ਵਿਜੀਲੈਂਸ ਬਿਊਰੋ ਨੇ ਨਗਰ ਨਿਗਮ ਦਾ ਕਰਮਚਾਰੀ 6,000 ਰੁਪਏ ਤੇ ਮਾਰਕੀਟ ਕਮੇਟੀ ਦਾ ਆਕਸ਼ਨ ਰਿਕਾਰਡਰ 30,000 ਰੁਪਏ ਰਿਸ਼ਵਤ ਲੈਦੇ ਕੀਤੇ ਕਾਬੂ

4677773
Total views : 5511117

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਸੁਖਮਿੰਦਰ ਸਿੰਘ ਗੰਡੀ ਵਿੰਡ 

ਸੂਬੇ ਵਿੱਚ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਦੇ ਮੱਦੇਨਜ਼ਰ ਵਿੱਢੀ ਮੁਹਿੰਮ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੇ ਬੁੱਧਵਾਰ ਨੂੰ ਨਗਰ ਨਿਗਮ ਲੁਧਿਆਣਾ ਦੇ ਪਾਰਟ ਟਾਈਮ ਕਰਮਚਾਰੀ ਹਰੀਸ਼ ਕੁਮਾਰ ਨੂੰ ਰਿਸ਼ਵਤ ਦੀ ਦੂਜੀ ਕਿਸ਼ਤ ਵਜੋਂ 6,000 ਰੁਪਏ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਜਗਦੀਸ਼ ਸਿੰਘ ਵਾਸੀ ਸ਼ਹੀਦ ਭਗਤ ਸਿੰਘ ਨਗਰ, ਲੁਧਿਆਣਾ ਦੀ ਸ਼ਿਕਾਇਤ ’ਤੇ ਗ੍ਰਿਫਤਾਰ ਕੀਤਾ ਗਿਆ ਹੈ।
ਬੁਲਾਰੇ ਨੇ ਅੱਗੇ ਕਿਹਾ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੱਸਿਆ ਕਿ ਉਸਨੇ ਆਪਣੇ ਨਾਮ ’ਤੇ ਜੱਦੀ ਘਰ ਦਾ ਤਬਾਦਲਾ ਕਰਵਾਉਣ ਲਈ ਨਗਰ ਨਿਗਮ ਲੁਧਿਆਣਾ ਤੋਂ ਟੈਕਸ ਸੁਪਰਡੈਂਟ ਰਜਿਸਟਰ ਨੰਬਰ 1 (ਟੀਐਸ-1) ਸਰਟੀਫਿਕੇਟ ਪ੍ਰਾਪਤ ਕਰਨਾ ਸੀ। ਉਸ ਦੀ ਮੁਲਾਕਾਤ ਇਕ ਕਰਮਚਾਰੀ ਹਰੀਸ਼ ਕੁਮਾਰ ਨਾਲ ਹੋਈ, ਜਿਸ ਨੇ ਖੁਦ ਨੂੰ ਕਾਰਪੋਰੇਸ਼ਨ ਦੀ ਹਾਊਸ ਟੈਕਸ ਸ਼ਾਖਾ ਦੇ ਕਲਰਕ ਵਜੋਂ ਪੇਸ਼ ਕੀਤਾ ਅਤੇ ਉਸ ਨੇ ਸਬੰਧਤ ਜੂਨੀਅਰ ਇੰਜੀਨੀਅਰ ਤੋਂ ਸ਼ਿਕਾਇਤਕਰਤਾ ਦੇ ਘਰ ਦਾ ਟੀ.ਐਸ.-1 ਸਰਟੀਫੀਕੇਟ ਜਾਰੀ ਕਰਵਾਉਣ ਲਈ ਉਸ ਤੋਂ 10,000 ਰੁਪਏ ਰਿਸ਼ਵਤ ਦੀ ਮੰਗ ਕੀਤੀ।

