ਪੰਜਾਬ ਸਰਕਾਰ ਦਾ ਪੁਲਿਸ ਵਿਭਾਗ ਦੇ76 ਇੰਸਪੈਕਟਰਾਂ ਨੂੰ ਦੀਵਾਲੀ ਦਾ ਤੋਹਫਾ ! ਤਰੱਕੀ ਦੇ ਕੇ ਬਣਾਇਆ ਡੀ.ਐਸ.ਪੀ

4963346
Total views : 5966921

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ /ਬਾਰਡਰ ਨਿਊਜ ਸਰਵਿਸ 

ਪੰਜਾਬ ਸਰਕਾਰ ਨੇ ਸੂਬੇ ਦੇ ਪੁਲੀਸ ਪ੍ਰਸ਼ਾਸਨ ਵਿੱਚ ਵੱਡਾ ਕਦਮ ਚੁੱਕਦਿਆਂ ਵੱਖ-ਵੱਖ ਕਾਡਰਾਂ ਦੇ 76 ਇੰਸਪੈਕਟਰਾਂ ਨੂੰ ਉਪ ਕਪਤਾਨ ਪੁਲੀਸ (ਡੀ.ਐੱਸ.ਪੀ.) ਵਜੋਂ ਪਦਉੱਨਤ ਕਰਨ ਦਾ ਐਲਾਨ ਕੀਤਾ ਹੈ। ਸਰਕਾਰ ਵਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਤਰੱਕੀ ਪਾਉਣ ਵਾਲੇ ਇਨ੍ਹਾਂ ਇੰਸਪੈਕਟਰਾਂ ਵਿਚ ਜ਼ਿਲ੍ਹਾ ਕਾਡਰ ਦੇ 42, ਆਰਮਡ ਕਾਡਰ ਦੇ 16 ਅਤੇ ਤਕਨੀਕੀ ਸੇਵਾਵਾਂ ਕਾਡਰ ਦੇ 10 ਇੰਸਪੈਕਟਰ ਸ਼ਾਮਲ ਹਨ।ਇਸ ਤੋਂ ਇਲਾਵਾ ਵਿਭਾਗੀ ਤਰੱਕੀ ਕਮੇਟੀ ਦੀਆਂ ਸਿਫ਼ਾਰਸ਼ਾਂ ਦੇ ਆਧਾਰ ’ਤੇ 8 ਹੋਰ ਇੰਸਪੈਕਟਰਾਂ ਨੂੰ ਡੀ.ਐੱਸ.ਪੀ. ਵਜੋਂ ਤਰੱਕੀ ਦਿੱਤੀ ਗਈ ਹੈ। ਇਸ ਸਬੰਧੀ ਵਿਭਾਗ ਵਲੋਂ ਹੁਕਮ ਜਾਰੀ ਕੀਤੇ ਗਏ ਹਨ।

ਗ੍ਰਹਿ ਮਾਮਲੇ ਵਿਭਾਗ (ਗ੍ਰਹਿ-3 ਸ਼ਾਖਾ) ਵੱਲੋਂ ਜਾਰੀ ਅਧਿਕਾਰਤ ਹੁਕਮਾਂ ਅਨੁਸਾਰ ਵਿਭਾਗੀ ਤਰੱਕੀ ਕਮੇਟੀ (ਡੀ.ਪੀ.ਸੀ.) ਦੀ ਮਿਤੀ 29 ਅਕਤੂਬਰ ਨੂੰ ਹੋਈ ਮੀਟਿੰਗ ਵਿੱਚ ਕੀਤੀਆਂ ਗਈਆਂ ਸਿਫ਼ਾਰਸ਼ਾਂ ਦੇ ਆਧਾਰ ’ਤੇ ਪੰਜਾਬ ਦੇ ਰਾਜਪਾਲ ਨੇ ਇਨ੍ਹਾਂ ਤਰੱਕੀਆਂ ਨੂੰ ਪ੍ਰਵਾਨਗੀ ਦਿੱਤੀ ਹੈ। ਪੰਜਾਬ ਸਰਕਾਰ ਦੇ ਵਧੀਕ ਮੁੱਖ ਸਕੱਤਰ ਆਲੋਕ ਸ਼ੇਖਰ ਦੇ ਦਸਤਖ਼ਤਾਂ ਹੇਠ ਜਾਰੀ ਇਸ ਹੁਕਮ ਤਹਿਤ ਪਦਉੱਨਤ ਹੋਏ ਸਾਰੇ ਅਧਿਕਾਰੀਆਂ ਨੂੰ ਛੇਵੇਂ ਤਨਖ਼ਾਹ ਕਮਿਸ਼ਨ ਰਾਹੀਂ ਸੋਧੇ ਤਨਖ਼ਾਹ ਸਕੇਲਾਂ ਤਹਿਤ ਲੈਵਲ-18 (56,100 ਤੋਂ 1,77,500 ਰੁਪਏ) ਦਿੱਤਾ ਜਾਵੇਗਾ।

