





Total views : 5536986








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਚੰਡੀਗੜ੍ਹ/ਬਾਰਡਰ ਨਿਊਜ ਸਰਵਿਸ
ਪੰਜਾਬ ਵਿਜੀਲੈਂਸ ਬਿਊਰੋ ਨੇ ਅਮਰੀਕਾ ਵਸਦੇ ਇੱਕ ਪ੍ਰਵਾਸੀ ਭਾਰਤੀ (ਐਨ.ਆਰ.ਆਈ.) ਦੀ ਲੁਧਿਆਣਾ ਸਥਿਤ 14 ਕਨਾਲ ਕੀਮਤੀ ਜ਼ਮੀਨ ਦੀ ਜਾਅਲੀ ਦਸਤਾਵੇਜ਼ਾਂ ਰਾਹੀਂ ਧੋਖਾਧੜੀ ਨਾਲ ਵੇਚਣ ਤੇ ਖਰੀਦਣ ਦੇ ਦੋਸ਼ ਹੇਠ 9 ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ। ਇਸ ਸਬੰਧੀ ਵਿਜੀਲੈਂਸ ਬਿਊਰੋ ਨੇ ਲੁਧਿਆਣਾ ਦੇ ਵਕੀਲ ਗੁਰਚਰਨ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਿਸਨੇ ਜ਼ਮੀਨ ਦੀ ਜਾਅਲੀ ਰਜਿਸਟਰੀ ਵਿੱਚ ਮੁੱਖ ਭੂਮਿਕਾ ਨਿਭਾਈ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਲੁਧਿਆਣਾ ਰੇਂਜ ਵੱਲੋਂ ਲੁਧਿਆਣਾ ਦੇ ਵੇਰਕਾ-ਲਾਡੂਵਾਲ ਬਾਈਪਾਸ ਨੇੜੇ ਪਿੰਡ ਨੂਰਪੁਰ ਬੇਟ ਵਿੱਚ ਸਥਿਤ ਇਸ ਛੇ ਕਰੋੜ ਰੁਪਏ ਤੋਂ ਵੱਧ ਦੀ ਕੀਮਤੀ ਜ਼ਮੀਨ ਦੀ ਧੋਖਾਧੜੀ ਨਾਲ ਰਜਿਸਟਰੀ ਕਰਵਾਉਣ ਬਾਰੇ ਮਿਲੀ ਖੁਫੀਆ ਜਾਣਕਾਰੀ ‘ਤੇ ਕਾਰਵਾਈ ਕਰਦਿਆਂ 21 ਫਰਵਰੀ, 2025 ਨੂੰ ਸਬ-ਰਜਿਸਟਰਾਰ ਦਫ਼ਤਰ, ਤਹਿਸੀਲ ਪੱਛਮੀ, ਲੁਧਿਆਣਾ ਵਿਖੇ ਅਚਨਚੇਤ ਜਾਂਚ ਕੀਤੀ ਗਈ। ਇਸ ਜਾਂਚ ਤੋਂ ਪਤਾ ਲੱਗਾ ਕਿ 11 ਫਰਵਰੀ, 2025 ਨੂੰ ਦੀਪ ਸਿੰਘ (ਵਿਕਰੇਤਾ) ਅਤੇ ਪੰਚਕੂਲਾ ਦੇ ਦੀਪਕ ਗੋਇਲ (ਖਰੀਦਦਾਰ) ਵਿਚਕਾਰ 30 ਲੱਖ ਰੁਪਏ ਵਿੱਚ ਇੱਕ ਵਿਕਰੀ ਇਕਰਾਰਨਾਮਾ ਕੀਤਾ ਗਿਆ ਸੀ ਜਿਸ ਵਿੱਚ ਇੱਕ ਵਿਅਕਤੀ ਨੇ ਆਪਣੇ-ਆਪ ਨੂੰ ਦੀਪ ਸਿੰਘ ਦੱਸਦਿਆਂ ਤਹਿਸੀਲ ਦਫ਼ਤਰ ਵਿੱਚ ਪੇਸ਼ ਹੋ ਕੇ ਇਸ ਜਮੀਨ ਦੀ ਰਜਿਸਟਰੀ ਕਰਵਾਈ ਸੀ ਜਦਕਿ ਅਸਲ ਮਾਲਕ ਦੀਪ ਸਿੰਘ ਅਮਰੀਕਾ ਵਿੱਚ ਰਹਿ ਰਿਹਾ ਹੈ।
