ਅੰਮ੍ਰਿਤਸਰ ‘ਚ ਜੇਲ ‘ਚ ਬੰਦ ਨਸ਼ਾ ਤਸਕਰ ਪਤੀ ਪਤਨੀ ਦੇ ਘਰ ‘ਤੇ ਚਲਿਆ ਪੀਲਾ ਪੰਜਾ

4958890
Total views : 5961742

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਬਾਰਡਰ ਨਿਊਜ ਸਰਵਿਸ

ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਅੰਮ੍ਰਿਤਸਰ ਪੁਲਿਸ ਨੇ ਨਸ਼ਾ ਤਸਕਰੀ ਦੇ ਮਾਮਲਿਆਂ ਵਿੱਚ ਨਾਮਜ਼ਦ ਪਤੀ-ਪਤਨੀ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਅਤੇ ਪ੍ਰਸ਼ਾਸਨ ਦੀ ਮੌਜੂਦਗੀ ਵਿੱਚ ਨਸ਼ਾ ਤਸਕਰੀ ਨਾਲ ਜੁੜੇ ਪ੍ਰੀਤੀ ਅਤੇ ਉਸ ਦੇ ਪਤੀ ਮਲਕੀਤ ਸਿੰਘ ਦੇ ਗੈਰ-ਕਾਨੂੰਨੀ ਨਿਰਮਾਣ ਨੂੰ ਢਾਹੁਣ ਦੀ ਕਾਰਵਾਈ ਕੀਤੀ ਗਈ ਹੈ। ਪੁਲਿਸ ਅਧਿਕਾਰੀਆਂ ਮੁਤਾਬਕ, ਨਿਯਮਾਂ ਅਨੁਸਾਰ ਨੋਟਿਸ ਦੇਣ ਅਤੇ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਸੀਪੀ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਪ੍ਰੀਤੀ ਅਤੇ ਉਸ ਦਾ ਪਤੀ ਮਲਕੀਤ ਸਿੰਘ ਲੰਮੇ ਸਮੇਂ ਤੋਂ ਨਸ਼ਾ ਤਸਕਰੀ ਦੇ ਮਾਮਲਿਆਂ ਵਿੱਚ ਸ਼ਾਮਲ ਰਹੇ ਹਨ। ਉਨ੍ਹਾਂ ਦੱਸਿਆ ਕਿ ਪ੍ਰੀਤੀ ਖ਼ਿਲਾਫ਼ ਸਾਲ 2016 ਤੋਂ 2026 ਤੱਕ NDPS ਐਕਟ ਤਹਿਤ ਕੁੱਲ ਛੇ ਮਾਮਲੇ ਦਰਜ ਹਨ। ਪੁਲਿਸ ਅਨੁਸਾਰ, ਪ੍ਰੀਤੀ ਇਸ ਸਮੇਂ ਜੇਲ੍ਹ ਵਿੱਚ ਬੰਦ ਹੈ ਅਤੇ ਉਸ ਦੀ ਜਾਇਦਾਦ ਦੀ ਕੀਮਤ ਲਗਭਗ 40 ਤੋਂ 50 ਲੱਖ ਰੁਪਏ ਦੱਸੀ ਜਾ ਰਹੀ ਹੈ।

ਡੀਸੀਪੀ ਮੁਤਾਬਕ, ਪ੍ਰੀਤੀ ਦੇ ਪਤੀ ਮਲਕੀਤ ਸਿੰਘ ਖ਼ਿਲਾਫ਼ ਵੀ ਕੁੱਲ ਅੱਠ ਮਾਮਲੇ ਦਰਜ ਹਨ। ਇਨ੍ਹਾਂ ਵਿੱਚ NDPS ਐਕਟ ਅਤੇ ਹੋਰ ਅਪਰਾਧਿਕ ਮਾਮਲੇ ਸ਼ਾਮਲ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਲਕੀਤ ਸਿੰਘ ਵੀ ਇਸ ਸਮੇਂ ਜੇਲ੍ਹ ਵਿੱਚ ਬੰਦ ਹੈ ਅਤੇ ਉਹ ਪਹਿਲਾਂ ਦੋ ਮਾਮਲਿਆਂ ਵਿੱਚ ਸਜ਼ਾ ਕੱਟ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਵੱਲੋਂ ਕਰੀਬ ਇੱਕ ਮਹੀਨਾ ਪਹਿਲਾਂ ਸਬੰਧਤ ਜਾਇਦਾਦ ਅਤੇ ਨਿਰਮਾਣ ਬਾਰੇ ਨੋਟਿਸ ਜਾਰੀ ਕੀਤੇ ਗਏ ਸਨ। ਨਿਰਧਾਰਤ ਪ੍ਰਕਿਰਿਆ ਅਨੁਸਾਰ ਜਵਾਬ ਅਤੇ ਕਾਨੂੰਨੀ ਕਾਰਵਾਈ ਦੀ ਪੜਤਾਲ ਤੋਂ ਬਾਅਦ ਪ੍ਰਸ਼ਾਸਨ ਦੀ ਮੌਜੂਦਗੀ ਵਿੱਚ ਗੈਰ-ਕਾਨੂੰਨੀ ਨਿਰਮਾਣ ਨੂੰ ਢਾਹੁਣ ਦੀ ਕਾਰਵਾਈ ਕੀਤੀ ਗਈ।

ਇਸ ਦੌਰਾਨ ਡੀਸੀਪੀ ਰਵਿੰਦਰਪਾਲ ਸਿੰਘ ਨੇ ਨਸ਼ਿਆਂ ਖ਼ਿਲਾਫ਼ ਪੁਲਿਸ ਦੀ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਲ 2026 ਦੌਰਾਨ ਹੁਣ ਤੱਕ ਅੰਮ੍ਰਿਤਸਰ ਵਿੱਚ ਨਸ਼ਿਆਂ ਨਾਲ ਸਬੰਧਤ ਕੁੱਲ 1,638 ਮੁਕੱਦਮੇ ਦਰਜ ਕੀਤੇ ਗਏ ਹਨ ਅਤੇ 2,615 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਪੁਲਿਸ ਵੱਲੋਂ ਹੁਣ ਤੱਕ ਲਗਭਗ 155 ਕਿਲੋ ਹੈਰੋਇਨ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ। ਪੁਲਿਸ ਨੇ ਕਿਹਾ ਕਿ ਨਸ਼ਾ ਤਸਕਰੀ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਖ਼ਿਲਾਫ਼ ਕਾਰਵਾਈ ਅੱਗੇ ਵੀ ਜਾਰੀ ਰਹੇਗੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News