Total views : 5509522
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੂਮੈਨ, ਅੰਮ੍ਰਿਤਸਰ ਵਿਖੇ ਪੋਸਟ ਗ੍ਰੈਜੂਏਟ, ਪੰਜਾਬੀ ਵਿਭਾਗ ਵੱਲੋਂ ਵਿਸ਼ਵ ਭਾਸ਼ਾ ਦਿਵਸ ਨੂੰ ਸਮਰਪਿਤ ‘ਪੰਜਾਬੀ ਭਾਸ਼ਾ ਅਤੇ ਨੈਤਿਕ ਕਦਰਾਂ ਕੀਮਤਾਂ’ ਵਿਸ਼ੇ ‘ਤੇ ਵਿਸ਼ੇਸ਼ ਭਾਸ਼ਣ ਦਾ ਆਯੋਜਨ ਕੀਤਾ ਗਿਆ। ਇਸ ਸਮੇਂ ਮਾਣਯੋਗ ਸ. ਅਜੈਬ ਸਿੰਘ ਚੱਠਾ, ਚੇਅਰਮੈਨ, ਜਗਤ ਪੰਜਾਬੀ ਸਭਾ ਕਨੇਡਾ, ਨੇ ਮੁੱਖ ਵਕਤਾ ਵਜੋਂ ਸ਼ਿਰਕਤ ਕੀਤੀ। ਉਹਨਾਂ ਦੇ ਨਾਲ ਉਹਨਾਂ ਦੀ ਧਰਮਪਤਨੀ ਸ਼੍ਰੀਮਤੀ ਬਲਵਿੰਦਰ ਕੌਰ ਚੱਠਾ ਵੀ ਸ਼ਾਮਲ ਹੋਏ। ਸ. ਅਰਵਿੰਦਰ ਸਿੰਘ ਢਿੱਲੋਂ, ਲੈਕਚਰਾਰ, ਪੋਲੀਟੀਕਲ ਸਾਇੰਸ, ਡਿਸਟ੍ਰਿਕਟ ਇੰਸਟੀਚਿਊਟ ਆਫ ਐਲੀਮੈਂਟਰੀ ਟਰੇਨਿੰਗ, ਨਾਭਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਸ਼੍ਰੀ ਸੁਦਰਸ਼ਨ ਕਪੂਰ, ਪ੍ਰਧਾਨ, ਸਥਾਨਕ ਪ੍ਰਬੰਧਕ ਕਮੇਟੀ ਅਤੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਆਏ ਹੋਏ ਮਹਿਮਾਨਾਂ ਦਾ ਨੰਨ੍ਹੇ ਪੌਧੇ ਦੇ ਕੇ ਸੁਆਗਤ ਕੀਤਾ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਆਏ ਹੋਏ ਮਹਿਮਾਨਾਂ ਦਾ ਸੁਆਗਤ ਕੀਤਾ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਚੰਗੇ ਸੰਸਕਾਰਾਂ ਅਤੇ ਮਨੁੱਖੀ ਕਦਰਾਂ ਕੀਮਤਾਂ ਦੀ ਪਾਲਣਾ ਕਰਦਿਆਂ ਹੀ ਮਨੁੱਖ ਇਕ ਵਧੀਆ ਸਮਾਜਿਕ ਵਤੀਰੇ ਵਿਚੋ ਗੁਜ਼ਰ ਸਕਦਾ ਹੈ। ਉਹਨਾਂ ਕਿਹਾ ਕਿ ਜ਼ਿੰਦਗੀ ਵਿਚ ਹਰ ਚੀਜ਼ ਲਈ ਸ਼ੁਕਰਗੁਜ਼ਾਰ ਹੋਣਾ ਬਹੁਤ ਜ਼ਰੂਰੀ ਹੈ। ਜ਼ਿੰਦਗੀ ‘ਚ ਬਹੁਤ ਸਾਰੀਆਂ ਚੁਣੌਤੀਆ ਆਉਂਦੀਆਂ ਹਨ ਪਰ ਸਾਹਿਤ ਸਾਨੂੰ ਜੀਊਣਾ ਸਿਖਾਉਂਦਾ ਹੈ ਅਤੇ ਸਾਹਿਤਕਾਰ ਜ਼ਿੰਦਗੀ ਦੀ ਅਸਲੀਅਤ ਸਾਹਮਣੇ ਲੈ ਕੇ ਆਉਂਦਾ ਹੈ।
