Total views : 5509522
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਸੁਖਮਿੰਦਰ ਸਿੰਘ ‘ਗੰਡੀ ਵਿੰਡ’
ਪੰਜਾਬ ਵਿਜੀਲੈਂਸ ਬਿਉਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਾਨ ਰਾਜ ਸਰਕਾਰ ਵੱਲੋਂ ਪਿੰਡ ਨੂਰਪੁਰ, ਜ਼ਿਲ੍ਹਾ ਐਸ.ਬੀ.ਐਸ.ਨਗਰ ਨੂੰ ਵਿਕਾਸ ਕਾਰਜਾਂ ਲਈ ਜਾਰੀ ਹੋਈਆਂ ਗਰਾਂਟਾਂ ਵਿੱਚੋਂ ਪਿੰਡ ਦੇ ਸਾਬਕਾ ਸਰਪੰਚ ਸੁਰਿੰਦਰ ਸਿੰਘ, ਗ੍ਰਾਮ ਪੰਚਾਇਤ ਸਕੱਤਰ ਅਸ਼ੋਕ ਕੁਮਾਰ, ਵਾਸੀ ਪਿੰਡ ਬਘੌਰਾਂ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਮਲਕੀਤ ਰਾਮ ਵਾਸੀ ਪਿੰਡ ਸਰਹਾਲ ਕਾਜੀਆਂ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਆਪਸੀ ਮਿਲੀਭੁਗਤ ਨਾਲ 3,14,500 ਰੁਪਏ ਦੀ ਘਪਲੇਬਾਜ਼ੀ ਕਰਨ ਦੇ ਦੋਸ਼ਾਂ ਹੇਠ ਮੁਕੱਦਮਾ ਦਰਜ ਕਰਕੇ ਉਕਤ ਸਾਬਕਾ ਸਰਪੰਚ ਸੁਰਿੰਦਰ ਸਿੰਘ ਅਤੇ ਮਲਕੀਤ ਰਾਮ ਨੂੰ ਗ੍ਰਿਫਤਾਰ ਕਰ ਲਿਆ ਹੈ। ਪੰਚਾਇਤ ਸਕੱਤਰ ਦੀ ਗ੍ਰਿਫ਼ਤਾਰੀ ਲਈ ਯਤਨ ਜਾਰੀ ਹਨ।
ਸਾਬਕਾ ਸਰਪੰਚ ਤੇ ਇੱਕ ਹੋਰ ਮੁਲਜ਼ਮ ਕਾਬੂ, ਪੰਚਾਇਤ ਸਕੱਤਰ ਦੀ ਗ੍ਰਿਫ਼ਤਾਰੀ ਬਾਕੀ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਉਰੋ ਦੇ ਬੁਲਾਰੇ ਨੇ ਦੱਸਿਆ ਕਿ ਇੱਕ ਸ਼ਿਕਾਇਤ ਦੀ ਪੜਤਾਲ ਤੋਂ ਪਾਇਆ ਗਿਆ ਕਿ ਉਕਤ ਪਿੰਡ ਨੂਰਪੁਰ ਨੂੰ ਸਾਲ 2014 ਤੋਂ 2017 ਤੱਕ ਗਲੀਆਂ-ਨਾਲੀਆਂ, ਗੰਦੇ ਪਾਣੀ ਦੇ ਨਿਕਾਸ, ਐਸ.ਸੀ. ਤੇ ਬੀ.ਸੀ. ਧਰਮਸ਼ਾਲਾਵਾਂ ਦੀ ਉਸਾਰੀ ਸਮੇਤ ਸ਼ਮਸ਼ਾਨ ਘਾਟ ਦੀ ਉਸਾਰੀ ਸਬੰਧੀ ਹਾਸਲ ਹੋਈਆਂ ਗਰਾਂਟਾਂ ਵਿੱਚੋਂ ਉਕਤ ਮੁਲਜਮਾਂ ਵੱਲੋਂ ਮਸਟਰੋਲ ਮੁਤਾਬਿਕ ਲੇਬਰ/ਮਿਸਤਰੀ ਦੇ ਕੰਮਾਂ ਸਬੰਧੀ ਮਜ਼ਦੂਰਾਂ ਨੂੰ 75,000 ਰੁਪਏ ਦੀ ਅਦਾਇਗੀ ਕੀਤੀ ਜਾਣੀ ਸੀ ਪਰੰਤੂ ਉਕਤ ਪੰਚਾਇਤ ਸਕੱਤਰ ਅਤੇ ਸਰਪੰਚ ਨੇ ਉਕਤ ਮਲਕੀਤ ਰਾਮ ਦੇ ਨਾਮ ਉੱਪਰ 54,500 ਰੁਪਏ ਰੇਤਾ/ਬੱਜਰੀ ਦੀ ਅਦਾਇਗੀ ਸਬੰਧੀ ਕੈਸ਼ ਬੁੱਕ ਵਿੱਚ ਫਰਜ਼ੀ ਇੰਦਰਾਜ ਦਿਖਾ ਕੇ ਇਹ ਪੈਸੇ ਮਲਕੀਤ ਰਾਮ ਦੇ ਬੈਂਕ ਵਿੱਚੋਂ ਕਢਵਾ ਕੇ ਆਪਸ ਵਿੱਚ ਵੰਡ ਲਏ। ਇਹਨਾਂ ਮੁਲਜ਼ਮਾਂ ਨੇ ਇਹ ਰੇਤਾ/ਬਜਰੀ ਵਰਤਣ ਅਤੇ ਇਹ ਅਦਾਇਗੀ ਦੇਣ ਸਬੰਧੀ ਸਬੰਧੀ ਕੋਈ ਰਜਿਸਟਰ ਵਿੱਚ ਕੋਈ ਮਤਾ ਨਹੀਂ ਪਾਇਆ।
