ਆੜ੍ਹਤੀ ਵੱਲੋਂ ਸ਼ੂਟਰ ਸਮਝ ਕੇ ਕਾਰ ਚਾਲਕਾਂ ‘ਤੇ ਚਲਾਈਆਂ ਗੋਲੀਆਂ ਨਾਲ ਇਕ ਦੀ ਮੌਤ ਦੋ ਗੰਭੀਰ ਜ਼ਖ਼ਮੀ-ਗੈਂਗਸਟਰਾਂ ਦੀਆਂ ਧਮਕੀਆਂ ਦੇ ਡਰ ’ਚ ਸੀ ਆੜ੍ਹਤੀ

4960887
Total views : 5964050

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ


ਖੇਮਕਰਨ/ਬਾਰਡਰ ਨਿਊਜ ਸਰਵਿਸ

ਕਸਬਾ ਖੇਮਕਰਨ ਦੇ ਆਸਲ ਰੋਡ ’ਤੇ ਬੁੱਧਵਾਰ ਦੁਪਹਿਰ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਗੈਂਗਸਟਰਾਂ ਵੱਲੋਂ ਮਿਲ ਰਹੀਆਂ ਧਮਕੀਆਂ ਦੇ ਡਰ ਕਾਰਨ ਇੱਕ ਆੜ੍ਹਤੀ ਅਤੇ ਟਰਾਂਸਪੋਰਟਰ ਨੇ ਪਿੱਛੇ ਆ ਰਹੀ ਗੱਡੀ ਵਿੱਚ ਸਵਾਰ ਲੋਕਾਂ ਨੂੰ ਸ਼ੂਟਰ ਸਮਝ ਕੇ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ਵਿੱਚ ਤਿੰਨ ਵਿਅਕਤੀਆਂ ਨੂੰ ਗੋਲੀਆਂ ਲੱਗੀਆਂ, ਜਿਨ੍ਹਾਂ ਵਿੱਚੋਂ ਗੁਰਸੇਵਕ ਸਿੰਘ ਦੀ ਮੌਤ ਹੋ ਗਈ, ਜਦਕਿ ਹਰਕੀਰਤ ਸਿੰਘ ਅਤੇ ਸਾਜਨ ਸਿੰਘ ਗੰਭੀਰ ਜ਼ਖ਼ਮੀ ਹੋ ਗਏ। ਦੋਵਾਂ ਨੂੰ ਭਿੱਖੀਵਿੰਡ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਖੇਮਕਰਨ ਦੇ ਆਸਲ ਰੋਡ ’ਤੇ ਦਿਨ-ਦਿਹਾੜੇ ਵਾਰਦਾਤ; ਟਰਾਂਸਪੋਰਟਰ ਮਨਜੀਤ ਸਿੰਘ ਕੱਟਾ ਨੂੰ ਪਹਿਲਾਂ ਤੋਂ ਮਿਲ ਰਹੀਆਂ ਸਨ ਧਮਕੀਆਂ

ਪ੍ਰਾਪਤ ਜਾਣਕਾਰੀ ਅਨੁਸਾਰ, ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਨੇੜਲੇ ਕਸਬਾ ਖੇਮਕਰਨ ਦਾ ਰਹਿਣ ਵਾਲਾ ਆੜ੍ਹਤੀ ਅਤੇ ਟਰਾਂਸਪੋਰਟਰ ਮਨਜੀਤ ਸਿੰਘ ਕੱਟਾ ਆਪਣੀ ਪਤਨੀ ਨਾਲ ਕਾਰ ਵਿੱਚ ਸਵਾਰ ਹੋ ਕੇ ਘਰਿਆਲਾ ਸਥਿਤ ਮੰਦਰ ਵਿੱਚ ਮੱਥਾ ਟੇਕਣ ਤੋਂ ਬਾਅਦ ਵਾਪਸ ਖੇਮਕਰਨ ਆ ਰਿਹਾ ਸੀ। ਜਦੋਂ ਉਹ ਪਿੰਡ ਮਹਿੰਦੀਪੁਰ ਦੇ ਮੋੜ ਤੋਂ ਹੁੰਦਾ ਹੋਇਆ ਰੇਲਵੇ ਫਾਟਕ ਨੇੜੇ ਪਹੁੰਚਿਆ ਤਾਂ ਉਸ ਦੇ ਪਿੱਛੇ ਇੱਕ ਹੋਰ ਗੱਡੀ ਆ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਮਨਜੀਤ ਸਿੰਘ ਕੱਟਾ ਨੇ ਪਿੱਛੇ ਆ ਰਹੀ ਗੱਡੀ ਵਿੱਚ ਸਵਾਰ ਵਿਅਕਤੀਆਂ ਨੂੰ ਸ਼ੂਟਰ ਸਮਝਦਿਆਂ ਉਨ੍ਹਾਂ ’ਤੇ ਫਾਇਰਿੰਗ ਕਰ ਦਿੱਤੀ। ਗੋਲੀਆਂ ਲੱਗਣ ਕਾਰਨ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ ਗੁਰਸੇਵਕ ਸਿੰਘ ਨੇ ਦਮ ਤੋੜ ਦਿੱਤਾ।