ਮੁੱਖ ਵਕਤਾ ਸ. ਅਜੈਬ ਸਿੰਘ ਚੱਠਾ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਚੰਗਾ ਆਚਰਣ, ਗਿਆਨ ਅਤੇ ਵਰਤਾੳ ਨੈਤਿਕ ਕਦਰਾਂ-ਕੀਮਤਾਂ ਦੇ ਥੰਮ ਹਨ। ਨੈਤਿਕਤਾ ਦੀ ਪੜ੍ਹਾਈ ਤੋਂ ਬਿਨਾਂ ਸਾਰਾ ਗਿਆਨ ਅਧੂਰਾ ਹੈ। ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਕਈ ਤਜ਼ਰਬੇ ਸਾਂਝੇ ਕੀਤੇ ਅਤੇ ਕਿਹਾ ਕਿ ਸੰਗੀਤ ਅਤੇ ਮਹਾਂਪੁਰਖਾਂ ਦੇ ਜੀਵਨ ‘ਤੇ ਅਧਾਰਤ ਕਹਾਣੀਆਂ ਬੱਚਿਆਂ ਨੂੰ ਚੰਗੇ ਇਨਸਾਨ ਬਣਾਉਂਦੀਆਂ ਹਨ। ਉਹਨਾਂ ਕਿਹਾ ਕਿ ਅਧਿਆਪਕ ਹੀ ਕੌਮ ਦੇ ਨਿਰਮਾਤਾ ਹਨ ਤੇ ਚੰਗਾ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਜੀਵਨ ਜਾਚ ਦੇ ਗੁਣ ਸਿੱਖਾ ਕੇ ਉਹਨਾਂ ਦਾ ਸਰਵਪੱਖੀ ਵਿਕਾਸ ਕਰਦਾ ਹੈ। ਉਹਨਾਂ ਨੇ ਜੀਵਨ-ਜਾਚ ਨੂੰ ਸੁਧਾਰਨ ਅਤੇ ਸਾਰਥਕ ਬਨਾਉਣ ਲਈ ਉਤੱਮ ਨੈਤਿਕ ਕਦਰਾਂ-ਕੀਮਤਾਂ ਨੂੰ ਅਪਨਾਉਣ ਦਾ ਸੰਦੇਸ਼ ਦਿੱਤਾ।
ਸ. ਅਰਵਿੰਦਰ ਸਿੰਘ ਢਿੱਲੋਂ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਵਿਸ਼ਵੀਕਰਨ ਦੇ ਦੌਰ ਵਿੱਚ ਸਾਰੀਆਂ ਖੇਤਰੀ ਭਾਸ਼ਾਵਾਂ ਦੀ ਹੋਂਦ ਖਤਰੇ ਵਿੱਚ ਹੈ। ਆਪਣੀ ਬੋਲੀ ਨੁੰ ਬਚਾਉਣ ਲਈ ਬੜਾ ਹੀ ਸੁਚੇਤ ਰਹਿਣ ਦੀ ਲੋੜ ਹੈ। ਇਸ ਲਈ ਸਮੂਹ ਪੰਜਾਬੀਆਂ ਨੂੰ ਆਪਣੀ ਮਾਂ-ਬੋਲੀ ਨੂੰ ਹਮੇਸ਼ਾ ਸਤਿਕਾਰ ਅਤੇ ਪਿਆਰ ਕਰਦੇ ਰਹਿਣਾ ਚਾਹੀਦਾ ਹੈ।ਸ਼੍ਰੀ ਸੁਦਰਸ਼ਨ ਕਪੂਰ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬੀ ਸਾਡੀ ਮਾਂ-ਬੋਲੀ ਹੈ ਅਤੇ ਇਸ ਵਿਚੋਂ ਸਾਡੀ ਅਸਲੀਅਤ ਝਲਕਦੀ ਹੈ। ਮਾਂ-ਬੋਲੀ ਮਿੱਠੀ ਬੋਲੀ ਹੈ।ਇਸ ਮੌਕੇ ਸ. ਅਜੈਬ ਸਿੰਘ ਚੱਠਾ ਵੱਲੋਂ ‘ਚੰਗਾ ਅਧਿਆਪਕ’ ਅਤੇ ‘ਪੰਜਾਬੀ ਸੂਰਮਾ’ ਸਿਰਲੇਖ ਅਧੀਨ ਤਿਆਰ ਕੀਤੀਆਂ ਗਈਆਂ ਡਾਕੂਮੈਂਟਰੀ ਫਿਲਮਾਂ ਦਿਖਾਈਆਂ ਗਈਆਂ। ਕਾਲਜ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਸ. ਅਜੈਬ ਸਿੰਘ ਚੱਠਾ ਜੀ ਵੱਲੋਂ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੂੰ ਸਨਮਾਨਤ ਕੀਤਾ ਗਿਆ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