ਬੁਲਾਰੇ ਨੇ ਦੱਸਿਆ ਕਿ ਇਸ ਪਿੰਡ ਨੂੰ ਵਿਕਾਸ ਕਾਰਜਾਂ ਲਈ ਕੁੱਲ 2,60,000 ਰੁਪਏ ਦੀਆਂ ਗਰਾਂਟਾਂ ਮਿਲੀਆਂ ਸਨ ਜਿੰਨਾਂ ਵਿੱਚ ਭਗਤ ਧੰਨਾ ਰਾਮ ਦੇ ਕਮਰੇ ਵਾਸਤੇ 1,00,000 ਰੁਪਏ, ਜਿੰਮ ਦੀ ਉਸਾਰੀ ਵਾਸਤੇ 1,00,000 ਰੁਪਏ ਅਤੇ ਸੋਲਰ ਲਾਈਟਾਂ ਲਈ 60,000 ਰੁਪਏ ਪ੍ਰਾਪਤ ਹੋਏ ਸਨ ਪ੍ਰੰਤੂ ਟੈਕਨੀਕਲ ਟੀਮ ਦੀ ਰਿਪੋਰਟ ਅਨੁਸਾਰ ਜਿਸ ਕੰਮ ਲਈ ਇਹ ਗ੍ਰਾਂਟਾਂ ਆਈਆਂ ਸਨ ਉਹ ਕੰਮ ਮੌਕੇ ਉਤੇ ਹੋਣੇ ਨਹੀਂ ਪਾਏ ਗਏ।
ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਇੰਨਾਂ ਗਰਾਂਟਾਂ ਸਬੰਧੀ ਉਕਤ ਪੰਚਾਇਤ ਸਕੱਤਰ ਅਤੇ ਸਰਪੰਚ ਵੱਲੋਂ ਕੈਸ਼ ਬੁੱਕ ਵਿੱਚ ਫਰਜ਼ੀ ਇੰਦਰਾਜ ਦਿਖਾ ਕੇ ਕੁੱਲ 2,60,000 ਰੁਪਏ ਦਾ ਗਬਨ ਕੀਤਾ ਜਾਣਾ ਸਾਬਿਤ ਹੋਇਆ ਹੈ। ਇਸ ਤੋਂ ਇਲਾਵਾ ਪੰਚਾਇਤ ਸਕੱਤਰ ਅਤੇ ਸਰਪੰਚ ਵੱਲੋਂ ਉਕਤ ਗਰਾਂਟਾਂ ਨੂੰ ਖ਼ਰਚਣ ਸਬੰਧੀ ਅਤੇ ਅਦਾਇਗੀਆਂ ਸਬੰਧੀ ਕੋਈ ਮਤਾ ਨਹੀਂ ਪਾਇਆ ਗਿਆ। ਇਸ ਤਰਾਂ ਪਿੰਡ ਨੂੰ ਸਾਲ 2014 ਤੋਂ 2017 ਤੱਕ ਪ੍ਰਾਪਤ ਗਰਾਂਟਾਂ ਦੀ ਵਰਤੋਂ ਵਿੱਚ ਸਾਬਕਾ ਸਰਪੰਚ ਸੁਰਿੰਦਰ ਸਿੰਘ, ਪੰਚਾਇਤ ਸਕੱਤਰ ਅਸ਼ੋਕ ਕੁਮਾਰ ਅਤੇ ਮਲਕੀਤ ਰਾਮ ਵੱਲੋਂ ਆਪਸੀ ਮਿਲੀਭੁਗਤ ਰਾਹੀਂ ਕੁੱਲ 3,14,500 ਰੁਪਏ ਦੀ ਘਪਲੇਬਾਜੀ ਕੀਤੀ ਗਈ।
ਬੁਲਾਰੇ ਨੇ ਦੱਸਿਆ ਕਿ ਇਸ ਸਬੰਧ ਵਿੱਚ ਉਕਤ ਤਿੰਨੇ ਮੁਲਜ਼ਮਾਂ ਵਿਰੁੱਧ ਧਾਰਾ 13(1)ਏ ਤੇ 13(2) ਅਤੇ ਆਈ.ਪੀ.ਸੀ. ਦੀ ਧਾਰਾ 406, 409, 120-ਬੀ ਤਹਿਤ ਮੁਕੱਦਮਾ ਨੰਬਰ 05 ਮਿਤੀ 11.03.2024 ਨੂੰ ਵਿਜੀਲੈਂਸ ਬਿਉਰੋ ਦੇ ਥਾਣਾ ਜਲੰਧਰ ਰੇਂਜ ਵਿਖੇ ਦਰਜ ਕਰ ਲਿਆ ਗਿਆ ਹੈ। ਗ੍ਰਿਫਤਾਰ ਕੀਤੇ ਮੁਲਜ਼ਮ ਸਾਬਕਾ ਸਰਪੰਚ ਸੁਰਿੰਦਰ ਸਿੰਘ ਅਤੇ ਮਲਕੀਤ ਰਾਮ ਨੂੰ ਕੱਲ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਨ ਉਪਰੰਤ ਹੋਰ ਪੁੱਛਗਿੱਛ ਕੀਤੀ ਜਾਵੇਗੀ। ਇਸ ਕੇਸ ਦੀ ਹੋਰ ਤਫਤੀਸ਼ ਜਾਰੀ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-