ਜਾਰੀ ਸੂਚੀ ਅਨੁਸਾਰ ਸਭ ਤੋਂ ਵੱਧ ਤਰੱਕੀਆਂ ਜ਼ਿਲ੍ਹਾ ਕਾਡਰ ਵਿੱਚ ਹੋਈਆਂ ਹਨ, ਜਿੱਥੋਂ 42 ਇੰਸਪੈਕਟਰਾਂ ਨੂੰ ਡੀ.ਐੱਸ.ਪੀ. ਬਣਾਇਆ ਗਿਆ ਹੈ। ਇਸੇ ਤਰ੍ਹਾਂ ਆਰਮਡ ਕਾਡਰ ਵਿੱਚੋਂ 16 ਅਤੇ ਤਕਨੀਕੀ ਸੇਵਾਵਾਂ ਕਾਡਰ (ਟੀ.ਐੱਸ.ਐੱਸ.) ਵਿੱਚੋਂ 10 ਇੰਸਪੈਕਟਰਾਂ ਨੂੰ ਤਰੱਕੀ ਦਿੱਤੀ ਗਈ ਹੈ। ਤਰੱਕੀ ਪਾਉਣ ਵਾਲੇ ਜ਼ਿਲ੍ਹਾ ਕਾਡਰ ਦੇ ਪ੍ਰਮੁੱਖ ਅਧਿਕਾਰੀਆਂ ਵਿੱਚ ਮੁਖ਼ਤਿਆਰ ਸਿੰਘ, ਬਲਜੀਤ ਸਿੰਘ, ਰਣਦੀਪ ਕੁਮਾਰ, ਗੁਰਬਿੰਦਰ ਸਿੰਘ, ਵੀਰ ਇੰਦਰ ਸਿੰਘ, ਹਰਿੰਦਰ ਸਿੰਘ, ਪ੍ਰੇਮ ਨਾਥ, ਜਸਵੀਰ ਸਿੰਘ, ਰਵੀ ਕੁਮਾਰ, ਕੁਲਦੀਪ ਸੈਣੀ, ਕੁਲਵੰਤ ਕੌਰ, ਰਾਜਨੀਸ਼ ਕੁਮਾਰ ਅਤੇ ਪਰਮਜੀਤ ਕੌਰ ਸਮੇਤ ਹੋਰ ਨਾਮ ਸ਼ਾਮਲ ਹਨ। ਆਰਮਡ ਕਾਡਰ ਵਿੱਚੋਂ ਵਿਕਰਾਂਤ ਸਲਾਰੀਆ, ਰਾਜਿੰਦਰ ਪ੍ਰਸ਼ਾਦ, ਗੁਰਪ੍ਰੀਤ ਸਿੰਘ, ਭੀਮ ਸਿੰਘ, ਕ੍ਰਿਸ਼ਨ ਕੁਮਾਰ ਅਤੇ ਵਿਕਾਸ ਅਬਰੋਲ ਜਦਕਿ ਤਕਨੀਕੀ ਸੇਵਾਵਾਂ ਕਾਡਰ ਵਿੱਚੋਂ ਹੀਰਾ ਲਾਲ, ਸੰਜੀਵ ਕੁਮਾਰ, ਅਨਿਲ ਕੁਮਾਰ, ਸੁਖਮਿੰਦਰ ਸਿੰਘ ਅਤੇ ਮਨਜਿੰਦਰ ਸਿੰਘ ਸਮੇਤ ਹੋਰ ਸੀਨੀਅਰ ਅਧਿਕਾਰੀਆਂ ਨੇ ਤਰੱਕੀ ਹਾਸਲ ਕੀਤੀ।

