Total views : 5507558
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਅੱਜ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਬੰਡਾਲਾ ਦੇ ਗੁਰਦੁਆਰਾ ਬਾਬਾ ਬੀਰ ਸਿੰਘ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਬੇਅਦਬੀ ਦੇ ਦੋਸ਼ੀ ਦੀ ਹੋਈ ਮੌਤ ਨੂੰ ‘ਕਾਨੂੰਨ ਦੁਆਰਾ ਦੋਸ਼ੀਆਂ ਨੂੰ ਸਜ਼ਾਵਾਂ ਦੇਣ ‘ਚ ਅਸਫਲਤਾ’ ਦਾ ਪ੍ਰਤੀਕਰਮ ਕਰਾਰ ਦਿੱਤਾ ਹੈ।
ਸਿੰਘ ਸਾਹਿਬ ਨੇ ਸਿੱਖ ਸੰਗਤ ਨੂੰ ਬੇਅਦਬੀ ਦੇ ਦੋਸ਼ੀ ਦੇ ਪਰਿਵਾਰ ਦਾ ਸਮਾਜਿਕ ਤੇ ਧਾਰਮਿਕ ਬਾਈਕਾਟ ਕਰਨ ਅਤੇ ਦੋਸ਼ੀ ਦੀਆਂ ਅੰਤਿਮ ਰਸਮਾਂ ਕਿਸੇ ਵੀ ਗੁਰਦੁਆਰਾ ਸਾਹਿਬ ਵਿਚ ਨਾ ਹੋਣ ਦੇਣ ਸਬੰਧੀ ਵੀ ਆਦੇਸ਼ ਦਿੱਤਾ ਹੈ।
ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਤੋਂ ਜਾਰੀ ਬਿਆਨ ਵਿਚ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਪਿਛਲੇ ਲੰਬੇ ਸਮੇਂ ਤੋਂ ਗਿਣੀ-ਮਿਥੀ ਸਾਜ਼ਿਸ਼ ਤਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦਾ ਕਾਨੂੰਨ ਨਾ ਤਾਂ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਵਿਚ ਸਫਲ ਸਾਬਤ ਹੋ ਰਿਹਾ ਅਤੇ ਨਾ ਹੀ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਵਿਚ ਕਾਮਯਾਬ ਹੋ ਰਿਹਾ। ਉਨ੍ਹਾਂ ਕਿਹਾ ਕਿ ਅੱਜ ਫਿਰੋਜ਼ਪੁਰ ਜ਼ਿਲ੍ਹੇ ਦੇ ਬੰਡਾਲਾ ਪਿੰਡ ਦੇ ਗੁਰਦੁਆਰਾ ਬਾਬਾ ਬੀਰ ਸਿੰਘ ਵਿਖੇ ਬੇਅਦਬੀ ਦੀ ਘਟਨਾ ਇਸੇ ਕੜੀ ਵਿਚ ਸਿੱਖਾਂ ਦੇ ਹਿਰਦੇ ਵਲੂੰਧਰਨ ਵਾਲੀ ਅਤਿ-ਮੰਦਭਾਗੀ ਘਟਨਾ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਉੱਪਰ ਕੁਝ ਵੀ ਨਹੀਂ ਹੈ ਅਤੇ ਬੇਅਦਬੀ ਦੀਆਂ ਘਟਨਾਵਾਂ ਸਿੱਖਾਂ ਦੀ ਆਤਮਾ ਅਤੇ ਮਾਨਸਿਕਤਾ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰਦੀਆਂ ਹਨ। ਸਿੰਘ ਸਾਹਿਬ ਨੇ ਆਖਿਆ ਕਿ ਜਦੋਂ ਕਾਨੂੰਨ ਦਾ ਰਾਜ ਆਪਣਾ ਫਰਜ਼ ਨਿਭਾਉਣ ਵਿਚ ਬੁਰੀ ਤਰ੍ਹਾਂ ਅਸਫਲ ਸਿੱਧ ਹੋ ਜਾਵੇ ਤਾਂ ਫਿਰ ਲੋਕਾਂ ਨੂੰ ਆਪਣੇ ਤਰੀਕੇ ਨਾਲ ਨਿਆਂ ਲੈਣ ਲਈ ਮਜਬੂਰ ਹੋਣਾ ਪੈਂਦਾ ਹੈ। ਉਨ੍ਹਾਂ ਨੇ ਸਰਕਾਰ ਇਹ ਵੀ ਚਿਤਾਵਨੀ ਦਿੱਤੀ ਕਿ ਬੇਅਦਬੀ ਦੇ ਦੋਸ਼ੀ ਦੀ ਹੋਈ ਮੌਤ ਨੂੰ ਲੈ ਕੇ ਸੰਗਤ ਜਾਂ ਕਿਸੇ ਵੀ ਸਿੱਖ ਨੂੰ ਤੰਗ-ਪ੍ਰੇਸ਼ਾਨ ਕਰਨ ਦੀ ਬਜਾਇ ਜਲਦ ਤੋਂ ਜਲਦ ਇਹ ਸੱਚਾਈ ਸੰਗਤ ਦੇ ਸਾਹਮਣੇ ਲਿਆਂਦੀ ਜਾਵੇ ਕਿ ਉਕਤ ਬੇਅਦਬੀ ਦੇ ਦੋਸ਼ੀ ਨੂੰ ਕਿਸ ਨੇ ਅਤੇ ਕਿਸ ਸਾਜ਼ਿਸ਼ ਤਹਿਤ ਭੇਜਿਆ ਸੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-