ਗਵਾਹ ਵਜੋ ਪੇਸ਼ ਹੋਇਆ ਵਕੀਲ ਗ੍ਰਿਫਤਾਰ

ਉਹਨਾਂ ਅੱਗੇ ਦੱਸਿਆ ਕਿ ਅਚਨਚੇਤ ਜਾਂਚ ਦੌਰਾਨ ਅਸਲ ਰਜਿਸਟਰੀ (ਵਿਕਰੀ ਡੀਡ) ਦਸਤਾਵੇਜ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਸੀ ਅਤੇ ਇਸ ਦੀ ਤਸਦੀਕ ਦੌਰਾਨ ਧੋਖਾਧੜੀ ਦੀ ਪੁਸ਼ਟੀ ਹੋਈ। ਇਸ ਵਿਕਰੀ ਡੀਡ ਨੂੰ ਤਹਿਸੀਲਦਾਰ ਪੱਛਮੀ ਲੁਧਿਆਣਾ, ਜਗਸੀਰ ਸਿੰਘ ਸਰਾਂ ਵੱਲੋਂ ਨਕਲੀ ਦੀਪ ਸਿੰਘ ਦੀ ਮੌਜੂਦਗੀ ਵਿੱਚ ਤਸਦੀਕ ਕੀਤਾ ਗਿਆ ਸੀ। ਖਰੀਦਦਾਰ ਦੀਪਕ ਗੋਇਲ ਤਰਫ਼ੋ ਅਮਿਤ ਗੌੜ ਨਾਮੀ ਇੱਕ ਵਿਅਕਤੀ ਪੇਸ਼ ਹੋਇਆ ਅਤੇ ਰਜਿਸਟਰੀ ਦੇ ਦਸਤਾਵੇਜ਼ਾਂ ‘ਤੇ ਦਸਤਖਤ ਕੀਤੇ। ਇਸ ਮੌਕੇ ਪ੍ਰਾਪਰਟੀ ਡੀਲਰ ਰਘਬੀਰ ਸਿੰਘ, ਐਡਵੋਕੇਟ ਗੁਰਚਰਨ ਸਿੰਘ ਅਤੇ ਨੰਬਰਦਾਰ ਬਘੇਲ ਸਿੰਘ ਸਮੇਤ ਗਵਾਹਾਂ ਨੇ ਨਕਲੀ ਦੀਪ ਸਿੰਘ ਦੀ ਅਸਲੀ ਜ਼ਮੀਨ ਮਾਲਕ ਵਜੋਂ ਪਛਾਣ ਕੀਤੀ।
ਅਗਲੇਰੀ ਜਾਂਚ ਤੋਂ ਪਤਾ ਲੱਗਾ ਕਿ ਅਸਲ ਮਾਲਕ ਦੀਪ ਸਿੰਘ, ਉਮਰ 55 ਸਾਲ, ਜਨਮ ਤੋਂ ਹੀ ਆਪਣੇ ਪਰਿਵਾਰ ਸਮੇਤ ਅਮਰੀਕਾ ਵਿੱਚ ਰਹਿ ਰਿਹਾ ਹੈ ਜਦਕਿ ਇਸ ਫ਼ਰਜ਼ੀ ਰਜਿਸਟਰੀ ਕਰਵਾਉਣ ਵਾਲੇ ਦੀਪ ਸਿੰਘ ਨੇ ਇੱਕ ਜਾਅਲੀ ਆਧਾਰ ਕਾਰਡ ਅਤੇ ਪੈਨ ਕਾਰਡ ਦੀ ਵਰਤੋਂ ਕੀਤੀ, ਜਿਸ ਵਿੱਚ ਉਸਦੀ ਉਮਰ 39 ਸਾਲ (ਜਨਮ 1985) ਦਰਸਾਈ ਗਈ, ਜਦੋਂ ਕਿ ਅਸਲ ਦੀਪ ਸਿੰਘ ਦਾ ਜਨਮ 1971 ਵਿੱਚ ਹੋਇਆ ਸੀ।
