ਫ਼ਰਜ਼ੀ ਤਜ਼ਰਬਾ ਅਤੇ ਰੂਰਲ ਏਰੀਆ ਸਰਟੀਫਿਕੇਟ ਲਗਾ ਕੇ ਸਿੱਖਿਆ ਵਿਭਾਗ ’ਚ ਨੌਕਰੀ ਹਾਸਲ ਕਰਨ ਵਾਲੇ ਤਰਨ ਤਾਰਨ ਜਿਲੇ ਨਾਲ ਸਬੰਧਿਤ 10 ਮਹਿਲਾਵਾਂ ਸਮੇਤ 16 ਵਿਰੁੱਧ ਕੇਸ ਦਰਜ

4675398
Total views : 5507069

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ ਲਾਲੀ ਕੈਰੋ, ਬੱਬੂ ਬੰਡਾਲਾ 

ਫ਼ਰਜ਼ੀ ਤਜ਼ਰਬਾ ਅਤੇ ਰੂਰਲ ਏਰੀਆ ਸਰਟੀਫਿਕੇਟ ਲਗਾ ਕੇ ਸਿੱਖਿਆ ਵਿਭਾਗ ’ਚ ਨੌਕਰੀ ਹਾਸਲ ਕਰਨ ਅਤੇ ਨੌਕਰੀ ਲੈਣ ਦੀ ਕੋਸ਼ਿਸ਼ ਕਰਨ ਵਾਲਿਆਂ ਵਿਰੁੱਧ ਚੱਲੀ ਲੰਮੀ ਕਾਰਵਾਈ ਤੋਂ ਬਾਅਦ ਵਿਜ਼ੀਲੈਂਸ ਬਿਊਰੋ ਦੀ ਜਾਂਚ ਰਿਪੋਰਟ ਦੇ ਅਧਾਰ ’ਤੇ ਤਰਨਤਾਰਨ ਜ਼ਿਲ੍ਹੇ ਨਾਲ ਸਬੰਧਤ 16 ਉਮੀਦਵਾਰਾਂ ਵਿਰੁੱਧ ਥਾਣਾ ਸਿਟੀ ਤਰਨਤਾਰਨ ਵਿਖੇ ਧੋਖਾਧੜੀ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਨਾਮਜ਼ਦ ਕੀਤੇ ਲੋਕਾਂ ਵਿਚ ਦਸ ਮਹਿਲਾਵਾਂ ਵੀ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ 2007 ’ਚ ਜ਼ਿਲ੍ਹਾ ਪੱਧਰ ’ਤੇ ਟੀਚਿੰਗ ਫੈਲੋਜ਼ ਦੀਆਂ ਨਿਯੁਕਤੀਆਂ ’ਚ ਇਹ ਉਮੀਦਵਾਰ ਸ਼ਾਮਲ ਸਨ।

ਮਾਮਲਾ ਵਿਭਾਗ ਦੇ ਧਿਆਨ ਵਿਚ ਆਉਣ ਤੋਂ ਬਾਅਦ 6 ਅਗਸਤ 2009 ਨੂੰ ਅਜਿਹੇ ਉਮੀਦਵਾਰਾਂ ਦੀ ਸੂਚੀ ਅਖਬਾਰਾਂ ਵਿਚ ਪ੍ਰਕਾਸ਼ਿਤ ਕੀਤੀ ਗਈ ਅਤੇ ਜਿਨ੍ਹਾਂ ਦੇ ਸਰਟੀਫਿਕੇਟ ਜਾਅਲੀ ਪਾਏ ਗਏ ਸਨ, ਉਨ੍ਹਾਂ ਨੂੰ ਪੰਜਾਬ ਯੂਨੀਵਰਸਿਟੀ ਵਿਚ ਹਾਜ਼ਰ ਹੋ ਕੇ ਕਮੇਟੀਆਂ ਸਾਹਮਣੇ ਪੱਖ ਰੱਖਣਾ ਦਾ ਮੌਕਾ ਦਿੱਤਾ ਗਿਆ।
ਕਮੇਟੀਆਂ ਵੱਲੋਂ ਦਿੱਤੀਆਂ ਰਿਪੋਰਟਾਂ ਮੁਤਾਬਿਕ ਫਰਜ਼ੀ ਸਰਟੀਫਿਕੇਟਾਂ ਵਾਲੇ ਉਮੀਦਵਾਰਾਂ ਨੂੰ ਨੌਕਰੀ ਤੋਂ ਕੱਢਣ ਲਈ ਕਾਰਵਾਈ ਕਰਨ ਦੇ ਆਦੇਸ਼ ਤੱਤਕਾਲੀ ਡਾਇਰੈਕਟਰ ਸਿੱਖਿਆ ਵਿਭਾਗ ਐਲੀਮੈਂਟਰੀ ਵੱਲੋਂ ਦਿੱਤੇ ਗਏ ਸਨ। ਉਮੀਦਵਾਰਾਂ ਵੱਲੋਂ ਵੀ ਵਿਭਾਗ ਦੀ ਕਾਰਵਾਈ ਨੂੰ ਵੱਖ ਵੱਖ ਪਟੀਸ਼ਨਾਂ ਰਾਂਹੀ ਪੰਜਾਬ, ਹਰਿਆਣਾ ਹਾਈਕੋਰਟ ਵਿਚ ਚੁਣੌਤੀ ਦਿੱਤੀ ਗਈ।

