆਚਾਰਕ ਰੰਗ ਦੇਣ ਲਈ ‘ਆਜ਼ਾਦੀ ਕਾ ਅੰਮ੍ਰਿਤ ਮਹੌਤਸਵ’ ਨੂੰ ਸਮਰਪਿਤ ਨਾਟਕ “ਇਸ ਜਗ੍ਹਾ ਏਕ ਗਾਂਵ ਥਾ” ਦੀ ਪੇਸ਼ਕਾਰੀ ਕੀਤੀ ਗਈ। ਇਸ ਨਾਟਕ ਰਾਹੀਂ ਵੰਡ ਦੇ ਦਰਦਨਾਕ ਸਮੇਂ ਦਾ ਭਾਵੁਕ ਚਿੱਤਰ ਦਰਸਾਇਆ ਗਿਆ। ਸੰਗੀਤ ਵਿਭਾਗ ਦੀ ਵਿਦਿਆਰਥਣ ਕੀਰਤੀ ਗੌਰ ਵੱਲੋਂ ਭਾਈ ਵੀਰ ਸਿੰਘ ਦੀ ਕਵਿਤਾ ‘ਕੰਬਦੀ ਕਲਾਈ’ ਨੂੰ ਤਰੱਣੁਮ ‘ਚ ਗਾ ਕੇ ਅਤੇ ਪ੍ਰਤਿਭਾਨੂਰ ਦੁਆਰਾ ਪੰਜਾਬੀ ਗਤਿ ਗਾ ਕੇ ਸਭ ਨੂੰ ਮੰਤਰ-ਮੁਗਧ ਕੀਤਾ ਗਿਆ। ਪ੍ਰੋਗਰਾਮ ਦੇ ਅੰਤ ‘ਤੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਅਤੇ ਸ਼੍ਰੀ ਸੁਦਰਸ਼ਨ ਕਪੂਰ ਨੇ ਮਹਿਮਾਨਾਂ ਨੂੰ ਸਮਰਿਤੀ ਚਿੰਨ੍ਹ ਭੇਂਟ ਕੀਤੇ। ਚੇਅਰਮੈਨ ਸ੍ਰੀ ਸੁਦਰਸ਼ਨ ਕਪੂਰ ਜੀ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ। ਡਾ. ਅਨੀਤਾ ਨਰੇਂਦਰ, ਮੁਖੀ, ਹਿੰਦੀ ਵਿਭਾਗ ਨੇ ਕੁਸ਼ਲ ਮੰਚ ਸੰਚਾਲਨ ਕੀਤਾ।
ਇਸ ਮੌਕੇ ਐਡਵੋਕੇਟ ਸ਼੍ਰੀ ਵਿਪਨ ਭਸੀਨ, ਮੈਂਬਰ, ਸਥਾਨਕ ਪ੍ਰਬੰਧਕ ਕਮੇਟੀ, ਆਰਿਆ ਸਮਾਜ ਤੋਂ ਕਰਨਲ ਵੇਦ ਮਿੱਤਲ ਜੀ, ਡਾ. ਪਲਵੀ ਸੇਠੀ, ਪ੍ਰਿੰਸੀਪਲ, ਡੀ ਏ ਵੀ ਪਬਲਿਕ ਸਕੂਲ ਅਤੇ ਕੈਪਟਨ ਸੰਜੀਵ ਸ਼ਰਮਾ, ਪ੍ਰਿੰਸੀਪਲ ਸਰਕਾਰੀ ਸਕੂਲ (ਆਈ ਟੀ ਟੀ) ਸਹਿਤ ਕਾਲਜ ਦੇ ਟੀਚਿੰਗ ਅਤੇ ਨਾਨ-ਟੀਚਿੰਗ ਦੇ ਮੈਂਬਰ ਵੀ ਮੌਜੂਦ ਸਨ। ਰਾਸ਼ਟਰ ਗਾਨ ਨਾਲ ਡਿਗਰੀ ਵੰਡ ਸਮਾਰੋਹ ਸੰਪੰਨ ਹੋਇਆ।
ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