ਦੂਜੇ ਪਾਸੇ, ਵਿਭਾਗੀ ਤਰੱਕੀ ਕਮੇਟੀ ਨੇ ਜ਼ਿਲ੍ਹਾ ਕਾਡਰ ਦੇ 8 ਅਜਿਹੇ ਇੰਸਪੈਕਟਰਾਂ ਦੇ ਕੇਸਾਂ ਨੂੰ ਸੀਲਡ ਕਵਰ (ਸੀਲਬੰਦ ਲਿਫ਼ਾਫ਼ੇ) ਵਿੱਚ ਰੱਖਿਆ ਹੈ, ਜਿਨ੍ਹਾਂ ਵਿਰੁੱਧ ਵੱਖ-ਵੱਖ ਅਦਾਲਤਾਂ ਵਿੱਚ ਕੇਸ ਜਾਂ ਵਿਭਾਗੀ ਜਾਂਚ ਲੰਬਿਤ ਚੱਲ ਰਹੀ ਹੈ। ਇਨ੍ਹਾਂ ਵਿੱਚ ਤੇਜਿੰਦਰ ਸਿੰਘ, ਪੁਸ਼ਪਿੰਦਰ ਸਿੰਘ, ਸਤਵੰਤ ਸਿੰਘ, ਜਤਿੰਦਰ ਸਿੰਘ, ਕੁਲਵੰਤ ਸਿੰਘ, ਜਸਵੀਰ ਸਿੰਘ, ਨਵਦੀਪ ਸਿੰਘ ਅਤੇ ਗੁਰਿੰਦਰਜੀਤ ਸਿੰਘ ਸ਼ਾਮਲ ਹਨ।
ਸਰਕਾਰ ਨੇ ਹੁਕਮਾਂ ਵਿੱਚ ਸਪੱਸ਼ਟ ਸ਼ਰਤਾਂ ਲਗਾਈਆਂ ਹਨ ਕਿ ਇਹ ਸਾਰੀਆਂ ਤਰੱਕੀਆਂ ਵੱਖ-ਵੱਖ ਮਾਨਯੋਗ ਅਦਾਲਤਾਂ ਵਿੱਚ ਚੱਲ ਰਹੇ ਕੇਸਾਂ ਦੇ ਅੰਤਮ ਫ਼ੈਸਲਿਆਂ ਅਤੇ ਭਵਿੱਖ ਵਿੱਚ ਇੰਸਪੈਕਟਰਾਂ ਦੀ ਸੀਨੀਆਰਤਾ ਸੂਚੀ ਵਿੱਚ ਹੋਣ ਵਾਲੀ ਕਿਸੇ ਵੀ ਤਬਦੀਲੀ ਦੇ ਅਧਾਰ ’ਤੇ ਸੋਧਣਯੋਗ ਹੋਣਗੀਆਂ। ਇਸ ਤੋਂ ਇਲਾਵਾ ਪਦਉੱਨਤ ਹੋਏ ਅਧਿਕਾਰੀਆਂ ਲਈ ਇੱਕ ਸਾਲ ਦਾ ਪਰਖਕਾਲ (ਪ੍ਰੋਬੇਸ਼ਨ ਪੀਰੀਅਡ) ਲਾਗੂ ਹੋਵੇਗਾ ਅਤੇ ਉਨ੍ਹਾਂ ਨੂੰ ਵਿੱਤੀ ਲਾਭ ਨਵਾਂ ਕਾਰਜਭਾਰ ਸੰਭਾਲਣ ਦੀ ਮਿਤੀ ਤੋਂ ਮਿਲਣਯੋਗ ਹੋਣਗੇ।

ਵਿਭਾਗ ਵੱਲੋਂ ਇਸ ਹੁਕਮ ਦੀਆਂ ਕਾਪੀਆਂ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਅਤੇ ਪ੍ਰਧਾਨ ਮਹਾਂਲੇਖਾਕਾਰ (ਏ.ਜੀ. ਪੰਜਾਬ) ਨੂੰ ਲੋੜੀਂਦੀ ਅਗਲੇਰੀ ਕਾਰਵਾਈ ਲਈ ਭੇਜ ਦਿੱਤੀਆਂ ਗਈਆਂ ਹਨ।ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਤਰੱਕੀ ਪ੍ਰਾਪਤ ਕਰਨ ਵਾਲਿਆਂ ਵਿੱਚ ਜ਼ਿਲ੍ਹਾ ਕਾਡਰ ਦੇ ਸਭ ਤੋਂ ਵੱਧ 42 ਇੰਸਪੈਕਟਰ ਸ਼ਾਮਲ ਹਨ। ਇਸ ਤੋਂ ਇਲਾਵਾ ਆਰਮਡ ਕਾਡਰ ਦੇ 16 ਅਤੇ ਤਕਨੀਕੀ ਸੇਵਾਵਾਂ ਕਾਡਰ ਦੇ 10 ਇੰਸਪੈਕਟਰਾਂ ਨੂੰ ਵੀ ਡੀਐੱਸਪੀ ਵਜੋਂ ਤਰੱਕੀ ਦਿੱਤੀ ਗਈ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News