ਜਿਲ੍ਹਾ ਤਰਨ ਤਾਰਨ ਦੇ ਪਿੰਡ ਜੱਲੋਕੇ ਰੇਤੇ ਦੀ ਖੱਡ ‘ਤੇ 5.50 ਰੁਪਏ ਪ੍ਰਤੀ ਘਣ ਫੁੱਟ ਦੇ ਹਿਸਾਬ ਨਾਲ ਮਿਲੇਗੀ ਰੇਤ-ਡਿਪਟੀ ਕਮਿਸ਼ਨਰ

4675726
Total views : 5507575

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ ਲਾਲੀ ਕੈੋਰੋ,ਜਸਬੀਰ ਸਿੰਘ ਲੱਡੂ

ਮੁੱਖ ਮੰਤਰੀ ਪੰਜਾਬ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਸਤਾ ਰੇਤ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਜਿਲ੍ਹਾ ਤਰਨ ਤਾਰਨ ਵਿਖੇ ਪਿੰਡ ਜੱਲੋਕੇ ਵਿੱਚ  ਖੱਡ ਤੋਂ ਰੇਤੇ ਦੀ ਨਿਕਾਸੀ ਸ਼ੁਰੂ ਹੋ ਗਈ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਿਸ਼ੀਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਬ-ਡਵੀਜ਼ਨ ਪੱਟੀ ਦੇ ਪਿੰਡ ਜੱਲੋਕੇ ਵਿਖੇ ਇੱਕ ਖੱਡ ਸ਼ੁਰੂ ਕਰਵਾਈ ਗਈ ਹੈ, ਇਸ ਖੱਡ ਤੋਂ ਲੋਕਾਂ ਨੂੰ  ਲੋੜ ਅਨੁਸਾਰ ਰੇਤਾ ਮਿਲ ਸਕੇਗਾ। ਉਹਨਾਂ ਦੱਸਿਆ ਕਿ ਇਸ ਖੱਡ ਤੋਂ ਲੋਕਾਂ ਨੂੰ 5.50 ਰੁਪਏ ਪ੍ਰਤੀ ਘਣ ਫੁੱਟ ਦੀ ਦਰ ‘ਤੇ ਰੇਤਾ ਮਿਲੇਗਾ।

ਜਿਲ੍ਹਾ ਤਰਨ ਤਾਰਨ ਦੇ ਪਿੰਡ ਜੱਲੋਕੇ ਵਿਖੇ ਰੇਤੇ ਦੀ ਖੱਡ ਸ਼ੁਰੂ ਹੋਣ ਨਾਲ ਹਲਕੇ ਦੇ ਲੋਕਾਂ ਨੂੰ ਮਿਲੀ ਵੱਡੀ ਰਾਹਤ


ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹੁਣ ਕੋਈ ਵੀ ਵਿਅਕਤੀ ਆਪਣੇ ਟਰੈਕਟਰ ਟਰਾਲੀ ਰਾਹੀਂ ਇੱਥੋਂ ਆਪਣੀ ਲੇਬਰ ਰਾਹੀਂ ਟਰਾਲੀ ਭਰਵਾ ਕੇ ਅਤੇ 5.50 ਰੁਪਏ ਪ੍ਰਤੀ ਘਣ ਫੁੱਟ ਦੀ ਦਰ ਨਾਲ ਅਦਾਇਗੀ ਕਰਕੇ ਰੇਤ ਲਿਜਾ ਸਕਦਾ ਹੈ। ਇਸ ਮੌਕੇ ‘ਤੇ ਮਾਇਨਿੰਗ ਵਿਭਾਗ ਦੇ ਅਧਿਕਾਰੀ ਹਾਜ਼ਰ ਹਨ, ਜੋ ਮੌਕੇ ‘ਤੇ ਹੀ ਅਦਾਇਗੀ ਲੈ ਕੇ ਰੇਤੇ ਦੀ ਭਰਾਈ ਕਰਵਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਖੱਡ ਤੋਂ ਸਿਰਫ ਲੇਬਰ ਦੀ ਮੱਦਦ ਨਾਲ ਹੀ ਰੇਤੇ ਦੀ ਨਿਕਾਸੀ ਦੀ ਆਗਿਆ ਦਿੱਤੀ ਗਈ ਹੈ ਅਤੇ ਮਸ਼ੀਨਾਂ ਨਾਲ ਖੁਦਾਈ ਜਾਂ ਭਰਾਈ ਕਰਨ ਦੀ ਆਗਿਆ ਨਹੀਂ ਹੋਵੇਗੀ।


ਪੰਜਾਬ ਸਰਕਾਰ ਦੇ ਲੋਕਾਂ ਨੂੰ ਸਸਤਾ ਰੇਤਾ ਮੁਹੱਈਆ ਕਰਵਾਉਣ ਦੇ ਉਪਰਾਲੇ ਸਦਕਾ ਜਿਲ੍ਹੇ ਵਿੱਚ ਰੇਤੇ ਦੀ ਖੱਡ ਸ਼ੁਰੂ ਹੋਣ ਨਾਲ ਲੋਕਾਂ ਨੂੰ ਰਾਹਤ ਮਿਲੀ ਹੈ।ਇਸ ਸਬੰਧੀ ਜਿਲ੍ਹਾ ਤਰਨ ਤਾਰਨ ਦੇ ਪਿੰਡ ਸੀਤੋ ਦੇ ਨੌਜਵਾਨ ਬਲਰਾਜ ਸਿੰਘ ਨੇ ਦੱਸਿਆ ਕਿ ਤੈਅ ਕੀਮਤ ‘ਤੇ ਘਰ ਦੇ ਨੇੜੇ ਹੀ ਰੇਤਾ ਮਿਲਣ ਲੱਗਾ ਹੈ । ਇਸੇ ਤਰਾਂ ਅਮਰਜੀਤ ਸਿੰਘ ਵਾਸੀ ਪਿੰਡ ਨਿਜ਼ਾਮਦੀਨ ਵਾਲਾ ਨੇ ਰੇਤ ਖੱਡਾਂ ਸ਼ੁਰੂ ਕਰਨ ਲਈ ਮੁੱਖ ਮੰਤਰੀ ਪੰਜਾਬ  ਸ: ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇੰਨ੍ਹਾਂ ਖੱਡਾਂ ਦੇ ਸ਼ੁਰੂ ਹੋਣ ਨਾਲ ਲੋਕਾਂ ਨੂੰ ਜਿੱਥੇ ਸਸਤਾ ਰੇਤਾ ਮਿਲੇਗਾ, ਉੱਥੇ ਹੀ ਇਸ ਨਾਲ ਲੇਬਰ ਨੂੰ ਵੀ ਕੰਮ ਮਿਲੇਗਾ।

Share this News