





Total views : 5604179








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਗੁਰਦਾਸਪੁਰ ਵਿੱਚ ਪ੍ਰੀਖਿਆ ਦੌਰਾਨ ਨਿਗਰਾਨ ਵੱਲੋਂ ਵੱਟਸਐਪ ‘ਤੇ ਪ੍ਰੀਖਿਆ ਦੇ ਜਵਾਬ ਮੰਗਵਾਉਣ ਦੇ ਮਾਮਲੇ ਵਿੱਚ ਲਿਆ ਐਕਸ਼ਨ
ਚੰਡੀਗੜ੍ਹ/ਬਾਰਡਰ ਨਿਊਜ ਸਰਵਿਸ
ਸੂਬੇ ਵਿੱਚ ਸਿੱਖਿਆ ਦੇ ਮਿਆਰ ਨੂੰ ਬਰਕਰਾਰ ਰੱਖਣ ਲਈ ਸਖ਼ਤ ਰੁਖ਼ ਅਪਣਾਉਂਦਿਆਂ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਅੱਜ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਗੁਰਦਾਸਪੁਰ (ਪ੍ਰੀਖਿਆ ਕੇਂਦਰ-241251) ਵਿਖੇ ਸੁਪਰਡੈਂਟ ਅਤੇ ਇਨਵਿਜੀਲੇਟਰ (ਨਿਗਰਾਨ) ਵਜੋਂ ਤਾਇਨਾਤ ਦੋ ਅਧਿਆਪਕਾਂ ਨੂੰ 10ਵੀਂ ਜਮਾਤ ਦੀ ਬੋਰਡ ਪ੍ਰੀਖਿਆ ਦੌਰਾਨ ਨਕਲ ਮਰਵਾਏ ਜਾਣ ਦੇ ਮਾਮਲੇ ਵਿੱਚ ਸ਼ਾਮਲ ਪਾਏ ਜਾਣ ਕਾਰਨ ਮੁਅੱਤਲ ਕਰ ਦਿੱਤਾ ਹੈ।ਵਿਭਾਗ ਵੱਲੋਂ ਇਹ ਸਖ਼ਤ ਕਾਰਵਾਈ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਦੇ ਨਿਰਦੇਸ਼ਾਂ ‘ਤੇ ਕੀਤੀ ਗਈ ਹੈ।
ਸ. ਬੈਂਸ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਫਲਾਇੰਗ ਸਕੁਐਡ ਟੀਮਾਂ ਨੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਗੁਰਦਾਸਪੁਰ ਵਿਖੇ ਪ੍ਰੀਖਿਆ ਪ੍ਰੋਟੋਕੋਲ ਦੀ ਗੰਭੀਰ ਉਲੰਘਣਾ ਦਾ ਪਰਦਾਫ਼ਾਸ਼ ਕੀਤਾ ਹੈ। ਜ਼ਿਕਰਯੋਗ ਹੈ ਕਿ 17 ਮਾਰਚ ਨੂੰ ਹੋਈ ਦਸਵੀਂ ਜਮਾਤ ਦੀ ਅੰਗਰੇਜ਼ੀ ਦੀ ਪ੍ਰੀਖਿਆ ਦੌਰਾਨ ਫਲਾਇੰਗ ਸਕੁਐਡ ਨੇ ਪਾਇਆ ਕਿ ਨਿਗਰਾਨ ਕਿਰਨਦੀਪ ਕੌਰ, ਜੋ ਹਿੰਦੀ ਮਿਸਟ੍ਰੈਸ ਹੈ, ਵਿਦਿਆਰਥੀਆਂ ਦੀ ਸਹਾਇਤਾ ਲਈ ਆਪਣੇ ਮੋਬਾਈਲ ਫੋਨ ‘ਤੇ ਵੱਟਸਐਪ ਰਾਹੀਂ ਪ੍ਰਸ਼ਨਾਂ ਦੇ ਉੱਤਰ ਮੰਗਵਾ ਰਹੀ ਸੀ। ਪ੍ਰੀਖਿਆ ਪ੍ਰਣਾਲੀ ਦੀ ਇਹ ਸਪੱਸ਼ਟ ਉਲੰਘਣਾ ਪ੍ਰੀਖਿਆ ਕੇਂਦਰ ਦੇ ਸੁਪਰਡੈਂਟ ਅਸ਼ਵਨੀ ਕੁਮਾਰ, ਲੈਕਚਰਾਰ, ਦੀ ਡਿਊਟੀ ਵਿੱਚ ਕੁਤਾਹੀ ਕਾਰਨ ਹੋਈ, ਜਿਸ ਨੇ ਲਾਪਰਵਾਹੀ ਵਰਤਦਿਆਂ ਪ੍ਰੀਖਿਆ ਹਾਲ ਦੇ ਅੰਦਰ ਮੋਬਾਈਲ ਲਿਜਾਣ ਦੀ ਆਗਿਆ ਦਿੱਤੀ।
