Total views : 5506764
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਮੈਦਾਨ ਵਿਖੇ ‘ਸਵ: ਜੋਗਿੰਦਰ ਸਿੰਘ ਮਾਨ ਯਾਦਗਾਰੀ ਓਪਨ ਪੰਜਾਬ ਫੁੱਟਬਾਲ ਟੂਰਨਾਮੈਂਟ’ ਦਾ ਸ਼ਾਨਦਾਰ ਰਸਮੀ ਤੌਰ ’ਤੇ ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ: ਚਾਂਸਲਰ ਅਤੇ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਵੱਲੋਂ ਗੁਬਾਰੇ ਛੱਡ ਕੇ ਸ਼ਾਨਦਾਰ ਅਗਾਜ਼ ਕੀਤਾ ਗਿਆ।
ਖ਼ਾਲਸਾ ਫੁੱਟਬਾਲ ਕਲੱਬ (ਰਜ਼ਿ.) ਦੇ ਪ੍ਰਧਾਨ ਸ: ਮਨਵਿੰਦਰ ਸਿੰਘ ਅਟਾਰੀ ਵੱਲੋਂ ਅਤੇ ਸਕੂਲ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ 3 ਰੋਜ਼ਾ ਓਪਨ ਪੰਜਾਬ ਫੁੱਟਬਾਲ ਟੂਰਨਾਮੈਂਟ ’ਚ ਖ਼ਾਲਸਾ ਫੁੱਟਬਾਲ ਕਲੱਬ, ਚੱਕ ਸਿਕੰਦਰ, ਕੁਲਜੀਤ ਫੁੱਟਬਾਲ ਅਕੈਡਮੀ, ਕਾਲਾ ਅਫ਼ਗਾਨਾ, ਖੱਬੇ ਡੋਗਰਾ, ਥਾਂਦੇ, ਯੰਗਸਟਾਰ ਫੁੱਟਬਾਲ ਕਲੱਬ, ਰੰਧਾਵਾ ਕਲੱਬ ਤਰਨ ਤਾਰਨ, ਆਰਮੀ ਕਲੱਬ, ਪੰਜਾਬ ਅਕੈਡਮੀ ਆਦਿ ਸਮੇਤ ਸੂਬੇ ਭਰ ਤੋਂ 12 ਟੀਮਾਂ ਨੇ ਹਿੱਸਾ ਲਿਆ।
ਇਸ ਤੋਂ ਪਹਿਲਾਂ ਖਿਡਾਰੀਆਂ ਨਾਲ ਜਾਣ–ਪਛਾਣ ਕਰਨ ਉਪਰੰਤ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ–ਨਾਲ ਖੇਡਾਂ ਵੱਲ ਉਤਸ਼ਾਹਿਤ ਕਰਦਿਆਂ ਸ: ਛੀਨਾ ਨੇ ਕਿਹਾ ਕਿ ਖੇਡਾਂ ਸਾਡੇ ਸਰੀਰ ਅਤੇ ਦਿਮਾਗ ਦਾ ਸਮੁੱਚਾ ਵਿਕਾਸ ਕਰਦੀਆਂ ਹਨ। ਉਨ੍ਹਾਂ ਟੂਰਨਾਮੈਂਟ ਕਰਵਾਉਣ ਵਾਲੇ ਪ੍ਰਬੰਧਕਾਂ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਵ: ਸ: ਜੋਗਿੰਦਰ ਸਿੰਘ ਮਾਨ ਦੀ ਖੇਡਾਂ ਪ੍ਰਤੀ ਪ੍ਰਸੰਸਾਯੋਗ ਦੇਨ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਖੇਡ ਮੁਕਾਬਲੇ ਬੱਚਿਆਂ ਨੂੰ ਸਮਾਜ ’ਚ ਵਿਚਰਦਿਆਂ ਨਸ਼ੇ ਅਤੇ ਹੋਰ ਸਮਾਜਿਕ ਕੁਰੀਤੀਆਂ ਨੂੰ ਦੂਰ ਰੱਖਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਟੂਰਨਾਮੈਂਟ ਦੇ ਆਯੋਜਨਾਂ ਨਾਲ ਅੱਜ ਸਮਾਜ ’ਚ ਨਸ਼ਿਆਂ ਆਦਿ ’ਤੇ ਕਾਫ਼ੀ ਹੱਦ ਤੱਕ ਠੱਲ੍ਹ ਪਈ ਹੈ।
ਉਕਤ 2 ਦਸੰਬਰ ਤੱਕ ਚੱਲਣ ਵਾਲੇ ਟੂਰਨਾਮੈਂਟ ਅੱਜ ਪਹਿਲੇ ਦਿਨ 4 ਮੈਚ ਕਰਵਾਏ ਗਏ, ਜਿਸ ’ਚ ਪਹਿਲਾਂ ਖ਼ਾਲਸਾ ਸਕੂਲ ਅਤੇ ਕੁਲਜੀਤ ਫੁਟਬਾਲ ਅਕੈਡਮੀ ਦਰਮਿਆਨ ਹੋਇਆ, ਜਿਸ ’ਚ ਕੁਲਜੀਤ ਅਕੈਡਮੀ ਨੇ 2-0 ਨਾਲ ਜਿੱਤ ਹਾਸਲ ਕੀਤੀ। ਇਸੇ ਤਰ੍ਹਾਂ ਦੂਸਰਾ ਮੈਚ ਚੱਕ ਸਿਕੰਦਰ ਅਤੇ ਥਾਂਦੇ ਦਰਮਿਆਨ ਹੋਇਆ, ਜਿਸ ’ਚ ਚੱਕ ਸਿਕੰਦਰ ਨੇ 4-0 ਨਾਲ ਜਿੱਤ ਹਾਸਲ ਕੀਤੀ, ਤੀਸਰਾ ਮੈਚ ਰੰਧਾਵਾ ਕਲੱਬ ਅਤੇ ਖੱਬੇ ਡੋਗਰਾ ਵਿਚਕਾਰ ਹੋਇਆ, ਜਿਸ ’ਚ ਰੰਧਾਵਾ ਕਲੱਬ 3-0 ਦੇ ਫ਼ਰਕ ਨਾਲ ਅੱਗੇ ਚੱਲ ਰਿਹਾ ਸੀ। ਜਦ ਕਿ ਖ਼ਬਰ ਲਿਖੇ ਜਾਣ ਤੱਕ ਚੌਥਾ ਮੈਚ ਯੰਗ ਸਟਾਰ ਅਤੇ ਆਰਮੀ ਕਲੱਬ ਵਿਚਾਲੇ ਹੋਣਾ ਅਜੇ ਬਾਕੀ ਸੀ।
ਇਸ ਮੌਕੇ ਸ: ਅੰਮ੍ਰਿਤਪਾਲ ਸਿੰਘ ਮਾਹਨਾ, ਸ: ਦਵਿੰਦਰ ਸਿੰਘ, ਸਰਬਜੀਤ ਸਿੰਘ ਪਿੰਕਾ, ਕੋਚ ਭੁਪਿੰਦਰਪਾਲ ਸਿੰਘ ਲੂਸੀ, ਸ: ਸਵਰਨ ਸਿੰਘ, ਰਾਜੀਵ ਕੁਮਾਰ, ਫੁੱਟਬਾਲ ਕੋਚ ਸ: ਦਲਜੀਤ ਸਿੰਘ, ਕੋਚ ਚੰਦੂ, ਸਵਰਨ ਸਿੰਘ, ਅਸ਼ੋਕ ਕੁਮਾਰ, ਸ: ਮਲਕੀਤ ਸਿੰਘ, ਅੰਡਰ ਸੈਕਟਰੀ ਡੀ. ਐਸ. ਰਟੌਲ, ਸ: ਰਣਕੀਰਤ ਸਿੰਘ ਸੰਧੂ ਆਦਿ ਹੋਰ ਪ੍ਰਮੁੱਖ ਸਖਸ਼ੀਅਤਾਂ ਮੌਜ਼ੂਦ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-