ਅੰਮ੍ਰਿਤਸਰ ਪੁਲਿਸ ਨੇ ਨਸ਼ਿਆਂ ਦੇ ਅੰਤਰਰਾਸ਼ਟਰੀ ਨੈੱਟਵਰਕ ਦਾ ਕੀਤਾ ਪਰਦਾਫਾਸ਼; 1.07 ਕਰੋੜ ਰੁਪਏ ਦੀ ਡਰੱਗ ਮਨੀ ਸਮੇਤ ਦੋ ਕਾਬੂ

4675352
Total views : 5506916

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ ਉਪਿੰਦਰਜੀਤ ਸਿੰਘ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਨਸ਼ਿਆਂ ਵਿਰੁੱਧ ਵਿੱਢੀ ਜੰਗ ਦੌਰਾਨ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੇ ਵਿਦੇਸ਼ ਅਧਾਰਿਤ ਚੋਟੀ ਦੇ ਨਸ਼ਾ ਤਸਕਰ ਗੁਰਜੰਟ ਸਿੰਘ ਉਰਫ਼ ਭੋਲੂ ਅਤੇ ਕਿੰਦਰਬੀਰ ਸਿੰਘ ਉਰਫ਼ ਸੰਨੀ ਦਿਆਲ ਦੇ ਦੋ ਗੁਰਗਿਆਂ ਨੂੰ ਗ੍ਰਿਫ਼ਤਾਰ ਕਰਕੇ 1.07 ਕਰੋੜ ਰੁਪਏ ਤੋਂ ਵੱਧ ਦੀ ਡਰੱਗ ਮਨੀ ਜ਼ਬਤ ਕੀਤੀ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਦਿਲਬਾਗ ਸਿੰਘ ਵਾਸੀ ਪਿੰਡ ਲੋਹਕਾ, ਤਰਨਤਾਰਨ ਅਤੇ ਕਮਲਦੀਪ ਸਿੰਘ ਵਾਸੀ ਪੱਟੀ, ਤਰਨਤਾਰਨ ਵਜੋਂ ਹੋਈ ਹੈ। ਡਰੱਗ ਮਨੀ ਜ਼ਬਤ ਕਰਨ ਤੋਂ ਇਲਾਵਾ ਪੁਲਿਸ ਟੀਮਾਂ ਨੇ ਉਨ੍ਹਾਂ ਦੇ ਕਬਜ਼ੇ ‘ਚੋਂ ਪੈਸੇ ਗਿਣਨ ਵਾਲੀ ਮਸ਼ੀਨ ਅਤੇ ਦੋ ਮੋਬਾਈਲ ਫ਼ੋਨ ਬਰਾਮਦ ਕੀਤੇ ਅਤੇ ਉਨ੍ਹਾਂ ਦੀ ਮਾਰੂਤੀ ਸਵਿਫ਼ਟ ਕਾਰ ਵੀ ਜ਼ਬਤ ਕੀਤੀ ਹੈ।

ਵਿਦੇਸ਼ ਅਧਾਰਿਤ ਗੁਰਜੰਟ ਸਿੰਘ ਭੋਲੂ ਅਤੇ ਸੰਨੀ ਦਿਆਲ ਨੇ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਨੂੰ ਡਰੱਗ ਮਨੀ ਇਕੱਠੀ ਕਰਨ ਅਤੇ ਹਵਾਲਾ ਰੂਟ ਰਾਹੀਂ ਉਨ੍ਹਾਂ ਨੂੰ ਭੇਜਣ ਦਾ ਕੰਮ ਸੌਂਪਿਆ ਸੀ: ਡੀਜੀਪੀ ਗੌਰਵ ਯਾਦਵ


ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੂੰ ਖੁਫੀਆ ਜਾਣਕਾਰੀ ਮਿਲੀ ਸੀ ਕਿ ਵਿਦੇਸ਼ ਅਧਾਰਿਤ ਨਸ਼ਾ ਤਸਕਰ ਗੁਰਜੰਟ ਭੋਲੂ ਅਤੇ ਸੰਨੀ ਦਿਆਲ ਸੂਬੇ ਭਰ ਵਿੱਚ ਨਸ਼ਿਆਂ ਦੀ ਤਸਕਰੀ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਵੰਡ ਵਿੱਚ ਸ਼ਾਮਲ ਸੰਗਠਿਤ ਅਪਰਾਧ ਦਾ ਨੈੱਟਵਰਕ ਚਲਾ ਰਹੇ ਹਨ ਅਤੇ ਉਨ੍ਹਾਂ ਨੇ ਆਪਣੇ ਗੁਰਗਿਆਂ ਨੂੰ ਡਰੱਗ ਮਨੀ ਇਕੱਤਰ ਕਰਨ ਅਤੇ ਇਹ ਪੈਸੇ ਹਵਾਲਾ ਰੂਟ ਜ਼ਰੀਏ ਉਨ੍ਹਾਂ ਨੂੰ ਭੇਜਣ ਦਾ ਕੰਮ ਸੌਂਪਿਆ ਹੈ।

ਪੁਲਿਸ ਟੀਮਾਂ ਨੇ ਸਵਿਫਟ ਕਾਰ, ਪੈਸੇ ਗਿਣਨ ਵਾਲੀ ਮਸ਼ੀਨ ਅਤੇ ਦੋ ਮੋਬਾਈਲ ਫੋਨ ਵੀ ਕੀਤੇ ਬਰਾਮਦ


ਉਨ੍ਹਾਂ ਦੱਸਿਆ ਕਿ ਖੁਫੀਆ ਸੂਹ ‘ਤੇ ਕਾਰਵਾਈ ਕਰਦਿਆਂ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਦੀਆਂ ਪੁਲਸ ਟੀਮਾਂ ਨੇ ਉਕਤ ਨਸ਼ਾ ਤਸਕਰਾਂ ਦੇ ਦੋ ਗੁਰਗਿਆਂ ਦਿਲਬਾਗ ਸਿੰਘ ਅਤੇ ਕਮਲਦੀਪ ਸਿੰਘ ਨੂੰ ਫਤਿਹਗੜ੍ਹ ਚੂੜੀਆਂ ਰੋਡ, ਅੰਮ੍ਰਿਤਸਰ ਵਿਖੇ ਕਿਰਾਏ ਦੇ ਮਕਾਨ ਤੋਂ ਗ੍ਰਿਫ਼ਤਾਰ ਕਰ ਲਿਆ।
ਡੀਜੀਪੀ ਨੇ ਕਿਹਾ ਕਿ ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਵਿਅਕਤੀ ਇਨਕ੍ਰਿਪਟਡ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਗੁਰਜੰਟ ਭੋਲੂ ਅਤੇ ਸੰਨੀ ਦਿਆਲ ਦੇ ਲਗਾਤਾਰ ਸੰਪਰਕ ਵਿੱਚ ਸਨ ਅਤੇ ਇਕੱਤਰ ਕੀਤੀ 1 ਕਰੋੜ ਰੁਪਏ ਤੋਂ ਵੱਧ ਦੀ ਡਰੱਗ ਮਨੀ ਉਨ੍ਹਾਂ ਨੂੰ ਹਵਾਲਾ ਰੂਟ ਰਾਹੀਂ ਭੇਜਣੀ ਸੀ।
ਉਨ੍ਹਾਂ ਕਿਹਾ ਕਿ ਗੁਰਜੰਟ ਭੋਲੂ ਅਤੇ ਸੰਨੀ ਦਿਆਲ ਦੋਵੇਂ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਕਾਰਨ ਕਈ ਅਪਰਾਧਿਕ ਕੇਸਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ  ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ।
ਇਸ ਸਬੰਧੀ ਐਫਆਈਆਰ ਨੰਬਰ 45 ਮਿਤੀ 27.07.2024 ਨੂੰ ਐਨਡੀਪੀਐਸ ਐਕਟ ਦੀ ਧਾਰਾ 21, 25, 27-ਏ ਅਤੇ 29, ਅਸਲਾ ਐਕਟ ਦੀ ਧਾਰਾ 25 ਅਤੇ ਭਾਰਤੀ ਨਿਆ ਸੰਹਿਤਾ (ਬੀਐਨਐਸ) ਦੀ ਧਾਰਾ 111 ਅਤੇ 61 (2) ਤਹਿਤ ਪੁਲਿਸ ਸਟੇਸ਼ਨ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ), ਅੰਮ੍ਰਿਤਸਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਦੋਵਾਂ ਮੁਲਜ਼ਮਾਂ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕਰਕੇ ਉਨ੍ਹਾਂ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਜਾਵੇਗਾ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News