ਪ੍ਰੀਖਿਆਵਾਂ ਵਿੱਚ ਕਿਸੇ ਕਿਸਮ ਦੀ ਬੇਨਿਯਮੀ ਬਰਦਾਸ਼ਤ ਨਹੀਂ, ਪੰਜਾਬ ਦੇ ਸਾਰੇ ਵਿਦਿਆਰਥੀਆਂ ਲਈ ਨਿਰਪੱਖ ਸਿੱਖਿਆ ਪ੍ਰਣਾਲੀ ਯਕੀਨੀ ਬਣਾ ਰਹੇ ਹਾਂ: ਹਰਜੋਤ ਸਿੰਘ ਬੈਂਸ
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ, “ਸਾਡੀ ਸਰਕਾਰ ਮਿਆਰੀ ਸਿੱਖਿਆ ਪ੍ਰਦਾਨ ਕਰਨ ਅਤੇ ਸਾਡੀ ਪ੍ਰੀਖਿਆ ਪ੍ਰਣਾਲੀ ਦੀ ਸ਼ਾਨ ਤੇ ਪਵਿੱਤਰਤਾ ਨੂੰ ਬਰਕਰਾਰ ਰੱਖਣ ਦੇ ਆਪਣੇ ਮਿਸ਼ਨ ’ਤੇ ਪੂਰੀ ਤਰ੍ਹਾਂ ਦ੍ਰਿੜ੍ਹ ਹੈ।’’ ਉਨ੍ਹਾਂ ਕਿਹਾ ਕਿ ਅਜਿਹੀ ਉਲੰਘਣਾ ਤੇ ਬੇਨਿਯਮੀ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦਿਆਂ ਦੋਵੇਂ ਅਧਿਆਪਕਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਆਪਣੀ ਮੁਅੱਤਲੀ ਦੌਰਾਨ ਉਹ ਜ਼ਿਲ੍ਹਾ ਸਿੱਖਿਆ ਅਧਿਕਾਰੀ, ਗੁਰਦਾਸਪੁਰ ਨੂੰ ਰਿਪੋਰਟ ਕਰਨਗੇ, ਜਿੱਥੇ ਮੁਅੱਤਲ ਕੀਤੇ ਦੋਵਾਂ ਅਧਿਆਪਕਾਂ ਦਾ ਹੈੱਡਕੁਆਟਰ ਬਣਾਇਆ ਗਿਆ ਹੈ।
ਸਕੂਲ ਸਿੱਖਿਆ ਮੰਤਰੀ ਨੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵਾਧੂ ਵਿਸ਼ੇਸ਼ ਟੀਮਾਂ ਗਠਿਤ ਕਰਕੇ ਅਤੇ ਫਲਾਇੰਗ ਸਕੁਐਡ ਦੀ ਨਫ਼ਰੀ ਵਧਾ ਕੇ ਚੌਕਸੀ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇ ਤਾਂ ਜੋ ਅਜਿਹੇ ਮਾੜੇ ਅਮਲਾਂ ਦਾ ਮੁਕੰਮਲ ਖਾਤਮਾ ਕਰਕੇ ਪੂਰੇ ਪਾਰਦਰਸ਼ੀ ਤੇ ਨਿਰਪੱਖ ਢੰਗ ਨਾਲ ਪ੍ਰੀਖਿਆਵਾਂ ਕਰਵਾਈਆਂ ਜਾ ਸਕਣ।
ਸਿੱਖਿਆ ਮੰਤਰੀ ਬੈਂਸ ਨੇ ਅੱਗੇ ਕਿਹਾ, “ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇੱਕ ਅਜਿਹਾ ਵਿੱਦਿਅਕ ਮਾਹੌਲ ਸਿਰਜਣ ਲਈ ਵਚਨਬੱਧ ਹੈ, ਜਿੱਥੇ ਸਿਰਫ ਯੋਗਤਾ ਹੀ ਸਫਲਤਾ ਨਿਰਧਾਰਤ ਕਰਦੀ ਹੈ।’’ ਉਨਾਂ ਅੱਗੇ ਕਿਹਾ ਕਿ ਇਸ ਸਿਧਾਂਤ ਤੋਂ ਕਿਸੇ ਵੀ ਰੂਪ ਵਿੱਚ ਭਟਕਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- ‘