ਤਰਨ ਤਾਰਨ ਦੀ ਪੁਲਿਸ ਨੇ ਸਰਹੱਦ ਪਾਰੋਂ ਡਰੋਨ ਰਾਹੀਂ ਮੰਗਵਾਏ ਹਥਿਆਰਾਂ ਦੀ ਸਪਲਾਈ ਕਰਨ ਵਾਲਾ ਗਿਰੋਹ ਕੀਤਾ ਬੇਨਕਾਬ-30 ਬੋਰ ਦੇ 2 ਪਿਸਤੌਲ ਤੇ ਮੈਗਜ਼ੀਨਾਂ ਸਮੇਤ 4 ਕਾਬੂ

4943260
Total views : 5941645

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਗੁਰਪ੍ਰੀਤ ਸਿੰਘ ‘ਕੱਦ ਗਿੱਲ’

ਅੰਤਰਰਾਸ਼ਟਰੀ ਸਰਹੱਦ ਨੇੜੇ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਪੰਜਾਬ ਪੁਲਿਸ ਵੱਲੋਂ ਵਿੱਢੀ ਮੁਹਿੰਮ ਤਹਿਤ ਪੱਟੀ ਉਪਮੰਡਲ ਅਧੀਨ ਪੁਲਿਸ ਨੇ ਕਥਿਤ ਤੌਰ ’ਤੇ ਡਰੋਨ ਰਾਹੀਂ ਪਾਕਿਸਤਾਨ ਤੋਂ ਮੰਗਵਾਏ ਜਾਂਦੇ ਨਾਜਾਇਜ਼ ਹਥਿਆਰਾਂ ਦੀ ਸਥਾਨਕ ਪੱਧਰ ’ਤੇ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਚਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ 30 ਬੋਰ ਦੇ ਦੋ ਨਾਜਾਇਜ਼ ਪਿਸਤੌਲ ਅਤੇ ਦੋ ਮੈਗਜ਼ੀਨਾਂ ਬਰਾਮਦ ਕਰਨ ਦੇ ਨਾਲ ਇਕ ਬੋਲੇਰੋ ਗੱਡੀ ਵੀ ਕਬਜ਼ੇ ’ਚ ਲਈ ਹੈ।

ਗੁਪਤ ਸੂਚਨਾ ’ਤੇ ਸੁਰਸਿੰਘ ਮੋੜ ’ਤੇ ਕੀਤੀ ਨਾਕਾਬੰਦੀ

ਐੱਸ.ਪੀ. (ਹੈੱਡਕੁਆਰਟਰ) ਸੁਖਮਿੰਦਰ ਸਿੰਘ ਕੈਰੋਂ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਡੀ.ਐੱਸ.ਪੀ. ਭਿੱਖੀਵਿੰਡ ਅਤੁਲ ਸੋਨੀ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਵਿਅਕਤੀ ਭਾਰੀ ਮਾਤਰਾ ’ਚ ਨਾਜਾਇਜ਼ ਅਸਲ੍ਹਾ ਲੈ ਕੇ ਇਲਾਕੇ ’ਚ ਘੁੰਮ ਰਹੇ ਹਨ। ਸੂਚਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਸੀ.ਆਈ.ਏ. ਸਟਾਫ ਦੇ ਇੰਚਾਰਜ ਇੰਸਪੈਕਟਰ ਰੁਪਿੰਦਰਪਾਲ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਸੁਰਸਿੰਹ ਮੋੜ ਨੇੜੇ ਵਿਸ਼ੇਸ਼ ਨਾਕਾਬੰਦੀ ਕੀਤੀ। ਇਸ ਦੌਰਾਨ ਪੁਲਿਸ ਨੇ ਸ਼ੱਕ ਦੇ ਆਧਾਰ ’ਤੇ ਬੋਲੇਰੋ ਗੱਡੀ ਨੰਬਰ ਪੀ.ਬੀ. 46 ਏ.ਜੇ. 6159 ਨੂੰ ਰੋਕ ਕੇ ਤਲਾਸ਼ੀ ਲਈ।

ਗੱਡੀ ’ਚੋਂ ਦੋ ਨਾਜਾਇਜ਼ ਪਿਸਤੌਲ ਤੇ ਮੈਗਜ਼ੀਨ ਬਰਾਮਦ

ਤਲਾਸ਼ੀ ਦੌਰਾਨ ਗੱਡੀ ’ਚੋਂ 30 ਬੋਰ ਦੇ ਦੋ ਨਾਜਾਇਜ਼ ਪਿਸਤੌਲ ਅਤੇ ਦੋ ਮੈਗਜ਼ੀਨਾਂ ਬਰਾਮਦ ਹੋਈਆਂ। ਪੁਲਿਸ ਨੇ ਗੱਡੀ ਨੂੰ ਕਬਜ਼ੇ ’ਚ ਲੈ ਕੇ ਉਸ ’ਚ ਸਵਾਰ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਵਰਿੰਦਰ ਸਿੰਘ ਵਾਸੀ ਮਾੜੀ ਗੌੜ ਸਿੰਘ, ਪੰਕਜ ਕੁਮਾਰ ਵਾਸੀ ਕੱਕੜ ਮੁਹੱਲਾ ਭਿੱਖੀਵਿੰਡ, ਮਨੀਕਰਨ ਸਿੰਘ ਅਤੇ ਗੁਰਪ੍ਰੀਤ ਸਿੰਘ ਦੋਵੇਂ ਵਾਸੀ ਪਿੰਡ ਭਾਈ ਲੱਧੂ ਵਜੋਂ ਹੋਈ ਹੈ।

ਪੁਲਿਸ ਵੱਲੋਂ ਚਾਰਾਂ ਖ਼ਿਲਾਫ਼ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੋਂ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਪੁਲਿਸ ਅਨੁਸਾਰ ਰਿਮਾਂਡ ਦੌਰਾਨ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਕਥਿਤ ਹਥਿਆਰ ਤਸਕਰੀ ਦੇ ਇਸ ਨੈੱਟਵਰਕ ਦੇ ਸਬੰਧ ਸਰਹੱਦ ਪਾਰ ਬੈਠੇ ਹੈਂਡਲਰਾਂ ਨਾਲ ਹਨ ਜਾਂ ਨਹੀਂ ਅਤੇ ਹੁਣ ਤੱਕ ਕਿੰਨੀ ਖੇਪ ਸਪਲਾਈ ਕੀਤੀ ਜਾ ਚੁੱਕੀ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News