ਬੁਲਾਰੇ ਨੇ ਅੱਗੇ ਦੱਸਿਆ ਕਿ ਜਾਂਚ ਵਿੱਚ ਪਾਇਆ ਗਿਆ ਹੈ ਮਾਲ ਵਿਭਾਗ ਦੇ ਕਰਮਚਾਰੀਆਂ ਵੱਲੋਂ ਵੀ ਇਸ ਮਾਮਲੇ ਵਿੱਚ ਗੰਭੀਰ ਗਲਤੀਆਂ ਤੇ ਉਣਤਾਈਆਂ ਕੀਤੀਆਂ ਗਈਆਂ ਹਨ, ਜੋ ਇਸ ਵਿੱਚ ਸ਼ਾਮਲ ਲੋਕਾਂ ਦੇ ਪਿਛੋਕੜ ਦੀ ਪੁਸ਼ਟੀ ਕਰਨ ਵਿੱਚ ਅਸਫਲ ਰਹੇ। ਸਬੂਤਾਂ ਅਤੇ ਜਾਂਚ ਰਿਪੋਰਟ ਦੇ ਆਧਾਰ ‘ਤੇ ਭਾਰਤੀ ਨਿਆਂ ਸੰਹਿਤਾ (ਬੀ.ਐਨ.ਐਸ.) ਦੀ ਧਾਰਾ 318(4), 319(2), 336(2), 336(3), 338, 340(2) ਅਤੇ 61(2) ਤਹਿਤ ਆਰਥਿਕ ਅਪਰਾਧ ਸ਼ਾਖਾ ਵਿਖੇ 27 ਫਰਵਰੀ, 2025 ਨੂੰ ਮੁਕੱਦਮਾ ਨੰਬਰ 4 ਦਰਜ ਕੀਤਾ ਗਿਆ ਹੈ ਅਤੇ ਜਾਂਚ ਵਿਜੀਲੈਂਸ ਬਿਊਰੋ ਲੁਧਿਆਣਾ ਰੇਂਜ ਨੂੰ ਸੌਂਪੀ ਗਈ।
ਮੁਲਜ਼ਮਾਂ ਵਿੱਚ ਤਹਿਸੀਲਦਾਰ ਜਗਸੀਰ ਸਿੰਘ ਸਰਾਂ, ਖਰੀਦਦਾਰ ਦੀਪਕ ਗੋਇਲ, ਨੰਬਰਦਾਰ ਬਘੇਲ ਸਿੰਘ, ਰਜਿਸਟਰੀ ਕਲਰਕ ਕ੍ਰਿਸ਼ਨ ਗੋਪਾਲ, ਐਡਵੋਕੇਟ ਗੁਰਚਰਨ ਸਿੰਘ, ਅਮਿਤ ਗੌੜ, ਨਕਲੀ ਦੀਪ ਸਿੰਘ, ਇੱਕ ਕੰਪਿਊਟਰ ਆਪਰੇਟਰ ਅਤੇ ਪ੍ਰਾਪਰਟੀ ਡੀਲਰ ਰਘਬੀਰ ਸਿੰਘ ਸ਼ਾਮਲ ਹਨ।
ਜਾਂਚ ਰਿਪੋਰਟ ਦੇ ਆਧਾਰ ‘ਤੇ ਵਿਜੀਲੈਂਸ ਬਿਊਰੋ ਨੇ ਐਡਵੋਕੇਟ ਗੁਰਚਰਨ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਜਿਸਨੇ ਗਵਾਹ ਵਜੋਂ ਦਸਤਖ਼ਤ ਕੀਤੇ ਸਨ ਅਤੇ ਨਕਲੀ ਦੀਪ ਸਿੰਘ ਦੀ ਅਸਲੀ ਦੀਪ ਸਿੰਘ ਵਜੋਂ ਪਛਾਣ ਕੀਤੀ ਸੀ। ਉਸਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਬੁਲਾਰੇ ਨੇ ਅੱਗੇ ਕਿਹਾ ਕਿ ਬਾਕੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-