Total views : 5508274
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ ਗੁਰਨਾਮ ਸਿੰਘ ਲਾਲੀ
ਜੀ 20 ਦੀ ਮਹਿਮਾਨ ਨਵਾਜ਼ੀ ਲਈ ਸ਼ਹਿਰ ਵਿੱਚ ਚੱਲ ਰਹੇ ਵੱਖ ਵੱਖ ਕੰਮਾਂ ਦੀ ਸਮੀਖਿਆ ਕਰਦੇ ਸਥਾਨਕ ਸਰਕਾਰਾਂ ਮੰਤਰੀ ਸ ਇੰਦਰਬੀਰ ਸਿੰਘ ਨਿੱਜਰ, ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ: ਕੁਲਦੀਪ ਸਿੰਘ ਧਾਲੀਵਾਲ ਅਤੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ. ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਾਰੇ ਕੰਮ ਫਰਵਰੀ ਮਹੀਨੇ ਦੇ ਅੰਤ ਤੱਕ ਮੁਕੰਮਲ ਕੀਤੇ ਜਾਣ ਅਤੇ ਕੰਮਾਂ ਦੀ ਗੁਣਵਤਾ ਦਾ ਖਾਸ ਤੌਰ ਤੇ ਧਿਆਨ ਰੱਖਿਆ ਜਾਵੇ, ਕਿਉਂਕਿ ਇਹ ਕੰਮ ਕੇਵਲ ਜੀ 20 ਲਈ ਹੀ ਨਹੀਂ ਸਗੋਂ ਲੰਮੇ ਸਮੇਂ ਤੱਕ ਰਹਿਣੇ ਚਾਹੀਦੇ ਹਨ।
ਜੀ 20 ਲਈ ਚੱਲ ਰਹੇ ਕੰਮਾਂ ਦੀ ਕੀਤੀ ਸਮੀਖਿਆ
ਸ: ਨਿੱਜਰ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਨਵੀਂ ਸੋਚ, ਨਵੇਂ ਤਰੀਕੇ ਨਾਲ ਕੰਮ ਕਰੋ। ਪਹਿਲਾਂ ਵਾਂਗ ਕੰਮ ਨਹੀਂ ਹੋਣੇ ਚਾਹੀਦੇ। ਉਨਾਂ ਕਿਹਾ ਕਿ ਜੀ 20 ਸਿਖਰ ਸੰਮੇਲਨ ਨੂੰ ਲੈ ਕੇ ਸ਼ਹਿਰ ਦੀ ਨੁਹਾਰ ਨੂੰ ਬਦਲਣਾ ਹੈ ਅਤੇ ਸਾਡਾ ਸਭ ਦਾ ਫਰਜ ਬਣਦਾ ਹੈ ਕਿ ਸ਼ਹਿਰ ਨੂੰ ਸਾਫ਼ ਸੁਥਰਾ ਬਣਾਈਏ। ਸ਼ਹਿਰ ਦੀ ਟ੍ਰੈਫਿਕ ਵਿਵਸਥਾ ਨੂੰ ਲੈ ਕੇ ਸ: ਨਿੱਜਰ ਨੇ ਦੱਸਿਆ ਕਿ ਜਿਲ੍ਹਾ ਪ੍ਰਸਾਸ਼ਨ, ਪੁਲਿਸ ਪ੍ਰਸਾਸ਼ਨ, ਨਗਰ ਨਿਗਮ ਅਤੇ ਨਗਰ ਸੁਧਾਰ ਟਰੱਸਟ ਦੀ ਇਕ ਜੁਆਇੰਟ ਐਕਸ਼ਨ ਕਮੇਟੀ ਬਣੇਗੀ, ਜੋ ਸ਼ਹਿਰ ਵਿਚੋਂ ਨਾਜਾਇਜ ਕਬਜਿਆਂ ਨੂੰ ਹਟਾਵੇਗੀ ਅਤੇ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਨੂੰ ਦਰੁਸਤ ਕਰੇਗੀ। ਉਨਾਂ ਸਖ਼ਤ ਸ਼ਬਦਾਂ ਵਿੱਚ ਸਬੰਧਤ ਅਧਿਕਾਰੀਆਂ ਨੂੰ ਹਾਦਹਿਤ ਕੀਤੀ ਕਿ ਬੀ.ਆਰ.ਟੀ.ਐਸ. ਦੀਆਂ ਗਰਿਲਾਂ ਜਿਥੇ ਵੀ ਕਿਥੇ ਟੁੱਟੀਆਂ ਹੋਈਆਂ ਹਨ ਨੂੰ ਤੁਰੰਤ ਨਵੀਂਆਂ ਲਗਾਈਆਂ ਜਾਣ ਅਤੇ ਬੀ.ਆਰ.ਟੀ. ਐ.ਸ. ਦੇ ਰੂਟ ਵਿੱਚ ਕੋਈ ਵੀ ਹੋਰ ਵਾਹਨ ਨਾ ਚੱਲੇ, ਕੇਵਲ ਬੀ.ਆਰ.ਟੀ.ਐਸ ਦੀਆਂ ਬੱਸਾਂ ਹੀ ਚੱਲਣ। ਉਨਾਂ ਦੱਸਿਆ ਕਿ ਬੀ.ਆਰ.ਟੀ.ਐਸ. ਵਿਚ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਬੂਮ ਬੈਰੀਅਰ ਵੀ ਲਗਾਏ ਜਾਣ।
ਗਰੀਨ ਬੈਲਟ ਨੂੰ ਕਬਜ਼ੇ ਤੋਂ ਕਰਾਂਗੇ ਮੁਕਤ – ਈ.ਟੀ.ਓ.