ਰਿਸ਼ਵਤ ਦੀ ਦੂਜੀ ਕਿਸ਼ਤ ਵਜੋ 6000 ਰੁਪਏ ਲੈ ਰਿਹਾ ਸੀ ਕਰਮਚਾਰੀ

ਸ਼ਿਕਾਇਤਕਰਤਾ ਨੇ ਅੱਗੇ ਦੋਸ਼ ਲਗਾਇਆ ਕਿ ਮੁਲਜ਼ਮ ਨੇ ਮੌਕੇ ’ਤੇ ਹੀ ਉਸ ਤੋਂ 4000 ਰੁਪਏ ਲੈ ਲਏ ਅਤੇ ਬਾਕੀ ਰਹਿੰਦੇ 6000 ਰੁਪਏ ਟੀ.ਐੱਸ.-1 ਉਪਲਬਧ ਕਰਵਾਏ ਜਾਣ ਮੌਕੇ ਦੇਣ ਦੀ ਗੱਲ ਕਹੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਦੋਸ਼ੀ ਕਰਮਚਾਰੀ ਗੂਗਲ ਪੇਅ ਰਾਹੀਂ ਬਾਕੀ ਰਕਮ ਦੀ ਮੰਗ ਕਰ ਰਿਹਾ ਸੀ ਪਰ ਉਸ ਨੂੰ ਗੂਗਲ ਪੇਅ ਵਰਤਣਾ ਨਹੀਂ ਆਉਂਦਾ ਇਸ ਲਈ ਉਸਨੇ ਨਕਦ ਰਕਮ ਲੈ ਲੈਣ ਲਈ ਕਿਹਾ। ਇਸੇ ਦੌਰਾਨ ਸ਼ਿਕਾਇਤਕਰਤਾ ਨੇ ਸਾਰੀ ਗੱਲਬਾਤ ਆਪਣੇ ਮੋਬਾਈਲ ਵਿੱਚ ਰਿਕਾਰਡ ਕਰ ਲਈ ਅਤੇ ਸਬੂਤ ਵਜੋਂ ਵਿਜੀਲੈਂਸ ਨੂੰ ਸੌਂਪ ਦਿੱਤੀ ਤਾਂ ਜੋ ਮੁਲਜ਼ਮ ਨੂੰ ਕਾਬੂ ਕੀਤਾ ਜਾ ਸਕੇ।
ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਪੜਤਾਲ ਉਪਰੰਤ ਲੁਧਿਆਣਾ ਰੇਂਜ ਦੀ ਵਿਜੀਲੈਂਸ ਟੀਮ ਨੇ ਉਕਤ ਦੋਸ਼ੀ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿੱਚ ਸ਼ਿਕਾਇਤਕਰਤਾ ਤੋਂ ਦੂਜੀ ਕਿਸ਼ਤ ਵਜੋਂ 6,000 ਰੁਪਏ ਰਿਸ਼ਵਤ ਲੈਂਦਿਆਂ ਦਬੋਚ ਲਿਆ। ਇਸ ਸਬੰਧ ਵਿੱਚ ਉਕਤ ਮੁਲਜ਼ਮ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7ਏ ਅਤੇ ਆਈਪੀਸੀ ਦੀ ਧਾਰਾ 420 ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਲੁਧਿਆਣਾ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਦੋਸ਼ੀ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਬੁਲਾਰੇ ਨੇ ਅੱਗੇ ਕਿਹਾ ਕਿ ਇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ ਅਤੇ ਹੋਰ ਮੁਲਾਜ਼ਮਾਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ।