ਗੈਂਗਸਟਰਾਂ ਦੀਆਂ ਧਮਕੀਆਂ ਕਾਰਨ ਸੁਰੱਖਿਆ ਨੂੰ ਲੈ ਕੇ ਸੀ ਚਿੰਤਤ

ਜਾਣਕਾਰੀ ਅਨੁਸਾਰ, ਮਨਜੀਤ ਸਿੰਘ ਕੱਟਾ ਨੂੰ ਪਿਛਲੇ ਕਈ ਦਿਨਾਂ ਤੋਂ ਗੈਂਗਸਟਰਾਂ ਵੱਲੋਂ ਧਮਕੀਆਂ ਮਿਲ ਰਹੀਆਂ ਸਨ। ਇਸ ਦੇ ਮੱਦੇਨਜ਼ਰ ਉਸ ਦੀ ਸੁਰੱਖਿਆ ਲਈ ਪੁਲਿਸ ਦਾ ਇੱਕ ਕਾਂਸਟੇਬਲ ਵੀ ਤਾਇਨਾਤ ਕੀਤਾ ਗਿਆ ਸੀ। ਇਸ ਤੋਂ ਇਲਾਵਾ ਉਸ ਨੇ ਨਿੱਜੀ ਤੌਰ ’ਤੇ ਵੀ ਆਪਣੀ ਸੁਰੱਖਿਆ ਦੇ ਪ੍ਰਬੰਧ ਕੀਤੇ ਹੋਏ ਸਨ। ਘਟਨਾ ਤੋਂ ਬਾਅਦ ਮਨਜੀਤ ਸਿੰਘ ਨੇ ਇਕੱਠੇ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਮਾਮਲਾ ਫਿਰੌਤੀ ਨਾਲ ਸਬੰਧਤ ਹੈ ਅਤੇ ਉਸ ਨੂੰ ਆਪਣੀ ਸੁਰੱਖਿਆ ਖ਼ੁਦ ਕਰਨੀ ਪਵੇਗੀ। ਹਾਲਾਂਕਿ, ਗੋਲੀਬਾਰੀ ਪਿੱਛੇ ਅਸਲ ਕਾਰਨਾਂ ਅਤੇ ਪੀੜਤਾਂ ਦੀ ਭੂਮਿਕਾ ਬਾਰੇ ਪੁਲਿਸ ਜਾਂਚ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋਵੇਗੀ।

ਪੁਲਿਸ ਵੱਲੋਂ ਜਾਂਚ ਸ਼ੁਰੂ, ਸ਼ੱਕ ਦੇ ਆਧਾਰ ’ਤੇ ਫਾਇਰਿੰਗ ਬਰਦਾਸ਼ਤ ਨਹੀਂ: ਐੱਸਐੱਸਪੀ

ਘਟਨਾ ਸਬੰਧੀ ਐੱਸਐੱਸਪੀ ਸੁਰਿੰਦਰ ਲਾਂਬਾ ਨੇ ਕਿਹਾ ਕਿ ਟਰਾਂਸਪੋਰਟਰ ਮਨਜੀਤ ਸਿੰਘ ਕੱਟਾ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਕੀਤੀ ਗਈ ਗੋਲੀਬਾਰੀ ਗੰਭੀਰ ਮਾਮਲਾ ਹੈ। ਸਿਰਫ਼ ਸ਼ੱਕ ਦੇ ਆਧਾਰ ’ਤੇ ਕਿਸੇ ’ਤੇ ਗੋਲੀਆਂ ਚਲਾਉਣ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦੱਸਿਆ ਕਿ ਡੀਐੱਸਪੀ ਅਤੁਲ ਸੋਨੀ ਦੀ ਅਗਵਾਈ ਹੇਠ ਪੁਲਿਸ ਟੀਮ ਵੱਲੋਂ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਵੱਲੋਂ ਘਟਨਾ ਦੇ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News