ਮੀਟਿੰਗ ਨੂੰ ਸੰਬੋਧਨ ਕਰਦਿਆਂ ਬਿਜਲੀ ਤੇ ਲੋਕ ਨਿਰਮਾਣ ਮੰਤਰੀ ਪੰਜਾਬ ਸ: ਹਰਭਜਨ ਸਿੰਘ ਈ.ਟੀ.ਓ. ਨੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੂੰ ਹਦਾਇਤ ਕੀਤੀ ਕਿ ਗਰੀਨ ਬੈਲਟ ਨੂੰ ਨਾਜਾਇਜ਼ ਕਬਜ਼ੇ ਤੋਂ ਮੁਕਤ ਕਰਵਾਇਆ ਜਾਵੇ। ਉਨਾਂ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਹਦਾਇਤ ਕਰਦਿਆਂ ਕਿਹਾ ਕਿ ਜੀ 20 ਸਿਖਰ ਸੰਮੇਲਨ ਦੌਰਾਨ ਤੈਅ ਕੀਤੇ ਗਏ ਰੂਟਾਂ ਤੇ ਬਿਜਲੀ ਦੀਆਂ ਤਾਰਾਂ ਨੂੰ ਠੀਕ ਕੀਤਾ ਜਾਵੇ ਅਤੇ ਨਵੇਂ ਪੋਲ ਵੀ ਲਗਾਏ ਜਾਣ ਤਾਂ ਜੋ ਬਿਜਲੀ ਦੀਆਂ ਤਾਰਾਂ ਦੇ ਜਾਲ ਤੋ ਛੁਟਕਾਰਾ ਮਿਲ ਸਕੇ। ਉਨਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਜਿਥੇ ਕਿਥੇ ਵੀ ਟ੍ਰੈਫਿਕ ਸਿਗਨਲ ਖਰਾਬ ਹਨ ਨੂੰ ਠੀਕ ਕੀਤਾ ਜਾਵੇ ਜਾਂ ਨਵੇਂ ਟ੍ਰੈਫਿਕ ਸਿਗਨਲ ਲਗਾਏ ਜਾਣ।
ਵਿਕਾਸ ਕਾਰਜਾਂ ਨੂੰ ਮਿੱਥੇ ਸਮੇਂ ਅੰਦਰ ਕਰੋ ਮੁਕੰਮਲ – ਧਾਲੀਵਾਲ
ਮੀਟਿੰਗ ਨੂੰ ਸੰਬੋਧਨ ਕਰਦਿਆਂ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ: ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਬਣੇ ਮਾਣ ਵਾਲੀ ਗੱਲ ਹੈ ਕਿ ਜੀ 20 ਸਿਖਰ ਸੰਮੇਲਨ ਅੰਮ੍ਰਿਤਸਰ ਵਿਖੇ ਹੋ ਰਿਹਾ ਹੈ। ਉਨਾਂ ਸਮੂਹ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ 28 ਫਰਵਰੀ ਤੱਕ ਸਾਰੇ ਵਿਕਾਸ ਕਾਰਜ ਮੁਕੰਮਲ ਹੋ ਜਾਣੇ ਚਾਹੀਦੇ ਹਨ। ਉਨਾਂ ਕਿਹਾ ਕਿ ਵਿਕਾਸ ਕਾਰਜਾਂ ਦੀ ਗੁਣਵੱਤਾ ਵਿਚ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਸ ਮੀਟਿੰਗ ਵੱਚ ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਸ੍ਰੀ ਵਿਵੇਕ ਪ੍ਰਤਾਪ ਸਿੰਘ, ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ, ਚੇਅਰਮੈਨ ਜਿਲ੍ਹਾ ਯੋਜਨਾ ਕਮੇਟੀ ਸ: ਜਸਪ੍ਰੀਤ ਸਿੰਘ, ਕਮਿਸ਼ਨਰ ਨਗਰ ਨਿਗਮ ਸ੍ਰੀ ਸੰਦੀਪ ਰਿਸ਼ੀ, ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਸ੍ਰੀਮਤੀ ਅਮਨਦੀਪ ਕੌਰ, ਮੁੱਖ ਪ੍ਰਸਾਸ਼ਕ ਪੁੱਡਾ ਸ੍ਰੀ ਰਜ਼ਤ ਓਬਰਾਏ, ਐਸ.ਡੀ.ਐਮ. ਬਾਬਾ ਬਕਾਲਾ ਮੈਡਮ ਅਲਕਾ ਕਾਲੀਆ, ਐਸ.ਪੀ. ਅਮਨਦੀਪ ਕੌਰ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।