ਵਿਜੀਲੈਂਸ ਬਿਊਰੋ ਨੇ 30,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ’ਚ ਮਾਰਕੀਟ ਕਮੇਟੀ ਦਾ ਆਕਸ਼ਨ ਰਿਕਾਰਡਰ ਕੀਤਾ ਗ੍ਰਿਫਤਾਰ
ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਤਹਿਤ ਬੁੱਧਵਾਰ ਨੂੰ ਮਾਰਕੀਟ ਕਮੇਟੀ ਲੁਧਿਆਣਾ ਦੇ ਨਿਲਾਮੀ ਰਿਕਾਰਡਰ (ਆਕਸ਼ਨ ਰਿਕਾਰਡਰ) ਹਰੀ ਰਾਮ ਨੂੰ 30,000 ਰੁਪਏ  ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਅਧਿਕਾਰੀ ਨੂੰ ਅਸ਼ੋਕ ਨਗਰ, ਸਲੇਮ ਟਾਬਰੀ, ਲੁਧਿਆਣਾ ਦੇ ਰਹਿਣ ਵਾਲੇ ਸੋਨੂੰ, ਜੋ ਕਿ ਗਿੱਲ ਕੋਆਪ੍ਰੇਟਿਵ ਲੇਬਰ ਐਂਡ ਕੰਸਟਰਕਸ਼ਨ ਸੁਸਾਇਟੀ ਲੁਧਿਆਣਾ ਦਾ ਸਕੱਤਰ ਹੈ, ਦੀ ਸ਼ਿਕਾਇਤ ’ਤੇ ਗ੍ਰਿਫਤਾਰ ਕੀਤਾ ਗਿਆ ਹੈ।
ਬੁਲਾਰੇ ਨੇ  ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਸੰਪਰਕ ਕਰਕੇ ਦੱਸਿਆ  ਕਿ ਉਨ੍ਹਾਂ ਦੀ ਉਕਤ ਸੁਸਾਇਟੀ ਲੁਧਿਆਣਾ ਸ਼ਹਿਰ ਅੰਦਰ ਪੈਂਦੀਆਂ ਮੰਡੀਆਂ, ਮੱਛੀ ਮੰਡੀਆਂ ਆਦਿ ਦੀ ਸਫਾਈ ਦਾ ਠੇਕਾ ਲੈਂਦੀ ਸੀ। ਉਕਤ ਸੁਸਾਇਟੀ ਨੂੰ ਮਾਰਕਿਟ ਕਮੇਟੀ ਲੁਧਿਆਣਾ ਵੱਲੋਂ 01-04-2023 ਤੋਂ 31-03-2024 ਤੱਕ ਦੀ ਮਿਆਦ ਲਈ ਕਾਰਾ-ਬਾਰਾ ਚੌਕ, ਬਹਾਦਰਕੇ ਰੋਡ, ਨੇੜੇ ਸਬਜੀ ਮੰਡੀ ਲੁਧਿਆਣਾ ਦੀ ਸਫ਼ਾਈ ਦਾ ਠੇਕਾ ਅਲਾਟ ਹੋਇਆ ਹੈ।ਉਨ੍ਹਾਂ ਅੱਗੇ ਦੋਸ਼ ਲਾਇਆ ਕਿ ਮਾਰਕੀਟ ਕਮੇਟੀ ਦਾ ਕਰਮਚਾਰੀ ਹਰੀ ਰਾਮ ਵੱਲੋਂ ਸਕੱਤਰ ਮਾਰਕੀਟ ਕਮੇਟੀ ਤੋਂ ਸੁਸਾਇਟੀ ਦੇ ਮਹੀਨਾਵਾਰ ਬਿੱਲ ਪਾਸ ਕਰਵਾਉਣ ਬਦਲੇ ਹਰ ਮਹੀਨੇ 30,000 ਰੁਪਏ ਰਿਸ਼ਵਤ ਦੀ ਮੰਗ ਕਰ ਰਿਹਾ ਹੈ। ਉਸ ਨੇ ਰਿਸ਼ਵਤ ਦੀ ਮੰਗ ਕਰਨ ਸਮੇਂ ਕਥਿਤ ਦੋਸ਼ੀ ਕਰਮਚਾਰੀ ਨਾਲ ਹੋਈ ਗੱਲਬਾਤ ਰਿਕਾਰਡ ਕਰ ਲਈ ਅਤੇ ਸਬੂਤ ਵਜੋਂ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤੀ।
ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਲੁਧਿਆਣਾ ਰੇਂਜ ਤੋਂ ਵਿਜੀਲੈਂਸ ਬਿਊਰੋ ਦੀ ਟੀਮ ਨੇ ਉਕਤ ਦੋਸ਼ੀ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 30,000 ਰੁਪਏ  ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਲਿਆ। ਇਸ ਸਬੰਧੀ ਉਕਤ ਦੋਸ਼ੀ ਖਿਲਾਫ ਵਿਜੀਲੈਂਸ ਬਿਓਰੋ ਦੇ ਥਾਣਾ ਲੁਧਿਆਣਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕਰ ਲਿਆ ਹੈ ਅਤੇ ਦੋਸ਼ੀ ਨੂੰ ਭਲਕੇ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਕੇਸ ਸਬੰਧੀ  ਅਗਲੇਰੀ ਜਾਂਚ ਜਾਰੀ ਹੈ ਅਤੇ ਹੋਰ ਅਧਿਕਾਰੀਆਂ ਦੀ ਭੂਮਿਕਾ  ਵੀ ਜਾਂਚੀ  ਜਾਵੇਗੀ।
Share this News