ਜਿਸਦੇ ਤਹਿਤ ਸਰਕਾਰ ਵੱਲੋਂ ਤਿੰਨ ਮੈਂਬਰੀ ਕਮੇਟੀ ਉਸ ਵੇਲੇ ਦੇ ਸਿੱਖਿਆ ਡਾਇਰੈਕਟਰ ਸਾਧੂ ਸਿੰਘ ਰੰਧਾਵਾ ਦੀ ਅਗਵਾਈ ਹੇਠ ਬਣੀ ਅਤੇ ਇਸ ਕਮੇਟੀ ਦੀ ਰਿਪੋਰਟ ਮੁਤਾਬਿਕ ਆਪਣਾ ਪੱਖ ਰੱਖਣ ਲਈ ਪੇਸ਼ ਹੋਏ 563 ਉਮੀਦਵਾਰਾਂ ਵਿੱਚੋਂ 457 ਦੇ ਤਜ਼ਰਬਾ ਸਰਟੀਫਿਕੇਟ ਜਾਂ ਰੂਰਲ ਏਰੀਆ ਸਰਟੀਫਿਕੇਟ ਬੋਗਸ ਪਾਏ ਗਏ ਸਨ।

ਅਖੀਰ ਵਿਜੀਲੈਂਸ ਬਿਊਰੋ ਵੱਲੋਂ ਕੀਤੀ ਗਈ ਜਾਂਚ ਉਪਰੰਤ  ਥਾਣਾ ਸਿਟੀ ਤਰਨਤਾਰਨ ’ਚ ਜ਼ਿਲ੍ਹੇ ਨਾਲ ਸਬੰਧਤ 16 ਉਮੀਦਵਾਰਾਂ ਮੋਹਨਜੀਤ ਕੌਰ ਵਾਸੀ ਘਰਿਆਲਾ, ਨਵਤੇਜ ਸਿੰਘ ਵਾਸੀ ਪਿੰਡ ਜਲਾਲਾਬਾਦ, ਰਾਜਵਿੰਦਰ ਕੌਰ ਵਾਸੀ ਮੁੰਡਾਪਿੰਡ, ਰਜਿੰਦਰ ਕੌਰ ਵਾਸੀ ਖਡੂਰ ਸਾਹਿਬ, ਅਸ਼ਵਨੀ ਕੁਮਾਰੀ ਵਾਸੀ ਅੱਡਾ ਝਬਾਲ, ਸੁਖਦੀਪ ਕੌਰ ਵਾਸੀ ਤਰਨਤਾਰਨ, ਚਰਨਜੀਤ ਕੌਰ ਵਾਸੀ ਖਾਲੜਾ, ਕੁਲਦੀਪ ਸਿੰਘ ਵਾਸੀ ਖਾਲੜਾ, ਪਰਵਿੰਦਰ ਕੌਰ ਵਾਸੀ ਝਬਾਲ ਕਲਾਂ, ਪਰਦੀਪ ਸਿੰਘ ਵਾਸੀ ਪਿੰਡ ਬੋਦੇਵਾਲ, ਸ਼ੀਤਲ ਕੁਮਾਰ ਵਾਸੀ ਤਰਨਤਾਰਨ, ਗੁਰਪ੍ਰੀਤ ਕੌਰ ਵਾਸੀ ਭਲਾਈਪੁਰ ਡੋਗਰਾਂ, ਕੁਲਦੀਪ ਕੌਰ ਵਾਸੀ ਪਿੰਡ ਮੁਗਲਾਣੀ, ਰਮਨਦੀਪ ਕੌਰ ਵਾਸੀ ਪਿੰਡ ਸਕਿਆਂਵਾਲੀ, ਸੁਖਜੀਤ ਕੌਰ ਵਾਸੀ ਤਰਨਤਾਰਨ ਅਤੇ ਰਾਮ ਸਿੰਘ ਵਾਸੀ ਪਿੰਡ ਛੀਨਾ ਬਿਧੀ ਚੰਦ ਨੂੰ ਕੇਸ ਵਿਚ ਨਾਮਜ਼ਦ ਕੀਤਾ ਗਿਆ ਹੈ। ਮਾਮਲੇ ਦੀ ਅਗਲੀ ਜਾਂਚ ਕਰ ਰਹੇ ਡੀਐੱਸਪੀ ਸਬ ਡਵੀਜ਼ਨ ਤਰਨਤਾਰਨ ਤਰਸੇਮ ਮਸੀਹ ਨੇ ਦੱਸਿਆ ਕਿ ਨਾਮਜ਼ਦ ਲੋਕਾਂ ਦੀ ਗਿ੍ਫਤਾਰੀ ਲਈ ਅਗਲੀ ਪ੍ਰਕਿਰਿਆ ਆਰੰਭ ਦਿੱਤੀ ਗਈ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News